ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 16)
ਆਪਾਂ ਇਸ ਵਿਚਾਰ ਚਰਚਾ ਵਿਚ ਵੇਖਿਆ ਹੈ ਕਿ,
1. ਦੁਨੀਆ ਵਿਚ ਪ੍ਰਚਲਤ, ਸੋਝੀ ਹਾਸਲ ਕਰਨ ਦਾ ਸਾਧਨ ਇਹ ਅੱਖਰ, ਬੰਦੇ ਦੇ ਆਤਮਕ ਸਫਰ ਵਿਚ ਉਸ ਦਾ ਸਾਥ ਨਹੀਂ ਦਿੰਦੇ, ਇਨ੍ਹਾਂ ਅੱਖਰਾਂ ਦੀ ਬੋਲ ਅਤੇ ਲਿਖ ਕੇ ਵਰਤੋਂ ਕੀਤੀ ਜਾਂਦੀ ਹੈ। ਅਬੋਲ ਅਵਸਥਾ ਵਿਚ ਇਹ ਅੱਖਰ ਕੰਮ ਨਹੀਂ ਆਉਂਦੇ। ਪਰ ਫਿਰ ਵੀ ਆਤਮਕ ਰਾਹ ਤੇ ਕੰਮ ਆਉਣ ਵਾਲੇ ਅੱਖਰਾਂ ਬਾਰੇ ਸੋਝੀ ਇਨ੍ਹਾਂ ਅੱਖਰਾਂ ਰਾਹੀਂ ਹੀ ਹੁੰਦੀ ਹੈ। ਇਨ੍ਹਾਂ ਅੱਖਰਾਂ ਦਾ ਗਿਆਨ, ਦਮਾਗ ਸਮਝਦਾ ਹੈ, ਓਸ ਸਮਝੇ ਨੂੰ ਮਨ ਕਬੂਲ ਕਰਦਾ ਹੈ ਅਤੇ ਆਪਣੇ ਮਤਲਬ ਦੇ ਅੱਖਰ ਆਪ ਘੜਦਾ ਅਤੇ ਆਪ ਹੀ ਲਿਖਦਾ ਹੈ, ਜੋ ਆਤਮਕ ਰਾਹ ਵਿਚ, ਅਬੋਲ ਅਵਸਥਾ ਵਿਚ ਉਸ ਦੇ ਕੰਮ ਆਉਂਦੇ ਹਨ। (ਇਹ ਓਹ ਅੱਖਰ ਹਨ ਜੋ ਖਿਰਦੇ ਨਹੀਂ) ਇਹ ਜ਼ਰੂਰੀ ਨਹੀਂ ਕਿ ਓਹ ਅੱਖਰ ਉਸ ਦੀ ਆਤਮਕ ਭਲਾਈ ਵਿਚ ਹੀ ਹੋਣ, ਉਹ ਅੱਖਰ ਉਸ ਦੀ ਭਲਾਈ ਵਿਚ ਵੀ ਹੋ ਸਕਦੇ ਹਨ ਅਤੇ ਬੁਰਾਈ ਵਿਚ ਵੀ ਹੋ ਸਕਦੇ ਹਨ, ਪਰ ਉਹ ਅੱਖਰ ਮਨ ਵਿਚ ਹੀ ਪੈਦਾ ਹੁੰਦੇ ਹਨ, ਮਨ ਵਿਚ ਹੀ ਪ੍ਰਫੁਲੱਤ ਹੁੰਦੇ ਹਨ ਅਤੇ ਜਦ ਤੱਕ ਮਨ ਦੀ ਪਰਮਾਤਮਾ ਨਾਲੋਂ ਅਲੱਗ ਹੋਂਦ ਰਹਿੰਦੀ ਹੈ ਤਦ ਤੱਕ ਉਸ ਦੇ ਨਾਲ ਚਲਦੇ ਹਨ, ਓਨ੍ਹਾਂ ਅੱਖਰਾਂ ਵਿਚ ਹੀ ਮਨ ਦੇ ਕਰਮ ਲਿਖੇ ਹੁੰਦੇ ਹਨ। ਜਦ ਮਨ, ਗੁਰੂ ਦੀ ਮਿਹਰ ਅਤੇ ਪਰਮਾਤਮਾ ਦੀ ਕਿਰਪਾ ਸਦਕਾ, ਕਰਤਾਰ ਨਾਲ ਇਕ-ਮਿਕ ਹੋ ਜਾਂਦਾ ਹੈ, ਉਸ ਦੀ ਆਪਣੀ ਅਲੱਗ ਹੋਂਦ ਖਤਮ ਹੋ ਜਾਂਦੀ ਹੈ ਤਾਂ ਓਹ ਅੱਖਰ ਵੀ ਖਤਮ ਹੋ ਜਾਂਦੇ ਹਨ।
ਇਹ ਅੱਖਰ ਸਮੇਂ ਦੇ ਨਾਲ ਖਿਰ ਜਾਂਦੇ ਹਨ, ਮਿਟ ਜਾਂਦੇ ਹਨ।(ਕਦੇ ਜਿਸ ਸਮੱਗਰੀ ਤੇ ਲਿਖਿਆ ਹੋਵੇ, ਉਹ ਸੜ-ਗਲ ਜਾਂਦੀ ਹੈ ਅਤੇ ਕਦੇ ਜਿਸ ਸਮਗਰੀ ਨਾਲ ਲਿਖਿਆ ਹੋਵੇ, ਉਹੀ ਮੱਧਮ ਪੈ ਜਾਂਦੀ ਹੈ, ਪੜ੍ਹਨ ਲਾਇਕ ਨਹੀਂ ਰਹਿੰਦੀ। ਇਹੀ ਹਾਲ ਬੋਲੇ ਗਏ ਅੱਖਰਾਂ ਦਾ ਹੁੰਦਾ ਹੈ। ਇਹ ਅੱਖਰ ਖਿਰਦੇ ਰਹਿੰਦੇ ਹਨ, ਨਵੇਂ ਬਣਦੇ ਰਹਿੰਦੇ ਹਨ।
2. ਓਇ (ਉਹ) ਅੱਖਰ ਅਬੋਲ ਅਵਸਥਾ ਵਿਚ ਕੰਮ ਆਉਂਦੇ ਹਨ, ਜਿਸ ਅਵਸਥਾ ਵਿਚ ਕੁਝ ਵੀ ਬੋਲਣਾ ਸੰਭਵ ਨਹੀਂ ਹੈ। ਬੋਲਣ ਦੀ ਕਿਰਿਆ ਸਰੀਰਕ ਰੂਪ ਵਿਚ ਹੀ ਹੁੰਦੀ ਹੈ, ‘ਤੇ ਓਸ ਅਵਸਥਾ ਵਿਚ ਸਰੀਰ ਨਹੀਂ ਹੁੰਦੇ।
ਲੱਗੇ ਹੱਥ ਹੀ ਕਹੇ ਜਾਂਦੇ, ਸੰਤ-ਮਹਾਂ ਪੁਰਸ਼, ਬ੍ਰਹਮ ਗਿਆਨੀ, ਜੋ ਧਾਰਮਕ ਸਟੇਜਾਂ ਤੋਂ ਪਰਚਾਰਦੇ ਹਨ, ਉਹ ਕਿੰਨਾ ਕੁ ਸਾਰਥਿਕ ਹੁੰਦਾ ਹੈ ? ਜਿਸ ਵਿਚ ਅਬੋਲ ਅਵਸਥਾ ਵਿਚਲੀਆਂ, ਬੋਲੀਆਂ ਗਈਆਂ, ਜਾਂ ਕਰਮ ਰੂਪ ਵਿਚ ਕੀਤੇ ਕੰਮਾਂ ਦੀਆਂ ਸਾਖੀਆਂ ਹੁੰਦੀਆਂ ਹਨ। ਜੋ ਕਲਾਕਾਰ ਤਸਵੀਰਾਂ ਰਾਹੀਂ, ਸਿੱਖਾਂ ਨੂੰ ਪਰਲੋਕ ਦੀਆਂ ਝਾਕੀਆਂ ਵਿਖਾਉਂਦੇ ਹਨ, ਉਹ ਕਿੰਨੀਆਂ ਕੁ ਸੱਚ ਹੁੰਦੀਆਂ ਹੋਣਗੀਆਂ ? ਤਸਵੀਰਾਂ ਵਿਚ ਆਕਾਸ਼ ਤੋਂ ਹੁੰਦੀ ਫੁੱਲਾਂ ਦੀ ਵਰਖਾ,(ਜਿਸ ਦੀ ਰੀਸ ਵਜੋ ਅੱਜ ਹਵਾਈ-ਜਹਾਜ਼ਾਂ ਅਤੇ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਕਰਨੀ ਪ੍ਰਚਲਤ ਹੋ ਰਹੀ ਹੈ) ਕਿੰਨੀ ਕੁ ਸਾਰਥਿਕ ਹੈ, ਜਿਸ ਵਿਚ ਫੁੱਲਾਂ ਦਾ ਸੁਹਜ ਅਤੇ ਸੁਹੱਪਣ ਪੈਰਾਂ ਵਿਚ ਰੋਲਿਆ ਜਾਂਦਾ ਹੈ, ਪਰਮਾਤਮਾ ਦੀ ਬਖਸ਼ਿਸ਼ ਪੈਟਰੋਲ ਅਤੇ ਡੀਜ਼ਲ ਦੀ ਕੀਤੀ ਜਾਂਦੀ ਦੁਰ-ਵਰਤੋਂ, ਉਸ ਦੀ ਆੜ ਵਿਚ ਸਿੱਖਾਂ ਦੇ ਦਸਵੰਧ ਦੀ ਕੀਤੀ ਜਾਂਦੀ ਕੁਵਰਤੋਂ ਕਿੰਨੀ ਕੁ ਠੀਕ ਹੈ ?
ਗ੍ਰੰਥਾਂ, ਕਿਤਾਬਾਂ ਵਿਚ ਮਾਰੀਆਂ ਯਭਲੀਆਂ ਕਿ, ਸਵਰਗ ਵਿਚੋਂ ਉੱਤਰ ਕੇ ਰਾਗਾਂ ਦਾ ਗੁਰੂ ਅਰਜਨ ਪਾਤਸ਼ਾਹ ਦੇ ਦਰਬਾਰ ਵਿਚ ਆਉਣਾ ਅਤੇ ਬੇਨਤੀ ਕਰਨੀ ਕਿ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਦਿੱਤੀ ਜਾਵੇ, ਜਿਸ ਦੇ ਸਿੱਟੇ ਵਜੋਂ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿਚ “ਰਾਗ-ਮਾਲਾ” ਲਿਖੀ। ਸਿੱਖੀ ਦੇ ਪਰਚਾਰ ਲਈ ਕਿੰਨੇ ਕੁ ਯੋਗ ਕੰਮ ਹਨ ? ਜਾਂ ਵਿਸ਼ਨੂ ਦਾ ਦਰਬਾਰ ਸਾਹਿਬ ਦੀ ਉਸਾਰੀ ਵੇਲੇ, ਦਰਬਾਰ ਸਾਹਿਬ ਦੀ ਸੇਵਾ ਕਰਨੀ, ਗੁਰੂ ਜੀ ਅਤੇ ਸਿੱਖਾਂ ਦਾ ਉਸ ਨੂੰ ਇਸ ਆਧਾਰ ਤੇ ਪਛਾਨਣਾ ਕਿ ਉਸ ਦਾ ਪਰਛਾਵਾਂ ਨਹੀਂ ਸੀ, ਉਸ ਦੇ ਪੈਰੀਂ ਲੱਗਣਾ ਅਤੇ ਉਸ ਦੇ ਕਹੇ ਤੇ ਦਰਬਾਰ ਸਾਹਿਬ ਦਾ ਨਾਮ ‘ਹਰਿਮੰਦਰ ਸਾਹਿਬ’ ਰੱਖਣਾ, ਗੁਰੂ ਸਾਹਿਬ ਦਾ ਰਾਤ ਵੇਲੇ ਦਰਬਾਰ ਸਾਹਿਬ ਤੋਂ ਬਾਹਰ ਸੌਣਾ, ਕਿਉਂਕਿ ਉਸ ਵਿਚ ਵਿਸ਼ਨੂ ਅਤੇ ਲਕਸ਼ਮੀ ਬਿਰਾਜਦੇ ਸਨ। ਕੀ ਅਜਿਹੀਆਂ ਕਹਾਣੀਆਂ, ਸਿੱਖੀ ਦਾ ਪਰਚਾਰ ਹਨ ? ਜਾਂ ਸਿੱਖੀ ਦੀ ਬੇੜੀ ਵਿਚ ਵੱਟੇ ਪਾਉਣੇ ਹਨ ? ਮੇਰੇ ਲਿਖਣ ਦਾ ਭਾਵ ਇਹ ਹੈ ਕਿ ਇਹ ਸਾਰੀਆਂ ਅਬੋਲ ਅਵਸਥਾ ਵਿਚਲੀਆਂ ਕਹਾਣੀਆਂ ਹਨ, ਜੋ ਕਿ ਸਰੀਰ ਤੋਂ ਬਗੈਰ ਸੰਭਵ ਹੀ ਨਹੀਂ ਹਨ।
ਕੀ ਗੁਰਦਵਾਰਿਆਂ ਵਿਚੋਂ, ਜਿੱਥੋਂ ਗੁਰਮਤਿ ਦੀ ਸੇਧ ਦੇਣੀ ਸੀ, ਓਥੋਂ ਅਜਿਹਾ ਪਰਚਾਰ ਯੋਗ ਹੈ ? ਜਿਨ੍ਹਾਂ ਸਿੱਖਾਂ ਨੇ ਗੁਰਦਵਾਰੇ ਵਿਚੋਂ ਗੁਰਮਤਿ ਦੀ ਸੋਝੀ ਲੈ ਕੇ ਆਪਣਾ ਜੀਵਚ ਸਵਾਰਨਾ ਸੀ, ਇਹ ਉਨ੍ਹਾਂ ਨੂੰ ਕੁਰਾਹੇ ਪਾ ਕੇ ਗੁਰਮਤਿ ਤੋਂ ਦੂਰ ਕਰਨ ਦੀ ਕੋਝੀ ਚਾਲ ਤਾਂ ਨਹੀਂ ? ਇਸ ਬਾਰੇ ਕੌਣ ਸੋਚੇਗਾ ? ਇਸ ਨੂੰ ਕੌਣ ਸੁਧਾਰੇਗਾ ?
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 16)
Page Visitors: 2602