-: ਕਈ ਜਨਮ ਸੈਲ ਗਿਰਿ ਕਰਿਆ॥ :-
ਗੁਰੂ ਅਰਜੁਨ ਪਾਤਸ਼ਾਹ ਜੀ ਦਾ ਸ਼ਬਦ ਹੈ-
“ਗਉੜੀ ਗੁਆਰੇਰੀ ਮਹਲਾ 5 ॥
ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥
ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥1॥
ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥1॥ ਰਹਾਉ ॥
ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥
ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥2॥
ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥
ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥3॥
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥
ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥4॥ {ਪੰਨਾ 176}”
ਇਸ ਸ਼ਬਦ ਦੀ ਪੰਗਤੀ- “ਕਈ ਜਨਮ ਸੈਲ ਗਿਰਿ ਕਰਿਆ॥” ਦੇ ਪ੍ਰੋ: ਸਾਹਿਬ ਸਿੰਘ ਜੀ ਨੇ ਅਰਥ ਕੀਤੇ ਹਨ- “ (ਹੇ ਭਾਈ !) ਕਈ ਜਨਮਾਂ ਵਿਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ।”
ਇਸ ਜਨਮ ਤੋਂ ਬਾਅਦ ਫੇਰ ਜਨਮ ਵਾਲੇ ਗੁਰਮਤਿ ਸਿਧਾਂਤ ਨੂੰ ਮੰਨਣ ਤੋਂ ਇਨਕਾਰੀ ਕਈ ਸੱਜਣ, ਇਸ ਲਾਇਨ ਦੇ ਅਰਥਾਂ ਤੋਂ ਅੱਗੇ ਸਵਾਲ ਕਰਦੇ ਹਨ-
ਜੇ ਇਸ ਜਨਮ ਤੋਂ ਬਾਅਦ ਫੇਰ ਜਨਮ ਹੈ ਤਾਂ, ‘ਕਈ ਜਨਮਾਂ ਤੱਕ ਤੈਨੂੰ ਪੱਥਰ, ਚੱਟਾਨ ਬਣਾਇਆ ਗਿਆ’, ਕੀ ਪੱਥਰ ਵਿੱਚ ਆਤਮਾ ਹੁੰਦੀ ਹੈ? ਮੰਨ ਲਵੋ ਪੱਥਰ ਦੇ ਦੋ ਟੁਕੜੇ ਕਰ ਦੇਈਏ ਤਾਂ ਕੀ ਇਸ ਤਰ੍ਹਾਂ ਸਾਡੀ ਆਤਮਾ ਦੇ ਵੀ ਦੋ ਟੁਕੜੇ ਹੋ ਜਾਂਦੇ ਹਨ? ਜੇ ਦੋ ਟੁਕੜਿਆਂ ਤੋਂ ਸੌ ਜਾਂ ਹਜ਼ਾਰਾਂ ਟੁਕੜੇ ਕਰ ਦੇਈਏ ਤਾਂ ਕੀ ਸਾਡੀ ਆਤਮਾ ਦੇ ਵੀ ਸੈਂਕੜੇ, ਹਜ਼ਾਰਾਂ ਟੁਕੜੇ ਹੋ ਜਾਣਗੇ?
ਵਿਚਾਰ:- ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਅਸੀਂ ਹਾਂ ਕੀ। ਸਾਡਾ ਵੁਜੂਦ ਕੀ ਹੈ, ਸਾਡੀ ਬਣਤਰ ਕਿਵੇਂ ਦੀ ਹੈ।
ਵਿਦਵਾਨਾਂ ਅਨੁਸਾਰ ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੈ। ਇਹਨਾਂ ਪੰਜਾਂ ਤੱਤਾਂ ਵਿੱਚੋਂ ਪ੍ਰਿਥਵੀ, ਹਵਾ, ਅੱਗ, ਪਾਣੀ ਇਹ ਚਾਰ ਭੌਤਿਕ ਤੱਤ ਹਨ। ਇਹਨਾ ਤੋਂ ਇਲਾਵਾ ਪੰਜਵਾਂ ਅਕਾਸ਼ੀ ਤੱਤ ਅਭੌਤਿਕ ਹੈ। ਇਸ ਪੰਜਵੇਂ ਅਕਾਸ਼ੀ ਤੱਤ ਸਦਕਾ ਅਭੌਤਿਕ ਸੰਸਾਰ ਦਾ ਸੰਬੰਧ ਸਾਡੇ ਭੌਤਿਕ ਸਰੀਰ ਅਤੇ ਸੰਸਾਰ ਨਾਲ ਜੁੜਦਾ ਹੈ। ਜਿਵੇਂ ਕੁਝ ਦੇਖ, ਸੁਣਕੇ ਜਾਂ ਬਿਨਾ ਦੇਖੇ, ਸੁਣੇ, ਸੁਭਾਵਕ ਹੀ ਸਾਡੇ ਮਨ ਵਿੱਚ ਖਿਆਲ ਉਪਜ ਪੈਂਦੇ ਹਨ। ਖਿਆਲਾਂ ਤੇ ਵਧੇਰੇ ਵਿਚਾਰ ਕਰਕੇ ਇਹਨਾਂ ਖਿਆਲਾਂ ਨੂੰ ਅਸੀਂ ਵਰਤੋਂ ਵਿੱਚ ਲੈ ਆਉਂਦੇ ਹਾਂ। ਇਸ ਤਰ੍ਹਾਂ ਪੰਜਵੇਂ ਆਕਾਸ਼ੀ ਤੱਤ ਸਦਕਾ ਅਭੌਤਿਕ ਖਿਆਲਾਂ ਤੋਂ ਭੌਤਿਕ ਕਿਰਿਆਵਾਂ ਬਣ ਜਾਂਦੀਆਂ ਹਨ। ਸਰੀਰ ਦਾ ਪੰਜਵਾਂ ਅਕਾਸ਼ੀ ਤੱਤ, ਅਭੌਤਿਕ ਅਤੇ ਭੌਤਿਕ ਵਿਚਾਲੇ ਕੜੀ ਦਾ ਕੰਮ ਕਰਦਾ ਹੈ। ਦਿਸਦੇ ਸੰਸਾਰ ਤੋਂ ਨਿਰਾਕਾਰ ਤੱਕ ਅਪੜਨ ਲਈ ਪੁਲ ਦਾ ਕੰਮ ਕਰਦਾ ਹੈ।
ਇਹਨਾ ਤੱਤਾਂ ਤੋਂ ਇਲਾਵਾ ਵੀ ਕੁਝ ਐਸਾ ਹੈ ਜਿਸ ਸਦਕਾ ਅਸੀਂ ਸੰਸਾਰ ਤੇ ਵਿਚਰਦੇ ਹਾਂ। ਉਹ ਹੈ ਸਾਡਾ ‘ਆਤਮ ਜਾਂ ਆਤਮਾ’, ‘ਜੀਵਨ ਜੋਤਿ ਜਾਂ ਜੀਵਨ ਸੱਤਾ’, ਚੇਤਨ ਸੱਤਾ …।
ਸਰੀਰ ਦੇ ਭੌਤਿਕ ਤੱਤ (/ ਮਿੱਟੀ) ਸਭ ਦੇ ਇਕੋ ਜਿਹੇ ਹੀ ਹਨ ਅਤੇ ਆਤਮਾ ਵੀ ਪ੍ਰਭੂ ਦਾ ਅੰਸ਼ ਹੋਣ ਕਰਕੇ ਸਭ ਦੀ ਆਤਮਾ ਵੀ ਇਕੋ ਹੀ ਹੈ। ਇੱਥੇ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਆਤਮਾ, ਪ੍ਰਭੂ ਦੀ ਅੰਸ਼ ਹੈ ਪਰ ਇਹ ਅੰਸ਼ ਉਸ ਤਰ੍ਹਾਂ ਨਹੀਂ ਜਿਵੇਂ ਕਿਸੇ ਕੇਕ ਵਿੱਚੋਂ ਇਕ ਟੁਕੜਾ ਕੱਟਕੇ ਵੱਖ ਕਰ ਦੇਈਏ। ਬਲਕਿ ਆਤਮਾ ਦੇ ਟੁਕੜੇ ਨਹੀਂ ਹੁੰਦੇ। ਇਹ ਸੰਪੂਰਨ ਰੂਪ ਵਿੱਚ ਸਭ ਦੇ ਅੰਦਰ ਵਿਆਪਕ ਹੈ, ਵੱਖਰੇ ਟੁਕੜੇ ਜਾਂ ਅੰਸ਼-ਰੂਪ ਵਿੱਚ ਨਹੀਂ।
“ਆਤਮਾ ਪਰਾਤਮਾ ਏਕੋ ਕਰੈ ॥ ਅੰਤਰ ਕੀ ਦੁਬਿਧਾ ਅੰਤਰਿ ਮਰੈ ॥”
ਸਾਡੇ ਅੰਦਰ ਵੀ ਉਹੀ ਅਤਮਾ ਹੈ ਜਿਹੜੀ ਦੂਸਰੇ ਹੋਰ ਸਾਰਿਆਂ ਅੰਦਰ ਹੈ।(ਪਰਾਤਮਾ = ਪਰਾਈ ਆਤਮਾ, ਅਰਥਾਤ ਦੂਸਰੇ ਦੀ ਆਤਮਾ) ਜੀਵਨ ਜੋਤਿ ਅਤੇ ਚੇਤਨ ਸੱਤਾ ਸਭ ਵਿੱਚ ਸੰਪੂਰਨ ਰੂਪ ਵਿੱਚ ਵਿਆਪਕ ਹੈ, ਅੰਸ਼ਕ ਰੂਪ ਵਿੱਚ ਨਹੀਂ।
“ਏਕਾ ਜੋਤਿ ਜੋਤਿ ਹੈ ਸਰੀਰਾ ॥ ਸਬਦਿ ਦਿਖਾਏ ਸਤਿਗੁਰੂ ਪੂਰਾ ॥
ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥ (ਪੰਨਾ 125)”
ਸਰੀਰ ਦੇ ਭੌਤਿਕ ਤੱਤਾਂ ਪੱਖੋਂ ਅਤੇ ਜੀਵਨ ਤੇ ਚੇਤਨਾ ਪੱਖੋਂ ਸਭ ਇਕੋ ਹੀ ਹਨ। ਫਰਕ ਹੈ ਤਾਂ ਮਨ, ਵਚਨ, ਕਰਮ ਕਰਕੇ ਆਤਮਕ ਊਚੀ-ਨੀਵੀਂ ਅਵਸਥਾ ਦਾ। ਆਤਮਾ ਸਭ ਦੀ ਇੱਕ ਹੈ, ਪਰ ਮਨ, ਵਚਨ ਅਤੇ ਕਰਮਾਂ ਕਰਕੇ ਆਤਮਕ ਅਵਰਸਥਾ ਸਭ ਦੀ ਵੱਖਰੀ ਹੈ।
ਪ੍ਰਭੂ ਸਾਡੇ ਬੇ-ਜਾਨ ਭੌਤਿਕ ਤੱਤਾਂ ਦੇ ਬਣੇ ਸਰੀਰ ਵਿੱਚ ਜੀਵਨ ਜੋਤਿ ਅਤੇ ਚੇਤਨ ਸੱਤਾ ਪਾਉਂਦਾ ਹੈ ਤਾਂ ਅਸੀਂ ਸੰਸਾਰ ਤੇ ਵਿਚਰਦੇ ਹਾਂ-
“ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥ (ਪੰਨਾ 921)”
ਪੰਜਵੇਂ ਆਕਾਸ਼ੀ ਤੱਤ ਸਦਕਾ ਮਨੁੱਖ ਜਾਂ ਹੋਰ ਜੀਵ ਸੰਸਾਰ ਤੇ ਵਿਚਰਦੇ ਹਨ। ਚੱਟਾਨ ਸਮੇਤ ਸੰਸਾਰ ਦੀਆਂ ਸਾਰੀਆਂ ਜੜ੍ਹ ਵਸਤਾਂ ਇਸ ਪੰਜਵੇਂ ਅਕਾਸ਼ੀ ਤੱਤ ਤੋਂ ਸੱਖਣੀਆਂ ਹਨ। ਪੱਥਰ ਜਾਂ ਚੱਟਾਨ ਵਿੱਚ ਜੀਵਨ ਜੋਤਿ, ਚੇਤਨ ਸੱਤਾ, ਆਤਮਕ ਅਤੇ ਮਾਨਸਿਕ ਸੂਝ ਬੂਝ ਦਾ ਅਭਾਵ ਹੈ।
ਪੰਜਵੇਂ ਆਕਾਸ਼ੀ ਤੱਤ ਤੋਂ ਬਿਨਾ ਅਸੀਂ ਵੀ ਮਿੱਟੀ ਜਾਂ ਚੱਟਾਨ ਦਾ ਹੀ ਅੰਸ਼ ਹਾਂ। ਇਸ ਮਿੱਟੀ ਜਾਂ ਪੱਥਰ ਦੇ ਦੋ ਟੁਕੜੇ ਕਰੋ, ਸੈਂਕੜੇ ਜਾਂ ਹਜ਼ਾਰਾਂ ਟੁਕੜੇ। ਇਸ ਨੂੰ ਮਿੱਟੀ, ਪੱਥਰ ਕਹੋ ਜਾਂ ਮਿੱਟੀ ਪੱਥਰ ਦਾ ਅੰਸ਼ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
ਗੁਰਮਤਿ ਦਾ ਸਿਧਾਂਤ ਸਮਝਣ ਦੀ ਜਰੂਰਤ ਹੈ ਕਿ-
ਜੀਵ (ਕੀਤੇ ਕਰਮਾਂ ਅਨੁਸਾਰ ਨਹੀਂ, ਬਲਕਿ) ਪ੍ਰਭੂ ਦੇ ਹੁਕਮ ਨਾਲ ਸੰਸਾਰ ਤੇ ਆਉਂਦਾ ਹੈ। ਉਸੇ ਦੁਆਰਾ ਪ੍ਰਦਾਨ ਕੀਤੀ ਜੀਵਨ ਜੋਤਿ ਅਤੇ ਚੇਤਨ ਸੱਤਾ ਸਦਕਾ ਸੰਸਾਰ ਤੇ ਵਿਚਰਦਾ ਹੈ। ਅਤੇ ਉਸ ਦੇ ਹੁਕਮ ਨਾਲ ਸੰਸਾਰ ਤੋਂ ਤੁਰ ਜਾਂਦਾ ਹੈ। ਸੰਸਾਰ ਤੋਂ ਤੁਰ ਜਾਣ ਤੇ, ਸਵਾਸ ਹਵਾ ਵਿੱਚ ਮਿਲ ਜਾਂਦੇ ਹਨ, ਮਿੱਟੀ ਦੇ ਤੱਤ ਮਿੱਟੀ ਵਿੱਚ ਮਿਲ ਜਾਂਦੇ ਹਨ। ਅਤੇ ਜੋਤਿ (ਜੀਵਨ ਜੋਤਿ, ਚੇਤਨ ਸੱਤਾ) ਜੋ ਕਿ ਪ੍ਰਭੂ ਤੋਂ ਆਉਂਦੀ ਹੈ, ਜੀਵਨ-ਅਵਧੀ ਮੁੱਕ ਜਾਣ ਤੇ ਉਸੇ ਵਿੱਚ ਜਾ ਸਮਾਉਂਦੀ ਹੈ।
ਗੁਰਮੁਖ ਮਨੁੱਖ ਕੀਤੇ ਕਰਮਾਂ ਅਨੁਸਾਰ ਜਨਮ ਮਰਨ ਦੇ ਗੇੜ ਵਿੱਚ ਪੈਣ ਤੋਂ ਮੁਕਤ ਹੋ ਜਾਂਦਾ ਹੈ ਜਾਂ ਫੇਰ (ਮਨਮੁਖ **ਕੀਤੇ ਕਰਮਾਂ ਅਨੁਸਾਰ ਖੁਦ ਬ ਖੁਦ ਕੋਈ ਜੂਨ ਨਹੀਂ ਧਾਰਦਾ** ਬਲਕਿ) ਪ੍ਰਭੂ ਦੇ ਹੁਕਮ ਵਿੱਚ ਫੇਰ ਕਿਸੇ ਰੂਪ ਵਿੱਚ ਸੰਸਾਰ ਤੇ ਆ ਜਾਂਦਾ ਹੈ।
ਜੇ ਮਿੱਟੀ ਦੇ ਬਣਾਏ ਪੁਤਲੇ ਵਿੱਚ ਪ੍ਰਭੂ ਜੀਵਨ ਜੋਤਿ ਅਤੇ ਚੇਤਨ ਸੱਤਾ ਪਾ ਦਿੰਦਾ ਹੈ ਤਾਂ ਜੀਵ, ਜੀਵਨ ਧਾਰ ਕੇ ਸੰਸਾਰ ਤੇ ਵਿਚਰਦਾ ਹੈ। ਨਹੀਂ ਤਾਂ ਜੀਵਨ ਅਤੇ ਚੇਤਨਾ ਰਹਿਤ ਮਿੱਟੀ / ਪੱਥਰ ਆਦਿ ਰੂਪ ਵਿੱਚ ਪਿਆ ਰਹਿੰਦਾ ਹੈ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: ਕਈ ਜਨਮ ਸੈਲ ਗਿਰਿ ਕਰਿਆ॥ :-
Page Visitors: 2686