ਨਿੱਤ-ਨੇਮ
ਨਿੱਤ-ਨੇਮ ਦੋ ਸ਼ਬਦਾਂ ਦਾ ਸੁਮੇਲ ਹੈ ।
ਨਿੱਤ = ਹਰ ਰੋਜ਼ , ਹਰ ਵੇਲੇ ।
ਨੇਮ = ਨਿਯਮ , ਅਸੂਲ , ਕਿਰਿਆ , ਕੰਮ ।
ਦੋਵਾਂ ਦੇ ਜੋੜ ਨਾਲ ਅਰਥ ਬਣਦਾ ਹੈ , ਉਹ ਕੰਮ ਜੋ ਬੰਦਾ , ਬਗੈਰ ਕਿਸੇ ਨਾਗੇ ਦੇ , ਬਿਨਾ ਕਿਸੇ ਉਕਾਈ ਦੇ ਕਰਦਾ ਹੋਵੇ , ਉਹ ਉਸ ਦਾ ਨਿੱਤ-ਨੇਮ ਹੁੰਦਾ ਹੈ । ਬੰਦਾ ਕੁਝ ਕੰਮ ਆਪਣੇ ਸਰੀਰ ਨਾਲ ਸਬੰਧਿਤ , ਹਰ ਰੋਜ਼ ਕਰਦਾ ਹੈ , ਜਿਵੇਂ ਸਵੇਰੇ-ਸ਼ਾਮ ਸੈਰ ਕਰਨੀ , ਕਸਰਤ ਕਰਨੀ , ਇਸ਼ਨਾਨ ਕਰਨਾ ਆਦਿ ਵੀ ਉਸ ਦੇ ੱਿਨੱਤ-ਨੇਮ ਹਨ । ਆਪਣੀ ਰੋਜ਼ੀ-ਰੋਟੀ ਲਈ ਨੌਕਰੀ , ਵਾਹੀ ਅਤੇ ਵਪਾਰ ਆਦਿ ਕਰਨਾ ਵੀ ਉਸ ਦਾ ਨਿੱਤ-ਨੇਮ ਹੈ ।
ਇਵੇਂ ਹੀ ਬੰਦੇ ਲਈ ਆਤਮਕ ਪੱਖ ਦੇ ਕੰਮ , ਜਿਵੇਂ ਪਰਮਾਤਮਾ ਨੂੰ ਯਾਦ ਕਰਨਾ (ਇਸ ਨੂੰ ਜਪ ਕਿਹਾ ਜਾਂਦਾ ਹੈ , ਇਹ ਮਨ ਦਾ ਵਿਸ਼ਾ ਹੈ) ਪ੍ਰਭੂ ਦੇ ਗੁਣਾਂ ਦੀ ਕੀਰਤੀ , ਵਡਿਆਈ ਵਿਚਾਰਨੀ ਅਤੇ ਕਰਨੀ (ਇਸ ਨੂੰ ਕੀਰਤਨ ਕਿਹਾ ਜਾਂਦਾ ਹੈ, ਇਹ ਮਨ ਅਤੇ ਜ਼ਬਾਨ , ਦੋਵਾਂ ਦਾ ਵਿਸ਼ਾ ਹੈ) ਕਰਤਾ-ਪੁਰਖ ਦਾ ਨਾਮ , ਉਸ ਦਾ ਹੁਕਮ ਵਿਚਾਰਨਾ ਅਤੇ ਉਸ ਅਨੁਸਾਰ ਜੀਵਨ ਢਾਲਣਾ (ਇਸ ਨੂੰ ਸਿਮਰਨ ਕਿਹਾ ਜਾਂਦਾ ਹੈ , ਇਹ ਮਨ ਅਤੇ ਸਰੀਰ ਦਾ ਵਿਸ਼ਾ ਹੈ) ਇਸ ਬਾਰੇ ਜਾਣਕਾਰੀ ਸਾਨੂੰ (ਸਿੱਖਾਂ ਨੂੰ ਹੀ ਨਹੀਂ , ਦੁਨੀਆ ਦੇ ਸਾਰੇ ਬੰਦਿਆਂ ਨੂੰ) ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਹੈ । ਇਸ ਜਾਣਕਾਰੀ ਦਾ ਸਾਧਨ , ਗੁਰੂ ਸਾਹਿਬ ਜੀ ਨੇ ਸੁਣਨਾ ਦੱਸਿਆ ਹੈ । ਗੁਰੂ ਗ੍ਰੰਥ ਸਾਜਿਬ ਵਿਚ ਸੁਣਨ ਦੀ (ਬੋਲਣ ਦੀ ਨਹੀਂ) ਬਹੁਤ ਵਡਿਆਈ ਕੀਤੀ ਹੈ । ਇਹ ਸੁਣਨਾ ਕਿਵੇਂ ਹੈ ? ਇਸ ਬਾਰੇ ਥੋੜੀ ਵਿਚਾਰ ਕਰ ਲੈਣੀ ਲਾਹੇਵੰਦ ਹੋਵੇਗੀ ।
ਜਦ ਅਸੀਂ ਕਿਸੇ ਦੀ ਗੱਲ ਸੁਣ ਰਹੇ ਹੋਈਏ , ਅਤੇ ਸਾਡਾ ਮਨ ਉਸ ਵਿਚ ਸ਼ਾਮਲ ਨਾ ਹੋਵੇ , ਤਾਂ ਉਸ ਨੂੰ ਸੁਣਨਾ ਨਹੀਂ ਕਿਹਾ ਜਾ ਸਕਦਾ , ਅਜਿਹੀ ਅਵਸਥਾ ਵਿਚ ਅਸੀਂ ਅਕਸਰ ਕਹਿ ਉਠਦੇ ਹਾਂ “ ਫਿਰ ਕਹੀਂ ਜ਼ਰਾ , ਕੀ ਆਖਿਆ ? ”
ਇੇਵੇਂ ਹੀ ਜਦ ਅਸੀਂ , ਅੱਖਾਂ ਨਾਲ ਕੁਝ ਪੜ੍ਹ ਰਹੇ ਹੁੰਦੇ ਹਾਂ , ਤਾਂ ਉਹ ਵੀ ਤਦ ਹੀ ਸੁਣਨਾ ਬਣਦਾ ਹੈ , ਜਦ ਸਾਡਾ ਮਨ ਵੀ ਪੂਰੀ ਤਰ੍ਹਾਂ ਉਸ ਵਿਚ ਸ਼ਾਮਲ ਹੁੰਦਾ ਹੈ । ਇਵੇਂ ਹੀ ਜਦ ਅਸੀਂ ਕੋਈ ਬਾਣੀ , ਜ਼ਬਾਨੀ ਪੜ੍ਹ ਰਹੇ ਹੋਈੲੈ , ਤਾਂ ਉਹ ਵੀ ਤਦ ਹੀ ਸੁਣਨਾ ਬਣਦਾ ਹੈ , ਜਦ ਮਨ ਉਸ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਹੋਵੇ । ਸਮਝੇ ਤੋਂ ਬਗੈਰ ਪੜ੍ਹਨਾ , ਖਾਲੀ ਰੱਟਾ ਹੀ ਹੁੰਦਾ ਹੈ । ਜਿਸ ਸੁਣੇ ਨੂੰ ਸਮਝਿਆ ਜਾਵੇ , ਉਹੀ ਸੁਣਨਾ ਹੈ ।ਗੁਰੂ ਨਾਨਕ ਜੀ ਦੀ ਨਮਾਜ਼ ਪੜ੍ਹਨ ਵਾਲੀ ਸਾਖੀ ਇਸ ਨੂੰ ਚੰਗੀ ਤਰ੍ਹਾਂ ਸਾਫ ਕਰਦੀ ਹੈ । ਜਦ ਕਾਜ਼ੀ ਨੇ ਗੁਰੂ ਸਾਹਿਬ ਜੀ ਨੂੰ ਪੁਛਿਆ ਕਿ , ਤੁਸੀਂ ਨਮਾਜ਼ ਵਿਚ ਸ਼ਾਮਲ ਕਿਉਂ ਨਹੀਂ ਹੋਏ ? ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਇਹੀ ਕਿਹਾ ਸੀ ਕਿ , ਕਿਸ ਨਾਲ ਸ਼ਾਮਲ ਹੁੰਦਾ ? ਤੁਸੀਂ ਦੋਵੇਂ ਤਾਂ ਆਪ ਹੀ ਨਮਾਜ਼ ਵਿਚ ਸ਼ਾਮਲ ਨਹੀਂ ਸੀ ।
ਇਹ ਸੀ ਸੁਣਨ ਦੀ ਗੱਲ , ਪਰ ਗੁਰੂ ਗ੍ਰੰਥ ਸਾਹਿਬ ਅਨੁਸਾਰ ਏਨੀ ਕਿਰਿਆ ਹੀ ਕਾਫੀ ਨਹੀਂ ਹੈ , ਗੁਰਬਾਣੀ ਫੁਰਮਾਨ ਹੈ
ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥ (4)
ਇਹ ਹੈ ਨਿਤ-ਨੇਮ ਦੀ ਪੂਰਨ ਕਿਰਿਆ , ਯਾਨੀ ਜਿਵੇਂ ਉਪਰ ਵਿਚਾਰਿਆ ਹੈ , ਉਸ ਢੰਗ ਨਾਲ ਸੁਣੋ , ਫਿਰ ਉਸ ਸੁਣੇ ਨੂੰ ਅਕਲ ਦੀ ਕਸਵੱਟੀ ਤੇ ਵਿਚਾਰ ਕੇ ਮੰਨੋ , ਮਨ ਨੂੰ ਪਰਤੀਤ ਹੋ ਜਾਵੇ ਕਿ ਗੁਰੂ ਸਾਹਿਬ ਨੇ ਜੋ ਉਪਦੇਸ਼ ਦਿੱਤਾ ਹੈ , ਉਹ ਮੇਰੇ ਭਲੇ ਲਈ ਹੈ , ਜਦ ਇਹ ਪਰਤੀਤ ਹੋ ਜਾਵੇਗੀ ਤਾਂ ਮਨ ਨੂੰ ਉਸ ਕਿਰਿਆ ਨਾਲ ਪਿਆਰ ਹੋ ਜਾਵੇਗਾ , ਮਨ ਕਰੇਗਾ ਕਿ ਮੈਂ ਇਹ ਕਿਰਿਆ ਵਾਰ-ਵਾਰ ਕਰਾਂ । ਫਿਰ ਜਿਹੜਾ ਤੀਰਥ , ਪ੍ਰਭੂ ਨੂੰ ਮਿਲਣ ਦਾ ਠਿਕਾਣਾ ਤੁਹਾਡੇ ਅੰਦਰ ਹੀ ਹੈ , ਤੁਹਾਨੂੰ ਉਸ ਬਾਰੇ ਸੋਝੀ ਹੋ ਜਾਵੇਗੀ ਕਿ ਇਸ ਤੀਰਥ ਤੇ ਇਸ਼ਨਾਨ ਕੀਤਿਆਂ , ਪ੍ਰਭੂ ਨਾਲ ਪਿਆਰ ਸਾਂਝ ਪਾਇਆਂ ਹੀ , ਪ੍ਰਭੂ ਨਾਲ ਇਕ-ਮਿਕ ਹੋ ਕੇ , ਮੁਕਤੀ ਮਿਲਣੀ ਹੈ ।
ਸਾਨੂੰ ਮੁਕਤੀ ਬਾਰੇ ਵੀ ਪੂਰਨ ਸੋਝੀ ਹੋਣੀ ਚਾਹੀਦੀ ਹੈ , ਪਹਿਲੀ ਅਵਸਥਾਂ ਹੈ ਜੀਵਨ ਮੁਕਤੀ ਦੀ , ਜਿਸ ਵਿਚ ਪ੍ਰਭੂ ਦੇ ਹੁਕਮ ਵਿਚ ਚੱਲਣ ਨਾਲ , ਤੁਹਾਨੂੰ ਵਿਸ਼ੇ-ਵਿਕਾਰਾਂ ਤੋਂ ਮੁਕਤੀ ਮਿਲ ਜਾਂਦੀ ਹੈ । ਪਰ ਜਨਮ ਮਰਨ ਦੇ ਗੇੜ ਤੋਂ ਤਦ ਹੀ ਮੁਕਤੀ ਮਿਲਦੀ ਹੈ , ਜਦ ਪਰਮਾਤਮਾ ਤੁਹਾਡੇ ਤੇ ਮਿਹਰਬਾਨ ਹੋ ਕੇ , ਤੁਹਾਨੂੰ ਆਪਣੇ ਨਾਲ ਇਕ-ਮਿਕ ਕਰ ਲਵੇ , ਤੁਸੀਂ ਮੁੜ ਕਿਸੇ ਜਨਮ ਵਿਚ ਨਾ ਆਵੋਂ । ਇਹੀ ਉਹ ਅਵਸਥਾ ਹੈ ਜਿਸ ਬਾਰੇ ਗੁਰੂ ਸਾਹਿਬ ਕਹਿੰਦੇ ਹਨ ;
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ (634)
ਜਿਵੇਂ ਪਾਣੀ ਵਿਚ ਮਿਲਿਆ ਪਾਣੀ ਵੱਖ ਨਹੀਂ ਕੀਤਾ ਜਾ ਸਕਦਾ , ਇਸ ਤਰ੍ਹਾਂ ਹੀ ਪ੍ਰਭੂ ਨਾਲ ਇਕ-ਮਿਕ ਹੋਇਆ ਜੀਵ , ਫਿਰ ਪਰਮਾਤਮਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ । ਇਸ ਨੂੰ ਭਗਤ ਕਬੀਰ ਜੀ ਇਵੇਂ ਕਹਿੰਦੇ ਹਨ ,
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥ (969)
ਇਸ ਨੂੰ ਗੁਰੂ ਸਾਹਿਬ ਏਵੇਂ ਵੀ ਸਮਝਾਉਂਦੇ ਹਨ ,
ਨਾ ਫਿਰਿ ਮਰੈ ਨ ਆਵੈ ਜਾਇ ॥ ਪੂਰੇ ਗੁਰ ਤੇ ਸਾਚਿ ਸਮਾਇ ॥1॥ (364)
ਕਬੀਰ ਜੀ ਇਸ ਬਾਰੇ ਹੀ ਸਪੱਸ਼ਟ ਕਰਦੇ ਹਨ ਕਿ ਇਹ ਮੁਕਤੀ , ਮਰਨ ਪਿਛੋਂ ਹੀ ਮਿਲਦੀ ਹੈ ,
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥ 22 ॥ (1365)
ਏਥੇ ਇਕ ਗੱਲ ਹੋਰ ਸਮਝਣ ਵਾਲੀ ਹੈ ਕਿ , ਅੱਜ-ਕਲ ਦੇ ਵਿਦਵਾਨ ਗੁਰਬਾਣੀ ਨੂੰ ਸਮਝਣ ਨਾਲੋਂ , ਆਪਣੀ ਮਨ-ਮਤ ਦਾ ਪਰਚਾਰ ਕਰਦੇ ਜ਼ਿਆਦਾ ਨਜ਼ਰ ਆਉਂਦੇ ਹਨ । ਉਨ੍ਹਾਂ ਦਾ ਪਰਚਾਰ ਹੈ ਕਿ ਮਰਨ ਮਗਰੋਂ ਸਭ-ਕੁਝ ਖਤਮ ਹੋ ਜਾਂਦਾ ਹੈ , ਕੋਈ ਜਨਮ ਨਹੀਂ , ਕੋਈ ਲੇਖਾ ਨਹੀਂ , ਏਸੇ ਆਧਾਰ ਤੇ ਉਨ੍ਹਾਂ ਦਾ ਪਰਚਾਰ ਹੈ ਕਿ , ਗੁਰਮਤਿ ਵਿਚ ਜੀਵਨ-ਮੁਕਤੀ ਦੀ ਹੀ ਗੱਲ ਹੈ , ਮਰਨ ਮਗਰੋਂ ਕੋਈ ਮੁਕਤੀ ਨਹੀਂ ਹੁੰਦੀ । ਜਿਸ ਦੀ ਪ੍ਰੌੜ੍ਹਤਾ ਸਰੂਪ ਉਹ ਗੁਰਬਾਣੀ ਦੀ ਇਹ ਤੁਕ ਪੇਸ਼ ਕਰਦੇ ਹਨ ,
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥5॥ (93)
ਜਿਸ ਦਾ ਅਰਥ ਬੜੇ ਸਾਫ ਲਫਜ਼ਾਂ ਵਿਚ ਇਹ ਹੈ , ਬੇਣੀ ਜੀ ਕਹਿੰਦੇ ਹਨ ਕਿ , ਜਿਸ ਨੇ ਸਾਰੀ ਉਮਰ ਦੁਨਿਆਵੀ ਝਮੇਲਿਆਂ ਵਿਚ ਉਲਝਿਆਂ ਹੀ ਕੱਢ ਲਈ , ਪਰਮਾਤਮਾ ਨੂੰ ਮਿਲਣ ਦਾ ਕੋਈ ਉਰਾਲਾ ਨਹੀਂ ਕੀਤਾ , ਉਸ ਦੇ ਮਰਨ ਮਗਰੋਂ , ਉਸ ਦੇ ਸਬੰਧੀਆਂ ਜਾਂ ਪੁਜਾਰੀਆਂ ਵਲੋਂ ਕੀਤੇ ਕੰਮ , ਦਾਨ , ਪੈਸੇ ਦੇ ਕੇ ਕਰਾਏ ਪਾਠ , ਲਾਏ ਲੰਗਰ , ਕੀਤੇ ਸਰਾਧ ਆਦਿ, ਕੀਤੀਆਂ ਅਰਦਾਸਾਂ ਆਦਿ ਕਿਸੇ ਕੰਮ ਨਹੀਂ ਆਉਂਦੀਆਂ । ਹਰ ਬੰਦੇ ਨੂੰ ਆਪਣੇ ਕੀਤੇ ਕਰਮਾਂ ਦਾ ਹੀ ਫੱਲ ਮਿਲਦਾ ਹੈ ,
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ (134)
ਇਸ ਲਈ ਬੰਦੇ ਨੂੰ ਜਿਊਂਦੇ ਜੀ ਆਪ ਹੀ ਆਪਣੀ ਮੁਕਤੀ ਦਾ ਸਾਧਨ ਕਰਨਾ ਪੈਂਦਾ ਹੈ ।
(ਨੋਟ:- ਇਸ ਪੂਰੇ ਸ਼ਬਦ ਦੀ ਵਿਆਖਿਆ ਅਗਲੀ ਵਾਰੀ ਦਿਆਂਗੇ )
ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਕੋਈ ਅਜਿਹੀ ਸੇਧ ਨਹੀਂ ਦਿੱਤੀ ਕਿ , ਏਨਾ ਨਿਤ-ਨੇਮ ਹੋਣਾ ਹੀ ਚਾਹੀਦਾ ਹੈ । ਇਹ ਸਿਰਫ ਉਸ ਬ੍ਰਾਹਮਣ ਦੀ ਨਕਲ ਹੀ ਹੈ , ਜਿਸ ਦੇ ਮਕੜ-ਜਾਲ ਵਿਚੋਂ ਨਿਕਲਣ ਦਾ ਗੁਰੂ ਸਾਹਿਬ ਨੇ ਆਦੇਸ਼ ਦਿੱਤਾ ਹੈ ।
ਗੁਰੂ ਸਾਹਿਬ ਦੀ ਇਹੀ ਸੇਧ ਹੈ ਕਿ ਬਾਣੀ ਨੂੰ ਧਿਆਨ ਨਾਲ ਸੁਣੋ , ਉਸ ਨੂੰ ਮਨ ਕਰ ਕੇ ਮੰਨੋ , ਉਸ ਨਾਲ ਪਿਆਰ ਕਰੋ , ਤਾਂ ਜੋ ਮਨ ਉਸ ਨਾਲ ਮੁੜ-ਮੁੜ ਕੇ ਜੁੜਨ ਦੀ ਚਾਹ ਕਰੇ ।
ਅਜਿਹੇ ਨਿਤ-ਨੇਮ ਬਾਰੇ ਤਾਂ ਅਸੀਂ ਕਦੀ ਵਿਚਾਰਿਆ ਹੀ ਨਹੀਂ , ਬੱਸ ਏਸੇ ਵਿਚ ਹੀ ਉਲਝੇ ਪਏ ਹਾਂ ਕਿ , ਨਿੱਤ-ਨੇਮ ਏਨਾ ਹੈ , ਇਸ ਵਿਚ ਏਨੀਆਂ ਬਾਣੀਆਂ ਹਨ , ਇਸ ਵਿਚ ਇਹ-ਇਹ ਬਾਣੀਆਂ ਹਨ । ਜਿਸ ਦੇ ਸਿੱਟੇ ਵਜੋਂ, ਜਦ ਅਸੀਂ ਨਿੱਤ-ਨੇਮ ਕਰਦੇ ਹਾਂ ਤਾਂ ਸਾਨੂੰ ਇਹ ਕਾਹਲੀ ਹੁੰਦੀ ਹੈ ਕਿ ਨਿੱਤ-ਨੇਮ ਛੇਤੀ ਤੋਂ ਛੇਤੀ ਖਤਮ ਹੋਵੇ । ਅਜਿਹੀ ਹਾਲਤ ਵਿਚ ਅਸੀਂ ਬਾਣੀ , ਨਿੱਤ-ਨੇਮ ਨਾਲ ਕੀ ਪਿਆਰ ਕਰਨਾ ਹੈ ? ਸਾਨੂੰ ਚਾਹੀਦਾ ਹੈ ਕਿ ਭਾਵੇਂ ਜਿੰਨਾ ਮਰਜ਼ੀ ਨਿਤ-ਨੇਮ ਕਰੀਏ , ਪਰ ਸਮਝ-ਸੋਚ ਕੇ ਕਰੀਏ ਅਤੇ ਓਨੀ ਦੇਰ ਕਰੀਏ , ਜਿੰਨੀ ਦੇਰ ਸਾਡਾ ਮਨ ਉਲਾਸ ਵਿਚ , ਉਸ ਨਾਲ ਜੁੜਿਆ ਰਹੇ ।
ਹੁਣ ਜ਼ਰਾ ਉਸ ਨਿੱਤ ਨੇਮ ਦੀ ਵੀ ਗੱਲ ਕਰ ਲਈਏ , ਜਿਸ ਬਾਰੇ ਕਿਹਾ ਜਾਂਦਾ ਹੈ ਕਿ , ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਤੇਰਾਂ ਪੰਨੇ ਨਿੱਤ-ਨੇਮ ਦੇ ਹਨ । ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਤੇ ਵੀ , ਨਾ ਤਾਂ ਵਾਹਿਗੁਰੂ ਦੀ ਪਛਾਣ ਸਰੂਪ ਦਿੱਤੀ ਸੋਝੀ ਨੂੰ , ਮੂਲ-ਮੰਤਰ ਜਾਂ ਹੋਰ ਕੋਈ ਮੰਤ੍ਰ ਕਿਹਾ ਹੈ , ਨਾ ਹੀ ਕਿਤੇ ਵਾਹਿਗੁਰੂ ਸ਼ਬਦ ਨੂੰ ਗੁਰਿ-ਮੰਤ੍ਰ ਕਿਹਾ ਹੈ , ਸੱਚ ਤਾਂ ਇਹ ਹੈ ਕਿ ਗੁਰਬਾਣੀ ਵਿਚ ਕਿਸੇ ਮੰਤ੍ਰ ਲਈ ਕੋਈ ਥਾਂ ਨਹੀਂ ਹੈ । ਅਤੇ ਨਾ ਹੀ ਪਹਿਲੇ ਤੇਰਾਂ ਪੰਨਿਆਂ ਨੂੰ ਨਿੱਤ-ਨੇਮ ਹੀ ਲਿਖਿਆ ਹੈ । (ਹੋਰ ਕਿਸੇ ਨਿੱਤ-ਨੇਮ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ) ਪਰ ਅੱਜ ਏਸੇ ਨਿੱਤ-ਨੇਮ ਦੇ ਝੰਝਟ ਵਿਚ ਸਾਰੇ ਸਿੱਖ , ਵੱਖ-ਵੱਖ ਹੋਏ ਪਏ ਹਨ । ਅਜਿਹਾ ਨਿੱਤ-ਨੇਮ ਜੋ ਸਾਡਾ (ਗੁਰੂ ਦੇ ਸਿੱਖਾਂ ਦਾ) ਹੀ ਆਪਸ ਵਿਚ ਸੰਜੋਗ ਨਹੀਂ ਕਰ ਪਾ ਰਿਹਾ , ਉਹ ਸਾਡਾ ਪ੍ਰਭੂ ਨਾਲ ਕੀ ਸੰਜੋਗ ਕਰਾ ਪਾਵੇਗਾ ?
ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਤੇਰਾਂ ਪੰਨਿਆਂ ਦਾ , ਜਿਸ ਵਿਚਲੀਆਂ ਕੁਝ ਬਾਣੀਆਂ ਰਾਗਾਂ ਵਿਚ ਵੀ ਹਨ , ਉਨ੍ਹਾਂ ਬਾਣੀਆਂ ਨੂੰ ਰਾਗਾਂ ਵਿਚੋਂ ਕੱਢ ਕੇ , ਸਭ ਤੋਂ ਪਹਿਲਾਂ ਦੇਣ ਦਾ , ਇਕ ਖਾਸ ਮਕਸਦ ਹੈ । ਉਨ੍ਹਾਂ ਦਾ ਮਕਸਦ ਇਹ ਹੈ ਕਿ ਹਰ ਸਿੱਖ ਨੇ , ਆਪਣੀ ਜ਼ਿੰਦਗੀ ਵਿਚ ਇਨ੍ਹਾਂ ਤੇਰਾਂ ਪੰਨਿਆਂ ਨੂੰ ਜ਼ਰੂਰ ਚੰਗੀ ਤਰ੍ਹਾਂ ਪੜ੍ਹ ਕੇ ਸੋਚ-ਵਿਚਾਰ ਕੇ , ਉਨ੍ਹਾਂ ਦੇ ਸਿਧਾਂਤ ਨੂੰ ਸਮਝਣਾ ਹੈ । ਏਨਾ ਕਰਨ ਨਾਲ ਹੀ ਉਹ ਕਦੇ ਵੀ ਗੁਰਮਤਿ ਸਿਧਾਂਤ ਤੋਂ ਥਿੜਕ ਕੇ , ਕਰਮ ਕਾਂਡਾਂ ਵਿਚ ਨਹੀਂ ਫਸੇਗਾ । ਏਨਾ ਕਰ ਕੇ ਹੀ ਉਹ ਬੜੀ ਸਰਲਤਾ ਨਾਲ ਆਪਣੀ ਜੀਵਨ-ਖੇਡ ਜਿੱਤ ਸਕਦਾ ਹੈ ।
ਲੇਕਿਨ ਅੱਜ ਦੀ ਹਾਲਤ ਇਹ ਹੈ ਕਿ , ਇਨ੍ਹਾਂ ਤੇਰਾਂ ਪੰਨਿਆਂ ਨੂੰ ਸਮਝੇ ਬਗੈਰ , ਬੜੇ-ਬੜੇ ਧੁਰੰਧਰ ਵਿਦਵਾਨ , ਆਪ ਹੀ ਗੁਰਬਾਣੀ ਸਿਧਾਂਤ ਤੋਂ ਥਿੜਕੇ ਹੋਏ ਹਨ , ਜਦ ਬੰਦਾ ਇਕ ਕਦਮ ਵੀ ਗਲਤ ਬੰਨੇ ਨੂੰ ਪੁੱਟ ਲੈਂਦਾ ਹੈ ਤਾਂ , ਉਸ ਦਾ ਸਿੱਧੇ ਰਾਹੇ ਪੈਣਾ , ਬਹੁਤ ਔਖਾ ਹੋ ਜਾਂਦਾ ਹੈ । ਬਹੁਤ ਘੱਟ ਬੰਦੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ , ਉਹ ਗਲਤ ਰਾਹ ਤੇ ਤੁਰ ਪਏ ਹਨ , ਫਿਰ ਉਨ੍ਹਾਂ ਵਿਚੋਂ ਵੀ ਕੋਈ ਵਿਰਲਾ ਹੀ ਅਜਿਹਾ ਹੁੰਦਾ ਹੈ , ਜੋ ਵਾਪਸ ਮੁੜ ਕੇ ਫਿਰ ਸਹੀ ਰਾਹ ਚੱਲ ਪਵੇ । ਬਹੁਤੇ ਤਾਂ ਆਪ ਹੀ ਆਪਣਾ ਰਾਹ ਨਹੀਂ ਬਦਲਨਾ ਚਾਹੁੰਦੇ , ਕਿਉਂਕਿ ਉਨ੍ਹਾਂ ਦੇ ਸਮਾਨ-ਅੰਤਰ ਚਲਦੇ , ਦੂਸਰੇ ਵਿਦਵਾਨਾਂ ਦੇ ਵਿਚਾਰ , ਉਨ੍ਹਾਂ ਨੂ ਓਸੇ ਗਲਤ ਰਾਹ ਤੇ ਚੱਲਣ ਲਈ ਉਤਸ਼ਾਹਤ ਕਰਦੇ ਹਨ ।
ਇਵੇਂ ਉਹ ਆਮ ਭੋਲੇ-ਭਾਲੇ ਲੋਕਾਂ ਨੂੰ ਵੀ ਗਲਤ ਰਾਹੇ ਪਾਉਂਦੇ ਰਹਿੰਦੇ ਹਨ । ਇਸ ਵਿਚ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਹੁੰਦਾ , ਕਿਉਂਕਿ ਕਿਸੇ ਦੇ ਕੀਤੇ ਕੰਮ ਨੂੰ ਪਰਖਣ ਲਈ , ਉਸ ਬੰਦੇ ਨਾਲੋਂ ਵੱਧ ਯੋਗਤਾ ਦੀ ਨਹੀਂ ਤਾਂ , ਉਸ ਜਿੰਨੀ ਯੋਗਤਾ ਦੀ ਤਾਂ ਲੋੜ ਹੁੰਦੀ ਹੀ ਹੈ । ਆਮ ਆਦਮੀ ਕੋਲ ਏਨਾ ਵੇਹਲ ਹੀ ਨਹੀਂ ਹੁੰਦਾ ਕਿ ਉਹ ਆਪ , ਮਹਾਂ-ਪੁਰਸ਼ਾਂ ਵਲੋਂ ਦੱਸਿਆ ਨਿਤ-ਨੇਮ ਹੀ ਸ਼ਾਂਤ-ਚਿੱਤ ਪੂਰਾ ਕਰ ਸਕੇ । ਐਸੀ ਹਾਲਤ ਵਿਚ ਉਹ ਕਹੇ ਜਾਂਦੇ ਮਹਾਂ-ਪੁਰਸ਼ਾਂ ਦੇ ਬਚਨਾਂ ਵਿਚੋਂ ਉਨ੍ਹਾਂ ਬਚਨਾ ਨੂੰ ਹੀ ਸੱਤ-ਬਚਨ ਕਹਿ ਕੇ ਸਵੀਕਾਰ ਕਰ ਲੈਂਦਾ ਹੈ , ਜਿਨ੍ਹਾਂ ਨੂੰ ਉਸ ਦਾ ਮਨ ਸਵੀਕਾਰ ਕਰਦਾ ਹੈ , ਇਵੇਂ ਉਸ ਦੀ ਮਨ-ਮੱਤ ਹੀ ਉਸ ਲਈ ਗੁਰਮਤਿ ਹੋ ਨਿਬੜਦੀ ਹੈ ।
ਸੋ ਮਹਾਂ-ਪੁਰਖਾਂ ਅੱਗੇ ਵੀ ਬੇਨਤੀ ਹੈ ਕਿ ਉਹ , ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਤੇਰਾਂ ਪੰਨਿਆਂ ਨੂ ਚੰਗੀ ਤਰ੍ਹਾਂ ਸਮਝਣ ਉਪ੍ਰਾਂਤ ਹੀ , ਦੂਸਰਿਆਂ ਨੂੰ ਸੇਧ ਦੇਣ ਦੀ ਖੇਚਲ ਕਰਨ । ਹਰ ਸਿੱਖ ਲਈ ਇਹ ਜ਼ਰੂਰੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਤੇਰਾਂ ਪੰਨਿਆਂ ਨੂੰ ਆਪ ਚੰਗੀ ਤਰ੍ਹਾਂ ਸਮਝਣ ਦਾ ਉਪ੍ਰਾਲਾ ਕਰੇ , ਇਹੀ ਗੁਰਮਤਿ ਅਨੁਸਾਰ ਨਿੱਤ-ਨੇਮ ਹੈ ।
ਅਮਰ ਜੀਤ ਸਿੰਘ ਚੰਦੀ
ਫੋਨ:- 91 95685 41414
(ਨੋਟ:- ਗੁਰਸਿੱਖ ਵੀਰਾਂ ਨਾਲ , ਜੋ ਗੁਰਬਾਣੀ ਨੂੰ ਸਮਝਣ ਦੇ ਚਾਹਵਾਨ ਹੋਣ , ਗੁਰਬਾਣੀ ਵਿਚਾਰਾਂ ਕਰ ਕੇ , ਗੁਰਬਾਣੀ ਸਬੰਧੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਸਾਨੂੰ ਬੜੀ ਖੁਸ਼ੀ ਹੋਵੇਗੀ , ਪਰ ਉਹ ਵਿਦਵਾਨ ਵੀਰ , ਜੋ ਸਾਡੀ ਪਰੀਖਿਆ ਲੈਣ ਦੇ ਚਾਹਵਾਨ ਹੋਣ , ਉਨ੍ਹਾਂ ਨੂੰ ਅਸੀਂ ਪਹਿਲਾਂ ਹੀ ਦੱਸ ਦੇਈਏ ਕਿ ਅਸੀਂ ਕੋਈ ਵਿਦਵਾਨ ਨਹੀਂ ਹਾਂ , ਅਸੀਂ (ਗੁਰਮਤਿ ਨੂੰ ਸਿੱਖਣ ਦੇ ਚਾਹਵਾਨ) ਸਿੱਖ ਹਾਂ । ਬੱਸ ਆਪਣੇ ਵਰਗੇ ਭਰਾਵਾਂ ਨਾਲ ਮਿਲ ਕੇ ਗੁਰਬਾਣੀ ਨੂੰ ਸਮਝਣ ਦਾ ਉਪਰਾਲਾ ਕਰਾਂਗੇ ।
ਸੰਪਾਦਿਕ ਮੰਡਲ “ thekhalsa.org ”
ਸਾਡਾ ਸੰਪਰਕ :- Email:- info@thekhalsa.org + chandiajsingh@gmail.com + smsthekhalsa@gmail.com
Phone:- 91 95685 41414 + 91 75004 14243 . )