ਸ਼ਾਸਤਰ ਦੀ ਛਾਂ ਹੇਠ ਸ਼ਸਤਰ ਪਰੰਪਰਾ ਦਾ ਵਿਕਾਸ
ਪੀਰੀ ਵਿਚ ਪਰਪੱਕ ਮਨੁੱਖ ਦੇ ਹੱਥ ਕ੍ਰਿਪਾਨ ਦਾ ਮੰਤ
ਇਕ ਦੰਦ-ਕਥਾ ਪ੍ਰਚੱਲਤ ਹੈ ਕਿ ਇਕ ਸਾਧੂ ਕਿਸੇ ਦਰਿਆ ਦੇ ਕੰਢੇ ਬੈਠਾ ਸੀ ਕਿ ਅਚਾਨਕ ਉਸ ਦੀ ਨਿਗਾਹ ਪਾਣੀ ਵਿਚ ਡੁੱਬਦੇ ਇਕ ਠੂੰਹੇ ਤੇ ਪਈ। ਦਇਆ ਦੇ ਘਰ ਵਿਚ ਆਏ ਸਾਧ ਨੇ ਤੁਰੰਤ ਹੱਥ ਵਧਾ ਕੇ ਉਸ ਨੂੰ ਬਾਹਰ ਕੱਢਣਾ ਚਾਹਿਆ ਪਰ ਆਪਣੇ ਸੁਭਾਅ ਮੁਤਾਬਿਕ ਠੂੰਹੇ ਨੇ ਸਾਧ ਦੇ ਹੱਥ ਤੇ ਡੰਗ ਕੱਢ ਮਾਰਿਆ। ਸਾਧ ਦਾ ਹੱਥ ਤ੍ਰਬਕਿਆ ਤੇ ਠੂੰਹਾ ਫਿਰ ਪਾਣੀ ਵਿਚ ਡਿੱਗ ਪਿਆ। ਸਾਧ ਨੇ ਫਿਰ ਠੂੰਹੇ ਨੂੰ ਹੱਥ ਵਧਾ ਕੇ ਸਹਾਰਾ ਦਿੱਤਾ ਤੇ ਠੂੰਹੇ ਨੇ ਫਿਰ ਡੰਗ ਕੱਢ ਮਾਰਿਆ। ਇਸੇ ਤਰ੍ਹਾਂ ਕਈ ਵਾਰ ਹੋਇਆ। ਇਕ ਰਾਹਗੀਰ ਨੇ ਸਾਧ ਤੋਂ ਪੁੱਛਿਆ, "ਤੁਸੀਂ ਇਸ ਨੂੰ ਮਰਨ ਕਿਉਂ ਨਹੀਂ ਦਿੰਦੇ, ਕਾਹਨੂੰ ਡੰਗ ਖਾਈ ਜਾਂਦੇ ਹੋ?" ਸਾਧ ਨੇ ਜਵਾਬ ਦਿੱਤਾ, "ਡੰਗ ਮਾਰਨਾ ਉਸ ਦਾ ਸੁਭਾਅ ਹੈ ਤੇ ਉਸ ਦੀ ਜਾਨ ਬਚਾਉਣਾ ਮੇਰਾ ਫ਼ਰਜ਼ ਹੈ।"
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਅਨੇਕਾਂ ਅਜਿਹੇ ਦ੍ਰਿਸ਼ਟਾਂਤ ਮਿਲਦੇ ਹਨ, ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਜੀਵ ਆਪਣਾ ਮੂਲ-ਸੁਭਾਅ ਛੇਤੀ ਕੀਤੇ ਨਹੀਂ ਛੱਡਦਾ: |
-ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ॥ (ਨਟ ਮ: ੪, ਪੰਨਾ ੯੮੩)
-ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ॥ (ਵਾਰ ਮਾਝ ੧, ਸਲੋਕ ਮ: ੧, ਪੰਨਾ ੧੪੩)
-ਚੰਦਨ ਲੇਪੁ ਉਤਾਰੈ ਧੋਇ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ॥ (ਗਉੜੀ ਸੁਖਮਨੀ ਮ: ੫, ਪੰਨਾ ੨੬੭)
ਸਦੀਆਂ ਤੋਂ ਤ੍ਰਾਹ ਤ੍ਰਾਹ ਕਰਦੀ ਲੋਕਾਈ ਨੂੰ ਜਦ ਅਕਾਲ ਪੁਰਖ ਨੇ ਮਿਹਰ ਦੇ ਘਰ ਵਿਚ ਆ ਕੇ ਗੁਰੂ ਨਾਨਕ ਰੂਪੀ ਤਾਰਣਹਾਰ ਰਹਿਬਰ ਬਖਸ਼ਿਆ ਤਾਂ ਖਾਸ ਤੌਰ ਤੇ ਹਿੰਦੁਸਤਾਨ ਸਦਾਉਂਦੇ ਇਸ ਖਿੱਤੇ ਵਿਚ ਠੰਡ ਵਰਤ ਗਈ। ਸਤਿਨਾਮ ਮੰਤਰ ਦੇ ਸ਼ੀਤਲ ਝੋਕੇ ਰਾਹੀਂ ਤਪਦੀ ਧਰਤੀ ਨੂੰ ਠੰਡਕ ਮਿਲੀ। ਲੇਕਿਨ ਰੱਬ ਅਤੇ ਇਨਸਾਨ ਵਿਚਕਾਰ ਸੁਆਰਥ ਦੀ ਕੰਧ ਬਣ ਕੇ ਖੜ੍ਹੇ ਬ੍ਰਾਹਮਣਵਾਦ ਨੂੰ ਗੁਰੂ ਨਾਨਕ ਸਾਹਿਬ ਦਾ ਲੋਕਾਈ ਨੂੰ ਤਾਰਨਾ ਸ਼ਾਇਦ ਨਾਗਵਾਰ ਗੁਜ਼ਰਿਆ। ਸਦੀਆਂ ਤੋਂ ਗੰਦ ਵਿਚ ਰਹਿਣ ਦੇ ਆਦੀ ਕਿਰਮਾਂ (ਕੀੜਿਆਂ) ਨੂੰ ਭਲਾ ਚੰਦਨ ਦੇ ਬੂਟਿਆਂ ਦੀਆਂ ਛਾਵਾਂ ਕਿਵੇਂ ਭਾਉਂਦੀਆਂ?
ਗੁਰੂ ਨਾਨਕ ਸਾਹਿਬ ਦੇ ਪਾਵਨ ਮਿਸ਼ਨ ਨੂੰ ਢਾਹ ਲਾਉਣ ਦਾ ਜਤਨ ਤਾਂ ਪੰਡੇ ਪੁਜਾਰੀਆਂ ਦੀ ਜਮਾਤ ਨੇ ਉਸੇ ਦਿਨ ਆਰੰਭ ਕਰ ਦਿੱਤਾ ਸੀ ਜਿਸ ਦਿਨ ਬਾਲ ਗੁਰੂ ਨਾਨਕ ਨੇ ਜਨੇਊ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪੁਜਾਰੀ ਜਮਾਤ ਨੂੰ ਸੱਤੀਂ ਕੱਪੜੀਂ ਅੱਗ ਉਸੇ ਦਿਨ ਲੱਗ ਗਈ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਸੂਰਜ ਵੱਲ ਕੰਡ ਕਰਕੇ ਆਪਣੇ ਖੇਤਾਂ ਨੂੰ ਪਾਣੀ ਦੇਣ ਦਾ ਚੋਜ ਰਚਾਇਆ। ਬ੍ਰਾਹਮਣ ਵਿਚਾਰੇ ਦੀ ਰੋਜ਼ੀ-ਰੋਟੀ ਤਾਂ ਉਸੇ ਦਿਨ ਖੁੱਸ ਗਈ ਜਾਪਦੀ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ਕਹਿ ਕੇ ਸਦੀਆਂ ਤੋਂ ਦਬਾਏ ਗਏ ਲੋਕਾਂ ਨੂੰ ਆਪਣੇ ਗਲ਼ ਲਾਇਆ।
ਅਕਾਲ ਪੁਰਖ ਨੇ ਆਪਣੇ ਦਰੋਂ ਜੋ ਬਖਸ਼ਿਸ਼ਾਂ ਦਾ ਭੰਡਾਰ ਬਖਸ਼ ਕੇ, ਜੋ ਦਿਬ-ਦ੍ਰਿਸ਼ਟੀ ਬਖਸ਼ ਕੇ, ਗੁਰੂ ਨਾਨਕ ਸ਼ਾਹ ਫਕੀਰ ਨੂੰ ਧਰਤ ਲੁਕਾਈ ਦੀ ਸੁਧਾਈ ਹੇਤ ਚੜ੍ਹਾਇਆ ਸੀ ਉਸ ਦਿਬ-ਦ੍ਰਿਸ਼ਟੀ ਨੇ ਗੁਰੂ ਨਾਨਕ ਸਾਹਿਬ ਨੂੰ, ਲਹਿਣੇ ਨੂੰ ਅੰਗਦ ਕਰ ਦੇਣ ਦਾ ਰਾਹ ਦੱਸਿਆ। ਲਹਿਣਿਓਂ ਅੰਗਦ ਹੋਏ ਗੁਰੂ ਸਾਹਿਬ ਨੇ ਜਦ ਦੂਸਰੇ ਜਾਮੇ ਨੂੰ ਧਾਰਿਆ ਤਾਂ ਠੂੰਹੇ ਦੀ ਡੰਗ ਮਾਰਨ ਦੀ ਪਰਵਿਰਤੀ ਨੂੰ ਵਾਚਦਿਆਂ ਹੋਇਆਂ ਹੀ ਆਪਣੇ ਸਿੱਖਾਂ ਨੂੰ ਮੱਲ ਅਖਾੜੇ ਸਜਾਉਣ ਦਾ ਹੁਕਮ ਦਿੱਤਾ।
"ਭਾਈ! ਠੂੰਹੇ ਨੇ ਤਾਂ ਆਪਣੀ ਪਰਵਿਰਤੀ ਛੱਡਣੀ ਨਹੀਂ ਤੇ ਜਗਤ ਉਧਾਰਣਹਾਰ ਗੁਰੂ ਨਾਨਕ ਸਾਹਿਬ ਨੇ ਡੰਗ ਖਾਣ ਹਿਤ ਆਪਣੇ ਹੱਥ ਤਾਂ ਮਜ਼ਬੂਤ ਕਰਨੇ ਹੀ ਹਨ ਨਾ!"
ਫਿਰ ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ ਦੀ ਖੇਡ ਵੀ ਤਾਂ ਦਸਵੇਂ ਜਾਮੇ ਵਿਚ ਆ ਕੇ ਵਰਤਾਉਣੀ ਸੀ। ਸੋ ਆਪਣੇ ਪੰਥ (ਗੁਰਸਿੱਖਾਂ) ਨੂੰ ਬਾਣੀ ਰਾਹੀਂ ਆਤਮਿਕ ਮਜ਼ਬੂਤੀ ਦੇਣ ਦੇ ਨਾਲ ਨਾਲ ਮੱਲ ਅਖਾੜੇ ਸਜਾ ਕੇ, ਡੰਡ ਬੈਠਕਾਂ ਮਾਰਨ, ਕੁਸ਼ਤੀਆਂ ਲੜਨ, ਘੋਲ ਕਰਨ ਦੇ ਹੁਕਮ ਆਪਣੇ ਪੰਥ ਨੂੰ ਸਰਰੀਕ ਪੱਖੋਂ ਮਜ਼ਬੂਤ ਕਰਨ ਦਾ ਵਸੀਲਾ ਬਣਾਏ।
ਪਾਖੰਡ ਕਰਮਾਂ ਵਿਚ ਗ੍ਰਸਤ ਬ੍ਰਾਹਮਣ ਸ਼੍ਰੇਣੀ ਹੀ ਤਾਂ ਸਿਰਫ ਜਗਤ ਤਾਰਨ ਦੇ ਗੁਰੂ ਨਾਨਕ ਸਾਹਿਬ ਦੇ ਮੂਲ ਉਦੇਸ਼ ਦੇ ਦੁਸ਼ਮਣ ਨਹੀਂ ਸੀ ਬਲਕਿ ਸਮੇਂ ਦੇ ਮੁਗ਼ਲ ਹਾਕਮ ਵੀ ਤਾਂ ਲੋਕਾਈ ਦੇ ਡੁੱਬਣ ਵਿਚ ਹੀ ਆਪਣਾ ਹਿਤ ਦੇਖਦੇ ਸਨ। ਸੋ ਲਾਜ਼ਮੀ ਸੀ ਕਿ ਭਵਿੱਖ ਦੇ ਖਾਲਸੇ ਨੂੰ ਹੁਣ ਤੋਂ ਹੀ ਤਨ-ਮਨ ਕਰਕੇ ਡੰਗ ਖਾਣ, ਡੰਗ ਜਰਨ ਲਈ ਤਿਆਰ ਕੀਤਾ ਜਾਂਦਾ।
ਆਪਣੇ ਪੰਜ ਜਾਮਿਆਂ ਤਕ ਗੁਰੂ ਨਾਨਕ ਸਾਹਿਬ ਨੇ ਇਹ ਕਾਰਜ ਅਤਿਅੰਤ ਹੀ ਸਮੇਂਬੱਧ ਅਤੇ ਯੋਜਨਾਬੱਧ ਤਰੀਕੇ ਨਾਲ ਸਿਰੇ ਚੜ੍ਹਾਇਆ। ਪੰਜਵੇਂ ਜਾਮੇ ਤਕ ਸਮੇਂ ਦੇ ਹਾਕਮਾਂ ਦੁਆਰਾ ਜਗਤ ਤਾਰਨ ਦੇ ਕਾਰਜ ਵਿਚ ਲੀਨ ਗੁਰੂ ਸਾਹਿਬ ਨੂੰ ਜਦ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਤਾਂ ਛੇਵੇਂ ਗੁਰੂ ਸਾਹਿਬ ਨੇ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਪੰਥ ਦੇ ਮਜ਼ਬੂਤ ਹੋਏ ਤਨ ਨੂੰ ਮੀਰੀ ਦੀ ਬਖਸ਼ਿਸ਼ ਵੀ ਕਰ ਦਿੱਤੀ। ਦੁਨਿਆਵੀ ਅਤੇ ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆਂ, ਬਸ ਇਥੋਂ ਹੀ ਆਰੰਭ ਹੁੰਦੀ ਹੈ, ਸਿੱਖੀ ਵਿਚ ਸ਼ਸਤਰਬੱਧ ਸੰਘਰਸ਼ ਦੀ ਪਰੰਪਰਾ। ਲੇਕਿਨ ਪੰਥ ਦੇ ਹੱਥ ਮੀਰੀ ਦੀ ਕ੍ਰਿਪਾਨ ਫੜਾਉਣ ਤੋਂ ਪਹਿਲਾਂ ਚਾਰ ਜਾਮਿਆਂ ਦੇ ਲੰਮੇ ਸਮੇਂ ਦੇ ਕਾਲ ਦੌਰਾਨ ਪੰਥ (ਗੁਰਸਿੱਖਾਂ) ਨੂੰ ਪੀਰੀ ਦੇ ਵਿਚ ਪਰਪੱਕ ਕਰਨ ਦਾ ਜੋ ਪੱਖ ਹੈ ਅਤੇ ਪੰਜਵੇਂ ਜਾਮੇ ਵਿਚ ਸ਼ੀਤਲਤਾ, ਸ਼ਾਂਤੀ, ਸਹਿਣਸ਼ੀਲਤਾ ਦੇ ਘਰ ਵਿਚ ਰਹਿ ਕੇ ਸ਼ਹਾਦਤ ਦੇਣ ਦਾ ਸਿਖਿਆ ਰੂਪੀ ਪੱਖ ਆਮ ਦੁਨਿਆਵੀ ਲੋਕਾਂ ਦੀ ਸਮਝ ਤੋਂ ਪਰ੍ਹੇ ਹੀ ਰਹਿ ਗਿਆ ਜਾਪਦਾ ਹੈ।
ਪੀਰੀ ਦੇ ਹਰਿਮੰਦਰ ਦੀ ਸਾਜਨਾ ਦਾ ਕਾਰਜ ਪੰਜਵੇਂ ਜਾਮੇ ਵਿਚ ਸੰਪੂਰਨ ਕਰ ਲਿਆ ਗਿਆ ਸੀ। ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਸ਼ਾਸਤਰ ਦਾ ਰੂਪ ਦੇ ਕੇ ਸ਼ਸਤਰ ਫੜਾਉਣ ਤੋਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ (ਪੋਥੀ ਸਾਹਿਬ) ਦੀ ਸਾਜਨਾ ਕਰਕੇ ਸ਼ਸਤਰ ਚਲਾਉਣ, ਸ਼ਸਤਰ ਦੀ ਯੋਗ ਵਰਤੋਂ ਕਰਨ ਦਾ ਸੰਵਿਧਾਨ ਤਿਆਰ ਕੀਤਾ ਗਿਆ। ਉਸ ਤੋਂ ਉਪਰੰਤ ਹੀ ਪੀਰੀ ਦੇ ਹਰਿਮੰਦਰ ਦੇ ਸਨਮੁਖ ਮੀਰੀ ਦੇ ਤਖ਼ਤ ਦੀ ਸਾਜਨਾ ਕੀਤੀ ਗਈ। ਮੀਰੀ ਦੇ ਇਸ ਤਖ਼ਤ ਦੇ ਫੈਸਲੇ ਪੀਰੀ ਦੇ ਹਰਿਮੰਦਰ ਨੂੰ ਪ੍ਰਤੱਖ ਸਾਹਮਣੇ ਰੱਖ ਕੇ, ਉਸ ਤੋਂ ਇਲਾਹੀ ਰੋਸ਼ਨੀ (ਮਾਰਗ ਦਰਸ਼ਨ) ਲੈਂਦਿਆਂ ਕੀਤੇ ਜਾਣ ਦਾ ਧੁਰਾ ਬੰਨ੍ਹਿਆ ਗਿਆ।
ਛੇਵੇਂ ਜਾਮੇ ਵਿਚ ਆਪਣੇ ਸਿੱਖਾਂ ਨੂੰ ਚੰਗੇ ਸ਼ਸਤਰ ਅਤੇ ਚੰਗੇ ਘੋੜੇ ਲਿਆਉਣ ਦੇ ਫ਼ਰਮਾਨ ਕਰਨ ਤੋਂ ਕਿਤੇ ਪਹਿਲਾਂ ਹੀ ਗੁਰੂ ਸਾਹਿਬ ਨੇ ਮਨੁੱਖੀ ਸਰੀਰ ਵਿਚ ਵੜ ਬੈਠੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਠੂੰਹਿਆਂ ਨੂੰ ਨਾਮ-ਬਾਣੀ ਦੇ ਸ਼ਸਤਰ ਨਾਲ ਸੋਧਣ ਦੀ ਸਿਖਲਾਈ ਚੰਗੀ ਤਰ੍ਹਾਂ ਦਿੱਤੀ ਹੋਈ ਸੀ। ਨਹੀਂ ਤਾਂ ਭਲਾ ਇਨ੍ਹਾਂ ਪੰਜ ਠੂੰਹਿਆਂ ਨੂੰ ਕਾਬੂ ਕੀਤੇ ਬਿਨਾਂ ਇਨ੍ਹਾਂ ਵਿਚ ਗ੍ਰਸਤ ਮਨੁੱਖਾਂ ਦੇ ਹੱਥ ਵਿਚ ਸ਼ਸਤਰ ਫੜਾ ਕੇ ਇਨ੍ਹਾਂ ਜ਼ਾਲਮ ਠੂੰਹਿਆਂ ਦੀ ਦੂਜੀ ਜਮਾਤ ਤਿਆਰ ਕਰਨੀ ਸੀ?
ਸਿੱਖੀ ਦੇ ਮੂਲ ਉਦੇਸ਼ ਸਰਬੱਤ ਦੇ ਭਲੇ ਨੂੰ ਸਿਰੇ ਚਾੜ੍ਹਨ ਹਿਤ ਖੇਡ ਤਾਂ ਰਚਾਉਣੀ ਹੀ ਪੈਣੀ ਸੀ। ਗੁਰੂ-ਕਾਲ ਵਿਚ ਹੋਈਆਂ ਸ਼ਸਤਰਬੱਧ ਜੰਗਾਂ ਕਿਸੇ ਰਾਜਸੀ ਹਿਤ ਲਈ ਨਾ ਹੋ ਕੇ ਸਰਬੱਤ ਦੇ ਭਲੇ, ਜਗਤ ਉਧਾਰਣ ਦੇ ਮੂਲ ਉਦੇਸ਼ ਨੂੰ ਸਿਰੇ ਲਾਉਣ ਦੇ ਜਤਨ ਵਜੋਂ ਹੋਈਆਂ। ਜ਼ਾਲਮ ਹੋ ਚੁਕੇ ਠੂੰਹਿਆਂ ਨੂੰ ਤਾਰਨ ਹਿਤ ਮਜਬੂਰੀ ਵਸ ਹੱਥ ਸਖ਼ਤ ਕਰ ਕੇ ਉਸ ਦੇ ਡੰਗਾਂ ਤੋਂ ਬਚਣਾ ਵੀ ਤਾਂ ਲਾਜ਼ਮੀ ਹੈ ਨਹੀਂ ਤਾਂ ਆਖਰਕਾਰ ਡੰਗ ਖਾ-ਖਾ ਕੇ ਥੱਕ ਚੁਕੇ ਹੱਥ ਨੇ ਭਲਾ ਠੂੰਹੇ ਨੂੰ ਕਿਵੇਂ ਬਚਾਉਣਾ ਹੋਇਆ? ਠੂੰਹਾ ਤਾਂ ਫਿਰ ਵੀ ਡੁੱਬਿਆ ਹੀ ਡੁੱਬਿਆ!
ਦਸਮ ਪਾਤਸ਼ਾਹ ਨੇ ਜਦ ਖੰਡੇ ਦੀ ਪਾਹੁਲ ਬਖਸ਼ ਕੇ ਸ਼ਸਤਰ ਧਾਰਨ ਕਰਨ ਦੇ ਸਿਧਾਂਤ ਨੂੰ ਲਾਜ਼ਮੀ ਬਣਾਇਆ ਤਾਂ ਜਿਹੜੇ ਪੰਥ ਦੇ ਹੱਥਾਂ ਵਿਚ ਸ਼ਸਤਰ ਫੜਾਏ ਗਏ, ਉਹ ਸ਼ਸਤਰ ਵਿੱਦਿਆ ਤੋਂ ਪਹਿਲਾਂ ਸ਼ਾਸਤਰ ਵਿੱਦਿਆ ਰਾਹੀਂ ਜਗਤ ਤਾਰਨ ਦੀ ਕਲਾ ਸਿੱਖ ਚੁਕਾ ਸੀ। ਉਸ ਦੇ ਹੱਥ ਵਿਚ ਫੜੇ ਸ਼ਸਤਰ ਦੁਆਰਾ ਕਿਸੇ ਦਾ ਨੁਕਸਾਨ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ। ਸ਼ਾਸਤਰ ਦੇ ਨਾਲ ਸ਼ਸਤਰ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਹੀ ਜੈ ਤੇਗੰ ਦਾ ਅਵਾਜ਼ਾ ਬੁਲੰਦ ਕੀਤਾ ਗਿਆ:
ਅਸ, ਕ੍ਰਿਪਾਨ, ਖੰਡੋ, ਖੜਗ, ਤੁਪਕ, ਤਬਰ ਅਰ ਤੀਰ॥
ਸੈਫ਼, ਸਿਰੋਹੀ, ਸੈਹਥੀ, ਯਹੈ ਹਮਾਰੈ ਪੀਰ॥ (ਪਾ: ੧੦)
ਦੇ ਬਚਨਾਂ ਨੇ ਸ਼ਸਤਰਾਂ ਦੇ ਮਹੱਤਵ ਨੂੰ ਸਮਝਾਇਆ। ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ, ਦੇ ਸੁਪਨੇ ਨੇ ਜਦ ਪ੍ਰਤੱਖ ਰੂਪ ਧਾਰਨ ਕੀਤਾ ਤਾਂ ਜਗਤ ਉਧਾਰ ਦਾ ਸੱਚਾ ਮੂਲ ਉਦੇਸ਼ ਸਾਕਾਰ ਹੋਣ ਵੱਲ ਵਧਦਾ ਸਪਸ਼ਟ ਦਿੱਸ ਪਿਆ:
ਖ਼ਾਲਸਾ ਸੋਇ ਨਿਰਧਨ ਕਉ ਪਾਲੇ।
ਖ਼ਾਲਸਾ ਸੋਇ ਦੁਸ਼ਟ ਕਉ ਗਾਲੈ।
ਵਾਲਾ ਕਾਰਜ ਆਰੰਭ ਹੋਇਆ। ਦਸਮ ਪਾਤਸ਼ਾਹ ਦੇ ਜੋਤੀ ਜੋਤਿ ਸਮਾਉਣ ਤੋਂ ਉਪਰੰਤ ਹੋਏ ਸ਼ਸਤਰਬੱਧ ਸੰਘਰਸ਼ਾਂ ਵਿਚ ਕਦੇ ਵੀ ਖਾਲਸੇ ਨੇ ਸ਼ਾਸਤਰ ਦੇ ਸੰਦੇਸ਼ ਨੂੰ ਨਹੀਂ ਛੱਡਿਆ। ਸ਼ਾਸਤਰ ਦਾ ਸੰਦੇਸ਼ ਮੂਲ ਉਦੇਸ਼ ਰਿਹਾ ਤੇ ਸ਼ਸਤਰ ਸਦਾ ਉਦੇਸ਼ ਹਾਸਲ ਕਰਨ ਦਾ ਵਸੀਲਾ। ਵਸੀਲਿਆਂ ਤੋਂ ਬਿਨਾਂ ਉਦੇਸ਼ ਹਾਸਲ ਨਹੀਂ ਕੀਤੇ ਜਾ ਸਕਦੇ। ਕਮਜ਼ੋਰ ਹੱਥਾਂ ਨੇ ਭਲਾ ਕਿਸੇ ਨੂੰ ਕੀ ਤਾਰਨਾ ਹੋਇਆ? ਇਹੀ ਮੂਲ ਸਿਧਾਂਤ ਸਿੱਖੀ ਦਾ ਅਹਿਮ ਪੱਖ ਹੈ। ਇਸੇ ਸਿਧਾਂਤ ਨੇ ਸੰਤ-ਸਿਪਾਹੀ ਰੂਪੀ ਸੰਪੂਰਨ ਮਨੁੱਖ ਦੀ ਸਾਜਨਾ ਕੀਤੀ।
ਇਸ ਸੰਪੂਰਨ ਖ਼ਾਲਸੇ ਨੂੰ ਦਸ ਜਾਮਿਆ ਤਕ, ਨਿਰਭਉ, ਨਿਰਵੈਰੁ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਗਿਆ ਸੀ ਅਤੇ ਆਪਣੇ ਨਿਰਭਉ, ਨਿਰਵੈਰੁ ਇਸ਼ਟ ਦੇ ਇਨ੍ਹਾਂ ਗੁਣਾਂ ਦੇ ਧਾਰਨੀ, ਨਿਰਭਉ ਹੋ ਚੁਕੇ ਖਾਲਸੇ ਨੇ ਕਦੀ ਰਣਤੱਤੇ ਵਿਚ ਕੰਡ ਨਹੀਂ ਵਿਖਾਈ; ਨਿਰਵੈਰੁ ਹੋਣ ਦੇ ਗੁਣ ਨੇ ਉਸ ਨੂੰ ਕਿਸੇ ਦੋਸ਼ੀ ਤੇ ਵੀ ਜ਼ੁਲਮ ਨਹੀਂ ਕਰਨ ਦਿੱਤਾ। ਹੰਕਾਰੇ ਹੋਏ ਠੂੰਹਿਆਂ ਨੂੰ ਮਾਰਨਾ ਨਹੀਂ, ਉਨ੍ਹਾਂ ਦੇ ਮਨੋਂ ਹੰਕਾਰ ਦੇ ਰੋਗ ਨੂੰ ਸ਼ਾਸਤਰ ਨਾਲ ਅਤੇ ਸਰੀਰਕ ਬਲ ਦੇ ਹੰਕਾਰ ਨੂੰ ਸ਼ਸਤਰ ਨਾਲ ਸੋਧ ਕੇ ਉਨ੍ਹਾਂ ਨੂੰ ਤਾਰਨਾ ਹੀ ਖਾਲਸੇ ਦਾ ਮੂਲ ਸਿਧਾਂਤ ਰਿਹਾ।
ਸ਼ਸਤਰਹੀਨ ਹੋਏ ਸ਼ਾਸਤਰੀਆਂ ਤੋਂ ਜਗਤ-ਉਧਾਰ ਨਹੀਂ ਹੋ ਸਕਦਾ। ਜੀਵਨ ਹਮੇਸ਼ਾ ਸੰਤੁਲਨ ਮੰਗਦਾ ਹੈ। ਅਸੁੰਤਲਨ ਜੀਵਨ, ਇਕ ਪਾਸੜ ਝੁਕਾਅ, ਡੋਬਦਾ ਹੀ ਹੈ। ਖੰਡੇ ਦੀ ਦੋਹਰੀ ਧਾਰ ਇਹੀ ਸੰਦੇਸ਼ ਦਿੰਦੀ ਹੈ ਕਿ ਸ਼ਾਸਤਰ ਦੇ ਗਿਆਨ ਤੋਂ ਵਿਹੂਣਾ ਸ਼ਸਤਰਧਾਰੀ ਕਿਸੇ ਨੂੰ ਤਾਰਨ ਦਾ ਖਿਆਲ ਵੀ ਮਨ ਵਿਚ ਨਹੀਂ ਲਿਆ ਸਕਦਾ। ਤਾਕਤ ਦੇ ਜ਼ੋਰ ਨਾਲ ਜ਼ਾਲਮ ਹਾਕਮ ਤਾਂ ਪੈਦਾ ਹੋ ਸਕਦੇ ਹਨ ਪਰ ਸੰਪੂਰਨ ਮਨੁੱਖ ਰੂਪੀ ਸ਼ਖ਼ਸੀਅਤਾਂ ਨਹੀਂ।
ਪਰਮ ਜੀਤ ਕੌਰ
- ਗੁਰਸਿਖ ਫੀਚਰਜ਼..