ਭ੍ਰਿਸ਼ਟਾਚਾਰ ਦੇ ਖ਼ੂਹ ਵਿੱਚ ਖ਼ੁਦ ਡਿੱਗੇ, ਵੇਖੋ! ਸਾਡੀ ਇਹ ਰਾਹਨੁਮਾਈ ਕਰਦੇ!!
ਡੰਗ ਅਤੇ ਚੋਭਾਂ
ਖ਼ਬਰ ਹੈ ਕਿ ਰਾਂਚੀ ਦੀ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖੀ ਲਾਲੂ ਪ੍ਰਸ਼ਾਦ ਯਾਦਵ ਨੂੰ ਚਾਰਾ ਘੁਟਾਲੇ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਉਹਨਾ ਨੂੰ ਸਜਾ ਤਿੰਨ ਜਨਵਰੀ 2018 ਨੂੰ ਸੁਣਾਈ ਜਾਏਗੀ। ਜ਼ਿਕਰਯੋਗ ਹੈ ਕਿ 1996 'ਚ ਹੋਏ ਇਸ ਘੁਟਾਲੇ 'ਚ ਸਰਕਾਰੀ ਖਜ਼ਾਨੇ 'ਚੋਂ 84.53 ਲੱਖ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਕੀਤੀ ਗਈ ਸੀ ਅਤੇ ਇਸ ਸਬੰਧੀ, ਜਿਸ ਤੋਂ ਘਪਲੇ ਤੋਂ ਪਰਦਾ ਫਾਸ਼ ਹੋਇਆ ਅਤੇ ਕੁੱਲ ਮਿਲਾਕੇ 950 ਕਰੋੜ ਰੁਪਏ ਦਾ ਕੀਤਾ ਘੁਟਾਲਾ ਸਾਹਮਣੇ ਆਇਆ ਸੀ। ਇਸਤੋਂ ਪਹਿਲਾਂ ਵੀ ਇਕੱ ਅਦਾਲਤ ਨੇ ਲਾਲੂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਸੀ ਅਤੇ ਉਸਦੀ ਲੋਕ ਸਭਾ ਮੈਂਬਰੀ ਖਤਮ ਹੋ ਗਈ ਅਤੇ ਸਜ਼ਾ ਪੂਰੀ ਹੋਣ ਦੇ 6 ਸਾਲ ਮਗਰੋਂ ਉਸਦੀ ਚੋਣ ਲੜਨ 'ਤੇ ਰੋਕ ਲਗਾ ਦਿੱਤੀ ਗਈ।
ਲਾਲੂ ਦਾ ਚਾਰਾ, ਟੂ-ਜੀ ਦਾ ਘੋਟਾਲਾ, ਸਾਰੇ ਪਾਸੇ ਆ ਭਾਈ ਘਾਲਾ-ਮਾਲਾ। ਕੋਈ ਸ਼ਿਕੰਜੇ 'ਚ ਆਈ ਜਾਂਦਾ, ਕੋਈ ਚੋਰ-ਮੋਰੀਆਂ ਵਿਚੋਂ ਆਪਣੀ ਜਿੰਦ ਬਚਾਈ ਜਾਂਦਾ! ਲਾਲੂ ਫਸ ਗਿਆ ਤੇ ਏਂ ਰਾਜਾ ਬਚ ਗਿਆ। ਉਂਜ ਹਮਾਮ ਵਿੱਚ ਤਾਂ ਸਾਰੇ ਨੰਗੇ ਆ, ਵਿਚਾਰੇ ਨੇਤਾ!! ਸਾਰੇ ਨੇਤਾ ਰਿਸ਼ਵਤ ਖਾਂਦੇ ਆ, ਮੌਜਾਂ ਉਡਾਂਦੇ ਆ। ਇੱਕ ਨੂੰ ਕੀ ਰੋਨੀ ਏ ਇਥੇ ਤਾਂ ਊਤਿਆ ਹੋਇਆ ਆਵਾ। ਤਦੇ ਇੱਕ ਕਵੀ ਲਿਖਦਾ", ਰਿਸ਼ਵਤ ਖਾਂਦੇ ਨੇ ਖੰਡ ਤੇ ਕੜਾਹ ਵਾਂਗੂੰ, ਭੋਰਾ ਖਾਂਦੇ ਨਹੀਂ ਸ਼ਰਮ ਮਕਾਰ ਲੀਡਰ"। ਪਰ ਵਿਚਾਰੀ ਜਨਤਾ ਅਧਮੋਈ, ਇਹਨਾ ਦੇ ਰਹਿਮੋ ਕਰਮ ਤੇ ਬੈਠੀ ਇਹਨਾ ਦੇ ਕਾਰਨਾਮੇ ਦੇਖਦੀ ਆ, ਝੂਰਦੀ ਆ, ਪਰ ਬੇਬਸੀ 'ਚ ਇਹੋ ਆਖਣ ਜੋਗੀ ਰਹਿ ਗਈ ਆ, "ਭ੍ਰਿਸ਼ਟਾਚਾਰ ਦੇ ਖ਼ੂਹ ਵਿੱਚ ਖ਼ੁਦ ਡਿੱਗੇ, ਵੇਖੋ। ਸਾਡੀ ਇਹ ਰਾਹਨੁਮਾਈ ਕਰਦੇ"!! ਕੀ ਕਰੇ ਜਨਤਾ ਵਿਚਾਰੀ? ਕੀ ਕਰੇ ਜਨਤਾ ਵਿਚਾਰੀ ਕਰਮਾਂ ਦੀ ਮਾਰੀ?
ਸੀਨਾ ਤਾਣ ਖਲੋਏ ਕਿਹੜਾ?
ਖ਼ਬਰ ਹੈ ਕੋ ਹਾਈ ਕੋਰਟ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਸ਼ਾਮਲ ਦਿੱਲੀ ਦੀ ਇੱਕ ਹੇਠਲੀ ਅਦਾਲਤ ਦੇ ਦੋ ਜੱਜਾਂ ਨੂੰ ਮੁਅੱਤਲ ਕਰ ਦਿੱਤਾ ਹੈ। ਦੋਵੇਂ ਜੱਜ ਦਿੱਲੀ ਦੀ ਦਵਾਰਕਾ ਜ਼ਿਲਾ ਅਦਾਲਤ 'ਚ ਤਾਇਨਾਤ ਸਨ। ਇਹਨਾ ਚੋਂ ਇੱਕ ਜੱਜ 'ਤੇ ਇੱਕ ਕੇਸ ਨਾਲ ਸਬੰਧਤ ਦੋਸ਼ੀ ਦੇ ਪੈਸੇ 'ਤੇ ਵਿਦੇਸ਼ ਸਫਰ ਕਰਨ ਦੇ ਦੇਸ਼ ਹੈ, ਦੂਜੇ ਜੱਜ ਤੇ ਕੇਸ ਰਫਾ-ਦਫਾ ਕਰਨ ਬਦਲੇ ਪੈਸੇ ਮੰਗਣ ਦਾ ਦੋਸ਼ ਹੈ।
ਮਹਿੰਗਾਈ ਹੀ ਬਹੁਤ ਆ, ਕਰਨ ਕੀ ਵਿਚਾਰੇ? ਆਲੇ-ਦੁਆਲੇ, ਚਮਕਾਂ, ਲਿਸ਼ਕੋਰਾਂ ਨੇ ਤਾਂ ਹਨੇਰੇ 'ਚ ਕਿਵੇਂ ਬੈਠਣ ਵਿਚਾਰੇ? ਕੋਲ ਕਲਮ ਆ, ਕੋਲ ਤੱਕੜੀ ਆ, ਕੋਲ ਕਾਗਜ਼ ਆ, ਪਰ "ਬਾਪੂ ਗਾਂਧੀ ਦਾ ਚਿਹਰਾ" ਹੱਸਦਾ ਦਿਖਦਾ ਨਹੀਂ, ਕਰਨ ਕੀ ਵਿਚਾਰੇ? ਮਨ ਲਲਚਾ ਗਿਆ ਹੋਊ? ਉਂਜ ਵੀ ਜਦੋਂ ਵੇਖਦੇ ਆ ਅਦਲ ਇਨਸਾਫ ਦੇਣ ਵਾਲੇ ਕਿ ਨੇਤਾ ਖਾਈ ਜਾਂਦਾ! ਜਦੋਂ ਵੇਖਦੇ ਆ ਕਿ ਬਾਊ "ਚਿੱਟੀ ਚੱਦਰ" ਨੂੰ ਟਾਕੀਆ ਲਾਈ ਜਾਂਦਾ। ਜਦੋਂ ਕਰੋੜਾਂ ਦੇ ਸੌਂਦਿਆਂ 'ਚ ਘਪਲਿਆਂ ਦੀ ਆਹਟ ਅੱਖਾਂ ਤੇ ਪੱਟੀ ਬੰਨੀ ਬੈਠੀ ਕੁਰਸੀ ਤੇ ਲਿਸ਼ਕੋਰਾ ਮਾਰਦੀ ਆ, ਫਾਈਲਾਂ 'ਚੋਂ ਝਾਤੀਆਂ ਮਾਰਦੀ ਆ, ਤਾਂ ਮਿੱਠਾ ਮਾਖਿਓਂ ਸ਼ਹਿਦ ਖਾਣ ਨੂੰ ਜੀਅ ਜਿਹਾ ਕਰ ਹੀ ਆਉਂਦਾ ਹੋਊ?
ਦੇਸ਼ ਤਾਂ ਭ੍ਰਿਸ਼ਟਾਚਾਰ ਦੀ ਸਿਉਂਕ ਨੇ ਚੱਟਿਆ ਹੋਇਆ। ਭ੍ਰਿਸ਼ਟਾਚਾਰੀਏ ਪੰਡਾਂ ਬੰਨ-ਬੰਨ ਦੌਲਤ ਸਮੇਟਦੇ ਆ, ਜਹਾਜ਼ੀਂ ਚੜ੍ਹ ਬਾਹਰਲੇ ਮੁਲਕਾਂ ਦੀਆਂ ਬੈਂਕਾਂ ਤੂਸੀ ਜਾਂਦੇ ਆ। ਇਹ ਵੇਖ ਵਗਦੀ ਗੰਗਾਂ 'ਚ "ਇਨਸਾਫੀਆਂ" ਦਾ ਹੱਥ ਧੋਣ ਨੂੰ ਜੀਅ ਜਿਹਾ ਕਰ ਗਿਆ ਹੋਊ। ਇਸੇ ਕਰਕੇ ਆਖਦੇ ਆ, "ਭ੍ਰਿਸ਼ਟਾਚਾਰ ਵਿੱਚ ਹੋਇਆ ਅਥਾਹ ਵਾਧਾ, ਨੰਬਰ ਵੰਨ ਹੈ ਮੁਲਕ ਮਹਾਨ ਸਾਡਾ" ਤੇ ਇਹੋ ਜਿਹੇ ਨੰਬਰ ਵਨ 'ਚ ਸੀਨਾ ਤਾਣ ਖਲੋਏ ਅਦਲ-ਇਨਸਾਫੀ ਕਿਹੜਾ"?
ਸੁੱਤੀ ਸਰਕਾਰ
ਖ਼ਬਰ ਹੈ ਕਿ ਗਾਜੀਆਬਾਦ 'ਚ ਹਿੰਦੂ ਅਤੇ ਮੁਸ਼ਕਿਲ ਭਾਈਚਾਰੇ ਦੇ ਮੁੰਡੇ-ਕੁੜੀ ਦੇ ਵਿਆਹ ਨੂੰ ਲਵ-ਜਿਹਾਦ ਦਾ ਰੰਗ ਦਿਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਅਤੇ ਬਜਰੰਗ ਦਲ ਦੇ ਕਾਰਕੁੰਨਾ ਨੇ ਜਬਰਦਸਤ ਹੰਗਾਮਾ ਕੀਤਾ। ਐਮ.ਬੀ.ਏ. ਪਾਸ ਲੜਕੇ ਅਤੇ ਡਾਕਟਰ ਲੜਕੀ ਦਾ ਵਿਆਹ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ, ਪਰ ਭਾਜਪਾ ਤੇ ਬਜਰੰਗ ਦਲ ਵਾਲਿਆਂ ਇਸ ਨੂੰ ਲਵ-ਜਿਹਾਦ ਦਾ ਨਾਮ ਦਿੰਦਿਆਂ ਜਬਰਦਸਤ ਹੰਗਾਮਾ ਕੀਤਾ। ਬਾਅਦ 'ਚ ਮਾਮਲਾ ਸੁਲਝਾਅ ਲਿਆ ਗਿਆ। ਪੁਲਿਸ ਇਸ ਮਾਮਲੇ 'ਤੇ ਖੜੀ ਤਮਾਸ਼ਾ ਵੇਖਦੀ ਰਹੀਂ।
ਭਾਈ ਮਸਲਾ ਲੁੱਟ-ਖੋਹ ਦਾ ਹੁੰਦਾ ਤਾਂ ਪੁਲਿਸ ਆਉਂਦੀ, ਚਾਰ ਪੈਸੇ ਬਣਦੇ। ਭਾਈ ਮਸਲਾ ਚੋਰੀ-ਚਕਾਰੀ ਦਾ ਹੁੰਦਾ ਤਾਂ ਪੁਲਿਸ ਐਕਸ਼ਨ ਕਰਦੀ, ਚਾਰ ਪੈਸੇ ਹਿੱਸੇਦਾਰੀ ਦੇ ਆਉਂਦੇ। ਭਾਈ ਮਸਲਾ ਬੰਨੇ ਤੋਂ ਲੜਾਈ, ਖੇਤਾਂ 'ਚ ਭਿੜਾਈ, ਕਤਲ ਦਾ ਹੁੰਦਾ ਤਾਂ ਪੁਲਿਸ ਭੱਜੀ ਆਉਂਦੀ, ਜੇਬਾਂ ਭਰਦੀਆਂ। ਭਲਾ ਪੁਲਿਸ ਉਸ ਮਸਲੇ ਤੇ ਕੀ ਕਰੇ, ਜਿਥੇ ਸੁੱਤੀ ਹੋਈ ਸਰਕਾਰ ਨੇ ਉਹਨਾ ਨੂੰ ਸੌਣ ਤੋਂ ਪਹਿਲਾਂ ਆਖਿਆ ਹੋਵੇ, "ਆਪਣੇ ਬੰਦੇ ਕਿਸੇ ਨੂੰ ਲੁੱਟਣ!ਆਪਣੇ ਬੰਦੇ ਕਿਸੇ ਨੂੰ ਕੁੱਟਣ। ਆਪਣੇ ਬੰਦੇ ਆਪਣੇ ਤੋਂ ਉਲਟ ਬੋਲਣ ਵਾਲਿਆਂ ਦੇ ਜੁੰਡੇ ਪੁੱਟਣ। ਖਬਰਦਾਰ ਜੇ ਸਰਕਾਰ ਨੂੰ ਇਸ ਬਾਰੇ ਕੁਝ ਦੱਸਿਆ। ਆਪ ਨਿਬੜਨ ਦਿਉ, ਜਦੋਂ ਜਾਗਾਂਗੇ, ਦੇਖਾਂਗੇ। ਵੋਟਾਂ ਦਾ ਮਸਲਾ ਆ"।
ਵੇਖੋ ਨਾ ਮੁੰਡਿਆਂ ਕੁੜੀਆਂ ਦੇ ਕੰਮ ਜਿਹੜੇ ਜਾਣ ਗਏ ਆ ਕਿ ਜੇਕਰ ਲਹੂ ਦਾ ਰੰਗ ਇੱਕ ਆ, ਤਾਂ ਜਾਤ ਬਰਾਦਰੀ ਧਰਮ ਦਾ ਕੀ ਦਖਲ? ਜਿਥੇ ਮਨ ਲੱਗੇ, ਜਿਥੇ ਜੀਅ ਕਰੇ, ਰਹੋ, ਮਿਲੋ-ਗਿਲੋ ਸ਼ਾਦੀ ਕਰੋ। ਪਰ ਵਿਚਾਰੇ ਭੁਲ ਗਏ ਆ ਇਥੇ ਆਜ਼ਾਦੀ ਉਸਨੂੰ ਆ ਜਿਹੜਾ ਆਂਹਦਾ ਆ, ਜੀ ਹਜ਼ੂਰ। ਆਜ਼ਾਦੀ ਉਹਨੂੰ ਆ ਜਿਹੜਾ ਜੋ ਵੱਡੀ ਸਰਕਾਰ ਕਹੇ ਉਹ ਕੁਝ ਕਰਕੇ ਆਖਦਾ ਆ, ਹੋਰ ਦੱਸੋ ਹਜ਼ੂਰ! ਉਹੋ ਕੁਝ ਪਹਿਨੋ, ਉਹੋ ਕੁਝ ਸੋਚੋ, ਉਹੋ ਕੁਝ ਕਰੋ ਜੋ ਵੱਡੀ ਸਰਕਾਰ ਕਹੇ, ਨਹੀਂ ਤਾਂ ਲਵ-ਜਿਹਾਦ 'ਚ ਮਰੇ। ਤੇ ਸਰਕਾਰ ਇਸ ਮਰਨ-ਮਰਾਨ ਦੇ ਚੱਕਰ ਤੋਂ ਬੇਖ਼ਬਰ ਘੁਰਾੜੇ ਮਾਰਦੀ ਦਿਸਦੀ ਆ, "ਦਹੀ ਨਾਲ ਪਰੌਂਠੇ ਖਾ ਦੋ ਦਰਜਨ, ਸੰਕਟ ਵੇਲੇ ਹੈ ਸਾਡੀ ਸਰਕਾਰ ਸੌਂਦੀ"।
ਮੇਰੀ ਸੋਚ ਨੂੰ ਬਚਾਇਓ
ਖ਼ਬਰ ਹੈ ਕਿ ਪੰਜਾਬ ਵਿੱਚ ਸਥਾਨਕ ਸਰਕਾਰਾਂ ਨਗਰ ਕੌਂਸਲਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ, ਉਸ ਤੋਂ ਪਹਿਲਾ ਗੁਰਦਾਸਪੁਰ ਲੋਕ ਸਭਾ ਚੋਣਾਂ 'ਚ ਹਾਰ ਅਤੇ ਸੁਖਪਾਲ ਸਿੰਘ ਖਹਿਰਾ ਤੇ ਲਗੇ ਦੋਸ਼ਾਂ ਨਾਲ ਜੂਝ ਰਹੀ ਆਮ ਆਦਮੀ (ਆਪ) ਦੀ ਪੰਜਾਬ ਇਕਾਈ ਨੂੰ ਚੁਸਤ-ਦਰੁਸਤ ਕਰਨ ਲਈ ਤਿਆਰੀ ਸ਼ੁਰੂ ਹੋ ਗਈ ਹੈ। ਪਾਰਟੀ ਸੁਪਰੀਮੋ ਕੇਜਰੀਵਾਲ ਨੇ ਦਿੱਲੀ ਦੇ ਉਪ ਮੁੱਖਮੰਤਰੀ ਮੁਨੀਸ਼ ਸਿਸੋਦੀਆਂ ਨੂੰ ਸੂਬੇ ਦਾ ਇੰਚਾਰਜ ਥਾਪਿਆ ਹੈ ਉਹ ਸੂਬੇ 'ਚ ਪਾਰਟੀ ਦਾ ਸਾਰਾ ਕੰਮ-ਕਾਜ ਦੇਖਣਗੇ। ਪਤਾ ਲੱਗਾ ਹੈ ਕਿ ਉਹ ਸੂਬੇ 'ਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਦਿੱਲੀ ਪੈਟਰਨ ਨੂੰ ਅਪਨਾਉਣਗੇ ਜਿਸ ਦੇ ਤਹਿਤ ਉਹਨਾ ਦਿਲੀ 'ਚ ਚੋਣਾਂ ਜਿੱਤੀਆਂ ਸਨ।
ਕੇਜਰੀਵਾਲ, ਕੇਜਰੀਵਾਲ, ਅਸੀਂ ਭਾਈ ਆ ਤੇਰੇ ਨਾਲ! ਕਦੋਂ ਤੱਕ? ਜਦੋਂ ਤੱਕ ਸਾਨੂੰ ਕੁਰਸੀ ਮਿਲੂ! ਕਦੋਂ ਤੱਕ ਜਦ ਤੱਕ ਸਾਨੂੰ ਸ਼ੁਹਰਤ ਮਿਲੂ। ਕਦੋਂ ਤੱਕ? ਜਦੋਂ ਤੱਕ ਸਾਨੂੰ ਪੈਸਾ ਮਿਲੂ! ਕਦੋਂ ਤੱਕ? ਜਦੋਂ ਤੱਕ ਸਾਨੂੰ ਹੰਟਰ ਮਿਲੂ! ਜੇਕਰ ਕੁਝ ਵੀ ਨਾ ਮਿਲੂ ਤਾਂ ਭਾਈ ਤੇਰੇ ਵਰਗੇ ਹੋਰ ਬਥੇਰੇ, ਜਿਹੜੇ ਇਹ ਸਾਰਾ ਕੁਝ ਵੰਡਦੇ ਫਿਰਦੇ ਆ! ਰੱਖੋ ਪੈਸਾ, ਲੈ ਲਉ ਟਿਕਟਾਂ। ਰੱਖੋ ਪੈਸਾ, ਲੈ ਲਓ ਸ਼ੁਹਰਤ। ਰੱਖੋ ਪੈਸਾ, ਲੈ ਲਓ ਕੁਰਸੀ! ਸੇਵਾ ਦੀ ਗੱਲ ਰਹਿ ਗਈ ਪੁਰਾਣੇ ਸਮਿਆਂ ਦੀ ਗੱਲ। ਹੁਣ ਤਾਂ ਇਕੋ ਗੱਲ ਆ, ਉਹ ਆ ਸਿਰਫ ਤਾਕਤ ਦੀ!
ਕੇਜਰੀਵਾਲ ਤੇਰੇ ਆਕਾ "ਅੰਨਾ ਹਜ਼ਾਰੇ" ਨੇ ਆਖਿਆ ਸੀ ਮੇਰੀ ਸੋਚ ਨੂੰ ਬਚਾਇਓ! ਪਰ ਨਾ ਤੂੰ ਉਹਦੇ ਆਖੇ ਲੱਗਿਆ, ਅਤੇ ਨਾ ਹੁਣ ਤੇਰੇ ਆਖੇ ਲੱਗਦੇ ਆ ਤੁਹਾਡੇ ਆਮ ਲੋਕ, ਕਿਉਂਕਿ ਭਾਈ ਤੇਰੇ ਆਮ ਤਾਂ ਹੁਣ 'ਖਾਸ' ਹੋ ਗਏ ਆ।
ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ!
• ਦੇਸ਼ ਦੇ ਚਾਰ ਕਰੋੜ ਪਰਿਵਾਰਾਂ ਦੇ ਘਰਾਂ ਵਿੱਚ ਬਿਜਲੀ ਨਹੀਂ ਪਹੁੰਚੀ। ਇਹ ਲੋਕ ਹਨੇਰੇ 'ਚ ਰਹਿਣ ਲਈ ਮਜ਼ਬੂਰ ਹਨ।
ਇੱਕ ਵਿਚਾਰ
ਕਲਾ, ਆਜ਼ਾਦੀ ਅਤੇ ਰਚਨਾਤਮਕਤਾ ਸਮਾਜ ਨੂੰ ਸਿਆਸਤ ਤੋਂ ਜਿਆਦਾ ਤੇਜ਼ੀ ਨਾਲ ਬਦਲ ਸਕਦੀ ਹੈ---------- ਵਿਕਟਰ ਪਿੰਚੁਕ
ਗੁਰਮੀਤ ਪਾਲਹੀ , ਲੇਖਕ
9815802070
ਗੁਰਮੀਤ ਪਲਾਹੀ
ਭ੍ਰਿਸ਼ਟਾਚਾਰ ਦੇ ਖ਼ੂਹ ਵਿੱਚ ਖ਼ੁਦ ਡਿੱਗੇ, ਵੇਖੋ! ਸਾਡੀ ਇਹ ਰਾਹਨੁਮਾਈ ਕਰਦੇ!!
Page Visitors: 2572