ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
(ਭਾਗ 11)
ਮਮਾ ਮੂਲ ਗਹਿਆ ਮਨ ਮਾਨੈ ॥
ਮਰਮੀ ਹੋਇ ਸੁ ਮਨ ਕਉ ਜਾਨੈ ॥
ਮਤ ਕੋਈ ਮਨ ਮਿਲਤਾ ਬਿਲਮਾਵੈ ॥
ਮਗਨ ਭਇਆ ਤੇ ਸੋ ਸਚੁ ਪਾਵੈ ॥31॥
ਜੇ ਸ੍ਰਿਸ਼ਟੀ ਦੇ ਮੂਲ਼, ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏ ਤਾਂ ਮਨ ਟਿਕ ਜਾਂਦਾ ਹੈ, ਭਟਕਣੋ ਹਟ ਜਾਂਦਾ ਹੈ। ਜੋ ਜੀਵ ਇਸ ਭੇਦ ਨੂੰ ਸਮਝ ਲੈਂਦਾ ਹੈ ਕਿ ਪ੍ਰਭੂ ਵਿਚ ਜੁੜਿਆਂ ਮਨ ਟਿਕ ਜਾਂਦਾ ਹੈ, ਉਹ ਜੀਵ ਇਹ ਵੀ ਸਮਝ ਲੈਂਦਾ ਹੈ ਕਿ ਮਾਇਆ ਵਿਚ ਜੁੜਿਆਂ ਮਨ, ਮਾਇਆ ਵਾਙ ਹੀ ਚਲਾਇਮਾਨ ਰਹਿੰਦਾ ਹੈ। ਜੇ ਮਨ ਹਰੀ-ਚਰਨਾਂ ਵਿਚ ਜੁੜਨ ਲੱਗੇ ਤਾਂ ਉਸ ਵਿਚ ਢਿਲ ਨਹੀਂ ਲਾਉਣੀ ਚਾਹੀਦੀ, ਉਸ ਵਿਚ ਕੋਈ ਰੁਕਾਵਟ ਨਹੀਂ ਪੈਣ ਦੇਣੀ ਚਾਹੀਦੀ। ਚਰਨਾਂ ਵਿਚ ਮਗਨ ਹੋਇਆ ਮਨ ਹੀ ਸਦਾ-ਥਿਰ ਕਰਤਾਰ ਨੂੰ ਪਾ ਲੈਂਦਾ ਹੈ, ਅਤੇ ਇਸ ਦੁਨੀਆ ਦੀ ਇਕੋ-ਇਕ ਸਚਾਈ, ਅਕਾਲ-ਪੁਰਖ ਵਿਚ ਹੀ ਵਿਲੀਨ ਹੋ ਜਾਂਦਾ ਹੈ, ਇਕ-ਮਿਕ ਹੋ ਜਾਂਦਾ ਹੈ।
ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥32॥
ਦੁਨੀਆ ਦੀ ਸਾਰੀ ਖੇਡ ਮਨ ਦੁਆਲੇ ਹੀ ਘੁੰਮਦੀ ਹੈ, ਬੰਦਾ ਮਨ ਨੂੰ ਸਮਝਾਉਣ ਨਾਲ ਹੀ ਉਸ ਖੇਡ ਵਿਚ ਸਫਲ ਹੁੰਦਾ ਹੈ, ਜਿਸ ਕਾਰਜ ਲਈ ਉਹ ਦੁਨੀਆ ਵਿਚ ਆਇਆ ਹੈ, ਉਸ ਖੇਡ ਬਾਰੇ ਗੁਰਬਾਣੀ ਇਵੇਂ ਸੇਧ ਦਿੰਦੀ ਹੈ,
ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥1॥
ਭਜਹੁ ਗੋੁਬਿੰਦ ਭੁਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥1॥ਰਹਾਉ॥
ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
ਜਬ ਲਗੁ ਬਿਕਲ ਭਈ ਨਹੀ ਬਾਨੀ ॥ ਭਜਿ ਲੇਹਿ ਰੇ ਮਨ ਸਾਰਿਗਪਾਨੀ ॥2॥
ਅਬ ਨ ਭਜਸਿ ਭਜਸਿ ਕਬ ਭਾਈ ॥ ਆਵੈ ਅੰਤੁ ਨ ਭਜਿਆ ਜਾਈ ॥
ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥3॥
ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥
ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ ॥4॥
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥5॥1॥9॥ (1159)
॥ਰਹਾਉ॥ ਭਜਹੁ ਗੋੁਬਿੰਦ ਭੁਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥1॥ਰਹਾਉ॥
ਹੇ ਭਾਈ ਗੋਬਿੰਦ ਨੂੰ, ਰੱਬ ਨੂੰ ਸਿਮਰੋ, ਇਸ ਗਲ ਨੂੰ ਯਾਦ ਰੱਖਣਾ, ਭੁੱਲ ਨਹੀੰ ਜਾਣਾ ਕਿ ਇਹ ਸਿਮਰਨ ਹੀ ਮਨੁੱਖਾ ਜਨਮ ਵਿਚ ਕਰਨ ਵਾਲੀ ਕਮਾਈ ਹੈ। ਏਥੇ ਗੱਲ ਸਿਮਰਨ ਦੀ, ਭਜਨ ਦੀ ਹੋ ਰਹੀ ਹੈ, ਇਸ ਲਈ ਇਹ ਜਾਨਣਾ ਅਤਿ ਜ਼ਰੂਰੀ ਹੈ ਕਿ ਇਹ ਭਜਨ, ਇਹ ਸਿਮਰਨ ਹੈ ਕੀ ਚੀਜ਼ ? ਜੇ ਸਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਭਜਨ ਸਿਮਰਨ ਕੀ ਚੀਜ਼ ਹੈ ਤਾਂ ਅਸੀਂ ਇਸ ਤੁਕ ਅਨੁਸਾਰ ਕੀ ਕਰਾਂਗੇ ? ਕਿਸ ਚੀਜ਼ ਤੇ ਅਮਲ ਕਰਾਂਗੇ ?
ਭਜਨ, ਸਿਮਰਨ, ਜਪ, ਸਮਾਨ ਅਰਥੀ ਲਫਜ਼ ਹਨ, ਅਤੇ ਇਹ ਹੈ ਵੀ ਮਨ ਦਾ ਕੰਮ, ਕਿਉਂਕਿ ਗੁਰਬਾਣੀ ਕਹਿੰਦੀ ਹੈ,
ਭਜੁ ਮਨ ਮੇਰੇ ਏਕੋ ਨਾਮ ॥ ਜੀਅ ਤੇਰੇ ਕੈ ਆਵੇ ਕਾਮ ॥1॥ਰਹਾਉ॥ (193)
ਹੇ ਮੇਰੇ ਮਨ, ਇਕ ਪਰਮਾਤਮਾ ਦਾ ਨਾਮ ਹੀ ਭਜਦਾ ਰਹੁ, ਸਿਮਰਦਾ ਰਹੁ। ਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਵੇਗਾ, ਜਿੰਦ ਦੇ ਨਾਲ ਨਿਭੇਗਾ।
ਅਗਮ ਅਗੋਚਰ ਸਦਾ ਬੇਅੰਤਾ ॥ ਸਿਮਰਿ ਮਨਾ ਪੂਰੇ ਗੁਰਮੰਤਾ ॥2॥ (184)
ਹੇ ਮੇਰੇ ਮਨ, ਜੋ ਪ੍ਰਭੂ ਪਹੁੰਚ ਤੋਂ ਪਰੇ ਹੈ, ਜੋ ਗਿਆਨ ਇੰਦ੍ਰੀਆਂ ਦੇ ਸਮਝਣ ਤੋਂ ਵੀ ਪਰੇ ਹੈ, ਤੂੰ ਉਸ ਪ੍ਰਭੂ ਨੂੰ ਪੂਰੇ ਗੁਰੂ ਦੇ ਉਪਦੇਸ਼ ਅਨੁਸਾਰ ਹੀ ਸਿਮਰ ।
ਜਪਿ ਮਨ ਮੇਰੇ ਰਾਮ ਰਾਮ ਰੰਗਿ ॥ ਘਰਿ ਬਾਹਰਿ ਤੇਰੈ ਸਦ ਸੰਗਿ ॥1॥ਰਹਾਉ॥ (177)
ਹੇ ਮੇਰੇ ਮਨ, ਪ੍ਰੇਮ ਨਾਲ ਰਾਮ ਦਾ ਨਾਮ ਜਪ, ਉਹ ਰਾਮ ਤੇਰੇ ਘਰ, ਹਿਰਦੇ ਵਿਚ, ਤੇ ਬਾਹਰ ਹਰ ਥਾਂ, ਸਦਾ ਤੇਰੇ ਨਾਲ ਰਹਿੰਦਾ ਹੈ ।
ਏਵੇਂ ਆਪਾਂ ਵੇਖਿਆ ਹੈ ਕਿ ਸਿਮਰਨ ਮਨ ਦਾ ਵਿਸ਼ਾ ਹੈ, ਜ਼ਬਾਨ ਦਾ ਨਹੀਂ। ਜਿਸ ਦੀ ਗੁਰਮਤਿ ਦੇ ਠੇਕੇਦਾਰਾਂ ਨੇ ਸਭ ਤੋਂ ਵੱਧ ਕੁਵਰਤੋਂ ਕੀਤੀ ਹੈ, ਵੈਸੇ ਗੁਰਬਾਣੀ ਵਿਚ, 1078-79 ਸਫੇ ਤੇ ਸਿਮਰਨ ਦੀ ਵਿਆਖਿਆ ਕਰਦਿਆਂ ਇਵੇਂ ਦੱਸਿਆ ਹੈ ਕਿ, ਦੁਨੀਆ ਦੀ ਸਾਰੀ ਰਚਨਾ, ਧਰਤੀ-ਆਕਾਸ਼, ਚੰਦ-ਸੂਰਜ, ਹਵਾ-ਪਾਣੀ-ਅੱਗ, 4 ਖਾਣੀਆਂ ਦੇ ਜੀਵ, ਬ੍ਰਹਮਾ-ਬਿਸ਼ਨ-ਮਹੇਸ਼, ਦੇਵਤੇ-ਦੈਂਤ, ਬਿਰਖ-ਵੇਲਾਂ-ਬਨਸਪਤੀ, ਨਰ-ਨਾਰੀ, ਦਿਨ-ਰਾਤ ਸਭ ਪਰਮਾਤਮਾ ਨੂੰ ਹਰ ਵੇਲੇ ਸਿਮਰਦੇ ਹਨ। ਵਿਚਾਰਨ ਵਾਲੀ ਗੱਲ ਹੈ ਕਿ ਉਹ ਕਿਹੜੇ ਢੋਲਕੀਆਂ-ਛੈਣੇ ਖੜਕਾ-ਖੜਕਾ ਕੇ ਵਾਹਿਗੁਰੂ-ਵਾਹਿਗੁਰੂ ਕਰ ਰਹੇ ਹਨ ?
ਸਾਫ ਜਿਹੀ ਗੱਲ ਹੈ ਕਿ ਉਹ ਕਰਤਾਰ ਦੇ ਹੁਕਮ, ਉਸ ਦੀ ਰਜ਼ਾ ਵਿਚ ਚਲ ਰਹੇ ਹਨ, ਲੱਖਾਂ ਸਾਲਾਂ ਵਿਚ, ਕਿਸੇ ਦੀ ਚਾਲ ਵਿਚ ਇਕ ਪਲ ਦਾ ਵੀ ਫਰਕ ਨਹੀਂ ਪਿਆ, ਜੇ ਕਿਸੇ ਦਾ ਇਕ ਪਲ ਦਾ ਵੀ ਫਰਕ ਪੈ ਜਾਵੇ ਤਾਂ ਇਹ ਸਾਰਾ ਕੁਝ ਆਪਸ ਵਿਚ ਟਕਰਾ ਕੇ ਇਹ ਬ੍ਰਹਮੰਡ ਖਤਮ ਹੋ ਜਾਵੇ, ਪਰ ਐਸਾ ਨਹੀਂ ਹੈ, ਹਰ ਕੋਈ ਪ੍ਰਭੂ ਦੇ ਹੁਕਮ ਵਿਚ ਚੱਲ ਰਿਹਾ ਹੈ। ਇਵੇਂ ਜਿਹੜਾ ਬੰਦਾ ਉਸ ਕਰਤਾਰ ਦੀ ਰਜ਼ਾ ਨੂੰ ਸਮਝਦਾ ਹੋਵੇਗਾ, ਉਸ ਨੂੰ ਹਮੇਸ਼ਾ ਯਾਦ ਰੱਖਦਾ ਹੋਵੇਗਾ, ਓਹੀ ਉਸ ਦੀ ਰਜ਼ਾ ਅਨੁਸਾਰ , ਉਸ ਦੇ ਹੁਕਮ ਅਨੁਸਾਰ ਚੱਲੇਗਾ।
॥1॥ ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥1॥
ਹੇ ਭਾਈ ਜੇ ਤੂੰ ਗੁਰੂ ਦੀ ਸੇਵਾ ਰਾਹੀਂ ਭਗਤੀ ਦੀ, ਸਿਮਰਨ ਦੀ ਕਮਾਈ ਕਰੇਂ ਤਾਂ ਹੀ ਇਹ ਮਨੁੱਖਾ ਸਰੀਰ ਮਿਲਿਆ ਸਕਾਰਥ ਸਮਝ। ਇਹ ਸਰੀਰ ਏਨੀ ਅਮੋਲਕ ਚੀਜ਼ ਹੈ ਕਿ ਦੇਵਤੇ ਵੀ ਇਸ ਦੀ ਲੋਚਾ ਕਰਦੇ ਹਨ। (ਕਿਉਂਕਿ ਇਸ ਦੇਹੀ ਵਿਚ ਹੀ ਪ੍ਰਭੂ ਦਾ ਸਿਮਰਨ ਕਰ ਕੇ, ਉਸ ਨਾਲ ਇਕ-ਮਿਕ ਹੋਇਆ ਜਾ ਸਕਦਾ ਹੈ, ਜਨਮ-ਮਰਨ ਦਾ ਗੇੜ ਖਤਮ ਕੀਤਾ ਜਾ ਸਕਦਾ ਹੈ) ਤੈਨੂੰ ਤਾਂ ਇਹ ਸਰੀਰ ਮਿਲਿਆ ਹੈ, ਤੂੰ ਇਸ ਦੇਹੀ ਰਾਹੀਂ ਹਰੀ ਦੀ ਸੇਵਾ ਵਿਚ ਜੁੜ।
ਇਸ ਤੁਕ ਵਿਚ ਦੋ ਵਾਰੀ ਸੇਵਾ ਦੀ ਗੱਲ ਆਈ ਹੈ, ਇਕ ਵਾਰ ਗੁਰ (ਸ਼ਬਦ) ਦੀ ਸੇਵਾ ਦੀ ਗੱਲ ਅਤੇ ਇਕ ਵਾਰੀ ਹਰੀ ਦੀ ਸੇਵਾ ਦੀ ਗੱਲ ਹੈ, ਇਨ੍ਹਾਂ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬੰਦਾ ਭੁਲੇਖਾ ਖਾ ਸਕਦਾ ਹੈ।
1. ਗੁਰ ਸੇਵਾ ਦੀ ਗੱਲ, ਗੁਰਬਾਣੀ ਇਸ ਬਾਰੇ ਇਵੇਂ ਸੇਧ ਦਿੰਦੀ ਹੈ,
ਗੁਰ ਕੀ ਸੇਵਾ ਸ਼ਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7॥ (223)
ਗੁਰੂ ਦੀ ਸੇਵਾ, ਉਸ ਦੇ ਸ਼ਬਦ ਦੀ ਵਿਚਾਰ ਕਰਨਾ ਹੀ ਹੈ, ਅਤੇ ਉਸ ਸੇਵਾ ਦਾ ਜੋ ਸ੍ਰੇਸ਼ਟ, ਸਭ ਤੋਂ ਉੱਤਮ ਫਲ ਬੰਦੇ ਨੂੰ ਮਿਲਦਾ ਹੈ, ਉਹ ਹੈ ਕਿ ਬੰਦੇ ਦੇ ਅੰਦਰੋਂ ਹਉਮੈ ਮਰ ਜਾਂਦੀ ਹੈ।ਬੜਾ ਸਪੱਸ਼ਟ ਕੀਤਾ ਹੈ ਕਿ ਬ੍ਰਾਹਮਣ ਵਾਙ, ਇਸ ਸੇਵਾ ਦਾ ਕੋਈ ਹੋਰ ਹੀ ਫੱਲ ਨਾ ਲੱਭਦਾ ਫਿਰੀਂ, ਇਸ ਫੱਲ ਰਾਹੀਂ ਹੀ ਤੇਰੇ ਮਨ ਵਿਚ ਪ੍ਰਭੂ ਦਾ ਵਾਸਾ ਹੋਣਾ ਹੈ, ਗੁਰਬਾਣੀ ਦਾ ਹੁਕਮ ਹੈ,
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥1॥ (560)
ਹੰਕਾਰ ਦਾ ਨਾਮ ਨਾਲ, ਪ੍ਰਭੂ ਦੇ ਹੁਕਮ ਨਾਲ ਵਿਰੋਧ ਹੈ, ਦੁਸ਼ਮਣੀ ਹੈ, ਇਹ ਦੋਵੇਂ ਇਕ ਥਾਂ ਇਕੱਠੇ ਨਹੀਂ ਰਹਿ ਸਕਦੇ, ਜੇ ਮਨ ਵਿਚ ਹੰਕਾਰ ਹੋਵੇ ਤਾਂ ਮਨ ਵਿਚ ਪ੍ਰਭੂ ਦੀ ਰਜ਼ਾ ਨਹੀਂ ਟਿਕ ਸਕਦੀ, ਜੇ ਮਨ ਵਿਚ ਕਰਤਾਰ ਦੀ ਰਜ਼ਾ ਟਿਕ ਜਾਵੇ ਤਾਂ ਮਨ ਵਿਚ ਹੰਕਾਰ ਨਹੀਂ ਰਹਿ ਸਕਦਾ, ਮਨ ਵਿਚੋਂ ਸਾਰੇ ਪਵਾੜਿਆਂ ਦੀ ਜੜ੍ਹ ਹੰਕਾਰ ਤਾਂ ਹੀ ਖਤਮ ਹੋ ਸਕਦਾ ਹੈ, ਜੇ ਗੁਰੂ ਦੇ ਸ਼ਭਦ ਦੀ ਰਾਹੀਂ ਪ੍ਰਭੂ ਦੇ ਹੁਕਮ ਬਾਰੇ ਸੋਝੀ ਹਾਸਲ ਕੀਤੀ ਜਾਵੇ। ਮਨ ਵਿਚ ਹੰਕਾਰ ਹੁੰਦੇ ਹੋਏ, ਕੀਤੀ ਸਾਰੀ ਸੇਵਾ ਨਿਸਫਲ ਹੀ ਹੁੰਦੀ ਹੈ, ਕਿਉਂਕਿ ਉਹ ਸੇਵਾ ਮਨ ਨਾਲ ਨਹੀਂ ਕੀਤੀ ਜਾਂਦੀ।
2. ਹਰਿ ਕੀ ਸੇਵ, ਇਸ ਬਾਰੇ ਗੁਰਬਾਣੀ ਦੀ ਸੇਧ ਹੈ,
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ (1)
ਬੰਦੇ ਅਤੇ ਪਰਮਾਤਮਾ ਦੇ ਵਿਚਾਲੇ ਪਿਆ ਹਉਮੈ ਦਾ ਪਰਦਾ ਕਿਵੇਂ ਦੂਰ ਹੋਵੇ, ਤਾਂ ਜੋ ਪ੍ਰਭੂ ਨਾਲ ਮਿਲਿਆ ਜਾ ਸਕੇ ?
ਗੁਰੂ ਸਾਹਿਬ ਸੇਧ ਦਿੰਦੇ ਹਨ ਕਿ ਉਸ ਦਾ ਇਕੋ-ਇਕ ਢੰਗ, ਜੋ ਧੁਰ ਤੋਂ ਬੰਦੇ ਦੇ ਨਾਲ ਹੀ ਲਿਖਆ ਹੋਇਆ ਹੈ, ਉਹ ਹੈ ਉਸ ਰਜ਼ਾ ਦੇ ਮਾਲਕ, ਪ੍ਰਭੂ ਦੀ ਰਜ਼ਾ ਵਿਚ ਚੱਲਣਾ। ਅਤੇ,
ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥
ਕਾਹੂ ਕਾਜ ਨ ਆਵਤ ਬਿਖਿਆ ॥1॥ਰਹਾਉ॥ (199)
ਹੇ ਭਾਈ, ਤਨ(ਕਰਮਾਂ ਨਾਲ) ਅਤੇ ਮਨ ਨਾਲ ਪਰਮਾਤਮਾ ਦਾ ਨਾਮ ਸਿਮਰ, ਰੱਬੀ ਨਿਯਮ ਅਨੁਸਾਰ ਇਹ ਲੇਖ ਹੀ ਤੇਰੇ ਮਨ ਵਿਚ, ਤੇਰੇ ਹਿਰਦੇ ਵਿਚ, ਸਦਾ ਲਈ ਉਕਰਿਆ ਰਹਿ ਸਕਦਾ ਹੈ, ਕਦੇ ਖਿਰੇਗਾ ਨਹੀਂ। ਇਹ ਮਾਇਆ, ਜਿਸ ਦੀ ਖਾਤਰ ਤੂੰ ਸਾਰੀ ਉਮਰ ਨੱਠ-ਭੱਜ ਕਰਦਾ ਹੈਂ, ਆਖਰ ਵੇਲੇ ਕਿਸੇ ਕੰਮ ਨਹੀਂ ਆਉਂਦੀ। ਇਹੋ ਹਰੀ ਦੀ ਸੇਵਾ ਹੈ।
॥2॥ ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
ਜਬ ਲਗੁ ਬਿਕਲ ਭਈ ਨਹੀ ਬਾਨੀ ॥ ਭਜਿ ਲੇਹਿ ਰੇ ਮਨ ਸਾਰਿਗਪਾਨੀ ॥2॥
ਹੇ ਮੇਰੇ ਮਨ, ਜਦ ਤੱਕ ਤੇਰੇ ਸਰੀਰ ਤੇ ਬੁਢਾਪਾ ਰੂਪੀ ਰੋਗ ਨਹੀਂ ਆ ਗਿਆ, ਜ਼ਬਾਨ ਥਿੜਕਣ ਨਹੀਂ ਲੱਗ ਪੈਂਦੀ, ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ, ਉਸ ਤੋਂ ਪਹਿਲਾਂ ਹੀ ਤੂੰ ਪਰਮਾਤਮਾ ਦਾ ਭਜਨ, ਸਿਮਰਨ ਕਰ ਲੈ।
ਅਬ ਨ ਭਜਸਿ ਭਜਸਿ ਕਬ ਭਾਈ ॥ ਆਵੈ ਅੰਤੁ ਨ ਭਜਿਆ ਜਾਈ ॥
ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥3॥
ਹੇ ਭਾਈ, ਜੇ ਤੂੰ ਇਸ ਸਰੀਰ ਵਿਚ ਹੁੰਦਿਆਂ ਭਜਨ ਨਹੀਂ ਕਰਦਾ ਤਾਂ ਫਿਰ ਕਦੋਂ ਕਰੇਂਗਾ ? ਜਦੋਂ ਮੌਤ ਸਿਰ ਤੇ ਆ ਗਈ, ਉਸ ਵੇਲੇ ਤਾਂ ਭਜਨ, ਸਿਮਰਨ ਨਹੀਂ ਕਰ ਸਕੇਂਗਾ, ਜਨਮ ਮਰਨ ਦੇ ਗੇੜ ਤੋਂ ਖਲਾਸੀ ਦਾ ਉਪਰਾਲਾ ਨਹੀਂ ਕਰ ਸਕੇਂਗਾ।ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ, ਉਹ ਹੁਣੇ ਹੀ ਕਰ ਲੈ, ਸਮਾ ਲੰਘ ਜਾਣ ਮਗਰੋਂ ਤਾਂ ਤੂੰ ਅਫਸੋਸ ਹੀ ਕਰੇਂਗਾ ਅਤੇ ਫਿਰ ਇਸ ਪਛਤਾਵੇ ਨਾਲ ਤੂੰ ਇਸ ਭਵ ਸਾਗਰ ਤੋਂ ਪਾਰ ਨਹੀਂ ਹੋ ਸਕੇਂਗਾ। ਇਸ ਨੂੰ ਹੀ ਗੁਰੂ ਸਾਹਿਬ ਇਵੇਂ ਵੀ ਸਮਝਾਉਂਦੇ ਹਨ,
ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸਖਾਈ ॥
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥5॥ (93)
ਜਦੋਂ ਸਰੀਰ ਦੀ ਤਾਕਤ ਮੁੱਕ ਜਾਂਦੀ ਹੈ, ਮਨ ਰੂਪੀ ਪੰਛੀ ਸਰੀਰ ਵਿਚੋਂ ਉਡ ਜਾਂਦਾ ਹੈ, ਫਿਰ ਤਾਂ ਮੁਰਦਾ ਦੇਹ, ਵੇਹੜੇ ਵਿਚ ਪਈ ਵੀ ਚੰਗੀ ਨਹੀਂ ਲਗਦੀ।
ਬੇਣੀ ਆਖਦਾ ਹੈ, ਹੇ ਭਗਤੋ, ਸਤ-ਸੰਗੀਉ, ਜਿਸ ਨੇ ਜਿਊਂਦਿਆਂ ਹੀ ਮੁਕਤੀ ਦਾ ਉਪਰਾਲਾ ਕਰ ਲਿਆ, ਉਸ ਨੂੰ ਹੀ ਮੁਕਤੀ ਮਿਲ ਸਕਦੀ ਹੈ, ਮਰਨ ਮਗਰੋਂ ਕਿਸੇ ਬੰਦੇ ਨੂੰ ਮੁਕਤੀ ਕਿਵੇਂ ਮਿਲ ਸਕਦੀ ਹੈ ? ਜਦ ਬੰਦੇ ਕੋਲੋਂ ਮੁਕਤੀ ਲਈ ਉਪਰਾਲਾ ਹੋਣਾ ਹੀ ਸੰਭਵ ਨਹੀਂ ਹੈ। ਇਹ ਦੂਸਰਿਆਂ ਵਲੋਂ ਕੀਤੇ ਅਖੰਡ ਪਾਠ, ਕੀਤੇ ਕਥਾ-ਕੀਰਤਨ, ਲਾਏ ਲੰਗਰ, ਕੀਤਾ ਦਾਨ ਉਸ ਦੇ ਕਿਸੇ ਕੰਮ ਨਹੀਂ ਆਉਂਦਾ।
ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥
ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ ॥4॥
ਪਰ ਜੀਵ ਦੇ ਵੱਸ ਦਾ ਕੀ ਹੈ ? ਜਿਸ ਬੰਦੇ ਨੂੰ ਰੱਬ ਆਪਣੀ ਸੇਵਾ ਵਿਚ ਜੋੜਦਾ ਹੈ, ਓਹੀ ਰੱਬ ਦਾ ਸੇਵਕ ਬਣਦਾ ਹੈ, ਉਸ ਦੀ ਰਜ਼ਾ ਵਿਚ ਚਲਦਾ ਹੈ। ਗੁਰ(ਸ਼ਬਦ ਗੁਰੂ) ਨੂੰ ਮਿਲ ਕੇ ਉਸ ਦੇ ਹੀ ਮਨ ਦੇ ਕਿਵਾੜ ਖੁਲ੍ਹਦੇ ਹਨ, ਉਸ ਨੂੰ ਹੀ ਸੋਝੀ ਹੁੰਦੀ ਹੈ, ਉਸ ਨੂੰ ਹੀ ਪ੍ਰਭੂ ਮਿਲਦਾ ਹੈ। ਇਵੇਂ ਉਹ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪੈਂਦਾ।
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥5॥
ਕਬੀਰ ਆਖਦਾ ਹੈ, ਹੇ ਭਾਈ, ਮੈਂ ਤੈਨੂੰ ਕਈ ਢੰਗਾਂ ਨਾਲ ਮੁੜ-ਮੁੜ ਕੇ ਸਮਝਾਅ ਰਿਹਾ ਹਾਂ, ਅੱਗੇ ਤੇਰੀ ਮਰਜ਼ੀ ਹੈ, ਤੂੰ ਇਸ ਮਨੁੱਖਾ ਜੂਨ ਵਾਲੀ ਖੇਡ ਜਿੱਤ ਕੇ ਜਾਹ ਜਾਂ ਹਾਰ ਕੇ ਜਾਹ। ਤੂੰ ਆਪਣੇ ਮਨ ਵਿਚ ਵਿਚਾਰ ਕੇ ਵੇਖ ਲੈ, ਪ੍ਰਭੂ ਨੂੰ ਮਿਲਣ ਦਾ ਸਮਾ, ਇਹ ਮਨੁੱਖਾ ਜਨਮ ਹੀ ਹੈ, ਇਹੀ ਵਾਰੀ ਹੈ। ਇਸ ਵਾਰ ਖੁੰਝ ਕੇ ਤੂੰ ਪਰਮਾਤਮਾ ਨੂੰ ਨਹੀਂ ਮਿਲ ਸਕੇਂਗਾ, ਜਨਮ-ਮਰਨ ਦੇ ਗੇੜ ਵਿਚ ਹੀ ਪਵੇਂਗਾ।
ਇਹੁ ਮਨੁ ਸਕਤੀ ਇਹੁ ਮਨੁ ਸੀਉ ॥
ਇਹੁ ਮਨੁ ਪੰਚ ਤਤ ਕੋ ਜੀਉ ॥
ਇਹੁ ਮਨੁ ਲੇ ਜਉ ਉਨਮਨਿ ਰਹੈ ॥
ਤਉ ਤੀਨਿ ਲੋਕ ਕੀ ਬਾਤੈ ਕਹੈ ॥33॥
ਮਾਇਆ ਵਿਚ ਰੁਝਿਆ ਇਹ ਮਨ ਆਪ ਵੀ ਮਾਇਆ ਹੋ ਜਾਂਦਾ ਹੈ, ਇਸ ਆਸਰੇ ਉਹ ਜੂਨਾਂ ਵਿਚ ਭਟਕਦਾ ਰਹਿੰਦਾ ਹੈ। ਪਰਮਾਤਮਾ ਨਾਲ ਜੜਿਆ ਇਹ ਮਨ ਆਪ ਹੀ ਆਨੰਦ-ਸਰੂਪ ਕਰਤਾ-ਪੁਰਖ ਬਣ ਜਾਂਦਾ ਹੈ, ਇਸ ਆਸਰੇ ਹੀ ਉਹ ਪਰਮਾਤਮਾ ਵਿਚ ਵਿਲੀਨ ਹੋ ਕੇ, ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਪੰਜ ਤੱਤਾਂ ਦੇ ਬਣੇ ਸਰੀਰ ਅਤੇ ਸੰਸਾਰ ਨਾਲ ਜੁੜਿਆਂ ਇਹ ਮਨ ਸੰਸਾਰ ਅਤੇ ਸਰੀਰ ਦਾ ਹਿੱਸਾ ਹੀ ਬਣਿਆ ਰਹਿੰਦਾ ਹੈ, ਜਿਸ ਵਿਚ ਉਸ ਨੇ ਇਹ ਦੁਨਿਆਵੀ ਖੇਡ ਖੇਡਣੀ ਹੈ। ਪ੍ਰਭੂ ਵਿਚ ਜੁੜਿਆ ਇਹ ਮਨ ਜਦੋਂ ਖਿੜਾਉ ਵਿਚ ਟਿਕ ਜਾਂਦਾ ਹੈ, ਤਾਂ ਫਿਰ ਉਹ ਸਾਰੇ ਬ੍ਰਹਮੰਡ ਵਿਚ ਵਿਆਪਕ ਪ੍ਰਭੂ ਦੀਆਂ ਗੱਲਾਂ ਕਰਦਾ ਹੈ, ਪਰ ਇਸ ਅਵਸਥਾ ਵਿਚ ਉਹ ਆਪਣੀ ਅਵਸਥਾ ਬਾਰੇ ਜਾਂ ਪ੍ਰਭੂ ਦੀ ਅਸਲੀਅਤ ਬਾਰੇ ਕੁਝ ਵੀ ਦੱਸਣ-ਜੋਗਾ ਨਹੀਂ ਹੁੰਦਾ।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 11)
Page Visitors: 2558