ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਆਪਣੇ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ,
ਆਪਣੇ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ,
Page Visitors: 2579

ਆਪਣੇ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ,
ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
ਮੇਰੇ ਪ੍ਰੀਵਾਰ ਨੂੰ ਮੇਰੇ ਵੱਲੋਂ ਹਦਾਇਤ/ਬੇਨਤੀ ਹੈ ਕਿ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ ਮੇਰੇ ਆਪਣੇ ਲਈ ਇਹ ਹਨ ਕਿ ਮੇਰੀ ਮੌਤ ਤੋਂ ਬਾਅਦ ਜੇ ਕੰਮ ਦੀਆਂ ਹੋਣ ਤਾਂ ਮੇਰੀਆਂ ਅੱਖਾਂ ਜਾਂ ਸਰੀਰ ਦਾ ਕੋਈ ਵੀ ਅੰਗ ਜੋ ਕੰਮ ਆ ਸਕਦਾ ਹੋਵੇ ਉਹ ਕਿਸੇ ਲੋੜਬੰਦ ਜਾਂ ਹਸਪਤਾਲ ਨੂੰ ਦੇ ਦਿੱਤਾ ਜਾਵੇ, ਪੂਰੀ ਬਾਡੀ (ਲਾਸ਼) ਵੀ ਦਿੱਤੀ ਜਾ ਸਕਦੀ ਹੈ।
ਮੇਰੀ ਮੌਤ ਤੋਂ ਬਾਅਦ ਘੱਟ ਤੋਂ ਘੱਟ ਲੋਕਾਂ (ਦੋਸਤਾਂ, ਰਿਸਤੇਦਾਰਾਂ) ਨੂੰ ਮੇਰੀ ਮੌਤ ਵਾਰੇ ਦੱਸਿਆ ਜਾਵੇ। ਸਿਰਫ ਖਾਸ ਦੋਸਤ ਜਾਂ ਰਿਸਤੇਦਾਰਾਂ ਜਿੰਨ੍ਹਾ ਨੂੰ ਦੱਸਣਾ ਜਰੂਰੀ ਹੋਵੇ ਨੂੰ ਹੀ ਦੱਸਿਆ ਜਾਵੇ, ਨਾਲ ਉਹਨਾ ਨੂੰ ਇਹ ਵੀ ਕਿਹਾ ਜਾਵੇ ਕਿ ਉਹ ਆਪਣੇ ਨਾਲ ਹੋਰ ਗੁਆਢੀਆਂ ਨੂੰ ਲੈ ਕੇ ਨਾ ਆਉਣ। ਦਾਹ ਸੰਸਕਾਰ ਸਮੇਂ ਘੱਟ ਤੋਂ ਘੱਟ ਲੋਕ ਪਹੁੰਚਣ। ਦਾਹ ਸੰਸਕਾਰ ਸਮੇਂ ਕਿਸੇ ਵੀ ਕਿਸਮ ਦਾ ਕੋਈ ਕਰਮ ਕਾਂਢ ਨਹੀਂ ਕਰਨਾ, ਜੇ ਮ੍ਰਿਤਕ ਸਰੀਰ ਸਾਫ ਹੋਵੇ ਤਾਂ ਇਸ਼ਨਾਨ ਕਰਵਾਉਣ ਦੀ ਵੀ ਕੋਈ ਲੋੜ ਨਹੀਂ, ਨਾ ਹੀ ਕਪੜੇ ਬਦਲਣ ਦੀ ਲੋੜ ਹੈ। ਹਾਂ ਜੇ ਕਿਸੇ ਕਾਰਨ ਮ੍ਰਿਤਕ ਸਰੀਰ ਸਾਫ ਨਾ ਹੋਵੇ ਤਾਂ ਬੇਸੱਕ ਇਸ਼ਨਾਨ ਕਰਵਾ ਦਿਓ, ਨਵੇਂ ਕਪੜੇ ਪਾਉਣ ਦੀ ਕੋਈ ਜਰੂਰਤ ਨਹੀਂ। ਮ੍ਰਿਤਕ ਦੇ ਪੈਰ ਪੂਜਣੇ, ਰਸਤੇ (ਅੱਧ ਮਾਰਗ) ਵਿੱਚ ਲਾਸ਼ ਰੱਖ ਕੇ ਕਾਨੀਏਂ ਬਦਲਣੇ, (ਆਪਣੀ ਸੁਵਿਧਾ ਜਾਂ ਸਮੇ ਅਨੁਸਾਰ ਲਾਸ਼ ਨੂੰ ਕਿਸੇ ਹੋਰ ਸਾਧਨ ਤੇ ਵੀ ਲਿਜਾਇਆ ਜਾ ਸਕਦਾ ਹੈ) ਲਾਸ਼ ਨੂੰ ਰੱਖ ਕੇ ਦੁਆਲੇ ਪਾਣੀ ਦੀ ਕਾਰ ਕਰਨੀ, ਘੜਾ ਭੰਨਣਾ, ਆਟੇ ਦੀਆਂ ਪਿੰਨੀਆਂ ਵੱਟ ਕੇ ਲਾਸ਼ ਦੇ ਸਰਾਣੇ ਰੱਖਣੀਆਂ, ਚਿਖਾ ਨੂੰ ਅੱਗ ਲਾਉਣ ਸਮੇਂ ਦੀਵਾ ਬਾਲਣਾ, ਕਪਾਲ ਕਿਰਿਆ ਕਰਨੀ, ਚਿਖਾ ਦੇ ਦੁਆਲੇ ਅੱਗ ਲਾਉਣ ਲਈ ਗੇੜਾ ਦੇਣਾ, ਸਮਸ਼ਾਨ ਘਾਟ ਵਿੱਚ ਜਾ ਕੇ ਸੋਹਿਲੇ ਦਾ ਪਾਠ ਕਰਨਾ ਜਾਂ ਅਰਦਾਸ ਕਰਨੀ, ਜਾਂ ਫਿਰ ਸਮਸ਼ਾਨ ਘਾਟ ਵਿੱਚੋਂ ਗੁਰਦੁਆਰੇ ਆ ਕੇ ਅਲਾਹਣੀਆਂ ਦਾ ਪਾਠ ਕਰਨਾ ਤੇ ਅਰਦਾਸ ਕਰਨੀ ਆਦਿ ਅਜਿਹਾ ਕੁੱਝ ਵੀ ਨਾ ਕੀਤਾ ਜਾਵੇ।
     ਹਾਂ ਜੇ ਚਾਹੋਂ ਤਾਂ (ਕੋਈ ਜਰੂਰੀ ਵੀ ਨਹੀਂ) ਅਤੇ ਜੇ ਸਮਾਂ ਹੋਵੇ ਤਾਂ ਸੰਸਕਾਰ ਤੋਂ ਬਾਅਦ ਘਰ ਗੁਰਬਾਣੀ ਦਾ ਸਹਿਜ ਪਾਠ ਰੱਖ ਲੈਣਾ, ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲਿਉਣਾ ਠੀਕ ਸਮਝੋਂ ਤਾਂ ਲੈ ਆਉਣਾ ਨਹੀਂ ਪੋਥੀਆਂ ਤੋਂ ਹੀ ਰਲ ਮਿਲ ਕੇ ਪਾਠ ਕਰ ਲੈਣਾ। ਜਿਵੇਂ ਕਿ ਘਰ ਵਿੱਚ ਹੋਈ ਮੌਤ ਤੋਂ ਬਾਅਦ ਕੁੱਝ ਦਿਨ ਕੁੱਝ ਵੀ ਕਰਨ ਨੂੰ ਜੀਅ ਨਹੀਂ ਕਰਦਾ ਹੁੰਦਾ, ਤਾਂ ਤੁਸੀਂ 8-10 ਦਿਨ (ਇਹ ਦਿਨ ਵੱਧ ਘੱਟ ਵੀ ਹੋ ਸਕਦੇ ਹਨ) ਘਰ ਰਲ ਮਿਲ ਕੇ ਗੁਰਬਾਣੀ ਦਾ ਪਾਠ ਵਿਚਾਰ ਕੇ ਕਰ ਲੈਣਾ, ਗੁਰਬਾਣੀ ਸੱਚ ਹੈ ਇਹ ਤੁਹਾਨੂੰ ਚੰਗੀ ਸੇਧ ਦੇਵੇਗੀ।
ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਇਹ ਪਾਠ ਮੇਰੇ ਲਈ ਨਹੀਂ ਹੋਵੇਗਾ, ਇਹ ਤਾਂ ਤੁਹਾਡੇ ਸਮਝਣ ਲਈ ਹੀ ਹੋਵੇਗਾ, ਜਿਹੜਾ ਦਿਨ ਠੀਕ ਲੱਗੇ ਰਿਸਤੇਦਾਰਾਂ ਨੂੰ ਉਸ ਦਿਨ ਦੀ ਸੂਚਨਾ ਦੇ ਦੇਣੀ ਕਿ ਫਲਾਨੇ ਦਿਨ ਦਾ ਭੋਗ ਹੈ, ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਦੇ ਤਿੰਨ ਵਜੇ ਤੱਕ ਕਿਸੇ ਵੀ ਸਮੇਂ ਸਾਡੇ ਘਰ ਪਹੁੰਚ ਜਾਣਾ। ਇਹ ਭੋਗ ਦਾ ਦਿਨ ਅਤੇ ਭੋਗ ਸ਼ਬਦ ਤਾਂ ਸਿਰਫ ਇੱਕ ਦਿਨ ਇਕੱਠੇ ਹੋਣ ਦੇ ਸਾਧਨ ਵਜੋਂ ਹੀ ਵਰਤਣਾ ਹੈ।
(ਨਾਲ ਉਹਨਾ ਨੂੰ ਇਹ ਵੀ ਕਿਹਾ ਜਾਵੇ ਕਿ ਉਹ ਆਪਣੇ ਨਾਲ ਹੋਰ ਗੁਆਢੀਆਂ ਨੂੰ ਲੈ ਕੇ ਨਾ ਆਉਣ, ਕਿਉਂਕਿ ਲੋਕ ਆਪਣੀ ਵਡਿਆਈ ਲਈ ਆਂਢ ਗੁਆਂਢ ਨੂੰ ਇਕੱਠਾ ਕਰਕੇ ਲੈ ਆਂਉਂਦੇ ਹਨ, ਕਿ ਕੋਈ ਇਹ ਨਾ ਕਹੇ ਕੇ ਇਹਨਾ ਨਾਲ ਬੰਦੇ ਘੱਟ ਆਏ ਹਨ, ਅਜਿਹੇ ਨਾਲ ਆਏ ਬੰਦਿਆਂ ਦਾ ਮ੍ਰਿਤਕ ਦੇ ਪ੍ਰੀਵਾਰ ਨਾਲ ਕੋਈ ਸਬੰਧ ਨਹੀਂ ਹੁੰਦਾ, ਉਹ ਪ੍ਰੇਸਾਨੀ ਦਾ ਕਾਰਨ ਹੀ ਬਣਦੇ ਹੁੰਦੇ ਹਨ, ਇਹ ਲੋਕ ਬਾਰਾਂ ਸਵਾ ਬਾਰਾਂ ਵਜੇ ਮ੍ਰਿਤਕ ਪ੍ਰਾਣੀ ਦੇ ਘਰ ਪਹੁੰਚਦੇ ਹਨ, ਉਸ ਸਮੇ ਕਥਾ ਕੀਰਤਨ ਸ਼ੁਰੂ ਹੋ ਰਿਹਾ ਹੁੰਦਾ ਹੈ, ਅਤੇ ਲੰਗਰ ਵੀ ਤਿਆਰ ਹੁੰਦਾ ਹੈ, ਇਸ ਸਮੇਂ ਦੋ ਹੀ ਗੱਲਾਂ ਹੁੰਦੀਆਂ ਹਨ (ਜੋ ਨਹੀਂ ਹੋਣੀਆਂ ਚਾਹੀਂਦੀਆਂ) ਲੰਗਰ ਛੱਕੋ ਜੀ ਤੇ ਕਥਾ/ਕੀਰਤਨ ਸੁਣੋ ਜੀ ਜਾਂ ਰੋਣਾ ਨਹੀਂ ਜੀ ਗੱਲਾਂ ਨਹੀਂ ਕਰਨੀਆਂ ਜੀ, ਜਦੋਂ ਕਿ ਮ੍ਰਿਤਕ ਨਾਲ ਸਾਂਝ ਰੱਖਣ ਵਾਲੇ ਰੋਣ ਜਾਂ ਦੁਖ ਸੁਖ ਦੀਆਂ ਗੱਲਾਂ ਕਰਨ ਹੀ ਆਉਂਦੇ ਹੁੰਦੇ ਹਨ, ਉਹ ਲੰਗਰ ਛੱਕਣ ਜਾਂ ਕਥਾ/ਕੀਰਤਨ ਸੁਣਨ ਨਹੀਂ ਆਏ ਹੁੰਦੇ। ਇੱਕ ਸਵਾ ਇੱਕ ਵਜੇ ਭੋਗ ਪੈ ਜਾਂਦਾ ਹੈ ਫਿਰ ਨਾਲ ਆਏ ਗੁਆਂਢੀ ਵਾਪਸ ਮੁੜਨ ਦੀ ਕਾਹਲ ਕਰਨ ਲੱਗ ਜਾਂਦੇ ਹਨ ਕੇ ਛੇਤੀ ਚਲੋ ਜੀ ਕੁਵੇਲਾ ਨਾ ਹੋ ਜੇ। ਇਸ ਕਾਰਨ ਖਾਸ਼ ਰਿਸਤੇਦਾਰ ਵੀ ਮ੍ਰਿਤਕ ਦੇ ਪ੍ਰੀਵਾਰ ਨਾਲ ਕੋਈ ਦੁੱਖ ਸੁੱਖ ਦੀ ਗੱਲ ਨਹੀਂ ਕਰ ਸਕਦੇ ਹੁੰਦੇ)
ਪਰ ਰਿਸਤੇਦਾਰਾਂ ਦੀ ਹਾਜਰੀ ਵਿੱਚ ਕੋਈ ਪਾਠ, ਕਥਾ, ਕੀਰਤਨ ਜਾਂ ਅਰਦਾਸ ਵਗੈਰਾ ਕਰਨ ਦੀ ਕੋਈ ਲੋੜ ਨਹੀਂ। ਜੇ ਭੋਗ ਵਾਲੇ ਦਿਨ ਤੋਂ ਪਹਿਲਾਂ ਪਾਠ ਪੂਰਾ ਹੋ ਗਿਆ ਤਾਂ ਪਹਿਲਾਂ ਹੀ ਗੁਰੂ ਦਾ ਸ਼ੁਕਰਾਨਾ ਕਰ ਦੇਣਾ ਜੇ ਪਾਠ ਪੂਰਾ ਨਾ ਹੋਇਆ ਤਾਂ ਉਸ ਦਿਨ ਤੋਂ ਬਾਅਦ ਜਦੋਂ ਪਾਠ ਪੂਰਾ ਹੋ ਜਾਵੇ ਉਦੋਂ ਗੁਰੂ ਦਾ ਸ਼ੁਕਰਾਨਾ ਕਰ ਦੇਣਾ। ਕਈ ਦੂਰ ਨੇੜੇ ਦੇ ਰਿਸਤੇਦਾਰ ਆਏ ਹੁੰਦੇ ਹਨ ਉਹ ਪਾਠ ਜਾਂ ਕਥਾ ਕੀਰਤਨ ਸੁਣਨ ਨਹੀਂ ਆਉਂਦੇ ਹੁੰਦੇ, ਉਹ ਤਾਂ ਬੱਸ ਆਪਣੇ ਵੱਲੋਂ ਦੁੱਖ ਸੁੱਖ ਸਾਂਝਾ ਕਰਨ ਆਉਂਦੇ ਹੁੰਦੇ ਹਨ, ਉਹਨਾ ਨਾਲ ਉਸ (ਭੋਗ ਵਾਲੇ) ਦਿਨ ਗੱਲਾਂ ਬਾਤਾਂ ਹੀ ਕਰਨੀਆਂ। ਮੇਰੀ ਮੌਤ ਛੋਟੀ ਉਮਰ ਵਿੱਚ ਹੋਵੇ ਜਾਂ ਵੱਡੀ ਵਿੱਚ, ਰੱਬ ਦਾ ਭਾਣਾ ਮੰਨਣਾ, ਗੁਰਵਾਕ ਹੈ ਕਿ:-
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ
॥ {ਪੰਨਾ ਨੰਬਰ 1429}
ਦੁੱਖ ਸੁੱਖ ਸਾਂਝਾ ਕਰਨ ਆਏ ਦੋਸਤਾਂ ਰਿਸਤੇਦਾਰਾਂ ਲਈ ਮਿਠਾਈ, ਖੀਰ, ਕੜਾਹ ਜਾਂ ਵੱਖ-ਵੱਖ ਦਾਲਾਂ ਸਬਜੀਆਂ ਨਹੀਂ ਬਣਾਉਣੀਆਂ, ਸਿਰਫ ਇੱਕ ਹੀ ਦਾਲ ਜਾਂ ਸਬਜੀ ਹੋਵੇ, ਦਾਲ/ਸਬਜੀ ਅਤੇ ਰੋਟੀਆਂ ਵਧੀਆ ਬਣਾਈਆਂ ਹੋਣ ਜੋ ਆਏ ਲੋਕਾਂ ਨੂੰ ਖਾਣ ਨੂੰ ਚੰਗੀਆਂ ਲੱਗਣ, ਕਿਸੇ ਵੀ ਕਿਸਮ ਦਾ ਕੋਈ ਵਿਖਾਵਾ ਨਹੀਂ ਕਰਨਾ। ਬੱਸ ਉਸ ਦਿਨ ਤੋਂ ਬਾਅਦ ਮੇਰੇ ਨਾਮ ਤੇ ਕੋਈ ਪੁੰਨ ਦਾਨ ਜਾਂ ਧਾਰਮਿਕ ਕਰਮ ਕਾਂਢ ਨਹੀਂ ਕਰਨਾ, ਨਾ ਕਦੇ ਬਰਸੀ ਮਨਾਉਣੀ, ਕਿਉਂਕਿ ਮੈਂ ਕਿਸੇ ਵੀ ਧਰਮ (ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨੀ, ਬੋਧੀ ਆਦਿ) ਜਾਂ ਬੰਦਿਆਂ ਦੀ ਬਣਾਈ ਕਿਸੇ ਵੀ ਕਹੇ ਜਾਂਦੇ ਧਰਮ ਦੀ ਧਾਰਮਿਕ ਮਰਯਾਦਾ ਨੂੰ ਨਹੀਂ ਮੰਨਦਾ, ਕਿਉਂਕਿ ਮੇਰੀ ਸੋਚ ਅਨੁਸਾਰ ਇਹ ਸੱਭ ਰੱਬ ਦੇ ਨਾਮ ਤੇ ਧਰਮ ਦੇ ਠੇਕੇਦਾਰਾਂ (ਪੁਜਾਰੀਆਂ) ਵੱਲੋਂ ਖੋਲੀਆਂ ਗਈਆਂ ਦੁਕਾਨਾ ਹੀ ਹਨ। ਮੈਂ ਆਪਣੇ ਅਤੇ ਇੰਸਾਨੀਅਤ ਲਈ ਚੰਗੇ ਕੰਮ ਕਰਨ ਨੂੰ ਹੀ ਸੱਚਾ ਧਰਮ ਮੰਨਦਾ ਹਾਂ, ਮੇਰੇ ਲਈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂਆਂ/ਭਗਤਾਂ ਦੀ ਬਾਣੀ ਹੀ ਸਰਬੋਤਮ ਹੈ।
ਹਰਲਾਜ ਸਿੰਘ ਪੁੱਤਰ ਸ੍ਰ: ਜੱਗਰ ਸਿੰਘ, ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ।
ਪਿੰਨ ਕੋਡ:-151501, ਫੋਨ ਨੰਬਰ:- 9417023911
harlajsingh7@gmail.com
          ਤਾਰੀਖ - 07-11-2017

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.