ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਗਿਆਨੀ
ਨਵੇਂ ਸਾਲ ਦਾ ਧਰਮ ਨਾਲ ਸਬੰਧ
ਨਵੇਂ ਸਾਲ ਦਾ ਧਰਮ ਨਾਲ ਸਬੰਧ
Page Visitors: 2594

ਨਵੇਂ ਸਾਲ ਦਾ ਧਰਮ ਨਾਲ ਸਬੰਧ
ਗਿਆਨੀ ਅਵਤਾਰ ਸਿੰਘ
ਕੁਦਰਤ ਦੇ ਨਿਯਮਾਂ ਮੁਤਾਬਕ ਹੁੰਦੇ ਮੌਸਮੀ ਬਦਲਾਅ ਨੂੰ ਮਨੁੱਖ ਨੇ ਆਪਣੀ ਸਹੂਲਤ ਲਈ ਇੱਕ ਸਾਲ (ਛੇ ਰੁੱਤਾਂ) ਦਾ ਸਮਾਂ ਲਗਭਗ 365/366 ਦਿਨਾਂ ’ਚ ਵੰਡ ਲਿਆ ਕਿਉਂਕਿ ਸੂਰਜ ਦੁਆਲੇ ਧਰਤੀ ਦਾ ਇੱਕ ਚੱਕਰ 365 ਦਿਨ 5 ਘੰਟੇ 48 ਮਿੰਟ ਤੇ 45 ਸੈਕੰਡ ਦਾ ਹੈ। ਧਰਤੀ ਦੇ ਇਸੇ ਚੱਕਰ ਨਾਲ਼ (ਸਾਲ ਭਰ) ਰੁੱਤਾਂ ਬਦਲਦੀਆਂ ਹਨ। ਛੇ ਰੁੱਤਾਂ ਦੇ ਇਸ ਬਦਲਾਅ ਉਪਰੰਤ ਇੱਕ ਹੋਰ ਨਵਾਂ ਸਾਲ ਆਰੰਭ ਹੋਣਾ, ਨਿਸ਼ਚਿਤ ਕੀਤਾ ਗਿਆ ਤਾਂ ਜੋ ਹਰ ਸਾਲ ਦਾ ਆਰਥਿਕ, ਸਮਾਜਿਕ, ਰਾਜਨੀਤਿਕ, ਆਦਿ ਨਫ਼ੇ-ਨੁਕਸਾਨ ਦੀ ਪੜਚੋਲ ਕਰਨੀ ਅਸਾਨ ਰਹੇ । ਮਨੁੱਖੀ ਲੋੜਾਂ ਨੂੰ ਪੂਰਾ ਕਰਨ ਲਈ ਤਿੰਨ ਦੁਨਿਆਵੀ ਕਿੱਤਿਆਂ (ਕਿਰਸਾਨੀ, ਵਪਾਰ ਤੇ ਨੌਕਰੀ) ਨੂੰ ਆਧਾਰ ਬਣਾਇਆ ਗਿਆ, ਇਸ ਤੋਂ ਇਲਾਵਾ ਇੱਕ ਚੌਥੇ ਕਿੱਤੇ ਭੀਖ ਮੰਗਣਾ, ਚੋਰੀ ਜਾਂ ਡਾਕਾ ਮਾਰਨ ਨੂੰ ਨਿਖਿੱਧ ਕਾਰਜ ਵੱਲੋਂ ਵੇਖਿਆ ਗਿਆ ਕਿਉਂਕਿ ਅਜਿਹਾ ਵਰਗ ਆਪ ਮਿਹਨਤ ਕਰਨ ਦੀ ਬਜਾਇ ਦੂਸਰੇ ਦੁਆਰਾ ਕੀਤੀ ਗਈ ਮਿਹਨਤ ਉੱਤੇ ਹੀ ਜ਼ਿਆਦਾ ਨਿਰਭਰ ਰਹਿੰਦਾ ਹੈ।
   ਆਪਣੀ ਵਿਕਸਤ ਹੁੰਦੀ ਸੋਚ ਅਨੁਸਾਰ ਸਦੀਆਂ ਤੋਂ ਮਨੁੱਖ, ਆਪਣੇ ਕਿੱਤਿਆਂ ’ਚ ਵਾਧਾ (ਭਾਵ ਬਦਲਾਅ) ਕਰਦਾ ਆਇਆ ਹੈ, ਪਰ ਕੁਦਰਤੀ ਬਦਲਾਅ (ਨਿਯਮ) ਵਾਙ ਆਪਣੇ ਆਪ ’ਚ ਅੰਦਰੂਨੀ ਬਦਲਾਅ (ਸੁਧਾਰ) ਨਹੀਂ ਕਰ ਸਕਿਆ ਜਦ ਕਿ ਧਰਮ ਇਹ ਅਹਿਸਾਸ ਕਰਵਾਉਂਦਾ ਰਹਿੰਦਾ ਹੈ ਕਿ ਪਿਛਲਾ ਸਾਲ (ਜਾਂ ਦਿਨ) ਬੀਤ ਗਿਆ ਤੇ ਨਵਾਂ ਆ ਗਿਆ, ਬਦਲਿਆ ਕੀ ? ਧਰਮ, ਮਨੁੱਖ ਪਾਸੋਂ ਇਸ ਦਾ ਜਵਾਬ ਮੰਗਦਾ ਹੈ,
‘‘ਅਉਧ ਘਟੈ ਦਿਨਸੁ ਰੈਣਾਰੇ ॥
  ਮਨ ਗੁਰ ਮਿਲਿ ਕਾਜ ਸਵਾਰੇ
॥੧॥ ਰਹਾਉ ॥’’ (ਸੋਹਿਲਾ ਗਉੜੀ/ਮ: ੫/੧੩)
ਸੰਸਾਰੀ ਸੋਚ ਤੇ ਨਿਰਾਕਾਰੀ ਸੋਚ (ਰੱਬੀ ਭਗਤ ਦੀ ਸੋਚ) ’ਚ ਬੁਨਿਆਦੀ ਅੰਤਰ ਇਹ ਹੈ ਕਿ ਸੰਸਾਰੀ ਮਨੁੱਖ ਦਾ ਲੇਖਾ-ਜੋਖਾ ਸਮਾਜਿਕ ਪੱਧਰ (ਨਿੱਜ-ਸੁਆਰਥ, ਪਰਿਵਾਰਕ ਤੇ ਸਮਾਜਿਕ) ਤੱਕ ਸੀਮਤ ਹੁੰਦਾ ਹੈ ਜਦ ਕਿ ਨਿਰਾਕਾਰੀ ਸੋਚ ਵਾਲ਼ਾ ਵਿਅਕਤੀ ਆਪਣੇ ਜੀਵਨ ਦੇ ਵਜੂਦ ਲਈ ਮਿਲੇ ਨਿਸ਼ਚਿਤ ਸਮੇਂ ’ਚ ਇਨ੍ਹਾਂ ਸੰਸਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਕੁਝ ਅਜਿਹਾ ਟੀਚਾ (ਜਿਵੇਂ ਕਿ ਕੁਦਰਤ ਦੇ ਰਚੇਤਾ ਦੀ ਹੋਂਦ ਨੂੰ ਸਵੀਕਾਰਨਾ) ਵੀ ਸਰ (ਫ਼ਤਿਹ) ਕਰਨਾ ਚਾਹੁੰਦਾ ਹੈ, ਜਿਸ ਉਪਰੰਤ ਉਸ ਦਾ ਦੁਨਿਆਵੀ ਸਫ਼ਰ ਇੱਕ ਆਦਰਸ਼ ਤੇ ਮਿਸਾਲ ਵਜੋਂ ਸਦੀਆਂ ਤੱਕ ਯਾਦ ਰੱਖਿਆ ਜਾ ਸਕੇ, ਪਰ ਅਜਿਹੀ ਜੀਵਨਸ਼ੈਲੀ, ਕਿਸੇ ਆਦਰਸ਼ ਜੀਵਨ (ਜਾਂ ਨਿਰਾਕਾਰ ਦੇ ਰੂਪ, ਗੁਰੂ, ਪੀਰ, ਪੈਗ਼ੰਬਰ) ਦੀ ਸਲਾਹ ਨੂੰ ਅਪਣਾਇਆਂ ਹੀ ਅਖ਼ਤਿਆਰ ਕੀਤੀ ਜਾ ਸਕਦੀ ਹੈ।
  ਸੰਸਾਰੀ ਮਨੁੱਖ ਆਪਣੇ ਸੰਸਾਰਕ ਨਫ਼ੇ ਲਈ ਉਤਸ਼ਾਹਿਤ ਹੁੰਦਾ ਹੈ ਅਤੇ ਨੁਕਸਾਨ ਲਈ ਦੁਖੀ, ਜਦ ਕਿ ਧਰਮੀ ਵਿਅਕਤੀ ਰੱਬੀ ਯਾਦ ’ਚ ਉਤਸ਼ਾਹਿਤ ਹੁੰਦਾ ਹੈ, ਸਮਾਜਕ ਜੀਵਨ ’ਚ ਮਿਲੇ ਲਾਭ ਨੂੰ ਉਸ ਦੀ ਰਹਿਮਤ ਤੇ ਸਮਾਜਿਕ ਦੁੱਖਾਂ ਨੂੰ ਉਸ ਦੀ ਰਜ਼ਾ ਸਮਝ ਕੇ ਹੌਸਲਾ ਬਣਾਏ ਰੱਖਦਾ ਹੈ ਭਾਵ ਕੁਦਰਤ ਦੇ ਰਚੇਤਾ ਜਾਂ ਆਪਣੇ ਮਾਲਕ ਦੇ ਪ੍ਰੇਮ ’ਚ ਡੋਲਣਾ ਜਾਂ ਅਡੋਲਤਾ ਹੀ ਚੁਨੌਤੀ ਹੁੰਦੀ ਹੈ।
ਰੱਬੀ ਭਗਤ ਦਾ ਲੁਕਾਈ ਹਿਤਕਾਰੀ ਆਦਰਸ਼ ਜੀਵਨ ਹੋਣ ਦੇ ਬਾਵਜੂਦ ਵੀ ਦੁਨੀਆ ਦੇ ਇਤਿਹਾਸ ’ਚ ਸਮਾਜਿਕ ਜੀਵਨ ਬਤੀਤ ਕਰਨ ਦੇ ਮੁਕਾਬਲੇ ਧਰਮੀ ਜੀਵਨ ਬਤੀਤ ਕਰਨ ਨੂੰ ਵਧੇਰੇ ਕਠਨਾਈ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦੇ ਦੋ ਹੀ ਮੁੱਖ ਕਾਰਨ ਹੁੰਦੇ ਹਨ :
   (1). ਸਮਾਜਿਕ ਵਿਅਕਤੀ ਨਿੱਜ ਲਈ ਅਤੇ ਧਰਮੀ ਵਿਅਕਤੀ ਸਮਾਜ ਲਈ ਜਿਊਂਦਾ ਹੈ ਭਾਵ ਸੰਸਾਰੀ ਵਿਅਕਤੀ ਆਪਣੇ ਨਫ਼ੇ ਲਈ ਸਮਾਜ ਨਾਲ਼ ਬੇਇਨਸਾਫ਼ੀ ਕਰ ਸਕਦਾ ਹੈ ਪਰ ਧਰਮੀ ਵਿਅਕਤੀ ਸਮਾਜਿਕ ਨਫ਼ੇ ਲਈ ਆਪਣਾ ਨੁਕਸਾਨ ਕਰਵਾਉਣ ਨੂੰ ਤਰਜੀਹ ਦਿੰਦਾ ਹੈ, ਜਿਸ ਨੂੰ ਪਰਉਪਕਾਰਤਾ ਦਾ ਨਾਂ ਦਿੱਤਾ ਗਿਆ ਹੈ। ਗੁਰਮਤਿ ਅਨੁਸਾਰ ਇਹ ‘ਪੀਰੀ’ ਵਿਸ਼ਾ ਅਖਵਾਉਂਦਾ ਹੈ।
  (2). ਸਮਾਜਿਕ ਵਿਅਕਤੀ, ਧਰਮੀ ਵਿਅਕਤੀ ਬਣਨ ਦਾ ਢੌਂਗ (ਪਖੰਡ) ਕਰਦਾ ਹੈ ਜਦ ਕਿ ਧਰਮੀ ਵਿਅਕਤੀ, ਉਸ ਦੇ ਇਸ ਪਾਜ (ਦੰਭ) ਨੂੰ ਨੰਗਾ ਕਰਦਾ ਰਹਿੰਦਾ ਹੈ। ਗੁਰਮਤਿ ਅਨੁਸਾਰ ਇਹ ‘ਮੀਰੀ’ ਵਿਸ਼ਾ ਅਖਵਾਉਂਦਾ ਹੈ।
  ਗੁਰੂ ਨਾਨਕ ਸਾਹਿਬ ਜੀ ਨੇ ਆਮ ਮਨੁੱਖਾ ਸੋਚ ਨੂੰ ਵਿਕਸਤ ਕਰਨ ਲਈ,
 ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
  ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ
॥’’ (ਮ: ੧/੧੪੧੨)
 ਰਾਹੀਂ ਆਪਣੀ ਆਵਾਜ਼ ਬੁਲੰਦ ਕੀਤੀ, ਗੁਰੂ ਅਰਜਨ ਸਾਹਿਬ ਜੀ ਨੇ,
 ‘‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
   ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ
॥’’ (ਮ: ੫/੧੧੦੨)
  ਫ਼ੁਰਮਾਇਆ ਅਤੇ ਬਾਬਾ ਕਬੀਰ ਜੀ ਨੇ ਇਨ੍ਹਾਂ ਵਚਨਾਂ ਰਾਹੀਂ ਸੁਆਰਥੀ ਸੋਚ ਤੋਂ ਉੱਪਰ ਉੱਠਣ ਲਈ ਵੰਗਾਰਿਆ,
‘‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
  ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ
॥’’ (ਭਗਤ ਕਬੀਰ/੧੧੦੫), ਆਦਿ।
ਕੇਵਲ ਸਮਾਜਿਕ ਜੀਵਨ, ਬੇਸ਼ੱਕ ਉਸ ਦੀ ਬਾਹਰੋਂ ਕੁਝ ਖ਼ੁਸ਼ੀ ਵੀ ਵਿਖਾਈ ਦਿੰਦੀ ਹੋਵੇ, ਇੱਕ ਰੋਗ ਹੈ, ਪਰ ਇਸ ਦੀ ਉਸ ਨੂੰ ਸਮਝ ਨਹੀਂ ਤਾਂ ਜੋ ਇਸ ਰੋਗ ਦਾ ਇਲਾਜ ਕਰ ਸਕੇ ਜਦ ਕਿ ਇਸ ਦੇ ਮੁਕਾਬਲੇ ਧਰਮੀ ਜੀਵਨ ਇੱਕ ਅਰੋਗ (ਅੰਦਰੂਨੀ ਜ਼ਖ਼ਮ ਰਹਿਤ) ਜ਼ਿੰਦਗੀ ਹੁੰਦੀ ਹੈ, ਜਿਸ ਉੱਤੇ ਕੁਦਰਤੀ ਬਦਲਾਅ (ਸਮੇਂ) ਦਾ ਵੀ ਬਹੁਤਾ ਪ੍ਰਭਾਵ ਨਹੀਂ ਪੈਂਦਾ। ਗੁਰੂ ਅਮਰਦਾਸ ਜੀ, ਜੋ ਆਪ ਵਡੇਰੀ ਸਰੀਰਕ ਉਮਰ ਭੋਗ ਚੁੱਕੇ ਸਨ, ਨੇ ਆਪਣੇ ਜੀਵਨ ਤਜਰਬੇ ਦੇ ਅਨੁਭਵ ਇਉਂ ਵਿਅਕਤ ਕੀਤੇ,
 ‘‘ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਾ ਅੰਤਰਿ ਸੁਰਤਿ ਗਿਆਨੁ ॥’’ (ਮ: ੩/੧੪੧੮)   
ਰੋਗੀ ਜੀਵਨ ਤੋਂ ਰੋਗ ਰਹਿਤ (ਸੁਚੇਤ) ਜੀਵਨ ਕਰਨ ਲਈ ਸਮਾਜਿਕ ਮਨੁੱਖਾ ਜੀਵਨ ਦੀਆਂ ਕੁਝ ਊਣਤਾਈਆਂ ਨੂੰ ਸਮਝਣਾ ਅਤਿ ਜ਼ਰੂਰੀ ਹੈ। ਸੰਸਾਰ ’ਚ (ਭਾਵ ਉਕਤ ਤਿੰਨੇ ਕਿੱਤਿਆਂ ’ਚ) ਤਿੰਨ ਪ੍ਰਕਾਰ ਦੀ ਮਨੁੱਖਾ ਸੋਚ ਕਾਰਜਸ਼ੀਲ ਹੈ :
 (1). ਜਿਸ ਨੂੰ ਵੰਸ਼ਜ (ਸੰਸਕਾਰਾਂ) ’ਚੋਂ ਮਿੱਟੀ ਮਿਲੀ ਹੋਵੇ ਤੇ ਉਸ ਨੂੰ ਉਸ ਨੇ ਆਪਣੇ ਪੂਰੇ ਜੀਵਨ ’ਚ (ਮਿੱਟੀ ਹੀ) ਸੰਭਾਲ਼ ਕੇ ਰੱਖਿਆ ਹੋਵੇ।
(2). ਜਿਸ ਨੂੰ ਵਿਰਸੇ ’ਚੋਂ ਮਿੱਟੀ ਮਿਲੀ ਹੋਵੇ ਤੇ ਉਸ ਨੂੰ ਉਸ ਨੇ ਆਪਣੇ ਪੂਰੇ ਜੀਵਨ ’ਚ ਸੋਨਾ ਬਣਾ ਦਿੱਤਾ ਹੋਵੇ।
(3). ਜਿਸ ਨੂੰ ਵੰਸ਼ਜ ’ਚੋਂ ਸੋਨਾ ਮਿਲਿਆ ਹੋਵੇ ਤੇ ਉਸ ਨੇ ਉਸ ਨੂੰ ਆਪਣੇ ਪੂਰੇ ਜੀਵਨ ਕਾਲ ’ਚ ਮਿੱਟੀ ਬਣਾ ਦਿੱਤਾ ਹੋਵੇ।
  ਉਕਤ ਨੰਬਰ ਇੱਕ ਵਿਅਕਤੀ ਪਾਸ ਆਪਣੇ ਜੀਵਨ ਦੌਰਾਨ ਗੁਆਉਣ ਨੂੰ ਕੁਝ ਬਚਿਆ ਹੀ ਨਹੀਂ ਹੁੰਦਾ ਭਾਵ ਮਿੱਟੀ ਮਿਲੀ ਸੀ, ਜੋ ਉਸ ਨੇ ਪੂਰਨ ਸੰਭਾਲ਼ ਕੇ ਰੱਖੀ, ਨੰਬਰ ਦੋ ਵਿਅਕਤੀ, ਜਿਸ ਨੇ ਵਿਰਸੇ ’ਚ ਮਿਲੀ ਮਿੱਟੀ ਨੂੰ ਸੋਨੇ ’ਚ ਤਬਦੀਲ ਕੀਤਾ, ਉਹ ਬੰਦਾ ਸਮਾਜਿਕ ਜੀਵਨ ’ਚ ਬਹੁਤਾ ਨੁਕਸਾਨਦੇਹ ਨਹੀਂ ਹੁੰਦਾ ਭਾਵ ਉਸ ਉੱਤੇ ਮਿੱਟੀ ਨੂੰ ਸੋਨਾ ਬਣਾਉਣ ਲਈ ਕੋਈ ਬਾਹਰੀ ਦਬਾਅ ਨਹੀਂ ਹੁੰਦਾ ਤਾਂ ਜੋ ਉਹ ਜੀਵਨ ’ਚ ਝੂਠ-ਫ਼ਰੇਬ ਦਾ ਸਹਾਰਾ ਲਵੇ, ਸਮਾਜ ਨੂੰ ਧੋਖਾ ਦੇਵੇ।
   ਉਕਤ ਨੰਬਰ ਤਿੰਨ ਵਾਲ਼ਾ ਵਿਅਕਤੀ, ਜਿਸ ਨੂੰ ਵਿਰਸੇ ’ਚ ਸੋਨਾ ਮਿਲਿਆ ਸੀ ਤੇ ਉਸ ਦੀ ਅਸਫਲਤਾ ਕਾਰਨ ਉਹ ਦਿਨ ਬਦਿਨ (ਦਿਨੋ-ਦਿਨ) ਮਿੱਟੀ ਬਣ ਰਿਹਾ ਹੁੰਦਾ ਹੈ ਤੇ ਸਮਾਜ, ਉਸ ਪਾਸੋਂ ਇਸ ਦਾ ਕਾਰਨ ਪੁੱਛਦਾ ਹੈ, ਆਪਣੀ ਮੂਰਖਤਾ ਨੂੰ ਛੁਪਾਉਣ ਲਈ ਉਹ ਛਲ-ਕਪਟ ਦਾ ਸਹਾਰਾ ਲੈਂਦਾ ਹੈ; ਜਿਵੇਂ ਕਿ ਇਹ ਨੁਕਸਾਨ ਮੇਰੀ ਪਤਨੀ ਕਾਰਨ ਹੋਇਆ, ਇਹ ਨੁਕਸਾਨ ਮੇਰੇ ਬੱਚੇ ਕਾਰਨ ਹੋਇਆ, ਇਹ ਨੁਕਸਾਨ ਮੇਰੀ ਮਾਤਾ ਕਾਰਨ ਹੋਇਆ, ਇਹ ਨੁਕਸਾਨ ਮੇਰੇ ਪਤੀ ਕਾਰਨ ਹੋਇਆ, ਧਰਮੀ ਬਣਨ ਲਈ ਅਜੇ ਮੇਰੀ ਉਮਰ ਨਹੀਂ, ਵਗ਼ੈਰਾ-ਵਗ਼ੈਰਾ ਭਾਵ ਉਹ ਆਪਣੀ ਹਰ ਅਸਫਲਤਾ ਦਾ ਕਾਰਨ ਆਪਣੀ ਸੋਚ ਨੂੰ ਨਹੀਂ ਮੰਨਦਾ। ਅਜਿਹੇ ਵਿਅਕਤੀ ਆਮ ਤੌਰ ’ਤੇ ਉਕਤ ਤਿੰਨੇ ਸਮਾਜਿਕ ਕਿੱਤਿਆਂ ਨੂੰ ਨਹੀਂ ਕਰਦੇ ਹੁੰਦੇ ਭਾਵ ਚੌਥੇ ਕਿੱਤੇ ਨੂੰ ਪਿਆਰ ਕਰਦੇ ਹਨ, ਜਿਸ ਵਿੱਚ ਧਾਰਮਿਕ ਪਾਖੰਡੀ-ਲਿਬਾਸ ਵੀ ਆਉਂਦਾ ਹੈ।
  ਸਮਾਜ ਦੀ ਰਹਿਨੁਮਾਈ ਕਰਨ ਵਾਲ਼ੇ ਅਜੋਕੇ ਰਾਜਨੀਤਿਕ ਲੀਡਰ, ਜਿਨ੍ਹਾਂ ਨੇ ਆਪਣੀ ਸੋਚ ਰਾਹੀਂ ਸਮਾਜ ਉੱਤੇ ਰਾਜ ਕਾਇਮ ਕਰਨਾ ਹੁੰਦਾ ਹੈ, ਦੁਆਰਾ ਲਗਾਏ ਜਾਂਦੇ ਦਿਨ ਪ੍ਰਤਿਦਿਨ ਧਰਨਿਆਂ ਲਈ ਉਕਤ ਤਿੰਨੇ ਕਿੱਤਿਆਂ (ਕਿਰਸਾਨੀ, ਨੌਕਰੀ ਤੇ ਵਪਾਰ) ਦੇ ਲੋਕ ਸਮਾਂ ਨਹੀਂ ਨਿਕਾਲ ਸਕਦੇ ਅਤੇ ਅਜਿਹੇ ਜ਼ਿਆਦਾਤਰ ਜਜ਼ਬਾਤੀ ਕਾਰਜਾਂ ਲਈ ਚੌਥੇ ਕਿੱਤੇ ਵਾਲ਼ੇ ਲੋਕ ਹੀ ਵਿਹਲੇ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਦਾ ਹਰਾਮ (ਗੁਨਾਹ) ਵੀ ਹਲਾਲ (ਧਰਮ ਅਨੁਸਾਰ ਜਾਇਜ਼) ਬਣ ਜਾਂਦਾ ਹੈ। ਅਗਰ ਇਉਂ ਸਮਝ ਲਿਆ ਜਾਏ ਕਿ ਜ਼ਿਆਦਾਤਰ ਚੌਥੇ ਕਿੱਤੇ ਵਾਲ਼ੇ ਹੀ ਤਿੰਨੇ ਕਿੱਤਿਆਂ ਵਾਲ਼ੇ ਲੋਕਾਂ ’ਤੇ ਰਾਜ ਕਰਦੇ ਹਨ ਤਾਂ ਅਤਿਕਥਨੀ ਨਹੀਂ ਹੋਵੇਗੀ।
  ਇੱਥੇ ਇਹ ਪੱਖ ਸ਼ਾਮਲ ਕਰਨਾ ਵੀ ਵਿਸ਼ੇ ਦੀ ਸਪੱਸ਼ਟਤਾ ਲਈ ਲਾਭਕਾਰੀ ਰਹੇਗਾ ਕਿ ਹਰਾਮ ਨੂੰ ਹਲਾਲ ਬਣਾਉਣ ਵਾਲ਼ੀ ਨਿਖਿੱਧ ਸੋਚ ਪਾਸ ਇੱਕ ਦਿਨ ਰਾਜਨੀਤਿਕ ਸ਼ਕਤੀ ਆਉਣ ਦੀ ਉਮੀਦ ਲਗਾਈ ਬੈਠਾ ਕਿਰਤੀ ਮਨੁੱਖ ਵੀ ਇਨ੍ਹਾਂ ਲਈ ਜਾਣੇ-ਅਣਜਾਣੇ ’ਚ ਪ੍ਰਧਾਨ ਸਾਹਿਬ  ! ਜਥੇਦਾਰ ਸਾਹਿਬ  ! ਆਦਿ ਲਕਬ ਵਰਤਣਾ ਸ਼ੁਰੂ ਕਰ ਦਿੰਦਾ ਹੈ, ਜਿਸ ਰਾਹੀਂ ਇਹ ਨਿਖਿੱਧ, ਆਪਣੀ ਅਸਫਲਤਾ ਛੁਪਾ ਕੇ ਸਫਲ ਜ਼ਿੰਦਗੀ ਪੇਸ਼ ਕਰਨ ’ਚ ਕਾਮਯਾਬ ਹੋ ਜਾਂਦੇ ਹਨ । ਅਜਿਹੇ ਅਘੜ ਜੀਵਨ ਉੱਤੇ ਕੋਈ ਅੰਮ੍ਰਿਤਮਈ ਗੁਰੂ ਵਚਨ ਵੀ ਅਸਰ ਨਹੀਂ ਕਰਦਾ, ਸਗੋਂ ਇਹ ਲੋਕ ਗੁਰੂ ਵਚਨ ਦੇ ਅਰਥ ਵੀ ਆਪਣੀ ਸੋਚ ਮੁਤਾਬਕ ਬਣਾ ਕੇ ਭੋਲ਼ੀ-ਭਾਲ਼ੀ ਜਨਤਾ ਨੂੰ ਗੁਮਰਾਹ ਕਰ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਵਾ ਜਾਂਦੇ ਹਨ।
ਗੁਰੂ ਨਾਨਕ ਸਾਹਿਬ ਜੀ ਨੇ,
‘‘ਘਾਲਿ ਖਾਇ ਕਿਛੁ ਹਥਹੁ ਦੇਇ ॥’’ (ਮ: ੧/੧੨੪੫)
 ਵਚਨ ਕੀਤੇ ਹੋਣ ਕਾਰਨ ਜ਼ਰੂਰੀ ਹੈ ਕਿ ਗੁਰੂ ਦੇ ਸੱਚੇ ਸਿੱਖ ਅਤੇ ਉਕਤ ਨਿਖਿੱਧ, ਸੁਆਰਥੀ ਤੇ ਛਲ-ਕਪਟੀ ਸੋਚ ਵਿੱਚ ਟਕਰਾਅ ਹੋਣਾ ਸੁਭਾਵਕ ਹੈ, ਜੋ ਬਾਬਰ ਦੁਆਰਾ ਭਾਰਤ ਉੱਤੇ ਕੀਤੇ ਗਏ ਹਮਲਿਆਂ ਤੋਂ ਸਿੱਖਾਂ ਨਾਲ਼ ਹੁੰਦੇ ਸੰਘਰਸ਼ ਦੀ ਦਾਸਤਾਨ (ਕਹਾਣੀ) ਜੁੜੀ ਰਹੀ ਹੈ।
  ਹਰ ਕੌਮ ਦਾ ਕੇਂਦਰੀ (ਸਾਂਝਾ) ਸਿਧਾਂਤ ਤੇ ਉਸ ਉੱਤੇ ਪਹਿਰਾ ਦੇ ਕੇ ਸਿਰਜਿਆ ਗਿਆ ਆਪਣਾ ਨਿਵੇਕਲ਼ਾ (ਅਨੋਖਾ) ਇੱਕ ਇਤਿਹਾਸ ਹੁੰਦਾ ਹੈ, ਜਿਸ ਨੂੰ ਆਧਾਰ ਬਣਾ ਕੇ ਆਪ ਸੇਧ ਲੈਣੀ ਤੇ ਲੁਕਾਈ ਨੂੰ ਇਸ ਦੀ ਵਿਲੱਖਣਤਾ ਬਾਰੇ ਸਮਝਾਉਣਾ ਹੁੰਦਾ ਹੈ । ਸਿਧਾਂਤ ਅਤੇ ਇਤਿਹਾਸ ਦੀ ਇਸ ਅਟੁੱਟ ਲੜੀ ਨੂੰ ਆਪਣੇ ਵੰਸ਼ਜ ਤੱਕ ਹੂ-ਬਹੂ ਪਹੁੰਚਾਉਣ ਲਈ ਮਾਸਿਕ ਦਿਹਾੜੇ (ਪ੍ਰੋਗਰਾਮ) ਨਿਰਧਾਰਿਤ ਕੀਤੇ ਜਾਂਦੇ ਹਨ, ਜੋ ਹਰ ਨਵੇਂ ਸਾਲ ’ਚ ਆਉਂਦੇ ਰਹਿੰਦੇ ਹਨ। ਬੱਚਿਆਂ ਲਈ ਸਕੂਲਾਂ ’ਚ ਪਾਠਕ੍ਰਮ ਰਾਹੀਂ ਵੀ ਇਹੀ ਇਤਿਹਾਸ ਤੇ ਇਤਿਹਾਸਕ ਦਿਹਾੜਿਆਂ ਦੀ ਅਹਿਮੀਅਤ ਬਾਰੇ ਦੱਸਿਆ ਜਾਂਦਾ ਹੈ, ਜੋ ਬੱਚਿਆਂ ਦੇ ਕੋਮਲ ਦਿਮਾਗ਼ ’ਤੇ ਅਸਾਨੀ ਨਾਲ਼ ਆਪਣਾ ਪ੍ਰਭਾਵ ਪਾ ਜਾਂਦੇ ਹਨ ਭਾਵ ਜ਼ਬਾਨੀ ਕੰਠ ਹੋ ਜਾਂਦੇ ਹਨ। ਗੁਰੂ ਸਿਧਾਂਤ ਤੇ ਸਿੱਖ ਇਤਿਹਾਸ ਮਹਾਨ ਕੁਰਬਾਨੀਆਂ ਦੇ ਕੇ ਸਿਰਜਣਾ, ਸਿਧਾਂਤ ’ਚ ਅਲੌਕਿਕ ਸ਼ਕਤੀ ਤੇ ਸਿਰਜਣ ਵਾਲ਼ਿਆਂ ’ਚ ਅਥਾਹ ਸਮਰਪਿਤ ਭਾਵਨਾ ਨੂੰ ਪ੍ਰਗਟਾਉਂਦਾ ਹੈ।
   ਗੁਰੂ ਦੇ ਅਜੋਕੇ ਸਿੱਖ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਦਿਮਾਗ਼ੀ ਵਿਕਾਸ ਨੂੰ ਨਾਪਣ (ਚੈੱਕ ਕਰਨ) ਲਈ ਕੋਈ ਨਾ ਕੋਈ ਸਵਾਲ ਸਿਧਾਂਤਕ ਜਾਂ ਇਤਿਹਾਸ ਬਾਰੇ ਪੁੱਛਦਾ ਰਹੇ; ਜਿਵੇਂ ਕਿ
ਆਪਣਾ ਦੇਸ਼ ਅਜ਼ਾਦ ਕਦੋਂ ਹੋਇਆ ?,
ਮਹਾਤਮਾ ਗਾਂਧੀ ਦਾ ਜਨਮ ਦਿਨ ਕਦੋਂ ਹੈ ?,
ਕ੍ਰਿਸਮਸ ਡੇ ਕਦ ਆਵੇਗਾ ?
ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਤਾਰੀਖ਼ ਕਦੋਂ ਆਉਂਦੀ ਹੈ  ?
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿਹੜੀ ਮਿਤੀ ਅਤੇ ਕਿਹੜੇ ਮਹੀਨੇ ’ਚ ਹੁੰਦਾ ਹੈ ?, ਆਦਿ।
  ਅਗਰ ਸਿੱਖ ਬੱਚਾ ਹੋ ਕੇ ਵੀ ਅੰਤਮ ਦੋ ਸਵਾਲਾਂ ਦਾ ਜਵਾਬ ਨਾ ਦੇ ਸਕੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਵੋਟ ਸ਼ਕਤੀ ਨਾਲ਼ ਉਕਤ ਚੌਥੇ ਕਿੱਤੇ ਨਾਲ਼ ਸੰਬੰਧਿਤ ਜ਼ਿਆਦਾਤਰ ਨਿਖਿੱਧ ਵਿਅਕਤੀ ਸਾਡੇ ਲੀਡਰ ਬਣ ਗਏ ਹਨ, ਜੋ ਕੌਮੀ ਸਿਧਾਂਤ ਅਤੇ ਸੁਨਹਿਰੇ ਸਿੱਖ ਇਤਿਹਾਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜੋਕੇ ਤਕਨੀਕੀ ਯੁੱਗ ’ਚ ਰੁਕਾਵਟ ਬਣਦੇ ਜਾ ਰਹੇ ਹਨ।
  ਨਵਾਂ ਸਾਲ ਈਸਵੀ ਸੰਨ ਹੋਣ ਕਾਰਨ ਈਸਾ ਮਸੀਹ ਜੀ ਨਾਲ਼ ਸੰਬੰਧਿਤ ਵਰ੍ਹਾ ਹੈ; ਜਿਵੇਂ ਕਿ ਹਿਜ਼ਰੀ ਸੰਨ, ਮੁਹੰਮਦ ਹਜ਼ਰਤ ਸਾਹਿਬ ਦੇ ਮੱਕਿਉਂ, ਮਦੀਨੇ ਜਾਣ ਦੇ ਦਿਨ 16 ਜੁਲਾਈ 622 ਈਸਵੀ ਤੋਂ ਸ਼ੁਰੂ ਹੁੰਦਾ ਹੈ। ਆਪਣੇ ਕੌਮੀ ਸਿਧਾਂਤ ਰਾਹੀਂ ਸੁਚੇਤ ਹੋਈਆਂ ਕੌਮਾਂ ਆਪਣੇ ਇਤਿਹਾਸ ’ਚ ਪਈ ਦੁਬਿਧਾ ਨੂੰ ਸਮਾਂ ਰਹਿੰਦੇ ਖ਼ਤਮ ਕਰਨ ’ਚ ਕਾਮਯਾਬ ਹੋ ਜਾਂਦੀਆਂ ਹਨ ਪਰ ਕੌਮ ਦੀ ਅਗਵਾਈ ਕਰ ਰਹੀ ਨਿਖਿੱਧ ਸੋਚ ਲਈ ਕੌਮੀ ਸਿਧਾਂਤ ਦੀ ਰੱਖਿਆ ਕਰਨ ਨਾਲੋਂ ਲੋਕਤੰਤਰੀ ਢਾਂਚੇ ’ਚ ਵੋਟ ਸ਼ਕਤੀ ਵਧੇਰੇ ਅਹਿਮੀਅਤ ਰੱਖਦੀ ਹੈ ਅਤੇ ਹਰ ਕੌਮ ’ਚ ਜਾਗਰੂਕਾਂ ਦੇ ਮੁਕਾਬਲੇ ਨਾਸਮਝ ਜਨਤਾ ਦੀ ਵੋਟ ਵਧੇਰੇ ਮਿਲ ਜਾਂਦੀ ਹੈ।
   ਗੁਰੂ ਇਤਿਹਾਸ ’ਚ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ (1469 ਈ.) ਤੋਂ ਦੂਸਰੇ ਪਾਤਿਸ਼ਾਹ ਜੀ ਨੂੰ ਗੁਰਗੱਦੀ ਦੇਣ ਤੱਕ (1539 ਈ. ਨੂੰ) ਸਿੱਖਾਂ ਦੀ ਗਿਣਤੀ ਕੁਝ ਇਤਹਾਸਕਾਰਾਂ ਮੁਤਾਬਕ 3 ਕਰੋੜ ਸੀ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਜੀ ਆਪ ਬਿਆਨ ਕਰਦੇ ਹਨ ਕਿ ਸਿਧਾਂਤਕ ਲੋਕ ਵਿਰਲੇ ਹੁੰਦੇ ਹਨ,
 ‘‘ਹੈਨਿ ਵਿਰਲੇ ਨਾਹੀ ਘਣੇ..॥’’ (ਮ: ੧/੧੪੧੧)
ਹੁਣ ਅਗਰ ਵਿਚਾਰੀਏ ਕਿ ਜੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ ਵੋਟ ਗਿਣਤੀ ਰਾਹੀਂ ਪ੍ਰਾਪਤ ਹੁੰਦੀ ਸ਼ਕਤੀ ਨਾਲ਼ ਕੋਈ ਸਿਧਾਂਤਕ ਤਬਦੀਲੀ ਕਰਨੀ ਜ਼ਰੂਰੀ ਹੁੰਦੀ ਤਾਂ ‘‘ਹੈਨਿ ਵਿਰਲੇ’’ ਕਿਵੇਂ ਕਰ ਸਕਦੇ ਸਨ ?
   ਨਿਤਨੇਮ ’ਚ ‘ਜਪੁ’ ਬਾਣੀ ਰਾਹੀਂ ਰੋਜ਼ਾਨਾ ਪੜ੍ਹਦੇ ਹਾਂ ਕਿ ਸਿਧਾਂਤਕ ਜੀਵ ਕਦੇ ਧੋਖਾ ਨਹੀਂ ਖਾਂਦੇ
‘‘ਨਾ ਓਹਿ ਮਰਹਿ ਨ ਠਾਗੇ ਜਾਹਿ ॥’’
 ਫਿਰ ਕੀ ਕਾਰਨ ਹੈ ਕਿ ਅਸੀਂ ਗ਼ਲਤ ਬੰਦਿਆਂ ਹੱਥ ਧਰਮ ਦਾ ਵਿਕਾਸ ਦੇ ਕੇ ਨੁਕਸਾਨ ਖਾ ਜਾਂਦੇ ਹਾਂ।
ਧਰਮ ਦੀ ਦੁਨੀਆ ’ਚ
  ‘‘ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥’’ (ਮ: ੫/੯੯੯)
 ਭਾਵ ਪੰਜ ਸਾਲ ਦਾ ਧਰੂ ਭਗਤ ਵੀ ਅਮਰ ਪਦਵੀ ਪਾ ਸਕਦਾ ਹੈ ਤੇ ਸੰਸਾਰਕ ਜੀਵਨ ’ਚ ਬੁਜ਼ਦਿਲ ਬਣ ਸੱਪ ਵਾਙ ਸੌ ਸਾਲ ਦੀ ਲੰਮੀ ਉਮਰ ਭੋਗਣੀ ਵੀ ਵਿਅਰਥ ਹੋ ਸਕਦੀ ਹੈ,
  ‘‘ਬਿਨੁ ਸਿਮਰਨ ਜੈਸੇ ਸਰਪ ਆਰਜਾਰੀ ॥’’ (ਮ: ੫/੨੩੯)
ਸੋ, ਨਵਾਂ ਸਾਲ ਮਨਾਉਣ ਸਮੇਂ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਂ ’ਤੇ ਰੱਖਿਆ ਗਿਆ ਕੁਦਰਤੀ ਸਮੇਂ ਦੀ ਦਰੁਸਤ ਵੰਡ ਕਰਨ ਵਾਲ਼ਾ ‘ਨਾਨਕਸ਼ਾਹੀ ਕੈਲੰਡਰ’, ਜਿਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ, ਜੋ ਕਿ ਹਰ ਸਾਲ 5 ਜਨਵਰੀ ਨੂੰ ਆਉਂਦਾ ਹੈ, ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ, ਕੌਣ ਲੋਕ ਹਨ ਅਤੇ ਕਿਸ ਕਾਰਨ ਵਿਰੋਧ ਕਰ ਰਹੇ ਹਨ ?
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.