< = ‘ਆਮ ਇੰਸਾਨ’ = >
ਇੱਕ ਬੰਦੇ ਕੋਲੋਂ ਘਰ ਦੀ ਟੂਟੀ ਨਹੀਂ ਬਦਲ ਹੁੰਦੀ, ਪਰ ਉਹ ਕਹਿੰਦਾ ਪੁਲਾਂੜੀ ਰਾਕਟ ਭੇਜਣ ਵਾਲੇ? ਓ ਆਮ ਈ ਆਂ ਯਾਣੀ ਮੇਰੇ ਕੁ ਵਰਗੇ ਹੀ! ਦੋ ਈ ਤਾਂ ਟੰਗਾਂ ਉਨ੍ਹਾਂ ਦੇ ਨੇ!
ਪਿੰਡ ਵਾਲੇ ਕਿਸੇ ਨੂੰ ਪੁੱਛੋ ਉਪਰ ਸੁੱਟੀ ਚੀਜ ਹੇਠਾਂ ਕਿਉਂ ਡਿੱਗਦੀ ਉਹ ਕਹੇਗਾ ਹੇਠੋਂ ਗਈ ਹੇਠਾਂ ਹੀ ਡਿੱਗੇਗੀ ਹੋਰ ਇਹ ਕਿਹੜੇ ਭੀਮ ਦੇ ਹਾਥੀ ਸਨ? ਪਰ ਨਿਊਟਨ ਨੇ ਦੱਸਿਆ ਤਾਂ ਗੱਲ ਹੋਰ ਨਿਕਲੀ! ਕੋਈ ਫਰਕ ਤਾਂ ਹੋਵੇਗਾ ਹੀ ਆਮ ਅਤੇ ਉਸ ਵਿਚ!
ਇੱਕ ਬੰਦਾ ਸਿਪਾਹੀ ਭਰਤੀ ਹੁੰਦਾ ਤੇ ਸਾਰੀ ਉਮਰ ਸਲੂਟ ਮਾਰਦਾ ਸਿਪਾਹੀ ਹੀ ਮਰ ਜਾਂਦਾ। ਦੂਜਾ ਆਉਂਦਾ ਪੰਜ-ਸੱਤ ਸਾਲਾਂ ਵਿਚ ਹੀ ਕਰਨਲ, ਜਰਨਲ, ਅਫਸਰ ਬਣ ਕੇ ਉਸੇ ਤੇ ਹੁਕਮ ਚਲਾਉਂਣ ਲੱਗ ਜਾਂਦਾ!
ਸਕੇ ਭਰਾਵਾਂ ਚੋਂ ਇੱਕ ਡਾਕਟਰ ਬਣ ਜਾਂਦਾ ਦੂਜਾ ਸਾਰੀ ਉਮਰ ਡੰਗਰ ਹੀ ਚਾਰਦਾ ਰਹਿੰਦਾ ਜਦ ਕਿ ਮੌਕੇ ਦੋਹਾਂ ਨੂੰ ਇੱਕੋ ਜਿਹੇ ਮਿਲੇ ਸਨ। ਡਾਕਟਰ ਵਾਲੇ ਵਿੱਚ ਕੋਈ ਤਾਂ ਖਾਸੀਅਤ ਹੋਵੇਗੀ ਹੀ।
ਇਤਿਹਾਸ ਵੰਨੀ ਮੁੜੋ-
ਸਾਧ ਦੇ ਬਾਣੇ ਵਿਚ ਬੰਦੇ ਵੱਢ ਵੱਢ ਖੂਹਾਂ ਵਿਚ ਸੁਟਣ ਵਾਲਾ ਪੱਕਿਆ ਹੋਇਆ ਕਾਤਲ ਬਾਬਾ ਜੀ ਨੂੰ ਲੁੱਟਣ ਆਇਆ ਖੁਦ ਹੀ ਲੁੱਟ ਹੋ ਜਾਂਦਾ, ਉਹ ਵੀ ਇੱਕੋ ਰਾਤ ਵਿਚ? ਸੱਜਣ ਨੂੰ 'ਲੁੱਟਣ' ਵਾਲਾ ਕੀ ਮੇਰੇ ਵਰਗਾ ਸੀ? ਆਮ?
ਬ੍ਰਾਹਮਣ ਤੇ ਮੁਗਲ ਦੇ ਦੋਂਹ ਪੁੜਾਂ ਵਿਚ ਪਿੱਸ ਰਿਹਾ ਮਨੁੱਖ, ਬ੍ਰਾਹਮਣ ਦੇ ਰਾਹੂ ਕੇਤੂ ਵੀ ਵਗਾਹ ਮਾਰਦਾ ਤੇ ਮੁਗਲ ਅੱਗੇ ਵੀ ਬਰਛਾ ਗੱਡ ਕੇ ਖੜ ਜਾਂਦਾ! ਪਰ ਤੱਕੜੀਆਂ ਵਾਲੇ ਹੱਥੀਂ ਬਰਛੇ ਫੜਾਉਂਣ ਵਾਲਾ ਆਮ ਤਾਂ ਹੋ ਨਹੀਂ ਸਕਦਾ!
ਹਿਰਨੀ ਮਰਨ ਤੇ ਸਾਧ ਹੋ ਗਿਆ ਅਤੇ ਕੀੜੀ ਮਾਰਨ ਤੋਂ ਡਰਦਾ ਮਾਧੋਦਾਸ ਬੰਦਾ ਸਿੰਘ ਬਣਕੇ ਭੱਥੇ ਤੀਰ ਪਾ ਤੁਰ ਪੈਂਦਾ ਹੈ ਤੇ ਚੀਰ ਚੀਰ ਸੁੱਟਦਾ ਦੁਸ਼ਮਣਾ ਨੂੰ ਮੈਦਾਨ ਵਿਚ! ਪੂਰੇ ਮੁਲਖ ਦੀ ਬਾਦਸ਼ਾਹੀ ਉਸ ਮਗਰ ਕ੍ਰਿਪਾਨਾ ਨੇਜੇ ਕੱਢੀ ਫਿਰ ਰਿਹੀ। ਕੋਈ ਖਾਸ ਗੱਲ ਤਾਂ ਸੀ ਉਸ ਵਿਚ। ਪਰ ਉਸ ਦੀ ਖਾਸੀਅਤ ਨੂੰ ਕਿਥੇ ਨਦੇੜ ਜਾ ਕੇ ਪਰਖਣ ਵਾਲਾ?
ਡੱਲਾ ਕਹਿੰਦਾ ਜੇ ਮੈਂ ਹੁੰਦਾ! ਤਾਂ ਬਾਬਾ ਜੀ ਕਹਿੰਦੇ ਚਲ ਫਿਰ ਹੋ ਅੱਗੇ ਗੋਲੀ ਪਰਖਣੀ। ਅਗਾਂਹ ਵਧੂ ਡੱਲਾ ਲੱਭੇ ਨਾ। ਤੇ ਉਧਰ ਦੋ ਸਿੱਖ ਹੱਥੋਪਾਈ ਹੋਈ ਜਾਣ ਕਿ ਗੋਲੀ ਮੂਹਰੇ ਪਹਿਲਾਂ ਮੈਂ ਜਾਣਾ। ਜਿਸ ਦੀ ਗੋਲੀ ਖਾਣ ਲਈ ਤਰਸਿਆ ਜਾ ਰਿਹੈ ਉਹ ਕੌਣ ਸੀ? ਆਮ?
ਮੈਂ ਅਪਣੇ ਕੱਦ ਦੇ ਹਿਸਾਬ ਗੁਰੂ ਨੂੰ ਪਰਖਦਾਂ। ਮੇਰਾ ਖੁਦ ਦਾ ਕੱਦ ਕਿਉਂਕਿ ਬਹੁਤ ਬੌਣਾ, ਤਾਂ ਮੇਰੇ ਹੱਥ ਫੀਤਾ ਵੀ ਕੱਦ ਮੁਤਾਬਕ ਹੀ ਹੋਵੇਗਾ ਨਾ। ਛੋਟਾ ਕੱਦ ਫੀਤਾ ਵੀ ਹੱਥ ਇੰਚਾਂ ਵਾਲਾ ਹੀ ਹੋਵੇਗਾ ਨਾ! ਬੌਣਾ ਬੰਦਾ ਵੱਡੀ ਗੱਲ ਕਿਵੇਂ ਕਰੇਗਾ। ਕਰ ਸਕਦਾ ਹੀ ਨਹੀਂ। ਅਪਣੀ ਸਮਝ ਤੋਂ ਪਰ੍ਹੇ ਉਹ ਕਿਵੇਂ ਵੇਖ ਸਕਦਾ।
ਵਿਕਾਸ ਹੀ ਨਹੀਂ ਹੋਇਆ ਬੁੱਧੀ ਦਾ! ਯਾਦ ਰਹੇ ਕਿ ਬੁੱਧੀ ਦਾ ਵਿਕਾਸ ਹੋਣਾ ਹੋਰ ਗੱਲ ਪਰ ਕੇਵਲ ਕਿਤਾਬਾਂ ਪੜ੍ਹ ਕੇ ਗਿਆਨ ਆ ਜਾਣਾ ਹੋਰ। ਇਕੱਲੇ ਅੱਖਰ ਹੀ ਜੇ ਬੰਦੇ ਦੀ ਸਮਝ ਨੂੰ ਵੱਡਾ ਕਰ ਸਕਦੇ ਹੁੰਦੇ ਤਾਂ ਪੰਡਤ ਬਹੁਤ ਵੱਡਾ ਹੋਣਾ ਚਾਹੀਦਾ ਸੀ। ਪਰ ਅੱਖਰਾਂ ਦੇ ਭਾਰ ਨੇ ਪੰਡਤ ਨੂੰ ਬਹੁਤ ਛੋਟਾ ਕਰੀ ਰੱਖਿਆ ਇਨਾ ਛੋਟਾ ਕਿ ਉਸ ਮਨੁੱਖਤਾ ਵੀ ਬੌਣੀ ਕਰ ਮਾਰੀ!
ਬੌਣਾ ਬੰਦਾ ਜਦ ਅੱਖਰਾਂ ਦੀ ਪੰਡ ਵੱਡੀ ਚੁੱਕੇਗਾ ਤਾਂ ਚੀਕਾਂ ਤਾਂ ਨਿਕਲਣਗੀਆਂ ਹੀ ਨਾ! ਸਾਡੇ ਅਗਾਂਹ ਵਧੂ ਬੌਣਿਆਂ ਦੀ ਗੱਲਾਂ ਚੀਕਾਂ ਹੀ ਤਾਂ ਹਨ, ਜਿਹੜੇ ਫੀਤੇ ਲਾ ਲਾ ਗੁਰੂ ਦਾ ਵੀ ਕੱਦ ਮਿਣ ਰਹੇ ਹਨ ਕਿ ਆਮ ਕਿਹੜਾ ਤੇ ਖਾਸ ਕੌਣ?
ਮੈਂ ਕਹਿੰਨਾ ਮੈਂ ਅਗਾਂਹ ਵਧਣਾ ਚਾਹੁੰਦਾ। ਮੈਂ ਪਹਿਲਾਂ ਹੀ ਪਛੜ ਗਿਆ ਹੋਇਆ ਹਾਂ। ਬਾਕੀ ਲੋਕ ਸਾਨੂੰ ਪਿਛਾਂਹ ਖਿੱਚ ਰਹੇ ਹਨ। ਮੈਂ ਚੰਨ ਤਾਰਿਆਂ ਦੀ ਸੈਰ ਨੂੰ ਜਾ ਰਿਹਾਂ ਇਹ ਸਾਨੂੰ 16ਵੀਂ 17ਵੀਂ ਸਦੀ ਵਿਚ ਘੜੀਸੀ ਫਿਰਦਾ ਰੱਖਣਾ ਚਾਹੁੰਦੇ। ਪਰ ਮੈਂ ਭੁੱਲ ਜਾਨਾ ਕਿ ਮੈਂ ਜਿੰਨਾ ਮਰਜੀ ਉੱਚਾ ਉੱਡੀ ਫਿਰਾਂ ਸਾਹ ਲੈਣ ਲਈ ਲੋੜ ਮੈਨੂੰ ਧਰਤੀ ਦੀ ਹੀ ਪੈਣੀ। ਮੈਨੂੰ ਉੱਚਾ ਉੱਡਣ ਲਈ ਖੰਭ ਧਰਤੀ ਨੇ ਹੀ ਦਿੱਤੇ। ਤਾਕਤ ਮੇਰੀ ਧਰਤੀ ਵਿਚ ਹੀ ਹੈ ਪਰ ਮੈਂ ਕਹਿੰਨਾ ਕਿਹੜੀ ਧਰਤੀ? ਮੈਂ ਅਕਾਸ਼ਾਂ ਦੀ ਗੱਲ ਕਰ ਰਿਹੈ ਇਹ ਕਿਹੜੀ ਧਰਤੀ ਚੁੱਕੀ ਫਿਰਦੇ! ਹੈਂਅ?
ਅਗਾਂਹ ਵਧੋ ਕੌਣ ਰੋਕਦਾ, ਪਰ ਕਾਮਰੇਡਾਂ ਜਿੰਨਾ ਅਗਾਂਹ ਤੁਸੀਂ ਨਹੀਂ ਵੱਧ ਸਕਦੇ। ਕੁੱਲ ਦੁਨੀਆਂ ਦਾ, ਧਰਤੀ ਦਾ ਗਿਆਨ ਚੁੱਕੀ ਫਿਰਦੇ ਉਹ। ਗਿਆਨ ਦੇ ਮਾਮਲੇ ਉਨ੍ਹਾਂ ਮੁਕਾਬਲੇ ਤੁਸੀਂ ਛਟਾਂਕੀ ਵੀ ਨਹੀਂ।ਉਨਾਂ ਤੁਹਾਡਾ ਸਾਰੇ ਟੱਬਰਾਂ ਦਾ ਭਾਰ ਨਹੀਂ ਹੋਣਾ ਜਿੰਨੀਆਂ ਉਨੀ ਕਿਤਾਬਾਂ ਪੜ ਮਾਰੀਆਂ ਪਰ ਪੰਜਾਬ ਵਿਚ ਉਨ੍ਹਾਂ ਦੀ ਹਾਲਤ? ਕੌਣ ਪੁੱਛਦਾ? ਗੁਰਦੁਆਰਿਆਂ ਦੀਆਂ ਗੁੱਠਾਂ ਵਿਚ ਮੀਟਿੰਗਾ ਕਰਦੇ ਫਿਰਦੇ, ਲੰਗਰ ਪਾੜਦੇ ਤੇ ਫਿਰ ਉਨ੍ਹਾਂ ਹੀ ਗੁਰਦੁਆਰਿਆਂ ਦੀ ਬਦਖੋਈ?
ਇਹ ਅਗਾਂਹ ਵਧੂ ਹੋਣਾ ਹੈ? ਉਹ ਵੀ ਰੱਬ ਨੂੰ ਟੱਬ ਤੇ ਗੁਰੂ ਸਾਹਿਬਾਨਾਂ-ਭਗਤਾਂ ਨੂੰ ਫੀਤੇ ਲੈ ਕੇ ਮਿਣਦੇ ਫਿਰਦੇ ਹਨ, ਪਰ ਉਨ੍ਹਾਂ ਨੂੰ ਮਿਣਦੇ ਮਿਣਦੇ ਪੰਜਾਬ ਨੇ ਉਈਂ 'ਮਿਣ' ਕੇ ਰੱਖ ਛੱਡੇ ਤੇ ਫਖਰ ਨਾਲ ਅਪਣੇ ਆਪ ਨੂੰ ਕਾਮਰੇਡ ਜਾਂ ਸਾਥੀ ਕਹਿਣ ਵਾਲੇ, ਹੁਣ ਤਰਕਸ਼ੀਲਤਾ ਦੀਆਂ ਗੁੱਠਾਂ ਵਿਚ ਲੁੱਕ ਲੁੱਕ ਵਾਰ ਕਰਨ ਲੱਗੇ ਹਨ। ਕਿਤੇ ਉਹੀ ਲਾਣਾ ਹੁਣ 'ਅਗਾਂਹਵਧੂ' ਹੇਠਾਂ ਤਾਂ ਨਹੀਂ ਆਣ ਧਮਕਿਆ?
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
< = ‘ਆਮ ਇੰਸਾਨ’ = >
Page Visitors: 2493