ਤਖ਼ਤ ਕੋਈ ਇਮਾਰਤ ਨਹੀਂ, ਇਹ ਅਕਾਲ ਦਾ ਸਿਧਾਂਤ ਹੈ
ਆਤਮਜੀਤ ਸਿੰਘ, ਕਾਨਪੁਰ
ਤਖ਼ਤ ਤੋਂ ਭਾਵ ਰਾਜ ਸਿੰਘਾਸਨ, ਬੈਠਣ ਦੀ ਚੌਕੀ ।
"ਤਖਤਿ ਬਹੈ ਤਖਤੈ ਕੀ ਲਾਇਕ"
ਦੁਨਿਆਵੀ ਤੌਰ 'ਤੇ ਵੇਖੀਏ ਤਾਂ ਦੁਨੀਆਂ ਵਿੱਚ ਕਿਸੇ ਵੀ ਕੌਮ, ਮੁਲਕ, ਰਾਜਸਤਾ ਦਾ ਕੇਵਲ ਇਕ ਹੀ ਤਖ਼ਤ ਹੁੰਦਾ ਹੈ। ਹਾਂ ਕਈ ਵਾਰੀ ਉਸ ਦਾ ਕਾਰਜ ਸਥਾਨ, ਸਮੇਂ ਅਤੇ ਲੋੜ ਅਨੁਸਾਰ ਬਦਲ ਲਿਆ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਰਤ ਦੀ ਵੰਡ ਤੋਂ ਪਹਿਲਾਂ, ਅੰਗਰੇਜ਼ਾਂ ਦੇ ਰਾਜ ਸਮੇਂ ਪਟਿਆਲਾ ਰਿਆਸਤ ਦੀ ਰਾਜਧਾਨੀ ਪਟਿਆਲਾ ਸੀ, ਪਰ ਗਰਮੀਆਂ ਵਿੱਚ ਇਸ ਨੂੰ ਸ਼ਿਮਲੇ ਬਦਲ ਲਿਆ ਜਾਂਦਾ ਸੀ। ਅੱਜ ਵੀ ਜੰਮੂ ਕਸ਼ਮੀਰ ਰਿਆਸਤ ਦੀ ਰਾਜਧਾਨੀ ਸ੍ਰੀ ਨਗਰ ਹੈ, ਪਰ ਸਰਦੀਆਂ ਵਿੱਚ ਇਸ ਨੂੰ ਜੰਮੂ ਬਦਲ ਲਿਆ ਜਾਂਦਾ ਹੈ। ਦੁਨੀਆਂ ਵਿੱਚ ਸ਼ਾਇਦ ਇਕੋ ਕੌਮ ਦੇ ਕਈ ਤਖ਼ਤਾਂ ਦਾ, ਇਕੋ ਵਿਲੱਖਣ ਪ੍ਰਮਾਣ ਸਿੱਖ ਕੌਮ ਦਾ ਹੈ।
ਤਖ਼ਤ ਦੇ ਮਾਮਲੇ ਵਿੱਚ ਸਿੱਖ ਕੌਮ ਵਿੱਚ ਬੜੀ ਦੁਖਦਾਈ ਅਤੇ ਹਾਸੋਹੀਣੀ ਸਥਿਤੀ ਹੈ ਕਿ ਸਾਡਾ ਇੱਕ ਨਹੀਂ, ਬਲਕਿ ਪੰਜ ਤਖ਼ਤ ਬਣਾ ਦਿੱਤੇ ਗਏ। ਇੱਥੇ ਇਹ ਮਹਤੱਵ ਪੂਰਨ ਗੱਲ ਵਿਚਾਰ ਲੈਣੀ ਵੀ ਯੋਗ ਹੋਵੇਗੀ ਕਿ ਤਖਤ ਕਿਤਨੇ ਹਨ ਯਾ ਹੋ ਸਕਦੇ ਹਨ?
ਇਸ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫੁਰਮਾਂਉਂਦੀ ਹੈ:
“ਏਕੋ ਤਖਤੁ ਏਕੋ ਪਾਤਿਸਾਹੁ ॥ ਸਰਬੀ ਥਾਈ ਵੇਪਰਵਾਹੁ ॥” (ਬਸੰਤੁ ਮਹਲਾ ੧, ਪੰਨਾ ੧੧੮੮)
ਗੁਰੂ ਸਾਹਿਬ ਦੇ ਪ੍ਰਮਾਣ ਤੋਂ ਸਪਸ਼ਟ ਹੁੰਦਾ ਹੈ ਕਿ ਤਖ਼ਤ 'ਇਕ ਹੀ ਹੈ ਅਤੇ ਉਸ 'ਤੇ ਬਹਿਣ ਵਾਲਾ ਵੀ 'ਮਾਲਕ ਪ੍ਰਭੂ ਆਪ ਹੈ, ਹੋਰ ਕੋਈ ਨਹੀਂ। ਪਰ ਅੱਜ ਅਸੀਂ ਤਖ਼ਤ 'ਤੇ ਉਨਾਂ ਨੂੰ ਬਿਠਾਇਆ ਹੋਇਆ ਜਿੰਨਾਂ ਦੀ ਜ਼ਮੀਰ 'ਖਿਨ-ਖਿਨ' ਡੋਲਦੀ ਹੈ। ਜੋ ਚੰਦ ਟੁਕੜਿਆਂ ਪਿੱਛੇ 'ਗੁਰੂ ਦੇ ਹੁਕਮ' ਨੂੰ ਵੀ ਢਾਹ ਲਾ ਦੇਂਦੇ ਹਨ।
"ਰੋਟੀਆ ਕਾਰਣਿ ਪੂਰਹਿ ਤਾਲ"
ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਕਾਲ-ਪੁਰਖ ਨੂੰ ਕਿਸੇ ਦੁਨਿਆਵੀ ਤਖ਼ਤ ਦੀ ਲੋੜ ਵੀ ਹੈ? ਕੀ ਅਕਾਲ-ਪੁਰਖ ਕਿਸੇ ਦੁਨਿਆਵੀ ਤਖ਼ਤ ਦਾ ਮੁਹਤਾਜ ਹੈ? ਅਕਾਲ ਦਾ ਸ਼ਬਦੀ ਅਰਥ ਹੈ: ਸਦੀਵ ਸਥਾਈ, ਸਮੇਂ ਦੀ ਪਹੁੰਚ ਅਤੇ ਪ੍ਰਭਾਵ ਤੋਂ ਬਾਹਰ।
“ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥”(ਸਿਰੀਰਾਗੁ ਮਹਲਾ ੫, ਪੰਨਾ ੪੮)
“ਕਾਇਮੁ ਦਾਇਮੁ ਸਦਾ ਪਾਤਿਸਾਹੀ ॥” (ਰਾਗੁ ਗਉੜੀ ਰਵਿਦਾਸ ਜੀ, ਪੰਨਾ ੩੪੫)
“ਸਾਚਾ ਤਖਤੁ ਸਚੀ ਪਾਤਿਸਾਹੀ ॥ ਸਚੁ ਖਜੀਨਾ ਸਾਚਾ ਸਾਹੀ ॥” (ਮਾਰੂ ਸੋਲਹੇ ਮਹਲਾ ੫, ਪੰਨਾ ੧੦੭੩)
“ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥”(ਰਾਮਕਲੀ ਕੀ ਵਾਰ ਮਹਲਾ ੩, ਪੰਨਾ ੯੪੭)
“ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥”(ਸਲੋਕ ਮਃ ੫, ਪੰਨਾ ੯੬੪)
ਉਪਰੋਕਤ ਪ੍ਰਮਾਣਾਂ ਤੋਂ ਸਪਸ਼ਟ ਹੈ ਕਿ ਉਸ ਅਕਾਲ-ਪੁਰਖ ਦਾ ਤਖ਼ਤ ਤਾਂ ਅਟੱਲ ਹੈ, ਉਦੋਂ ਤੋਂ ਜਦੋਂ ਤੋ ਇਹ ਸ੍ਰਿਸ਼ਟੀ ਬਣੀ ਹੈ।
ਕੀ ਗੁਰਬਾਣੀ ਦੇ ਇਹ ਪ੍ਰਮਾਣ, ਕਿਸੇ ਇੱਟਾਂ-ਗਾਰੇ ਦੀ ਬਣੀ ਦੁਨਿਆਵੀ ਇਮਾਰਤ ਵਾਸਤੇ ਅੰਕਿਤ ਕੀਤੇ ਗਏ ਹਨ?
ਨਾਲੇ ਜੇ ਸੱਚਮੁਚ ਅਕਾਲ-ਪੁਰਖ ਦਾ ਤਖ਼ਤ ਹੀ ਬਨਾਉਣਾ ਹੋਵੇ ਤਾਂ ਉਸ ਦੀ ਬਣਤਰ ਤਾਂ ਵੈਸੀ ਹੀ ਹੋ ਸਕਦੀ, ਜੈਸੀ ਸਤਿਗੁਰੂ ਨਾਨਕ ਪਾਤਿਸ਼ਾਹ ਨੇ ਸੋ ਦਰ ਦੇ ਸ਼ਬਦ,
“ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥”
(ਸੋ ਦਰੁ ਰਾਗੁ ਆਸਾ ਮਹਲਾ ੧, ਪੰਨਾ ੬, ੮ ਅਤੇ ੩੪੭) ਵਿੱਚ ਚਿਤਵੀ ਹੈ ।
ਸੋ ਇਹ ਗੱਲ ਭਾਵੁਕਤਾ ਤੋਂ ਵਧੇਰੇ ਹੋਰ ਕੁਝ ਨਹੀਂ ਜਾਪਦੀ।
ਇਕ ਹੋਰ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ, ਕਿ ਕੀ ਅਕਾਲ-ਪੁਰਖ ਕਿਸੇ ਇਕ ਕੌਮ, ਇਲਾਕੇ ਜਾਂ ਭਾਈ ਚਾਰੇ ਨਾਲ ਸਬੰਧਤ ਹੈ?
ਜਦਕਿ ਗੁਰਬਾਣੀ ਦੇ ਪਾਵਨ ਫੁਰਮਾਨ ਹਨ:
“ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥”
(ਧਨਾਸਰੀ ਮਹਲਾ ੧, ਪੰਨਾ ੬੬੩)
“ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥”
(ਸੋਰਠਿ ਮਹਲਾ ੫, ਪੰਨਾ ੬੧੨
“ਤੂੰ ਸਾਂਝਾ ਸਾਹਿਬੁ ਬਾਪੁ ਹਮਾਰਾ ॥…
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥”
(ਰਾਗੁ ਮਾਝ ਮਹਲਾ ੫, ਪੰਨਾ ੯੭)
“ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਲੋਗਾ ਭਰਮਿ ਨ ਭੂਲਹੁ ਭਾਈ ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥”
(ਪ੍ਰਭਾਤੀ,ਭਗਤ ਕਬੀਰ ਜੀ, ਪੰਨਾ ੧੩੪੯)
ਜਦ ਅਕਾਲ-ਪੁਰਖ ਸਾਰੀ ਮਨੁੱਖਤਾ ਦਾ ਸਾਂਝਾ ਪਿਤਾ ਹੈ, ਸਾਰੀ ਸ੍ਰਿਸ਼ਟੀ ਵਿੱਚ ਉਸ ਦੀ ਹੀ ਜੋਤ ਪਸਰੀ ਹੋਈ ਹੈ ਤਾਂ ਉਸ ਦਾ ਤਖਤ ਵੀ ਸਾਰਿਆਂ ਲਈ ਸਾਂਝਾ ਹੈ। ਨਾਲ ਹੀ ਸਿੱਖ ਕੇਵਲ ਅਕਾਲ-ਪੁਰਖ ਨੂੰ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਅਤੇ ਵਾਹਿਦ ਰਾਜਾ ਮੰਨਦਾ ਹੈ, ਕਿਉਂਕਿ ਗੁਰਬਾਣੀ ਤੋਂ ਇਹੀ ਅਗਵਾਈ ਮਿਲਦੀ ਹੈ:
“ੜਾੜੈ, ਰੂੜਾ ਹਰਿ ਜੀਉ ਸੋਈ ॥ ਤਿਸੁ ਬਿਨੁ ਰਾਜਾ ਅਵਰੁ ਨ ਕੋਈ ॥”
(ਰਾਮਕਲੀ ਮਹਲਾ ੧, ਪੰਨਾ ੯੩੬)
“ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ ॥”
(ਰਾਮਕਲੀ ਮਹਲਾ ੩, ਪੰਨਾ ੯੧੧)
“ਕੋਊ ਹਰਿ ਸਮਾਨਿ ਨਹੀ ਰਾਜਾ ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥”
(ਬਿਲਾਵਲੁ ਬਾਣੀ ਕਬੀਰ ਜੀਉ ਕੀ, ਪੰਨਾ ੮੫੬)
ਸੋ ਤਖ਼ਤ ਕੇਵਲ ਇਕ ਇਮਾਰਤ ਨਹੀਂ ਬਲਕਿ ਫਲਸਫ਼ਾ ਹੈ, ਸਿਧਾਂਤ ਹੈ, ਇਮਾਰਤ ਤਾਂ ਕੇਵਲ ਸੰਕੇਤਕ ਹੈ।
………………………
ਟਿੱਪਣੀ:- ਅੱਜ-ਕਲ ਸਿੱਖ ਵੈਸੇ ਹੀ ਵਿਚਾਰਕ ਮਾਮਲੇ ਵਿਚ ਬਿਲਕੁਲ ਕੋਰੇ ਹਨ, ਕਿਸੇ ਵੀ ਇਕ ਮਸਲ੍ਹੇ ਨੂੰ ਲੈ ਕੇ ਉਸ ਦੇ ਪੱਖ ਵਿਚ ਅਤੇ ਉਸ ਦੇ ਵਿਰੋਧ ਵਿਚ ਦੋ ਧੜੇ ਬਣ ਕੇ ਮਹੀਨਿਆਂ ਬੱਧੀ ਆਪਣੀ ਤਾਕਤ ਆਪਣਾ ਸਮਾ ਬਰਬਾਦ ਕਰਦੇ ਰਹਿੰਦੇ ਹਨ, ਇਵੇਂ ਅੱਜ ਤੱਕ ਕੋਈ ਇਕ ਵੀ ਮਸਲ੍ਹਾ ਹੱਲ ਨਹੀਂ ਹੋਇਆ ਬਲਕਿ ਹੋਰ ਉਲਝੇ ਹੀ ਹਨ। ਅਜੇ ਪਿਛਲੇ ਦਿਨਾਂ ਤੋਂ ਚੱਲ ਰਿਹਾ “ਨਾਨਕ-ਸ਼ਾਹੀ ਕੈਲੰਡਰ” ਦਾ ਮਸਲ੍ਹਾ ਭੱਖਿਆ ਪਿਆ ਹੈ, ਵੀਰ ਆਤਮਜੀਤ ਸਿੰਘ ਨੇ ਪਤਾ ਨਹੀਂ ਕਿਸ ਆਸ਼ੇ ਨਾਲ ਇਹ ਨਵਾਂ “ਅਕਾਲ-ਤਖਤ” ਦਾ ਮਸਲ੍ਹਾ ਛੇੜ ਲਿਆ ਹੈ ?
ਹੁਣ ਇਸ ਤੇ ਕਈ ਮਹੀਨੇ ਮਗਜ਼ ਪੱਚੀ ਹੋਵੇਗੀ । ਚੰਗਾ ਤਾਂ ਇਹ ਸੀ ਕਿ ਵੀਰ ਆਤਮਜੀਤ ਸਿੰਘ ਇਸ ਮਸਲ੍ਹੇ ਨੂੰ ਛੇੜਨ ਤੋਂ ਪਹਿਲਾਂ “ਅਕਾਲ-ਤਖਤ” ਦੇ ਇਤਿਹਾਸਕ ਪਛੋਕੜ ਦੀ ਘੋਖ ਕਰਦੇ। ਜੇ ਉਨ੍ਹਾਂ ਨੇ ਪੰਜਾਂ ਤਖਤਾਂ ਦਾ ਮਸਲ੍ਹਾ ਛੇੜਨਾ ਵੀ ਸੀ ਤਾਂ ਇਸ ਵਿਚ “ਅਕਾਲ-ਤਖਤ” ਦਾ ਮਸਲ੍ਹਾ ਨਹੀਂ ਛੇੜਨਾ ਚਾਹੀਦਾ ਸੀ। ਅਤੇ ਪੰਜਾਂ ਤਖਤਾਂ ਦੇ ਮਾਮਲੇ ਵਿਚ ਕੋਈ ਨਿਰਣਾ ਕਰਨਾ ਚਾਹੀਦਾ ਸੀ। ਪਰ ਐਸਾ ਨਹੀਂ ਕੀਤਾ ਗਿਆ। ਇਵੇਂ ਸਿੱਖ ਅੰਗਰੇਜ਼ੀ ਦੀ ਕਹਾਵਤ “ਝੳਚਕ ੋਡ ੳਲਲ ਟਰੳਦੲਸ ਬੁਟ ੰੳਸਟੲਰ ੋਡ ਨੋਨ” ਵਾਙ ਆਪਣੀ ਲਿਆਕਤ ਨੂੰ ਵਰਤਣ ਦੀ ਥਾਂ ਅਜੀਬ ਮਿਲ-ਗੋਭਾ ਹੁੰਦੇ ਜਾ ਰਹੇ ਹਨ।
ਚਾਹੀਦਾ ਤਾਂ ਇਹ ਹੈ ਕਿ ਜਿਸ ਬੰਦੇ ਵਿਚ ਜਿਸ ਟਾਪਕ ਦੀ ਅਕਲ ਹੈ ਉਹ ਉਸ ਟਾਪਕ ਤੇ ਆਪਣੀ ਸਮਝ ਸਿੱਖਾਂ ਨਾਲ ਸਾਂਝੀ ਕਰੇ, ਇਸ ਨਾਲ ਸਿੱਖੀ ਦੀ ਹਾਲਤ ਸੁਧਾਰਨ ਵਿਚ ਮਦਦ ਮਿਲੇਗੀ ਅਤੇ ਬੇਕਾਰ ਦੇ ਝਮੇਲਿਆਂ ਵਿਚ ਫੱਸ ਕੇ ਤਾਕਤ-ਪੈਸਾ ਅਤੇ ਸਮਾ ਵੀ ਬਰਬਾਦ ਨਹੀਂ ਹੋਵੇਗਾ, ਆਪਸੀ ਖਹਿ-ਬਾਜ਼ੀ ਵੀ ਬੰਦ ਹੋਵੇਗੀ।
ਸਿੱਖ ਵੀਰਾਂ ਨੂੰ ਬੇਨਤੀ ਹੈ ਕਿ ਉਹ ਜੋ ਵੀ ਲਿਖਣ, ਆਪਣੇ ਵਲੋਂ ਉਸ ਦਾ ਨਿਰਣਾ ਪੇਸ਼ ਕਰਨ, ਨਾ ਤਾਂ ਉਸ ਨੂੰ ਇਸ ਤਰ੍ਹਾਂ ਪੇਸ਼ ਕਰਨ ਕਿ ਜੋ ਉਨ੍ਹਾਂ ਲਿਖਿਆ ਹੈ ਉਹੀ ਅਸਲੀ ਸੱਚ ਹੈ ਅਤੇ ਨਾ ਹੀ ਬਿਨਾ ਕੋਈ ਸਾਰਥਿਕ ਸਿੱਟਾ ਕੱਢਿਆਂ ਸਿੱਖਾਂ ਵਿਚ ਹੋਰ ਮਸਲ੍ਹੇ ਖੜੇ ਕਰਨ।
ਫਿਲਹਾਲ ਇਹੀ ਸਿੱਖਾਂ ਦੀ ਸੋਚ ਨੂੰ ਵਧਾਉਣ ਵਿਚ ਸਹਾਈ ਹੋਵੇਗਾ।
ਬੇਨਤੀ ਕਰਤਾ
ਅਮਰ ਜੀਤ ਸਿੰਘ ਚੰਦੀ
ਆਤਮਜੀਤ ਸਿੰਘ ਕਾਨਪੁਰ
ਤਖ਼ਤ ਕੋਈ ਇਮਾਰਤ ਨਹੀਂ, ਇਹ ਅਕਾਲ ਦਾ ਸਿਧਾਂਤ ਹੈ
Page Visitors: 2663