ਕੌਣ ਧਰਦਾ ਤਸ਼ਤਰੀ ਵਿੱਚ ਤਾਜ ਨੂੰ
ਡੰਗ ਅਤੇ ਚੋਭਾਂ
ਖ਼ਬਰ ਹੈ ਕਿ ਦਿੱਲੀ ਦੀ ਦਲਦਲ ਵਿੱਚ ਫਸੇ ਹੋਏ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਚੋਣ ਕਮਿਸ਼ਨ ਵਲੋਂ ਉਸ ਫੈਸਲੇ ਨਾਲ ਲੱਗਾ ਹੈ, ਜਿਸ ਨੇ ਆਮ ਆਦਮੀ ਪਾਰਟੀ ਦੇ ਵੀਹ ਵਿਧਾਇਕਾਂ ਨੂੰ ਪਾਰਲੀਮਾਨੀ ਸੈਕਟਰੀ ਬਣਾਏ ਜਾਣ ਨੂੰ ਗਲਤ ਕਰਾਰ ਦੇ ਕੇ ਮੈਂਬਰੀ ਤੋਂ ਆਯੋਗ ਕਰਾਰ ਦੇ ਦਿੱਤਾ ਹੈ ਅਤੇ ਰਾਸ਼ਟਰਪਤੀ ਤੋਂ ਇਸ ਦੀ ਪ੍ਰਵਾਨਗੀ ਮਿਲ ਗਈ ਹੈ। ਦਿੱਲੀ ਵਿੱਚ ਨਿਯਮਾਂ ਅਨੁਸਾਰ ਇੱਕ ਪਾਰਲੀਮਾਨੀ ਸੈਕਟਰੀ ਬਣ ਸਕਦਾ ਹੈ ਅਤੇ ਉਹ ਵੀ ਮੁੱਖ ਮੰਤਰੀ ਨਾਲ ਪਰ ਕੇਜਰੀਵਾਲ ਨੇ ਇੱਕਠੇ ਵੀਹ ਵਿਧਾਇਕਾਂ ਨੂੰ ਇਹ ਕਲਗੀ ਲਗਾ ਦਿੱਤੀ। ਇਸ ਪਾਰਟੀ ਦੇ ਲੀਡਰਾਂ ਦਾ ਕਹਿਣਾ ਹੈ ਕਿ ਉਹਨਾ ਦੇ ਵਿਧਾਇਕ ਕੋਈ ਵਾਧੂ ਤਨਖਾਹ ਜਾਂ ਭੱਤਾ ਨਹੀਂ ਸਨ ਲੈਂਦੇ। ਅਤੇ ਨਾ ਹੀ ਕੋਈ ਹੋਰ ਲਾਭ ਲੈਂਦੇ ਸਨ, ਜਿਸਦੇ ਅਧਾਰ ਉਤੇ ਉਹਨਾ ਨੂੰ ਆਹੁਦੇ ਤੋਂ ਲਾਂਭੇ ਕੀਤਾ ਗਿਆ ਹੈ। ਮੋਦੀ ਨੇ ਉਹਨਾ ਨਾਲ ਧੋਖਾ ਕੀਤਾ ਹੈ ਅਤੇ ਉਹਨਾ ਦਾ ਤਾਜ ਖੋਹਣ ਦੀ ਸਾਜ਼ਿਸ਼ ਰਚੀ ਆ।
ਹੇਰਾ-ਫੇਰੀ ਦਾ ਦੂਜਾ ਨਾਮ? ਤਾਜ! ਧੋਖਾ-ਧੜੀ ਦਾ ਦੂਜਾ ਨਾਮ? ਤਾਜ! ਝੂਠ-ਫਰੇਬ, ਰਿਸ਼ਵਤਖੋਰੀ ਦਾ ਦੂਜਾ ਨਾਮ? ਤਾਜ!
ਜਦੋਂ ਸਿਰ ਤੇ ਤਾਜ ਹੋਵੇ, ਉਦੋਂ ਧਰਤੀ ਤਾਂ ਦੀਹਦੀ ਹੀ ਨਹੀਂ! ਜਦੋਂ ਸਿਰ ਤੇ ਤਾਜ ਹੋਵੇ, ਉਦੋਂ ਲੋਕ ਤਾਂ ਕੀੜੇ ਮਕੌੜੇ ਜਾਪਦੇ ਆ। ਅਤੇ ਭਾਈ ਤਾਜ ਉਵੇਂ ਥੋੜਾ ਮਿਲਦਾ, ਇਹ ਤਾਂ ਖੋਹਣਾ ਪੈਂਦਾ! ਲੜ ਲਉ, ਭਿੜ ਲਉ ਤੇ ਤਾਜ ਜਿੱਤ ਲਉ! ਧੋਖਾ ਕਰੋ, ਲੂੰਬੜ-ਚਾਲ ਚਲੋ, ਫਿਰ ਤਾਜ ਹਥਿਆ ਲਉ। ਤਾਜ ਤਾਂ ਜਿੱਤਿਆ ਜਾਂਦਾ, ਤਾਜ ਤਾਂ ਹਥਿਆਇਆ ਜਾਂਦਾ ਹੈ, ਤਾਜ ਤਾਂ ਖੋਹਿਆ ਜਾਂਦਾ ਹੈ, ਤਾਜ ਤਾਂ ਪਾਇਆ ਜਾਂਦਾ।
ਤੇ ਆਹ ਆਪਣੇ ਉਪਰਲੇ ਹਾਕਮ ਤਾਂ ਹੈ ਹੀ ਧੋਖਾ-ਧੜੀ ਦੀ ਪੈਦਾਇਸ਼ ਜੀਹਨੂੰ ਚਾਹੁੰਦੇ ਆ ਝਟਕਾ ਦਿੰਦੇ ਆ। ਉਹਨਾ ਨੂੰ ਉਲਾਹਮ ਕਾਹਦਾ? ਤੇ ਘੱਟ ਭਾਈ ਆਹ ਆਪਣਾ ਕੇਜਰੀਵਾਲ ਵੀ ਕਿਥੋਂ ਆ, ਤਾਜ ਦੇਣ-ਲੈਣ ਦੇ ਮਾਮਲੇ 'ਤੇ ਜਿਹਨੂੰ ਚਾਹੁੰਦਾ ਝਟਕ ਦੇਂਦਾ। ਫਿਰ ਜ਼ਰੂਰ ਕੇਜਰੀਵਾਲ ਨੂੰ ਕਿਸੇ ਕਵੀ ਦੀ ਲਿਖੀ ਗੱਲ ਇਸ ਵੇਲੇ ਯਾਦ ਆਈ ਹੋਊ "ਕੌਣ ਧਰਦਾ ਤਸ਼ਤਰੀ ਵਿੱਚ ਤਾਜ ਨੂੰ, ਤਾਜ ਲਈ ਤਲਵਾਰ ਚਲਦੀ ਜਾਂ ਫਿਰ ਧੋਖਾ-ਧੜੀ"।
ਨਾ ਛੇੜੀ ਕਹਾਣੀ ਦਰਦਾਂ ਦੀ, ਅਜੇ ਜ਼ਖ਼ਮ ਜਿਗਰ ਦੇ ਅੱਲੇ ਨੇ
ਖ਼ਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬੀਤੇ ਹਫ਼ਤੇ ਦੋ ਵੱਡੇ ਸਿਆਸੀ ਝਟਕੇ ਲੱਗੇ ਹਨ। ਪਹਿਲਾ ਤਾਂ ਇਹ ਹੈ ਕਿ ਉਸ ਨੂੰ ਆਪਣੇ ਬਹੁਤੇ ਹੀ ਨਜ਼ਦੀਕੀ ਸਿਆਸੀ ਨੇਤਾ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਮਨਜ਼ੂਰ ਕਰਨਾ ਪਿਆ, ਜਿਸ ਉਤੇ ਰੇਤਾ ਖਨਣ ਸਬੰਧੀ ਕਈ ਇਲਜ਼ਾਮ ਸਨ ਅਤੇ ਦੂਸਰਾ ਕੈਪਟਨ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁੱਕਤੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਸਬੰਧੀ ਟਿੱਪਣੀ ਕਰਦਿਆਂ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਕੈਪਟਨ ਦੀ ਸੱਜੀ ਬਾਂਹ ਜਾਂ ਸੱਜੀ ਮੁੱਛ ਦਾ ਵਾਲ ਸੀ ਅਤੇ ਉਸਨੂੰ ਰਾਣਾ ਦੀਆਂ ਸਾਰੀਆਂ ਗੁੱਝੀਆਂ ਗੱਲਾਂ ਦੀ ਜਾਣਕਾਰੀ ਹੈ। ਕੈਪਟਨ ਸਾਹਿਬ ਇਸ ਗੱਲ ਤੇ ਚੁੱਪ ਰਹੇ।
ਹਾਲੇ ਤਾਂ ਵਰ੍ਹਾ ਵੀ ਨਹੀਂ ਬੀਤਿਆ, ਸ਼ਗਨਾਂ ਦਾ।
ਹਾਲੇ ਤਾਂ ਸੱਜ ਵਿਆਹੀ ਦੇ ਚਾਅ-ਮਲਹਾਰ ਵੀ ਪੂਰੇ ਨਹੀਂ ਹੋਏ।
ਹਾਲੇ ਤਾਂ ਲਾਲ ਕਲੀਰੇ ਵੀ ਛਮ ਛਮ ਕਰਦੇ ਆ।
ਹਾਲੇ ਤਾਂ ਝਾਜਰਾਂ ਦਾ ਛਣਕਾਟਾ ਵੀ ਜਿਵੇਂ ਦਾ ਤਿਵੇਂ ਆਂ।
ਅਤੇ ਆਹ ਉਪਰੋਂ ਪਤਾ ਨਹੀਂ ਕਿਥੋਂ ਆ ਵਿੱਜ ਪਈ ਆ। ਸਹੀ ਆਖਦੇ ਆ ਸਿਆਣੇ ਸ਼ਰੀਕ ਕਾਹਨੂੰ ਟਿਕਣ ਦਿੰਦੇ ਆ। ਕਿਥੇ ਕਿਸੇ ਦੀਆਂ ਖੁਸ਼ੀਆਂ ਦੇਖੀਆਂ ਜਾਂਦੀਆਂ ਦੂਜਿਆਂ ਤੋਂ? ਆਪਣੇ "ਆਪ" ਵਾਲਿਆਂ ਤਾਂ ਦੀਵਾਲੀ ਮਨਾਉਣੀ ਸੀ, ਹੋਰਨਾਂ ਵੀ ਘਿਉ ਦੇ ਦੀਵੇ ਬਾਲਣੇ ਸੀ।
ਪਰ ਆਹ "ਬਾਪੂ" ਜੀ ਦੀ ਗੱਲ ਨਹੀਉਂ ਲੋਕਾਂ ਦੇ ਖਾਨੇ ਪਈ, ਜਿਹਦੇ ਮੰਤਰੀਆਂ, ਸੰਤਰੀਆਂ, ਆਗੂਆਂ, ਹਜ਼ਾਰਾਂ ਤੱਦੀਆਂ ਕੀਤੀਆਂ, ਲੁੱਟਾਂ-ਮਾਰਾਂ ਕੀਤੀਆਂ, ਖਜ਼ਾਨੇ ਨੂੰ ਧੂ ਪਾ ਛੱਡੀ ਤੇ ਬਾਪੂ ਜੀ ਚੁੱਪ ਕਰਕੇ "ਪੰਜਾਬ ਦੀ ਲੁੱਟ" ਦਾ ਤਮਾਸ਼ਾ ਵੇਖਦੇ ਰਹੇ।
ਐਨਾ ਕੁ ਤਾਂ ਆਪਣੇ "ਕੈਪਟਨ", ਜਿਹੜਾ ਉਸਦੀ ਪੱਤ ਬਚਾਕੇ ਬੈਠਾ, ਦਾ ਲਿਹਾਜ਼ ਕਰ ਲੈਂਦੇ, ਜਿਹਦਾ ਦਿਲ ਮੁਰਝਾਇਆ ਪਿਆ, ਕੁਮਲਾਇਆ ਪਿਆ ਤੇ ਜਿਹੜਾ ਆਖਦਾ ਪਿਆ,
"ਨਾ ਛੇੜ ਕਹਾਣੀ ਦਰਦਾਂ ਦੀ, ਅਜੇ ਜ਼ਖ਼ਮ ਜਿਗਰ ਦੇ ਅੱਲੇ ਨੇ"।
ਤੂੰ ਉਦੋਂ ਤੱਕ ਕਿੱਕਰਾਂ ਦੇ ਫੁੱਲ ਹੀ ਸਵੀਕਾਰ ਕਰ
ਖ਼ਬਰ ਹੈ ਕਿ ਸੂਬੇ ਪੰਜਾਬ ਦੀ ਮਾੜੀ ਵਿੱਤੀ ਹਾਲਤ ਅਤੇ ਕਰਜ਼ੇ ਦੇ ਭਾਰ ਨੇ ਸ਼ਾਹੀ ਸਰਕਾਰ ਦੇ ਇੰਨੀ ਬੁਰੀ ਤਰ੍ਹਾਂ ਹੱਥ ਖੜੇ ਕਰਾ ਰੱਖੇ ਹਨ ਕਿ ਨਵੇਂ ਵਿਕਾਸ ਪ੍ਰਾਜੈਕਟ ਸ਼ੁਰੂ ਕਰਨੇ ਤਾਂ ਦੂਰ ਦੀ ਗੱਲ ਜਿਹੜੇ ਪਹਿਲਾਂ ਚੱਲ ਰਹੇ ਸਨ, ਉਹਨਾ ਨੂੰ ਵੀ ਬਰੇਕਾਂ ਲਗਾ ਦਿੱਤੀਆਂ ਹਨ। ਹਾਲਾਤ ਇੰਨੇ ਖਰਾਬ ਚੱਲ ਰਹੇ ਹਨ ਕਿ ਪੰਜਾਬ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਲਈ ਪੈਸੇ ਦੇ ਜੋੜ-ਤੋੜ ਦਾ ਜੁਗਾੜ ਕਰਨਾ ਵੀ ਵੱਡੀ ਚੁਣੌਤੀ ਬਣ ਜਾਂਦਾ ਹੈ। ਖਾਲੀ ਖਜ਼ਾਨੇ ਕਾਰਨ ਕੈਪਟਨ ਅਮਰਿੰਦਰ ਸਿੰਘ ਦਾ ਸਪੱਸ਼ਟ ਹੁਕਮ ਹੈ ਕਿ ਬਿਨ੍ਹਾਂ ਪੈਸਿਆਂ ਤੋਂ ਆਪੋ-ਆਪਣੇ ਮਹਿਕਮਿਆਂ ਦੀਆਂ ਸਕੀਮਾਂ ਚਲਾਓ ਅਤੇ ਕੇਂਦਰੀ ਸਕੀਮਾਂ ਸਹਾਰੇ ਸਰਕਾਰ ਦੀ ਬੱਲੇ-ਬੱਲੇ ਕਰਾਓ। ਖ਼ਬਰ ਇਹ ਵੀ ਹੈ ਕਿ ਸਰਕਾਰ ਸਿਰ ਕਰਜ਼ੇ ਦੀ ਪੰਡ ਦੋ ਲੱਖ ਕਰੋੜ ਤੱਕ ਪਹੁੰਚਣ ਦੇ ਕੰਢੇ ਹੈ।
ਜੇਕਰ ਸਰਕਾਰੀ ਖਜ਼ਾਨਾ ਖਾਲੀ ਆ ਭਾਊ, ਤਾਂ ਮੰਤਰੀਆਂ, ਵੱਡੇ ਅਫ਼ਸਰਾਂ, ਸਲਾਹਕਾਰਾਂ ਦੀਆਂ ਗੱਡੀਆਂ ਕਿਥੋਂ ਚੱਲਦੀਆਂ ਆਂ? ਜੇਕਰ ਸਰਕਾਰੀ ਖਜ਼ਾਨਾ ਖਾਲੀ ਆ ਭਾਊ, ਤਾਂ ਕਰੋੜਾਂ ਖਰਚਕੇ ਵੱਡੇ ਵੱਡੇ "ਕਰਜ਼ਾ ਮੁਆਫੀ" ਸਮਾਗਮ ਕਿਵੇਂ ਕਰਵਾਏ ਜਾ ਰਹੇ ਹਨ, ਜਿਥੇ ਛੇ ਛੇ ਫੁੱਟੇ ਗੱਤੇ ਦੇ ਚੈਕ ਕਿਸਾਨਾਂ ਦੇ ਮੱਥੇ ਮੜੇ ਜਾ ਰਹੇ ਆ। ਸੈਕੜਿਆਂ, ਹਜ਼ਾਰਾਂ ਦੇ ਚੈਕ ਆ ਉਹਨਾਂ ਦੇ ਖਾਤੇ 'ਚ ਕਿਉਂ ਨਹੀਂ ਪਾ ਰਹੇ?ਜੇਕਰ ਸਰਕਾਰੀ ਖਜ਼ਾਨਾ ਖਾਲੀ ਆ ਭਾਊ, ਤਾਂ ਨਿੱਤ ਨਵੇਂ ਬਿਆਨ ਕਿਵੇਂ ਦਾਗੇ ਜਾ ਰਹੇ ਆ, "ਸੜਕਾਂ ਬਣਾ ਦਿਆਂਗੇ, ਪੁੱਲ ਉਸਾਰ ਦਿਆਂਗੇ, ਪੈਨਸ਼ਨਾਂ ਵਧਾ ਦਿਆਂਗੇ, ਸਕੂਲ ਖੋਹਲ ਦਿਆਂਗੇ"।
ਅਸਲ 'ਚ ਤਾਂ ਭਾਈ ਨੀਤੀ ਦੇ ਨਾਲ-ਨਾਲ ਨੀਅਤ ਵੀ ਖਰਾਬ ਆ ਹਾਕਮਾਂ ਦੀ। ਜਿਹੜੇ ਆਪ ਡਕਾਰੀ ਜਾਂਦੇ ਆ, ਤੇ ਲੋਕਾਂ ਨੂੰ ਢਿੱਡਾਂ ਤੇ ਪੱਟੀ ਬੰਨ੍ਹਕੇ ਦਿਨ ਕਟੀ ਕਰਨ ਦੀ ਨਸੀਹਤਾਂ ਦੇਈ ਜਾਂਦੇ ਆ। ਤੇ ਏ.ਸੀ. ਕਮਰਿਆਂ 'ਚ ਬੈਠਕੇ, ਮਗਰਮੱਛ ਦੇ ਅਥਰੂ ਵਹਾ, ਲਾਰਾ ਲੱਪਾ ਲਾ, ਮਾੜੇ ਮੋਟੇ ਨਾਲ ਲੋਕਾਂ ਨੂੰ ਗੁਜਾਰਾ ਕਰਨ ਦੀ ਸਲਾਹ ਕੁਝ ਇੰਜ ਦੇਈ ਜਾਂਦੇ ਆ,
"ਤੂੰ ਉਦੋਂ ਤੱਕ ਕਿੱਕਰਾਂ ਦੇ ਫੁੱਲ ਹੀ ਸਵੀਕਾਰ ਕਰ,
ਹੈ ਨਹੀਂ ਜਦ ਤੀਕ ਸਾਡੀ ਪਹੁੰਚ ਵਿੱਚ ਸੂਹੇ ਗੁਲਾਬ"।
ਉਹ ਤਾਂ ਧੋਖੇ ਨਾਲ ਕਰ ਰਹੇ ਨੇ ਹਾਰ ਜਿੱਤ ਦੇ ਫੈਸਲੇ
ਖ਼ਬਰ ਹੈ ਕਿ ਭਾਰਤੀ ਬਜਟ 2018-19 ਦੇ ਦਸਤਾਵੇਜਾਂ ਦੀ ਪ੍ਰਿੰਟਿੰਗ ਦੀ ਪ੍ਰਕਿਰਿਆ ਹਲਵਾ ਸੈਰੇਮਨੀ ਦੀ ਰਸਮ ਨਾਲ ਸ਼ੁਰੂ ਹੋ ਗਈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਹਲਵਾ ਸੈਰਮਨੀ 'ਚ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਹਲਵਾ ਖੁਆਕੇ ਬਜਟ ਦੀ ਪ੍ਰੀਕਿਰਿਆ ਦੀ ਸ਼ੁਰੂਆਤ ਕੀਤੀ। ਇਸਦੇ ਨਾਲ ਪ੍ਰਿੰਟਿੰਗ ਪ੍ਰੈਸ ਦੇ ਕਈ ਕਰਮਚਾਰੀਆਂ ਸਮੇਤ ਵਿੱਤ ਵਿਭਾਗ ਦੇ 100 ਅਧਿਕਾਰੀਆਂ ਨੂੰ ਬਜਟ ਪੇਸ਼ ਹੋਣ ਤੱਕ ਨਜ਼ਰ ਬੰਦ ਕਰ ਦਿੱਤਾ ਜਾਵੇਗਾ। ਹਲਵਾ ਸੈਰੇਮਨੀ ਦੇ ਅਧੀਨ ਮੌਜੂਦਾ ਵਿੱਤ ਮੰਤਰੀ ਖੁਦ ਬਜਟ ਨਾਲ ਜੁੜੇ ਕਰਮਚਾਰੀਆਂ, ਬਜਟ ਦੀ ਛਪਾਈ ਨਾਲ ਜੁੜੇ ਕਰਮਚਾਰੀਆਂ ਅਤੇ ਵਿੱਤ ਅਧਿਕਾਰੀਆਂ ਨੂੰ ਹਲਵਾ ਵੰਡਦੇ ਹਨ।
ਬਜਟ ਦੇ ਟੋਕਰੇ ਵੱਡੇ ਹਨ। ਇੱਕ ਵੱਡਾ ਹਰਾ ਟੋਕਰਾ ਕਾਰਪੋਰੇਟੀਆਂ ਦਾ। ਇੱਕ ਵੱਡਾ ਨੀਲਾ ਟੋਕਰਾ ਉਦਯੋਗਪਤੀਆਂ ਦਾ। ਇੱਕ ਹੋਰ ਵੱਡਾ ਪੀਲਾ ਟੋਕਰਾ ਮੁਲਾਜ਼ਮਾਂ ਦਾ, ਮੰਤਰੀਆਂ ਦਾ। ਅਤੇ ਇਸ ਤੋਂ ਵੀ ਵੱਡਾ ਚਿੱਟਾ ਟੋਕਰਾ ਵੋਟਾਂ ਵਾਲਿਆਂ ਦਾ। ਇਸ ਵੱਡੇ ਚਿੱਟੇ ਟੋਕਰੇ ਵਿੱਚ ਬਿਰਧ ਦੀਵਾਰਾਂ ਨੂੰ ਧਰਵਾਸ ਦਿੰਦੇ ਬੋਲ ਨੇ। ਇਸ ਵੱਡੇ ਚਿੱਟੇ ਟੋਕਰੇ ਵਿੱਚ ਲੋਕਾਂ ਦੇ ਚਾਅ ਸੱਧਰਾਂ ਮਿੱਧਣ ਅਤੇ ਚੋਣਾਂ 'ਚ ਜਿੱਤਾਂ ਪ੍ਰਾਪਤ ਕਰਨ ਦੇ ਫਾਰਮੂਲੇ ਹਨ।
ਤਦੇ ਭਾਈ ਮੰਤਰੀ ਹਲਵਾ ਵੰਡਦੇ ਹਨ। ਮੰਤਰੀ ਹਲਵਾ ਵੰਡਣਗੇ, ਤਦੇ ਲੋਕਾਂ ਦੇ ਘਰੀਂ, ਮਿੱਠਾ ਮਹੁਰਾ ਪਹੁੰਚਾਉਣਗੇ ਇਹ ਮੰਤਰੀ।
ਹਲਵਾ ਵੰਡਣਗੇ ਮੰਤਰੀ, ਤਦੇ ਲੋਕਾਂ ਨੂੰ ਉਹਨਾ ਦੇ ਸੰਤਰੀ ਨਹਿਰਾਂ, ਤਲਾਬ ਵੰਡਣਗੇ।
ਬਜਟ ਵਿੱਚ, ਜਿਥੋਂ ਤਿਹਾਇਆਂ ਨੂੰ ਕੋਰਾ ਜਵਾਬ ਮਿਲੂ। ਇਹ ਨਕਲੀ ਸੁਫਨੇ ਥੋਕ ਦੇ ਭਾਅ,
ਜਦੋਂ ਤੱਕ ਵੱਡੀਆਂ ਵੱਡੀਆਂ ਟੋਕਰੀਆਂ 'ਚ ਮੰਤਰੀ ਵੰਡਣਗੇ ਉਦੋਂ ਲੋਕਾਂ ਤੱਕ ਪੁੱਜਦੇ ਇਹ ਗਲੇ-ਸੜੇ ਸੁਫ਼ਨੇ ਤਾਂ ਕਿਰਨ-ਕਿਰਨ ਹੋ ਜਾਣੇ ਆ।
ਪਰ ਪਤਾ ਨਹੀਂ ਕਦੋਂ ਲੋਕਾਂ ਨੂੰ ਸਮਝ ਆਉਣੀ ਆ, "ਇਹ ਸੁਫਨੇ ਤਾਂ ਧੋਖੇ ਨਾਲ ਹਾਰ ਜਿੱਤ ਦੇ ਫਾਸਲੇ ਤਹਿ ਕਰਨ ਲਈ ਹਨ, ਵੋਟਾਂ 'ਚ ਜਿੱਤ ਖਾਤਰ, ਕੁਰਸੀ ਸਾਂਭਣ ਖਾਤਰ!
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਕੁਲ ਮਿਲਾਕੇ ਦੇਸ਼ ਦੇ ਦੋ ਕਰੋੜ ਅਠਾਹਟ ਲੱਖ ਲੋਕ ਅਪਾਹਜ ਹਨ।
ਅੱਜ ਦਾ ਵਿਚਾਰ
ਸਭਿਅਕ ਸਮਾਜ ਵਿੱਚ ਕਾਨੂੰਨ ਦਾ ਰਾਜ ਇੱਕ ਮਹੱਤਵਪੂਰਨ ਤੱਤ ਹੁੰਦਾ ਹੈ------------ ਮੋ ਇਬਰਾਹੀਮ