ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਪਲਾਹੀ
ਲੋਕਤੰਤਰਿਕ ਭਾਰਤੀ ਗਣਤੰਤਰ ਦੇ ਵਿਖੜੇ ਪੈਂਡੇ
ਲੋਕਤੰਤਰਿਕ ਭਾਰਤੀ ਗਣਤੰਤਰ ਦੇ ਵਿਖੜੇ ਪੈਂਡੇ
Page Visitors: 2590

ਲੋਕਤੰਤਰਿਕ ਭਾਰਤੀ ਗਣਤੰਤਰ ਦੇ ਵਿਖੜੇ ਪੈਂਡੇ
ਅੰਗਰੇਜ਼ ਹੁਕਮਰਾਨਾ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੇ 894 ਦਿਨਾਂ ਬਾਅਦ 26 ਜਨਵਰੀ 1950 ਨੂੰ ਡ: ਰਜਿੰਦਰ ਪ੍ਰਸ਼ਾਦ ਵਲੋਂ 21 ਗੰਨਾ ਦੀ ਸਲਾਮੀ ਲੈਣ ਬਾਅਦ, ਭਾਰਤ ਦੇਸ਼ ਦਾ ਆਪਣਾ ਝੰਡਾ ਲਹਿਰਾਇਆ ਗਿਆ। ਇਹ ਦੇਸ਼ ਦੇ ਲੋਕਾਂ ਲਈ ਖੁਸ਼ੀ ਦਾ ਮੌਕਾ ਸੀ। ਇਹ ਭਾਰਤੀ ਗਣਤੰਤਰ ਦਾ ਜਨਮ ਸੀ। ਇਸ ਦਿਨ ਦੇਸ਼ ਦੇ ਲੋਕਾਂ ਲਈ ਨਵੇਂ ਸੁਫ਼ਨਿਆਂ ਦਾ ਆਗਾਜ਼ ਹੋਇਆ। ਆਜ਼ਾਦੀ ਮਿਲੀ ਬੋਲਣ-ਚੱਲਣ, ਲਿਖਣ-ਪੜ੍ਹਨ, ਆਜ਼ਾਦ ਤੌਰ ਤੇ ਖੁਲ੍ਹਕੇ  ਵਿਚਰਣ ਦੀ। ਦੇਸ਼ ਨੂੰ ਇਸੇ ਦਿਨ ਨਵਾਂ ਸੰਵਿਧਾਨ ਮਿਲਿਆ। ਉਹ ਸੰਵਿਧਾਨ ਜਿਹੜਾ ਦੇਸ਼ ਦੇ ਬੁਧੀਜੀਵੀਆਂ, ਵਕੀਲਾਂ, ਚਿੰਤਕਾਂ ਨੇ ਡਾ: ਭੀਮ ਰਾਓ ਰਾਮ ਜੀ ਅੰਬੇਦਕਰ ਦੀ ਅਗਵਾਈ ਵਿੱਚ ਦੇਸ਼ ਦੇ ਹਰ ਵਰਗ ਦੇ, ਹਰ ਧਰਮ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਰੜੀ ਮਿਹਨਤ ਨਾਲ ਤਿਆਰ ਕੀਤਾ। ਇਸ ਦਿਨ ਦੇਸ਼ ਨੂੰ ਧਰਮ ਨਿਰਪੱਖ, ਲੋਕਤੰਤਰਿਕ ਗਣਤੰਤਰ ਘੋਸ਼ਿਤ ਕੀਤਾ ਗਿਆ।
ਦੇਸ਼ 'ਚ ਲਾਗੂ ਕੀਤੇ ਸੰਵਿਧਾਨ ਵਿੱਚ ਦੇਸ਼ ਦੇ ਨਾਗਰਿਕਾਂ ਨੂੰ ਮੁੱਢਲੇ ਅਧਿਕਾਰ ਦਿੱਤੇ ਗਏ। ਨਿੱਜਤਾ ਦੇ ਅਧਿਕਾਰ ਨੂੰ ਸੰਵਿਧਾਨ ਵਿੱਚ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾ ਗਿਆ। ਅੱਜ ਦੇਸ਼ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹਨ, ਜਿਸ ਦੇ  ਕਾਰਜਪਾਲਕਾ, ਵਿਧਾਨਪਾਲਕਾ ਅਤੇ ਨਿਆਂਪਾਲਿਕਾ ਵਿਸ਼ੇਸ਼ ਅੰਗ ਹਨ। ਪਰ ਕੀ ਭਾਰਤੀ ਲੋਕਤੰਤਰ ਦੇ ਤਿੰਨੇ ਅੰਗ ਠੀਕ ਕੰਮ ਕਰ ਰਹੇ ਹਨ, ਆਪਣਾ, "ਅਕਸ" ਚੰਗੇਰਾ ਬਣਾ ਰਹੇ ਹਨ? ਦੇਸ਼ ਦੇ ਨਾਗਰਿਕ ਸੱਤ ਦਹਾਕੇ ਬੀਤਣ ਬਾਅਦ ਕੀ ਲੋਕਤੰਤਰਿਕ ਗਣਤੰਤਰ ਦੀਆਂ ਉਹ ਠੰਡੀਆਂ ਹਵਾਂ ਮਾਣ ਸਕੇ ਹਨ, ਜਿਸ ਬਾਰੇ ਸੰਵਿਧਾਨ ਬਨਾਉਣ ਵਾਲੇ ਅਤੇ  ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਲੋਕਾਂ ਨੇ ਚਿਤਵਿਆ ਸੀ? ਦੇਸ਼ ਦੇ ਹਾਕਮ ਕੀ ਉਹ ਸਾਰੇ ਕਰਤੱਵ ਨਿਭਾ ਸਕੇ ਹਨ, ਜਿਹਨਾ ਨੂੰ ਸੰਵਿਧਾਨ ਵਿੱਚ ਨਿਭਾਉਣ ਲਈ, ਨਿਯਮਬੱਧ ਸਾਫ-ਸੁਥਰੇ ਆਦੇਸ਼ ਦਿੱਤੇ ਗਏ ਸਨ।
ਉਹ ਨੇਤਾ ਜਿਹਨਾ ਤੋਂ ਇਸ ਗੱਲ ਦੀ
ਤਵੱਕੋ ਸੀ ਕਿ ਉਹ ਦੇਸ਼ ਵਿੱਚ "ਸਮਾਜ ਸੇਵਕ" ਬਣਕੇ ਕੰਮ ਕਰਨਗੇ, ਅਸਲ ਵਿੱਚ ਉਹ ਦੇਸ਼ ਦੇ ਹਾਕਮ ਬਣਕੇ ਲੋਕਾਂ ਦੇ ਹੱਕ ਖੋਹਣ ਦੇ ਰਸਤੇ ਤੁਰ ਪਏ ਹਨ। ਵੱਖੋ- ਵੱਖਰੀਆਂ ਰਾਜਨੀਤਕ ਪਾਰਟੀਆਂ 'ਚ ਆਪਣੀ ਚੌਧਰ ਤੇ ਧਾਕ ਜਮ੍ਹਾ, ਉਹ ਮਨਮਾਨੀਆਂ ਕਰਨ ਦੇ ਰਾਹ ਤੁਰੇ ਹੋਏ ਹਨ ਅਤੇ ਸਮੁੱਚੇ ਭਾਰਤ ਵਿੱਚ ਇਹਨਾ ਨੇਤਾਵਾਂ ਦਾ ਇਕ ਵਰਗ ਪੈਦਾ ਹੋ ਗਿਆ ਹੈ, ਜਿਹੜੇ ਪੀੜ੍ਹੀ ਦਰ ਪੀੜ੍ਹੀ ਆਪਣੀ ਔਲਾਦ ਨੂੰ ਅੱਗੇ ਕਰਕੇ ਦੇਸ਼ ਦੇ ਹਾਕਮ ਬਨਣ ਲਈ ਹਰ ਕਿਸਮ ਦੀ ਭੰਨ ਤੋੜ ਕਰਦੇ ਹਨ।
ਅਫ਼ਸਰਸ਼ਾਹੀ
, ਭਾਵ ਕਾਰਜ ਪਾਲਿਕਾ ਨੂੰ ਲਾਲਚ ਦੇ ਕੇ, ਡਰਾ ਧਮਕਾਕੇ ਆਪਣੇ ਨਾਲ ਜੋੜਦੇ ਹਨ ਅਤੇ ਆਪਣੀ ਕੁਰਸੀ ਹਰ ਹੀਲੇ ਕਾਇਮ ਕਰ ਰਹੇ ਹਨ। ਭਾਵ ਦੇਸ਼ ਦੇ ਲੋਕਤੰਤਰ ਦੇ ਦੋ ਥੰਮ ਪਿਛਲੇ ਸੱਤ ਦਹਾਕਿਆਂ ਵਿੱਚ ਪਤਨ ਦੇ ਰਸਤੇ ਤੁਰਕੇ ਭਾਰਤੀ ਲੋਕਤੰਤਰ ਨੂੰ ਖੋਰਾ ਲਾਉਣ ਦੇ ਰਾਹ ਤੁਰੇ ਹਨ। ਅਸਲ ਵਿੱਚ ਦੇਸ਼ ਦੇ ਕੁਝ ਕੁ ਨੇਤਾ ਵਿਧਾਨ ਪਾਲਿਕਾ, ਕਾਰਜਪਾਲਿਕਾ ਉਤੇ ਹਾਵੀ ਹੋ ਕੇ, ਇਸ ਵੇਲੇ ਨਿਆਪਾਲਿਕਾ ਉਤੇ ਗਲਬਾ ਪਾਕੇ ਭਾਰਤੀ ਲੋਕਤੰਤਰ ਦੀ ਤਾਕਤ ਨੂੰ ਖਤਮ ਕਰਨਾ ਚਾਹੁੰਦੇ ਹਨ।
ਲੋਕਤੰਤਰ ਨੂੰ ਬਚਾਉਣ ਲਈ ਜਾਣਿਆ ਜਾਂਦਾ ਅਤੇ
ਇੱਕ ਚੌਕੀਦਾਰ ਵਜੋਂ ਜਾਗਦੇ ਰਹਿਣਾ ਬਈਓ ਦਾ ਹੋਕਾ ਦੇਣ ਵਾਲਾ ਬਹੁਤੀ ਭਾਰਤੀ ਪ੍ਰੈਸ,ਮੀਡੀਆ ਕਾਰਪੋਰੇਟ ਸੈਕਟਰ ਦੇ ਪੰਜੇ ਵਿੱਚ ਫਸਿਆ ਹੋਣ ਕਾਰਨ ਆਪਣੀ ਸਹੀ ਭੂਮਿਕਾ ਨਿਭਾਉਣ 'ਚ ਕਾਮਯਾਬ ਨਹੀਂ ਹੋ ਰਹੀ।
ਲੋਕ ਬੇਰੁਜ਼ਗਾਰ ਹਨ। ਲੋਕ ਭੁੱਖੇ ਹਨ। ਲੋਕਾਂ ਦੀਆਂ ਦਿਨਪ੍ਰਤੀ ਦਿਨ ਆਮਦਨ ਘੱਟ ਰਹੀ ਹੈ। ਲੋਕਾਂ ਦਾ ਜੀਊਣ ਦਾ ਪੱਧਰ ਨੀਵਾਂ ਹੋ ਰਿਹਾ ਹੈ। ਲੋਕ ਭੈੜੇ ਪ੍ਰਦੂਸ਼ਤ ਵਾਤਾਵਰਨ ' ਰਹਿਣ ਲਈ ਮਜ਼ਬੂਰ ਹਨ। ਕੁਲੀ ਗੁਲੀ ਜੁਲੀ ਦਾ ਪ੍ਰਬੰਧ ਕਰਨ 'ਚ ਭਾਰਤੀ ਗਣਤੰਤਰ ਦੇ ਹਾਕਮ ਇਹ ਕਹਿਕੇ ਬੇਬਸੀ ਪ੍ਰਗਟ ਕਰਦੇ ਹਨ ਕਿ  ਦੇਸ਼ ਦੀ ਆਬਾਦੀ ਵੱਧ ਰਹੀ ਹੈ ਇਤਨੇ ਲੋਕਾਂ ਲਈ ਸਿਹਤ, ਸਿੱਖਿਆ, ਰੋਟੀ ਦਾ ਪ੍ਰਬੰਧ ਕਰਨਾ ਸੌਖਾ ਨਹੀਂਪਰ ਜੇ ਕਿਧਰੇ ਸਹੀ ਢੰਗ ਨਾਲ ਦੇਸ਼ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹੁੰਦੀਆਂ, ਦੇਸ਼ ਦੇ ਕੁਦਰਤੀ ਸੋਮਿਆਂ ਦੀ ਸਹੀ ਵਰਤੋਂ ਕੀਤੀ ਹੁੰਦੀ, ਰੁਜ਼ਗਾਰ ਦੇ ਸਾਧਨ ਲੋਕਾਂ ਨੂੰ ਮੁਹੱਈਆ ਕਰਨੇ ਕੋਈ ਬਹੁਤਾ ਔਖਾ ਕੰਮ ਨਹੀਂ ਸੀ।
ਪਰ ਹਾਕਮਾਂ ਤਾਂ ਸਦਾ ਵੋਟਾਂ ਦੀ ਸਿਆਸਤ ਕੀਤੀ
, ਕੁਦਰਤੀ ਸੋਮਿਆਂ ਦੀ ਲੁੱਟ ਕੀਤੀ, ਅਤੇ ਆਪਣੀਆਂ ਝੋਲੀਆਂ ਧਨ ਨਾਲ ਭਰਨ ਨੂੰ ਤਰਜੀਹ ਦਿੱਤੀ। ਸਿੱਟਾ ਲੋਕ ਦਿਨੋ-ਦਿਨ ਗਰੀਬ ਹੋਏ ਅਤੇ ਨੇਤਾਵਾਂ ਦਾ ਵੱਡਾ ਵਰਗ ਕਾਰਪੋਰੇਟ ਜਗਤ ਦਾ ਹੱਥ ਠੋਕਾ ਬਣਕੇ ਅਮੀਰ ਹੋਇਆ।
ਭਾਰਤੀ ਗਣਤੰਤਰ ਦੇ ਕੁਝ ਇੱਕ ਸੂਬਿਆਂ ਨੂੰ ਛਡਕੇ ਬਹੁਤੇ ਸਾਰੇ ਸੂਬਿਆਂ ਵਿੱਚ ਧਰਮ ਨਿਰਧਾਰਤ ਰਾਜਨੀਤੀ ਦਾ ਬੋਲਬਾਲ ਹੋ ਚੁੱਕਾ ਹੈ। ਜਾਤ, ਬਰਾਦਰੀ ਦੇ ਨਾਮ ਉਤੇ ਨੇਤਾ ਆਮ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਲਾਕਾਵਾਦ ਭਾਰੂ ਹੋ ਚੁੱਕਾ ਹੈ। ਦੇਸ਼ ਦੇ ਕੁਝ ਨੇਤਾ "ਧਰਮ ਨਿਰਪੱਖ" ਲੋਕਤੰਤਰ ਨੂੰ ਖਤਮ ਕਰਨ ਦੇ ਬਿਆਨ ਦੇ ਰਹੇ ਹਨ। ਧਰਮ ਦੇ ਨਾਮ ਉਤੇ ਸ਼ਰੇਆਮ ਸਿਆਸਤ ਕੀਤੀ ਜਾ ਰਹੀ ਹੈ।
ਇਸ ਹਾਲਤ ਵਿੱਚ ਦੇਸ਼ ਦੇ ਧਰਮ ਨਿਰਪੱਖ
, ਸਮਾਜਵਾਦੀ, ਲੋਕਤੰਤਰਿਕ ਗਣਰਾਜ ਦਾ ਅਕਸ ਦੁਨੀਆ ਭਰ ਵਿੱਚ ਧੁੰਦਲਾ ਹੋਣਾ ਲਾਜ਼ਮੀ ਹੈ।
ਅੱਜ ਦੁਨੀਆਂ ਦੇ
ਸਭ ਤੋਂ ਵੱਡੇ ਮੰਨੇ ਜਾਂਦੇ ਲੋਕਤੰਤਰ ਨੂੰ  ਉਹਨਾ ਲੋਕਾਂ ਵਲੋਂ  ਇਸ ਨੂੰ ਹਿੰਦੂਰਾਸ਼ਟਰ ਬਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਹਨਾ ਦਾ ਆਜ਼ਾਦੀ ਸੰਗਰਾਮ ਵਿੱਚ ਕੋਈ ਹਿੱਸਾ ਹੀ ਨਹੀਂ ਸੀ। ਇਹੀ ਲੋਕ ਅੱਜ ਭਾਰਤੀ ਲੋਕਤੰਤਰ ਦੇ ਤਿੰਨੇ ਥੰਮਾਂ ਨੂੰ ਘੁਣ ਵਾਂਗਰ ਖਾ ਰਹੇ ਹਨ। ਭਾਰਤੀ ਲੋਕਤੰਤਰ ਸਾਹਮਣੇ "ਹਿੰਦੂ ਰਾਸ਼ਟਰ ਦਾ ਸੰਕਲਪ" ਮੂੰਹ ਅੱਡੀ ਖੜਾ ਹੈ,  ਜੋ ਇਸਨੂੰ ਨਿਗਲ ਜਾਣਾ ਚਾਹੁੰਦਾ ਹੈ। ਡਿਕਟੇਟਰਾਨਾ ਰੁਚੀਆਂ ਵਾਲੇ ਹਾਕਮ ਲੋਕਤੰਤਰਿਕ ਗਣਰਾਜ ਨੂੰ ਡਿਕਟੇਟਰਸ਼ਿਪ ਵਿੱਚ ਬਦਲਕੇ ਆਪਣੀ ਕੁਰਸੀ ਪੱਕੀ ਕਰਨਾ ਲੋਚਦੇ ਹਨ।
ਪਰ ਦੇਸ਼ ਦੇ
ਸੂਝਵਾਨ ਨੌਜਵਾਨ ਲੋਕਤੰਤਰ ਦੀ ਰਾਖੀ ਕਰਨ  ਲਈ ਦੇਸ਼ ਦੇ ਕੋਨੇ-ਕੋਨੇ 'ਚ ਇੱਕ ਲਹਿਰ ਵਾਂਗ ਸੰਗਿਠਤ ਹੋਕੇ , ਇਹਨਾ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਾਹਮਣੇ ਆ ਰਹੇ ਹਨ। ਲੋਕਤੰਤਰਿਕ ਭਾਰਤੀ ਗਣਤੰਤਰ ਦੇ ਪੈਂਡੇ ਭਾਵੇਂ ਵਿਖੜੇ ਹਨ, ਔਖੇ ਹਨ, ਪਰ ਭਾਰਤੀ ਸੰਵਿਧਾਨ ਦੀ ਬਣਤਰ ਤੇ ਸਮਰੱਥਾ ਕੁਝ ਐਸੀ ਹੈ ਕਿ ਲੋਕ ਰਾਜ ਦੇ ਤਿੰਨੇ ਥੰਮਾਂ 'ਚ ਬੈਠੀਆਂ ਬੇਈਮਾਨ ਤਾਕਤਾਂ ਵੀ ਸ਼ਾਇਦ ਇਸ ਲਈ ਕਦੇ ਵੀ ਵੱਡਾ ਖਤਰਾ ਨਾ ਬਣ ਸਕਣ।

      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.