ਆਨੰਦ ਕਾਰਜ ਅਤੇ ਦਿਸ਼ਾਵਾਂ’
ਸਿੱਖ ਰਹਿਤ ਮਰਿਯਾਦਾ ਵਿੱਚ ਇੱਕ ਸਿੱਖ ਦੇ ਜੀਵਨ ਵਿਵਹਾਰ ਬਾਰੇ ਕੁੱਝ ਰਹਿਤੀ ਦਿਸ਼ਾ ਨਿਰਦੇਸ਼ ਹਨ ਜਿਨ੍ਹਾਂ ਵਿੱਚ ਆਨੰਦ ਕਾਰਜ ਦਾ ਤਰੀਕਾ ਵੀ ਇੱਕ ਵਿਸ਼ਾ ਹੈ । ਇਸ ਬਾਰੇ ਕਈ ਸੱਜਣਾ ਦਾ ਵਿਚਾਰ ਹੈ ਕਿ ਆਨੰਦ ਕਾਰਜ ਵੇਲੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੂਆਲੇ ਲਾਵਾਂ ਦੇ ਰੂਪ ਵਿੱਚ ਚਾਰ ਵਾਰੀ ਪਰਿਕ੍ਰਮਾ ਕਰਨੀ ਸਾਨੂੰ ਹਿੰਦੂ ਮਤਿ ਨਾਲ ਜੋੜਦੀ ਪ੍ਰਤੀਤ ਹੁੰਦੀ ਹੈ।ਇਸ ਲਈ ਇਨ੍ਹਾਂ ਚਾਰ ਲਾਵਾਂ ਦਾ ਵਿਰੋਧ ਦਾ ਸਵਰ ਵੀ ਸੁਣਨ ਨੂੰ ਮਿਲਦਾ ਹੈ।
ਇਹ ਸਹੀ ਹੈ ਕਿ ਹਿੰਦੂਮਤਿ ਵਿੱਚ ਫ਼ੇਰੇ ਹੁੰਦੇ ਹਨ ਅਤੇ ਇਹ ਪਰੰਪਰਾ ਗੁਰੂ ਨਾਨਕ ਜੀ ਤੋਂ ਸਦਿਆਂ ਪਹਿਲੇ ਚਲੀ ਆ ਰਹੀ ਸੀ।ਇਹ ਵੀ ਪਰੰਪਰਾ ਬਹੁਤ ਪੁਰਾਣੀ ਹੈ ਕਿ ਹਿੰਦੂ ਭਾਈਚਾਰੇ ਦੇ ਲੋਕ ਹੱਥ ਜੋੜ ਕੇ ਆਪਣੇ ਇਸ਼ਟਾਂ ਨੂੰ ਨਮਸਕਾਰ ਕਰਦੇ ਮੱਥੇ ਟੇਕਦੇ ਹਨ।ਹੁਣ ਸਿੱਖੀ ਦੇ ਦਰਸ਼ਨ ਦੇ ਸੋਮੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਉਸ ਅੱਗੇ ਸਿੱਖ ਵੀ ਬਾ-ਅਦਬ ਹੱਥ ਜੋੜ ਕੇ ਮੱਥਾ ਟੇਕਦੇ ਹਨ।ਕੀ ਮੱਥਾ ਟੇਕਣ ਦੀ ਸਰੀਰਕ ਕ੍ਰਿਆ ਕਰਨ ਮਾਤਰ ਕਾਰਣ ਸਿੱਖ ਐਸਾ ਕਰਦੇ ਹਿੰਦੂ ਪ੍ਰਤੀਤ ਹੁੰਦੇ ਹਨ?
ਜੇ ਕਰ ਲਾਵਾਂ ਦੇ ਵਿਰੋਧ ਦੇ ਤਰਕ ਨੂੰ ਮੰਨ ਲਿਆ ਜਾਵੇ ਤਾਂ ਉਨ੍ਹਾਂ ਸੱਜਣਾ ਦੇ ਮੁਤਾਬਕ ਕੀ ਹੱਥ ਜੋੜ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਸਤਿਕਾਰ ਵਜੋਂ ਮੱਥਾ ਟੇਕਣ ਦੀ ਕ੍ਰਿਆ ਦੇ ਬਜਾਏ ਸਿੱਖਾਂ ਨੂੰ ‘ਸਲੂਟ’ ਮਾਰਨਾ ਚਾਹੀਦਾ ਹੈ ਤਾਂ ਕਿ ਉਹ ਹਿੰਦੂ ਪ੍ਰਭਾਵ ਤੋਂ ਦੂਰ ਨਜ਼ਰ ਆਉਂਣ ? ਕੀ ਉਹ ਇਸ ਬਾਰੇ ਵੀ ਕੋਈ ਬਦਲਾਵ ਚਾਹੁੰਦੇ ਹਨ? ਅਗਰ ਨਹੀਂ ਤਾਂ ਕਿਉਂ ਨਹੀਂ? ਇਹ ਸਮਾਂ ਬਰਬਾਦ ਕਰਨ ਵਾਲੀਆਂ ਗੱਲਾਂ ਹਨ ਜਿਨ੍ਹਾਂ ਨਾਲ ਲੋੜੀਦੇ ਕੰਮ ਵੀ ਪ੍ਰਭਾਵ ਗੁਆ ਰਹੇ ਹਨ।
ਇਸ ਦੇ ਨਾਲ ਹੀ ਆਨੰਦ ਕਾਰਜ ਦੀ ਰਸਮ ਵਿੱਚ ,ਅੱਗੇ-ਪਿਛੇ ਤੁਰਨ, ਸੱਜੇ-ਖੱਬੇ ਬੈਠਣ ਆਦਿ ਬਾਰੇ ਵੀ ਇਤਰਾਜ਼ ਦੇ ਸਵਰ ਸੁਣਨ ਨੂੰ ਮਿਲਦੇ ਹਨ। ਆਉ ਅੱਜੇ ਕੇਵਲ ਇਸ ਦੇ ਕੁੱਝ ਪੱਖਾਂ ਨੂੰ ਵਿਚਾਰਣ ਦਾ ਯਤਨ ਕਰੀਏ।
ਮਨੁੱਖਾ ਮਨੋਭਾਵਾਂ ਦੀ ਉੱਤਪਤਿ ਬੇਹਦ ਜਟਿਲ ਅਤੇ ਡੁੰਗੇ ਸੰਧਰਭਾਂ ਦਾ ਵਿਸ਼ਾ ਹੈ।ਇਸ ਨੂੰ ਸਮਝਣ ਵਾਲੇ ਗੁਰੂਆਂ ਦੇ ਮਨ ਦੀ ਚਰਮ ਅਵਸਥਾ ਮਨੁੱਖੀ ਸਮਝ ਵਿੱਚ ਆਉਂਣ ਵਾਲੇ ਸ਼ਬਦਾਂ ਦਿਆਂ ਹੱਦਾ ਤੋਂ ਵੀ ਪਰੇ ਤਕ ਪਹੁੰਚਦੀ ਹੈ।ਗੁਰੂ ਦੀ ਸਿੱਖਿਆ ਰਾਹੀਂ ਮਨੁੱਖ ਨੂੰ ਆਪਣੀ ਸਮਰਥਾ ਅਤੇ ਕਮਜੋਰਿਆਂ ਦਾ ਗਿਆਨ ਪ੍ਰਾਪਤ ਹੁੰਦਾ ਰਹਿੰਦਾ ਹੈ।ਗੁਰਮਤਿ ਮਨੁੱਖ ਨੂੰ ਕਿਸੇ ਵਿਚਾਰ ਨਾਲ ਜੁੜੇ ਵੱਖੋ-ਵੱਖ ਸੰਧਰਭਾਂ ਨੂੰ ਸਮਝਣ ਦੀ ਜੁਗਤ ਪਰਧਾਨ ਕਰਦੀ ਹੈ।
ਕੁੱਝ ਸਾਲ ਪਹਿਲਾਂ ਜੰਮੂ ਵਿੱਖੇ ਇੱਕ ਜਾਣੇ-ਪਹਿਚਾਣੇ ਵਿਚਾਰਕ-ਪ੍ਰਚਾਰਕ ਜੀ ਨੇ ਗੁਰਮਤਿ ਵਿਚਾਰਾਂ ਦੋਰਾਨ ਦਾਸ ਤੋਂ ਇਸਤਰੀ ਅਤੇ ਪੁਰਸ਼ ਦੀ ਬਰਾਬਰੀ ਪ੍ਰਤੀ ਇੱਕ ਸਧਾਰਨ ਜਿਹੇ ਨਜ਼ਰ ਆੳਂਣ ਵਾਲੇ ਅਹਿਮ ਨੂੰ ਸਵਾਲ ਪੁੱਛਿਆ;
“ਇਸਤਰੀ-ਮਰਦ ਦੀ ਬਰਾਬਰੀ ਪ੍ਰਤੀ ਗੁਰਮਤਿ ਬਾਰੇ ਆਪ ਜੀ ਦਾ ਦ੍ਰਿਸ਼ਟੀਕੋਣ ਕੀ ਹੈ”?
“ਬਰਾਬਰੀ ਅਤੇ ਨਾ-ਬਰਾਬਰੀ ਦਾ” ਮੇਰਾ ਜੁਆਬ ਸੀ।
ਉਹ ਸੱਜਣ ਕੁੱਝ ਚੋਂਕ ਗਏ ਅਤੇ ਪੁੱਛਣ ਲਗੇ; ਨਾ-ਬਰਾਬਰੀ ਦੀ ਗੱਲ ਕੀ ਗੁਰਮਤਿ ਅਨੁਸਾਰੀ ਹੈ”?
“ਜੀ ਹਾਂ ਗੁਰਮਤਿ ਅਨੁਸਾਰੀ ਹੀ ਹੈ” ਮੈਂ ਜੁਆਬ ਦਿੱਤਾ।
“ਗੁਰਮਤਿ ਅਨੁਸਾਰ ਹਵਾਲੇ ਰਾਹੀਂ ਕੋਈ ਮਿਸਾਲ ਦੇ ਸਕਦੇ ਹੋ”? ਉਨ੍ਹਾਂ ਫ਼ਿਰ ਪੁੱਛਿਆ
ਮੈਂ ‘ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ’ ਦਾ ਹਵਾਲਾ ਦਿੰਦੇ ਕਿਹਾ ਕਿ ਇਹ ਹੁਕਮ ਦੀ ਰਜ਼ਾ ਹੀ ਹੈ ਕਿ ਪੁਰਸ਼ ਅਤੇ ਇਸਤਰੀ ਸ਼ਰੀਰਕ ਲੱਛਣਾ ਬਦੋਲਤ ਬਰਾਬਰ ਨਹੀਂ ਹਨ ਜਿਸ ਕਾਰਣ ਇਸਤਰੀ ਦੇ ਗਰਭ ਵਿੱਚੋਂ ਰਾਜੇ ਜਨਮ ਲੇਂਦੇ ਹਨ ਪਰ ਇਹ ਸਾਮਰਥ ਪੁਰਸ਼ ਕੋਲ ਨਹੀਂ।ਨਾਲ ਹੀ,ਔਰਤ ਪੁਰਸ਼ ਦੇ ਮੁਕਾਬਲ ਘੱਟ ਸ਼ਰੀਰਕ ਤਾਕਤ ਰੱਖਦੀ ਹੈ।ਇਸੇ ਕਾਰਣ ਖੇਡ ਮੁਕਾਬਲਿਆਂ ਵਿੱਚ ਇਸਤਰੀ ਵਰਗ ਅਤੇ ਪੁਰਸ਼ ਵਰਗ ਦੇ ਮੁਕਾਬਲੇ ਵੱਖੋ-ਵੱਖ ਹੁੰਦੇ ਹਨ।ਜਿਸਦਾ ਅਰਥ ਇਹ ਨਹੀਂ ਹੁੰਦਾ ਕਿ ਇਸਤਰੀ ਨੀਵੀਂ ਹੋਣ ਕਾਰਣ ਪੁਰਸ਼ਾਂ ਦੀ ਦੋੜ ਵਿੱਚ ਦੋੜਨ ਦਾ ਹੱਕ ਨਹੀਂ ਰੱਖਦੀ।
ਉਹ ਦੋੜਨ ਦਾ ਹੱਕ ਰੱਖਦੀ ਹੈ ਪਰ ਇਹ ਇੱਕ ਨਾ-ਬਰਾਬਰੀ ਦਾ ਮੁਕਾਬਲਾ ਹੋਵੇਗਾ ਜਿਸ ਵਿੱਚ ਇਸਤਰੀ ਨੂੰ ਇੱਕ ਗਲਤ ਮੁਕਬਲੇ ਵਿੱਚ ਖੜਾ ਕੀਤਾ ਮੰਨਿਆ ਜਾਵੇਗਾ।ਇਹ ਬੇ-ਇਨਸਾਫ਼ੀ ਹੋਵੇਗੀ।ਇਸੇ ਲਈ ਕਾਨੂਨ ਵੀ ਬਰਾਬਰ ਹਾਲਾਤਾਂ ਵਿੱਚ ਹੀ ਬਰਾਬਰੀ ਦੇ ਸਿਧਾਂਤ ਦਾ ਪਾਲਨ ਕਰਦਾ ਹੈ।
ਅਸੀਂ ਇਸ ਕੁਦਰਤੀ ਵੱਖਰੇਵੇਂ (ਰਜ਼ਾ) ਤੋਂ ਇਨਕਾਰੀ ਨਹੀਂ ਹੋ ਸਕਦੇ।ਇਸਤਰੀ-ਪੁਰਸ਼ ਦੀ ਬਰਾਬਰੀ ਬਾਰੇ ਗੁਰਮਤਿ ਨਜ਼ਰੀਆ ਚੰਗੇ-ਮੰਦੇ ਜਾਂ ਉੱਤਮ-ਨੀਚ (Superior-Inferior) ਦੇ ਪਰਿਪੇਖ ਵਿੱਚ ਬਿਲਕੁਲ ਬਰਾਬਰੀ ਦਾ ਹੈ। Equal Status ਵਰਗਾ ਜਿਸ ਵਿੱਚ ਇਸਤਰੀ ਬਰਾਬਰ ਦੇ ਸਤਿਕਾਰ/ਹੱਕ ਦੀ ਪਾਤਰ ਹੈ। ਲੇਕਿਨ ਗੁਰਮਤਿ ਇਸ ਸੰਧਰਭ ਵਿੱਚ ਕੁਦਰਤ ਦੀ ਉਸ ਰਜ਼ਾ ਨੂੰ ਅਨਦੇਖਾ ਕਰਨ ਦੀ ਪ੍ਰਰੇਰਨਾ ਨਹੀਂ ਦਿੰਦੀ ਜਿਸ ਰਾਹੀਂ ਸਾਨੂੰ ਬਰਾਬਰੀ ਦੇ ਨਾਲ-ਨਾਲ ਇਸਤਰੀ-ਪੁਰਸ਼ ਵਿੱਚਲਾ ਕੁਦਰਤੀ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ।ਆਖ਼ਰ ਐਸੇ ਸੰਜੋਗਾਂ ਅਤੇ ਵਿਜੋਗਾਂ ਨਾਲ ਹੀ ਤਾਂ ਕੁਦਰਤ ਦੀ ਕਾਰ ਚਲਦੀ ਹੈ।ਕਈ ਥਾਂ ਤਾਂ ਇਸਤਰੀ ਦੀ ਜ਼ਿਆਦਾ ਭਾਲ ਦੀ ਲੋੜ ਹੈ।
ਉਹ ਇਸ ਵਿਸ਼ੇ ਤੇ ਆਪਣੀ ਸਹਿਮਤਿ ਜਤਾਉਂਦੇ ਇਸ ਕੁਦਰਤੀ ਰਜ਼ਾ ਪ੍ਰਤੀ ਰਜ਼ਾਮੰਦ ਹੋ ਗਏ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਸਤਰੀ ਦਾ ਪੁਰਸ਼ ਨਾਲ ਸਬੰਧ ਮੁੱਖ ਰੂਪ ਵਿੱਚ ਮਾਂ, ਭੇਂਣ ਅਤੇ ਪਤਨੀ ਦਾ ਹੈ।ਇਸ ਚਰਚਾ ਵਿੱਚ ਪਹਿਲੇ ਇਨਾਂ ਤਿੰਨ ਸਬੰਧਾਂ ਨੂੰ ਵਿਚਾਰੀਏ।
ਪਹਿਲੇ ਦੋ ਸਬੰਧਾਂ (ਮਾਂ ਅਤੇ ਭੇਂਣ) ਦਾ ਸਬੰਧ ਕੁਦਰਤੀ ਨਿਯਮ ਸ਼੍ਰੇਣੀ ਵਿੱਚ ਆਉਂਦਾ ਹੈ ਜਦਕਿ ਪਤਨੀ ਅਤੇ ਪਤੀ ਦਾ ਸਬੰਧ ਸਮਾਜਕ ਪ੍ਰਬੰਧ ਦੇ ਵਿਕਾਸ ਤੋਂ ਉਪਜਿਆ ਹੈ।ਇਸ ਨੂੰ ਥੋੜਾ ਹੋਰ ਵਿਚਾਰ ਲਈਏ।
ਮਾਂ ਦਾ ਬੇਟੇ ਨਾਲ ਸਬੰਧ ਅਤੇ ਬੇਟੇ ਦਾ ਭੇਂਣ ਨਾਲ ਸਬੰਧ, ਪਤੀ-ਪਤਨੀ ਵਰਗੇ ਸਮਾਜਕ ਪ੍ਰਬੰਧ ਦਾ ਕੁਦਰਤੀ ਸਿੱਟਾ ਹੈ ਜਦ ਕਿ ਪਤੀ-ਪਤਨੀ ਹੋਂਣ ਦੀ ਸਵਕ੍ਰਿਤੀ ਸਮਾਜਕ ਵਿਵਸਥਾ ਹੈ ਜਿਸਦੇ ਚਲਦੇ, ਸਿੱਟੇ ਵਜੋਂ, ਬੇਟਾ-ਬੇਟੀ ਅਤੇ ਭੇਂਣ-ਭਰਾ ਵਰਗੇ ਕੁਦਰਤੀ ਰਿਸ਼ਤੇ ਜਨਮ ਲੇਂਦੇ ਹਨ।ਪਤੀ- ਪਤਨੀ ਦਾ ਸਬੰਧ ‘ਸ਼ਰੀਰਕ ਮੇਲ’ ਦੇ ਸੰਧਰਭ ਵਿੱਚ ਕੁਦਰਤੀ ਨਿਯਮਾਂ ਅਧੀਨ ਹੁੰਦਾ ਹੈ ਪਰ ਉਸ ਸਬੰਧ ਦੀ ਪਤੀ-ਪਤਨੀ ਦੇ ਰੂਪ ਵਿੱਚ ਸਵਕ੍ਰਿਤੀ ਇੱਕ ਪ੍ਰਕਾਰ ਦੀ ‘ਸਵੈ-ਇੱਛਾ’ ਅਤੇ ‘ਸਮਾਜਕ’ ਪਰਵਾਨਗੀ ਤੇ ਅਧਾਰਤ ਹੁੰਦੀ ਹੈ ਜਿਸ ਨੁੰ ਸ਼ਾਦੀ ਵਰਗੀ ਸਮਾਜਕ ਜਾਂ ਫ਼ਿਰ ਕਾਨੂਨੀ ਰਸਮ ਰਾਹੀਂ ਸਥਾਪਤ ਕੀਤਾ ਜਾਂਦਾ ਹੈ।
ਇਹ ਇੱਕ ਪ੍ਰਕਾਰ ਦੀ ਜ਼ਰੂਰੀ ਰਸਮ (Ritual) ਹੈ ਜਿਸ ਵਿੱਚ ਮਾੜੀ ਗੱਲ ਨਹੀਂ।ਇਹ ਰਸਮ ਪਤੀ-ਪਤਨੀ ਦੇ ਸਬੰਧ ਤੋਂ ਜਨਮ ਲੋਂਣ ਵਾਲੇ ਜੀਵਾਂ ਦੀ ਸਮਾਜਕ ਪਛਾਂਣ ਲਈ ਅਤੇ ਪਤੀ-ਪਤਨੀ ਦੇ ਰਿਸ਼ਤੇ ਉਪਰੰਤ ਉਪਜਣ ਵਾਲੀ ਆਪਸੀ ਜਿੰਮੇਵਾਰੀਆਂ ਅਤੇ
ਹਕੂਕਾਂ ਦੇ ਨਿਰਧਾਰਣ ਲਈ ਵੀ ਜ਼ਰੂਰੀ ਹੁੰਦੀ ਹੈ।
ਇਸਤਰੀ-ਪੁਰਸ਼ ਦੇ ਸ਼ਰੀਰਕ ਸਬੰਧ ਕੁਦਰਤੀ ਨਿਯਮਾਂ ਤੇ ਅਧਾਰਤ ਹਨ ਜਿਨ੍ਹਾਂ ਦਾ ਸਿੱਟਾ ਜਰੂਰੀ ਨਹੀਂ ਕਿ ਪਤਨੀ-ਪਤੀ ਦੇ ਸਬੰਧ ਦੇ ਰੂਪ ਵਿੱਚ ਹੀ ਸਥਾਪਤ ਹੋਵੇ।ਪਰ ਉਸ ਸਬੰਧ ਤੋਂ ਉੱਤਪਨ ਹੋਣ ਵਾਲੇ ਬੱਚਿਆਂ ਦਾ ਸਬੰਧ ਕੁਦਰਤੀ ਰੂਪ ਵਿੱਚ ਮਾਤਾ-ਪਿਤਾ ਨਾਲ ਇੱਕ ਰਿਸ਼ਤੇ ਦੇ ਰੂਪ ਵਿੱਚ ਸਥਾਪਤ ਹੁੰਦਾ ਹੈ ਜੋ ਸ਼ਾਦੀ ਵਰਗੇ ਰਸਮੀ ਰਿਸ਼ਤੇ ਨਾਲੋਂ ਵੱਖਰੀ ਗੱਲ ਹੈ ਜਿਸ ਰਾਹੀਂ ਦੋ ਅਲਗ-ਅਲਗ (ਇੱਕੋ ਮਾਂ-ਬਾਪ ਦੀ ਸੰਤਾਨ ਨਹੀਂ) ਮਨੁੱਖ ਰਸਮੀ ਤੋਰ ਤੇ ਪਤੀ-ਪਤਨੀ ਵਰਗਾ ਇੱਕ ਪਰਵਾਣਤ ਸਬੰਧ ਸਥਾਪਤ ਕਰਦੇ ਹਨ।ਮਾਂ-ਬਾਪ ਰਸਮੀ ਤੋਰ ਤੇ ਨਹੀਂ ਬਲਕਿ ਕੁਦਰਤੀ ਤੋਰ ਤੇ ਬੱਚਿਆਂ ਨਾਲ ਸਬੰਧਤ ਹੋ ਜਾਂਦੇ ਹਨ।
ਹੁਣ ਇਸੇ ਪਰਿਪੇਖ ਵਿੱਚ ਅਸੀਂ ਸ਼ਾਦੀ ਵਰਗੇ ਸਮਾਜਕ ਪ੍ਰਬੰਧ ਤੇ ਵਿਚਾਰ ਕਰਾਂਗੇ।ਅਸੀਂ ਇਸ ਨੂੰ ਆਨੰਦ ਕਾਰਜ ਕਹਿੰਦੇ ਹਾਂ।ਆਨੰਦ ਕਾਰਜ ਬਾਰੇ ਵਿਚਾਰ ਕਰਨ ਵੇਲੇ ਸਾਨੂੰ ਇਹ ਯਾਦ ਰੱਖਣਾ ਹੀ ਚਾਹੀਦਾ ਹੈ ਕਿ ਇਸ ਵਿੱਚ ਕੁਦਰਤੀ ਨਿਯਮਾਂ (ਬਰਾਬਰੀ) ਦੀ ਦੁਹਾਈ ਇੱਕ ਅਤਿ ਦੇ ਰੂਪ ਵਿੱਚ ਪਾਉਂਣੀ ਨਹੀਂ ਬਣਦੀ ਜਦਕਿ ਸੱਚਾਈ ਇਹ ਹੈ ਕਿ ਆਨੰਦ ਕਾਰਜ ਇੱਕ ਸਮਾਜਕ ਵਿਵਸਥਾ ਹੈ ਜਿਸ ਨੂੰ ਪੁਰਾ ਕਰਨ ਲਈ ਇੱਕ ਰਸਮ (Ritual) ਦੀ ਲੋੜ ਹੁੰਦੀ ਹੈ ਤਾਂ ਕਿ ਸਵੈ-ਇੱਛਾ ਅਤੇ ਸਮਾਜਕ ਪਰਵਾਨਗੀ ਪਰਵਾਨ ਚੜ ਸਕੇ।ਕੋਈ ਇਸ ਰਸਮ ਨੂੰ ਵੀ ਕਰਮਕਾਂਡ ਕਹਿ ਸਕਦਾ ਹੈ।ਧਿਆਨ ਯੋਗ ਗੱਲ ਇਹ ਹੈ ਕਿ ਰਸਮ ਕੇਵਲ ਅਗਿਆਨਤਾ ਦੇ ਰੂਪ ਵਿੱਚ ਨਿੰਦਨੀਯ ਹੁੰਦੀ ਹੈ ਨਾ ਸ਼ਾਦੀ ਵਰਗੀ ਰਸਮ ਦੇ ਰੂਪ ਵਿੱਚ।ਰਸਮ ਦੇ ਪਿੱਛੇ ਵਾਜਬ ਤਰਕ
ਹੋਵੇ ਤਾਂ ਕੋਈ ਮਾੜੀ ਗੱਲ ਨਹੀਂ।
ਸ਼ਾਦੀ ਵਰਗੇ ਸਬੰਧ ਦਾ ਮੁੱਖ ਅਧਾਰ ਤਾਂ ਇਸਤਰੀ-ਪੁਰਸ਼ ਦੀ ਸਵੈ-ਇੱਛਾ ਦੀ ਬੁਨਿਯਾਦ ਤੇ ਨਿਰਭਰ ਕਰਦਾ ਹੈ।ਇਸ ਲਈ ਕਿਸੇ vI ਰਸਮ ਦੀ ਲੋੜ ਹੀ ਕਿੳਂੁ ਹੈ? ਤਰਕ ਤਾਂ ਇਹ ਵੀ ਹੋ ਸਕਦਾ ਹੈ ਕਿ ਜਦ ਦੋ ਜੀਵ ਪਤੀ-ਪਤਨੀ ਦੇ ਰੂਪ ਵਿੱਚ ਇੱਕ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਨੰਦ ਕਾਰਜ ਵਰਗੀ ਕਿਸੇ ਰਸਮ ਦੀ ਲੋੜ ਦਾ ਪਾਬੰਧ ਕੀਤਾ ਹੀ ਕਿੳਂੁ ਜਾਂਦਾ ਹੈ? ਕੀ ਇਸ ਲਈ ਕਾਨੂਨੀ ਢੰਗ ਵੀ ਦਰਕਾਰ ਹੈ? ਕੋਈ ਪੁੱਛ ਸਕਦਾ ਹੈ ਕਿ ਦੋ ਜੀਵਾਂ ਦੀ ਸਵੈ-ਇੱਛਾ ਨਾਲ ਮਿਲਨ ਦੇ ਨਿਰਨੇ ਵਿੱਚ ਕਿਸੇ ਨੂੰ ਕਿਸੇ ਕਿਸਮ ਦੀ ਰਸਮੀ ਪਰਵਾਨਗੀ ਦੀ ਲਤ ਫ਼ਸਾਉਂਣ ਦੀ ਲੋੜ ਹੀ ਕੀ ਹੈ?
ਜਾਂ ਫ਼ਿਰ ਕੀ ਆਨੰਦ ਕਾਰਜ ਦੇ ਰਸਮੀ ਤਰੀਕੇ ਪ੍ਰਤੀ ਗੁਰਮਤਿ ਵਿੱਚ ਕੋਈ ਉਚੇਚਾ ਦਿਸ਼ਾ ਨਿਰਦੇਸ਼ ਹੈ? ਨਿਰਸੰਦੇਹ ਨਹੀਂ ਹੈ।ਤਾਂ ਫ਼ਿਰ ਇਹ ਰਸਮੀ ਤਰੀਕਾ ਆਪ ਹੀ ਤੈਅ ਕਰਨਾ ਬਣਦਾ ਸੀ ਜਿਸ ਦਾ ਅਸਲ ਮਕਸਦ ਇਸ ਵਿਸ਼ੇ ਤੇ ਇੱਕਸਾਰ ਰਹਿਤ ਤਿਆਰ ਕਰਨਾ ਸੀ।ਆਖ਼ਰ ਗੁਰਮਤਿ ਫ਼ਲਸਫ਼ਾ ਇੱਕ ਕੁੰਡਾ ਹੈ ਡੰਡਾ ਤਾਂ ਨਹੀਂ।ਅਸੀਂ ਅੱਗ ਦੇ ਬਜਾਏ ਗੁਰੂ ਦੇ ਦੂਆਲੇ ਫ਼ੇਰੇ ਲੇਣ ਦਾ ਨਿਰਨਾ ਕੀਤਾ।
ਹਰ ਨੁਕਤੇ ਤੇ ਬੇਲੋੜੇ ਨੁੱਕਤੇ ਖੜੇ ਕਰਨਾ ਚਿੰਤਨ ਦੀ ਅਤਿ ਹੀ ਕਹੀ ਜਾ ਸਕਦੀ ਹੈ ਉਹ ਵੀ ਇਸ ਤੱਥ ਦੇ ਮੱਦੇ ਨਜ਼ਰ ਕਿ ਜਿਸ ਵੇਲੇ ਇਹ ਸਪਸ਼ਟ ਹੋਵੇ ਕੀ ਆਨੰਦ ਕਾਰਜ ਦੀ ਰਸਮ ਦਾ ਤਰੀਕਾ ਆਪਣੇ ਆਪ ਵਿੱਚ ਇੱਕ ਰਸਮੀ ਤੋਰ ਤੇ ਕੀਤਾ ਜਾਣ ਵਾਲਾ ਸਮਾਜਕ ਪ੍ਰਬੰਧ ਹੈ ਨਾ ਕਿ ਗੁਰੂ ਦਾ ਕੋਈ ਉਚੇਚਾ ਨਿਰਦੇਸ਼।ਸ਼ਾਦੀ ਦੀ ਰਸਮ ਦੇ ਨਿਰਵਾਹ ਵਿੱਚ ਅਪਨਾਈ ਗਈ ਇੱਕਸਾਰਤਾ ਦੀ ਮੂਲ ਭਾਵਨਾ ਨੂੰ ਵਹਿਮ ਕਹਿ ਕੇ ਇਸ ਦੀ ਨਿੰਦਾ ਕਰਨਾ ਇੱਕ ਰਸਮ ਪ੍ਰਤੀ ਆਪਣਾ ਵਹਿਮ ਹੀ ਹੋ ਸਕਦਾ ਹੈ।ਸਪਸ਼ਟ ਹੈ ਕਿ ਰਹਿਤ ਮਰਿਯਾਦਾ ਦੇ ਲਿਖਣ ਵਾਲੇ ਇਨ੍ਹਾਂ ਮੱਦਾ ਨੂੰ ਵਹਿਮਾਂ ਦੇ ਤੋਰ ਤੇ ਰਹਿਤ ਮਰਿਯਾਦਾ ਵਿੱਚ ਨਹੀਂ ਸੀ ਲਿਖ ਰਹੇ।ਉਨ੍ਹਾਂ ਦੀ ਮੂਲ ਭਾਵਨਾ ਇਕ ਕੋਮੀ ਇੱਕਸਾਰਤਾ ਨੂੰ ਕਾਯਮ ਕਰਨਾ ਸੀ ਜਿਸ ਦੀ ਅਣਹੋਂਦ ਵਿੱਚ ਕਿੱਧਰੇ ਸਿੱਖ, ਵੱਖੋ-ਵੱਖ ਕਰਮਕਾਂਡਾ ਦਾ ਸ਼ਿਕਾਰ ਹੋ ਬਿਖਰ ਹੀ ਨਾ ਜਾਣ।
ਉਹ ਕੋਮ ਦੀ ਇੱਕਸਾਰਤਾ ਲਈ ਐਸੀਆਂ ਰਸਮਾਂ ਨੂੰ ਤੈਅ ਕਰ ਰਹੇ ਸੀ ਉਹ ਵੀ ਇਸ ਤਾਕੀਦ ਦੇ ਨਾਲ ਕਿ ਸਿੱਖ ਨੇ “ਭਰਮ-ਰੂਪ ਕਰਮਾਂ ਉਤੇ ਨਿਸ਼ਚਾ ਨਹੀਂ ਕਰਨਾ” (ਸਿੱਖ ਰਹਿਤ ਮਰਿਯਾਦਾ,ਪੰਨਾ 20) ਇਸ ਲਈ ਸਿੱਖ ਰਹਿਤ ਮਰਿਯਾਦਾ ਦੀਆਂ ਮੱਦ ਵਿੱਚ ਦਿੱਤੀਆਂ ਹਿਦਾਇਤਾਂ ਨੂੰ ਭਰਮ-ਵਹਿਮ ਦੇ ਰੂਪ ਦੇ ਭਾਵ ਨਾਲ ਨਾ ਦੇਖਣ ਦਾ ਭਾਵ ਸਮਝ ਆਉਂਦਾ ਹੈ।
ਆਨੰਦ ਕਾਰਜ ਸ਼ੈਲੀ ਤੇ ਖ਼ੇਦ ਜਤਾਉਂਣ ਵਾਲੇ ਸੱਜਣ ਪਹਿਲਾਂ ਇਹ ਤਾਂ ਸਪਸ਼ਟ ਕਰਨ ਕਿ ਕੀ ਆਨੰਦ ਕਾਰਜ ਆਪਣੇ ਆਪ ਵਿੱਚ ਇੱਕ ਰਸਮ (Ritual) ਮਾਤਰ ਨਹੀਂ? ਕੀ ਇਹ ਸਿੱਧਾ ਰੱਬੀ ਸਿਧਾਂਤ ਹੈ ਜਾਂ ਸਮਾਜਕ ਪ੍ਰਬੰਧ ਦਾ ਬਿੰਬ? ਜੇ ਕਰ ਇਹ ਸਮਾਜਕ ਪ੍ਰਬੰਧ ਦਾ ਬਿੰਬ ਹੈ ਤਾਂ ਇਸ ਬਿੰਬ ਨੂੰ ਕਬੂਲਣ ਵਿੱਚ ਕੋਈ ਹਰਜ ਨਹੀਂ।
ਆਨੰਦ ਕਾਰਜ ਲਈ ਗੁਰੂ ਦੇ ਆਲੇ ਦੁਆਲੇ ਚਾਰ ਲਾਵਾਂ ਇੱਕ ਪੁਜਾ ਪੱਦਤੀ ਨਾਲੋਂ ਵੱਖਰੀ ਗੱਲ ਹੈ ਜਿਸ ਦੇ ਚਲਦੇ ਕਿਸੇ ਇਸ਼ਟ ਦੇ ਆਲੇ ਦੂਆਲੇ ਉਸ ਨੂੰ ਖੂਸ਼ ਕਰਨ ਲਈ ਪਰਿਕ੍ਰਮਾ ਵਰਗੀ ਕਰਮ-ਕਾਂਡੀ ਰਸਮ ਕੀਤੀ ਜਾਂਦੀ ਹੈ। ਪੂਜਾ ਨਾ ਪਰਿਕ੍ਰਮਾ ਰਾਹੀਂ ਹੁੰਦੀ ਹੈ ਨਾ ਹੀ ਮੱਥਾ ਟੇਕਣ ਨਾਲ।
ਗੁਰਮਤਿ ਇਸ ਨੂੰ ਨਹੀਂ ਮੰਨਦੀ।ਆਨੰਦ ਕਾਰਜ ਇੱਕ ਪੂਜਾ ਪੱਧਤੀ ਨਹੀਂ ਬਲਕਿ ਇੱਕ ਅਹਿਦ ਹੈ ਇੱਕ ਦੂਜੇ ਨੂੰ ਕਬੂਲ ਕਰਨ ਦਾ।ਸਾਂਝੀ ਜਿੰਮੇਵਾਰੀ ਨਾਲ ਸਾਂਝੇ ਸਫ਼ਰ ਦਾ।ਸਮਾਜਕ ਪਰਵਾਨਗੀ ਅਤੇ ਪਛਾਂਣ ਦਾ ਜਿਸ ਨੂੰ ਗੁਰੂ ਦੀ ਹਜ਼ੂਰੀ ਵਿੱਚ ਕੀਤਾ ਜਾਂਦਾ ਹੈ।ਪਰ ਇਸ ਬਾਰੇ ਦਿਸ਼ਾਵਾਂ ਦਾ ਮਤਿ ਭੇਦ ਹੈ।
ਖ਼ੈਰ ਆਉੁ ਪਹਿਲੇ ਇਸ ਵਿਚਾਰ ਨੂੰ ਵਿਚਾਰੀਏ ਕਿ ਕਈਆਂ ਅਨੁਸਾਰ ਲਾਵਾਂ ਵਿੱਚ ਅੱਗੇ-ਪਿੱਛੇ ਤੁਰਨ ਦੀ ਸਮੱਸਿਆ ‘ਉੱਤਮ’ (ਅੱਗੇ ਤੁਰਨ ਵਾਲਾ) ‘ਨੀਚ’ (ਪਿੱਛੇ ਤੁਰਨ ਵਾਲਾ) ਹੋਣ ਵਰਗੀ ਗੱਲ ਹੈ।ਵੈਸੇ ਗੁਰੂ ਨਾਨਕ ਨੇ ਕਿਸੇ ਦਿਸ਼ਾ ਨੂੰ ਉੱਚੀ-ਨੀਵੀਂ (Superior-Inferior) ਨਹੀਂ ਸੰਨਿਆਂ ਲੇਕਿਨ ਅੱਜ ਦੀ ਜਾਗਰੂਕਤਾ ਦਿਸ਼ਾ ਨਾਲ ਜੂੜੇ ਉੱਚੇ ਨੀਵੇਂ ਦੇ ਚੱਕਰ ਵਿੱਚ ਚਲ ਰਹੀ ਹੈ। ਸ਼ਾਇਦ ਕਿੱਧਰੇ ਇਸ ਵਿਸ਼ੇ ਤੇ ਸੁਚੇਤਤਾ ਦੀ ਦਿਸ਼ਾ ਸਹੀ ਨਹੀਂ।
ਹੁਣ ਚਲਣ-ਬੈਠਣ ਵਾਲੇ ਜੇਕਰ ਦੋ ਹਨ ਤਾਂ ਦਿਸ਼ਾਵਾਂ ਵੀ ਦੋ ਹੋਣੀਆਂ ਲਾਜ਼ਮੀ ਹਨ।ਕੋਈ ਚਾਰਾ ਨਹੀਂ।ਬੜੀ ਗੰਭੀਰ ਸਮੱਸਿਆ ਹੈ ਭਈ।ਵੈਸੇ ਹੈ ਤਾਂ ਮਨਮਤਿ, ਪਰ ਚਲੋ ਇਸ ਚਰਚਾ ਲਈ, ਕੁੱਝ ਚਿਰ ਵਾਸਤੇ ਅਸੀਂ ਪੱਕੇ ਤੋਰ ਤੇ ਇਹ ਮੰਨ ਲੇਂਦੇ ਹਾਂ ਕੀ ‘ਅੱਗੇ ਹੋਣ’ ਜਾ ‘ਸੱਜੇ ਪਾਸੇ’ ਹੋਣ ਦਾ ਮਤਲਬ ਉੱਚਾ (Superior)) ਹੋਣਾ ਹੀ ਹੈ।ਆਉ ਹੁਣ ਬਰਾਬਰੀ ਦਾ ਹੱਲ ਵਿਚਾਰਣ ਦਾ ਯਤਨ ਕਰੀਏ;
ਪਹਿਲਾ ਹੱਲ:- ਪੁਰਸ਼ ਨੂੰ ਪਿੱਛੇ ਲਗਾ ਦਿੱਤਾ ਜਾਵੇ! ਪਰ ਇਹ ਕੀ ਹੋਇਆ? ਬਰਾਬਰੀ ਤਾਂ ਨਾ ਹੋਈ! ਪੁਰਸ਼ ਨੀਵਾਂ ਹੋ ਗਿਆ ਕਿਉਂਕਿ ਪਿੱਛੇ ਹੋਣ ਦਾ ਮਤਲਬ ਨੀਵਾਂ ਹੋਣਾ ਹੈ।ਸਮੱਸਿਆ ਹੱਲ ਨਹੀਂ ਹੋਈ।ਫ਼ਿਰੇ ਮੇਰੇ ਵਰਗਾ ਕੋਈ ਅਲਪ ਮਤਿ ‘ਧਰਤੀ ਗੋਲ’ ਹੈ ਕਿਹ ਕੇ ਅੱਗੇ ਵਾਲੇ ਨੂੰ ਪਿੱਛੇ,ਤੇ ਪਿੱਛੇ ਵਾਲੇ ਨੂੰ ਦਰਅਸਲ ਅੱਗੇ ਸਮਝ ਗਿਆ ਤਾਂ ਹੋਰ ਸਮੱਸਿਆ।ਅਸਹਿਮਤਿ ਦੇ ਅੱਥਰੂ ਨਹੀਂ ਰੁੱਕਦੇ।
ਦੂਜਾ ਹੱਲ:- ਦੋ ਲਾਵਾਂ ਵਿੱਚ ਪੁਰਸ਼ ਅੱਗੇ ਤੇ ਦੋ ਲਾਵਾਂ ਵਿੱਚ ਔਰਤ ਅੱਗੇ!ਪਰ ਗੱਲ ਬਣੀ ਨਹੀਂ! ਪਹਿਲੀ ਵਾਰ ਅੱਗੇ ਹੋਣ ਵਾਲਾ ਜ਼ਿਆਦਾ ਭਾਰੂ ਹੋ ਗਿਆ।ਨਾਲ ਹੀ, ਭਾਵੇਂ ਕੁੱਝ ਚਿਰ ਵਾਸਤੇ ਹੀ ਸਹੀ,ਅਸੀਂ ਦੋਹਾਂ ਨੂੰ ਇੱਕ ਦੂਜੇ ਦੇ ਮੁਕਾਬਲ ਉੱਚਾ ਨੀਵਾਂ ਕਰ ਦਿੱਤਾ ਕਿਉਂਕਿ ਅਸੀਂ ਆਪ ਦਿਸ਼ਾ ਵਿਸ਼ੇਸ਼ ਨੂੰ ਉੱਚਾ ਨੀਵਾਂ ਮੰਨ ਕੇ ਤੂਰ ਰਹੇ ਹਾਂ।ਬਰਾਬਰੀ ਤਾਂ ਹਰ ਪਲ ਦੀ ਹੋਣੀਂ ਚਾਹੀਦੀ ਸੀ।ਦਿਲ ਦੂਖੀ ਹੀ ਰਿਹਾ ਕਿਉਂਕਿ ਸਾਡੀ ਨਿਗਾਹ ਅਸਲੀਯਤ (ਦਿਸ਼ਾ ੳੱਤਮ-ਨੀਚ ਨਹੀਂ ਹੁੰਦੀ) ਵੱਲ ਨਹੀਂ ਅਗਿਆਨਤਾ ਵੱਲ ਹੈ।
ਤੀਜਾ ਹੱਲ:- ਦੋਹੇਂ ਬਰਾਬਰ ਚਲਣ!ਪਰ ਇਹ ਕੀ ਹੋਈਆ? ਸੱਜੇ ਪਾਸੇ ਕੋਣ ਚਲੇ ਤੇ ਖੱਬੇ ਪਾਸੇ ਕੋਣ? ਸੱਜੇ ਪਾਸੇ ਹੋਣਾ ਉੱਚਾ ਹੋਣਾ ਹੈ ਅਤੇ ਖੱਬੇ ਪਾਸੇ ਨੀਵਾਂ।ਬਹੁਤੇ ਤਾਂ ਇਹੀ ਸੋਚਦੇ ਹਨ ਇਹੀ ਸੋਚੀਆ ਜਾ ਰਿਹਾ ਹੈ।
ਚੋਥਾ ਹੱਲ:- ਚਲੋ ਦੋ ਵਾਰੀ ਪੁਰਸ਼ ਸੱਜੇ ਅਤੇ ਦੋ ਵਾਰੀ ਔਰਤ ਸੱਜੇ।ਪਰ ਇਹ ਕੀ ਹੋਈਆ? ਪਹਿਲੀ ਵਾਰ ਸੱਜੇ ਹੋਣ ਵਾਲਾ ਭਾਰੂ ਹੋ ਗਿਆ।ਨਾਲ ਹੀ ਕੁੱਝ ਚਿਰ ਵਾਸਤੇ ਸਹੀ, ਅਸੀਂ ਇੱਕ ਨੂੰ ਦੂਜੇ ਨਾਲੋਂ ਉੱਚਾ ਕਰ ਦਿੱਤਾ।ਕਿਉਂਕਿ ਸਾਡਾ ਰੋਣਾ ਹੀ ਇੱਕ ਦਿਸ਼ਾ ਨੂੰ ਉੱਚਾ ਮੰਨਣ ਕਾਰਣ ਹੈ।
ਪੰਜਵਾਂ ਹੱਲ:- ਲਾਵਾਂ ਬੰਦ ਅਤੇ ਕੇਵਲ ਬੈਠ ਜਾਉ!ਪਰ ਹੁਣ ਸੱਜੇ ਕੋਣ ਬੈਠੇ ਤੇ ਖੱਬੇ ਕੋਣ? ਜੇ ਕਰ ਇਥੇ ਵੀ ਗੱਲ ਵਾਰੀਆਂ ਤੇ ਆ ਗਈ ਤਾਂ ਵਾਰਾਂ ਵਿੱਚੋਂ ਪਹਿਲੀ ਵਾਰ ਸੱਜੇ ਬੈਠਣ ਵਾਲਾ ਭਾਰੂ।ਹੁਣ ਕੀ ਲਿਖਿਏ?
ਛੇਵਾਂ ਹੱਲ:- ਹਰ ਆਨੰਦ ਕਾਰਜ ਤੋਂ ਪਹਿਲਾਂ, ਬਾਹਰ ਹੀ ਅੱਗੇ-ਪਿੱਛੇ,ਸੱਜੇ-ਖੱਬੇ ਬਾਰੇ ਪਰਚੀਆਂ ਪਾ ਲੋ ਜਾਂ ‘ਟਾਸ’ ਕਰ ਫ਼ੈਸਲਾ ਰਹਿਤ ਮਰਿਯਾਦਾ ਤੇ ਨਹੀਂ ਇੱਕ ਰੂਪੇ ਦੇ ਸਿੱਕੇ ਤੇ ਛੱਡ ਦੇਵੋ।ਪਰ ਯਕੀਨ ਜਾਣੋਂ ‘ਟਾਸ’ ਜਿੱਤਣ ਵਾਲੀ ਧਿਰ ਵੀ ਸੀਟੀਆਂ ਮਾਰਦੀ ਆਪਣੇ ਨੂੰ ਜੇਤੂ (ਉੱਚਾ) ਮੰਨੇਗੀ।ਫ਼ਿਰ ਕੀ ਕਰਾਂਗੇ? ਉਤਮ ਹੋਣ ਦੀ ਮਾਨਸਿਕਤਾ ਨੂੰ ਤਾਂ ਬਹਾਨਾ ਚਾਹੀਦਾ ਹੈ।ਲੱਭ ਹੀ ਲਵੇਗੀ ਕੋਈ ਨਾ ਕੋਈ।ਅੱਗੇ ਜਾਂ ਸੱਜੇ ਤੁਰਨ ਨਾਲ ਸਮੱਸਿਆ ਹੱਲ ਹੁੰਦੀ ਤਾਂ ਗੁਰੂ ਨਾਨਕ ਆਪ ਹੀ ਸਥਾਨ ਤੈਅ ਕਰ ਜਾਂਦੇ।
ਇਹ ਸਾਰੇ ਹੱਲ ਵਿਚਾਰਣ ਤੋਂ ਬਾਦ ਜੇ ਕਰ ਇੱਕ ਵਾਰ ਫ਼ਿਰ ਮੇਰੇ ਵਰਗਾ ਅਲਪ ਮਤਿ ਬੰਦਾ ਮਨਮਤਿ ਕਰਦੇ ਇਹ ਕਹਿ ਬੈਠਾ ਕਿ ਲੜਕੀ ਲੜਕੇ ਦੇ ਖੱਬੇ ਪਾਸੇ ਹੀ ਬੈਠਣੀ ਚਾਹੀਦੀ ਹੈ ਕਿਉਂਕਿ ਐਸਾ ਕਰਕੇ ਉਸ ਨੂੰ, ਬੈਠਣ ਵੇਲੇ, ਗੁਰੂ ਦੇ ਸੱਜੇ ਪਾਸੇ ਬੈਠਣ ਦਾ ਮੋਕਾ ਦਿੱਤਾ ਗਿਆ ਹੈ ਤਾਂ ਕਿ ਉਸ ਨੂੰ ਨੀਚ ਤੋਂ ਉਤਮ ਸਾਬਤ ਕੀਤਾ ਜਾਵੈ ਫ਼ਿਰ ਤਾਂ ਪਾਸਿਆਂ ਦਾ ਹਿਸਾਬ ਹੀ ਉਲਟਾ ਹੋ ਜਾਏਗਾ।ਹੁਣ ਦਿਸ਼ਾ ਆਪਣੇ ਪਾਸਿਯੋਂ ਤੈਅ ਕਰੀਏ ਜਾਂ ਗੁਰੂ ਦੀ ਤਾਬਿਆ ਦੇ ਪਾਸਿਯੋਂ? ਗੁਰੂ ਦੇ ਸੱਜੇ ਬੈਠਣਾ ਤਾਂ ਲੜਕੇ ਦੇ ਸੱਜੇ ਬੈਠਣ ਨਾਲੋਂ ਵੱਧਿਆ ਹੋ ਗਿਆ।ਉਹ ਵੀ ਉਸ ਗੁਰੂ ਦੇ,ਜੋ ਆਪ ਸੱਜੇ-ਖੱਬੇ ਦੇ ਚੱਕਰ ਤੋਂ ਸਹਿਮਤਿ ਨਹੀਂ।ਹੁਣ ਤਾਂ ਹੋ ਹੀ ਗਈ ਬਰਾਬਰੀ !ਭਾਵੇਂ 30 ਮਿੰਟਾ ਲਈ ਹੀ ਸਹੀ!
ਗੁਰੁ ਨਾਨਕ ਜੀ ਨੇ ਤੀਰਥਾਂ ਤੇ “ਸ਼ੁੱਧੀ ਇਸ਼ਨਾਨ” ਨਾਲੋਂ ਸਪਸ਼ਟ ਅਸਹਿਮਤਿ ਪ੍ਰਗਟ ਕੀਤੀ ਪਰ ਇਸ ਦਾ ਮਤਲਭ ਇਹ ਤਾਂ ਨਹੀਂ ਕਿ ੳਨ੍ਹਾਂ ਸਰੀਰ ਸਾਫ਼ ਰੱਖਣ ਲਈ ਨਹਾਉਂਣ ਤੇ ਕੋਈ ਰੋਕ ਲਗਾਈ ਸੀ।ਉਹ ਅਗਿਆਨੀ ਮਾਨਸਿਕਤਾ ਨੂੰ ਠੀਕ ਕਰਨਾ ਚਾਹੁੰਦੇ ਸੀ।
ਬਿਨ੍ਹਾਂ ਇਹ ਸਮਝੇ-ਸਮਝਾਏ ਕਿ ਦਿਸ਼ਾ ਵਿਸ਼ੇਸ਼ ਉੱਚੀ ਨੀਵੀਂ ਨਹੀਂ ਹੁੰਦੀ, ਕਈ ਥਾਂ ਅਸੀਂ ਆਪ ਦਿਸ਼ਾ ਵਿਰੋਧ ਦੇ ਚੱਕਰ ਵਿੱਚ ਪੈ ਗਏ ਪ੍ਰਤੀਤ ਹੁੰਦੇ ਹਾਂ।ਐਸੇ ਹੱਲ ਤਾਂ ਉਹ ਗੱਲ ਹੋ ਗਈ ਕਿ ਕੋਈ ‘ਉੱਚੀ ਜਾਤ-ਨੀਵੀਂ ਜਾਤ’ ਦਾ ਫ਼ਰਕ ਮਿਟਾਉਂਣ ਲਈ ਬ੍ਰਾਹਮਣ ਨੂੰ ਸ਼ੂਦਰ ਅਤੇ ਸ਼ੁਦਰ ਨੂੰ ਬ੍ਰਾਹਮਣ ਕਰ ਦੇਵੋ ਬਿਨ੍ਹਾਂ ਇਹ ਸਮਝੇ-ਸਮਝਾਏ ਕਿ ਜਨਮ ਤੋਂ ਉੱਚਾ-ਨੀਵਾਂ ਕੋਈ ਨਹੀਂ ਹੁੰਦਾ।ਗੁਰੂ ਨਾਨਕ ਨੇ ਕਦੇ ਬ੍ਰਾਹਮਣ-ਸ਼ੂਦਰ ਸ਼ਬਦਾਂ ਤੋਂ ਪਰਹੇਜ਼ ਨਹੀਂ ਕੀਤਾ ਬਲਕਿ ਸ਼ੂਦਰ ਨੂੰ ਬ੍ਰਾਹਮਣ ਦੇ ਬਰਾਬਰ ਸਮਝਿਆ ਅਤੇ ਚੰਗੇ ਕਿਰਦਾਰ ਹੋਣ ਦੀ ਸੂਰਤ ਵਿੱਚ ਉੱਚਾ ਵੀ।ਉਨ੍ਹਾਂ ਸ਼ੂਦਰ ਨੂੰ ਉੱਚਾ ਕਰਨ ਲਈ ਸ਼ੂਦਰ ਨੂੰ ਜਨੇਉ ਧਾਰਨ ਕਰਨ ਦਾ ਸੁਝਾਵ ਨਹੀਂ ਦਿੱਤਾ।
ਜਾਗਰੂਕਤਾ ਦਾ ਮਤਲਭ ਆਪ ਵਹਿਮੀ ਬਣ ਜਾਣਾ ਤਾਂ ਨਹੀਂ ਹੁੰਦਾ।ਇਸਤਰੀ-ਪੁਰਸ਼ ਦੀ ਬਰਾਬਰੀ ਦਾ ਗੁਰਮਤਿ ਸਿਧਾਂਤ ਦਿਸ਼ਾ ਨਾਲ ਨਹੀਂ ਬਲਕਿ ਬਰਾਬਰ ਦੇ ਸਤਿਕਾਰ ਦੀ ਹਾਰਦਕ ਪਰਵਾਣਗੀ ਨਾਲ ਜੁੱੜਦਾ ਹੈ ਨਾ ਕਿ ਰਸਮੀ ਤੋਰ ਤੇ ਅੱਗੇ-ਪਿੱਛੇ ਜਾਂ ਸੱਜੇ ਖਬੇ ਕਰਨ ਨਾਲ।ਕਿਸੇ ਨੇ ਦਿਸ਼ਾ ਵਿਸ਼ੇਸ਼ ਨੂੰ ਉੱਚਾ ਕਰਾਰ ਦਿੱਤਾ ਹੈ ਪਰ ਗੁਰੁ ਨਾਨਕ ਨੇ ਬਿਲਕੁਲ ਨਹੀਂ।ਅਸੀਂ ਦਿਸ਼ਾਵਾਂ ਤਾਂ ਮਿਟਾ ਨਹੀਂ ਸਕਦੇ।ਅਸੀਂ ਕੇਵਲ ਦਿਸ਼ਾ ਪ੍ਰਤੀ ਇਸ ਭੁਲੇਖੇ ਨੂੰ ਦੂਰ ਕਰਨ ਦੀ ਜੁਗਤ ਕਰਨੀ ਹੈ।ਅਸੀਂ ਆਪ ਕਿਵੇਂ ਔਰਤ ਦੇ ਪਿੱਛੇ ਚਲਣ ਨੂੰ ਜਾਂ ਖੱਬੇ ਬੈਠਣ ਨੂੰ ਨੀਵਾਂ ਸਮਝ ਕੇ ਤੁਰ ਸਕਦੇ ਹਾਂ ?
ਸਿੱਖ ਰਹਿਤ ਮਰਿਯਾਦਾ ਵਿੱਚ ਸਪਸ਼ਟ ਹੈ ਕਿ ਸਿੱਖ ਲਈ ਉਂਚ-ਨੀਚ ਵਰਗੇ ਵਹਿਮ ਕਰਨਾ ਗੁਰਮਤਿ ਨਹੀਂ। ਇਸ ਲਈ ਰਹਿਤ ਮਰਿਯਾਦਾ ਵਿੱਚ ਲਿੱਖਿਆਂ ਕੁੱਝ ਮੱਦਾ ਨੂੰ ਵਾਜਬ ਰਸਮਾਂ ਦੇ ਪਰਿਪੇਖ ਵਿੱਚ ਦੇਖਣ ਦੀ ਲੋੜ ਹੈ ਨਾ ਕਿ ਵਹਿਮਾਂ ਦੇ ਪਰਿਪੇਖ ਵਿੱਚ।
ਰਹੀ ਗੱਲ ਵਹਿਮ ਦੀ ਤਾਂ ਉਹ ਕਿਸੇ ਦੀ ਆਪਣੀ ਅਗਿਆਨਤਾ ਹੀ ਹੋ ਸਕਦੀ ਹੈ ਗੁਰਮਤਿ ਨਹੀਂ।ਮਿਸਾਲ ਦੇ ਤੋਰ ਤੇ ਨਿਤਨੇਮ ਦੀ ਜ਼ਰੂਰੀ ਰਹਿਤ ਜੇਕਰ ਕਈਆਂ ਲਈ ਕਰਮਕਾੰਡੀ ਢੰਗ ਨਾਲ ਕੀਤੇ ਜਾਂਣ ਵਾਲੀ ਕ੍ਰਿਆ ਹੈ ਤਾਂ ਇਸ ਬਾਰੇ ਸੁਚੇਤ ਹੋਣ ਦੀ ਲੋੜ ਤੇ ਜ਼ੋਰ ਹੀ ਦਿੱਤਾ ਜਾ ਸਕਦਾ ਹੈ ਨਾ ਕਿ ਇਸ ਨੂੰ ਬੰਦ ਕਰਨ ਤੇ ।
ਇਸੇ ਪਰਿਪੇਖ ਵਿੱਚ ਅਸੀਂ ਕਈ ਹੋਰ ਮੱਦਾ ਨੂੰ ਵੀ ਵਿਚਾਰ ਸਕਦੇ ਹਾਂ। ਜਾਗਰੂਕਤਾ ਤਾਂ ਇਸ ਗੱਲ ਦੀ ਸਪਸ਼ਟਤਾ ਵਿੱਚ ਹੈ ਕਿ ਸਿੱਖ ਫ਼ਲਸਫ਼ਾ ਅੱਗੇ-ਪਿੱਛੇ ਜਾਂ ਸੱਜੇ ਖੱਬੇ ਹੋ ਜਾਂਣ ਨੂੰ ਉੱਤਮ-ਨੀਚ ਹੋਣਾ ਨਹੀਂ ਮੰਨਦਾ। ਦਿਸ਼ਾਵਾਂ ਬਰਾਬਰ ਹਨ ਉੱਤਮ ਜਾਂ ਨੀਚ ਨਹੀਂ।ਇਹੀ ਗੁਰਮਤਿ ਹੈ।ਅੱਗੇ-ਸੱਜੇ ਨੂੰ ਉਤਮ ਸਮਝਣ ਵਿੱਚ ਅਗਿਆਨਤਾ ਹੈ।ਜੋ ਅੱਗੇ-ਸੱਜੇ ਸਥਾਨ ਦਾ ਦਾਵਾ ਕਰਦਾ ਹੈ ਉਹ ਉਥੇ ਬੈਠ ਕੇ ਵੀ ਨੀਵਾਂ ਹੈ। ਇਸਤਰੀ ਦੇ ਅਸਲ ਸਤਿਕਾਰ ਅਤੇ ਬਰਾਬਰੀ ਨੂੰ ਵਾਚਣ-ਭਾਲਣ ਦਾ ਖੇਤਰ ਚਾਰ ਲਾਵਾਂ ਦੀ ਰਸਮ ਨਹੀਂ ਬਲਕਿ ਉਨ੍ਹਾਂ ਸਮਾਜਕ ਅਵਸਥਾਵਾਂ ਵਿੱਚ ਹੈ ਜਿਸ ਵਿੱਚ ਉਸ ਨੂੰ ਰੋਜ਼ ਜੀਣਾ ਪੈਂਦਾ ਹੈ ਅਤੇ ਬਹੁਤੀ ਬਾਰ ਜੀਉਂਣ ਤੋਂ ਪਹਿਲਾਂ ਮਰਨਾ ਵੀ।
ਹਰਦੇਵ ਸਿੰਘ,ਜੰਮੂ
ਹਰਦੇਵ ਸਿੰਘ ਜਮੂੰ
ਆਨੰਦ ਕਾਰਜ ਅਤੇ ਦਿਸ਼ਾਵਾਂ’
Page Visitors: 2936