ੴਸਤਿ ਗੁਰ ਪ੍ਰਸਾਦਿ ॥
ਗੁਰਬਾਣੀ ਦਰਸ਼ਨ
(ਗੁਰਬਾਣੀ ਦਾ ਫਲਸਫਾ)
(ਗੁਰਮਤਿ ਸਿਧਾਂਤ)
ਭਾਗ-7
ਏਥੋਂ ਜਪੁ ਬਾਣੀ ਦੀ ਸ਼ੁਰੂਆਤ ਹੁੰਦੀ ਹੈ , ਜਿਸ ਨੂੰ ਸਿੱਖ ਆਦਰ ਸਹਿਤ “ ਜਪੁ ਜੀ ਸਾਹਿਬ ” ਕਹਿੰਦੇ ਹਨ । ਜਪ ਦਾ ਅਰਥ ਆਪਾਂ ਉਪਰ ਵਿਚਾਰ ਆਏ ਹਾਂ । ਜਪ ਦਾ ਅਰਥ ਯਾਦ ਕਰਨਾ ਹੈ ਅਤੇ ਇਹ ਨਰੋਲ ਮਨ ਦਾ ਵਿਸ਼ਾ ਹੈ । ਇਸ ਦੇ ਪਹਿਲੇ ਸਲੋਕ ਵਿਚ ਸਮਝਾਇਆ ਹੈ ਕਿ ਜਪਣਾ ਕਿਸ ਨੂੰ ਹੈ ?
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥
ਗੁਰੂ ਸਾਹਿਬ ਕਹਿੰਦੇ ਹਨ ਕਿ ਜਪਣਾ ਉਸ ਨੂੰ ਹੈ , ਮਨ ਵਿਚ ਉਸ ਨੂੰ ਵਸਾਉਣਾ ਹੈ , ਜੋ ਮੁੱਢ-ਕਦੀਮ ਤੋਂ ਹੋਂਦ ਵਾਲਾ , ਹਮੇਸ਼ਾ ਕਾਇਮ ਰਹਿਣ ਵਾਲਾ ਹੈ । ਜੋ ਇਸ ਸ੍ਰਿਸ਼ਟੀ ਦੇ ਵਜੂਦ ਵਿਚ ਆਉਣ ਤੋਂ ਪਹਿਲਾਂ , ਸਮੇ ਦੇ ਮਾਪ , ਜੁਗਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ , ਜਦੋਂ ਅਜੇ ਧਰਤੀ ਤੇ ਬੰਦੇ ਦਾ ਵਿਕਾਸ ਨਹੀਂ ਹੋਇਆ ਸੀ , ਜਦੋਂ ਬੰਦੇ ਨੂੰ ਸਮੇ ਦਾ ਹਿਸਾਬ-ਕਿਤਾਬ ਨਹੀਂ ਰੱਖਣਾ ਆਉਂਦਾ ਸੀ , ਉਸ ਵੇਲੇ ਵੀ ਉਹ ਪ੍ਰਭੂ ਹੋਂਦ ਵਾਲਾ ਸੀ । ਵਰਤਮਾਨ ਸਮੇ ਵਿਚ ਵੀ ਉਹੀ ਅਕਾਲ-ਪੁਰਖ ਸਦੀਵੀ ਹੋਂਦ ਵਾਲਾ ਹੈ ਅਤੇ ਭਵਿੱਖ ਵਿਚ ਵੀ ਉਹ ਸਦੀਵੀ ਹੋਂਦ ਵਾਲਾ ਹੀ ਰਹੇਗਾ । ਹੇ ਸਿੱਖੋ , ਤੁਸੀਂ ਹਮੇਸ਼ਾ ਉਸ ਦਾ ਹੀ ਜਾਪ ਕਰਨਾ ਹੈ , ਉਸ ਨੂੰ ਹੀ ਮਨ ਵਿਚ ਵਸਾਉਣਾ ਹੈ , ਉਸ ਨਾਲ ਹੀ ਪਿਆਰ ਪਾਉਣਾ ਹੈ ।
ਹੁਣ ਸ਼ੁਰੂ ਹੁੰਦੀ ਹੈ ਜਪੁ ਬਾਣੀ ਦੀ ਸਿਖਿਆ ।
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲ ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥
ਪਹਿਲੀ ਪਉੜੀ ਵਿਚ ਗੁਰੂ ਸਾਹਿਬ ਦਾ ਵਿਸ਼ਾ ਹੈ , “ ਕਿਵ ਸਚਿਆਰਾ ਹੋਈਐ ” ਇਸ ਸਚਿਆਰ ਹੋਣ ਵਿਚ ਅੜਚਨ ਕੀ ਹੈ ? ਸਾਡੇ ਅੰਦਰਲੇ ਪਰਮਾਤਮਾ ਦੀ ਅੰਸ਼ “ ਜੀਅ ” ਅਤੇ ਉਸ ਦੇ ਹੀ ਸਰੂਪ “ ਮਨ ” ਦੇ ਵਿਚਾਲੇ , ਮਾਇਆ ਦਾ ਪਰਦਾ ਹੈ, ਇਸ ਨੂੰ ਹੀ ਗੁਰੂ ਸਾਹਿਬ “ ਕੂੜ ਦੀ ਪਾਲ ” ਕਹਿੰਦੇ ਹਨ । ਸਚਿਆਰਾ ਹੋਣ ਲਈ ਉਹ ਪਾਲ , ਉਹ ਪਰਦਾ , ਵਿਚੋਂ ਹਟਣਾ ਜ਼ਰੂਰੀ ਹੈ , ਉਸ ਦੇ ਹਟਣ ਦੇ ਨਾਲ ਹੀ ਮਨ ਅਤੇ ਪ੍ਰਭੂ ਦੀ ਅੰਸ਼, ਜੀਅ ਦਾ ਮਿਲਾਪ ਹੋ ਕੇ , ਬੰਦੇ ਦੀ ਜੀਵਨ-ਖੇਡ ਸਫਲ ਹੋਣੀ ਹੈ , ਪਰਮਾਤਮਾ ਨਾਲ ਇਕ ਮਿਕ ਹੋ ਕੇ , ਉਸ ਦਾ ਜਨਮ-ਮਰਨ ਦਾ ਗੇੜ ਖਤਮ ਹੋਣਾ ਹੈ । ਗੁਰੂ ਸਾਹਿਬ , ਉਸ ਵੇਲੇ ਦੇ ਪੁਜਾਰੀਆਂ ਵਲੋਂ ਮਿਥੇ , ਸਚਿਆਰ ਹੋਣ ਦੇ , ਅਕਾਲ ਪੁਰਖ ਦੇ ਦਰ ਤੇ ਕਬੂਲ ਹੋਣ ਦੇ ਪ੍ਰਚਲਤ ਢੰਗਾਂ ਦਾ ਜ਼ਿਕਰ ਕਰਦੇ ਹਨ ।
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਸੋਚ (ਜੋ ਬਦਲ ਕੇ ਅੱਜ ਸੌਚ ਹੋ ਗਿਆ ਹੈ) ਕਰਨ ਨਾਲ , ਸਰੀਰਕ ਸਫਾਈ ਕਰਨ ਨਾਲ , ਮਨ ਦੀ ਸਫਾਈ ਨਹੀਂ ਹੁੰਦੀ , ਭਾਵੇਂ ਕੋਈ ਲੱਖਾਂ ਵਾਰੀ , ਸਰੀਰ ਨੂੰ ਧੋਂਦਾ ਰਹੇ , ਤੀਰਥ ਇਸ਼ਨਾਨ ਕਰਦਾ ਰਹੇ । ਸਮਝਣ ਵਾਲੀ ਗੱਲ ਹੈ ਕਿ ਬੰਦੇ ਦੀ ਜੀਵਨ ਖੇਡ , ਮਨ ਦਾ ਪ੍ਰਭੂ ਨਾਲ ਇਕ ਸਾਰ ਹੋਣਾ ਹੈ । ਸਰੀਰ ਉਸ ਖੇਡ ਦਾ ਮਾਧਿਅਮ (ਵਸੀਲਾ) ਹੈ । ਸਰੀਰ ਦੇ ਵਿਚ ਹੀ ਮਨ ਅਤੇ ਪ੍ਰਭੂ ਹੈ , ਪਰ ਦੋਵਾਂ ਦੇ ਵਿਚਾਲੇ , ਮਾਇਆ ਦਾ ਪਰਦਾ ਹੈ , ਉਸ ਨੂੰ ਵਿਚੋਂ ਦੂਰ ਕਰ ਕੇ ਹੀ , ਮਨ ਦਾ , ਆਪਣੇ ਮੂਲ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ । ਇਹ ਸਾਰੀ ਖੇਡ ਮਨ ਦੀ ਹੈ ।(ਜਿਸ ਨੂੰ ਆਪਾਂ ਉਪਰ ਵਿਚਾਰ ਆਏ ਹਾਂ) ਕਿਉਂਕਿ ਇਸ ਸਾਰੀ ਖੇਡ ਦਾ ਮੈਦਾਨ “ਸਰੀਰ” ਹੈ , ਇਸ ਲਈ ਸਰੀਰ ਦਾ ਰਖ-ਰਖਾਉ , ਉਸ ਦੀ ਸਾਫ ਸਫਾਈ ਰਖਣੀ ਵੀ ਜ਼ਰੂਰੀ ਹੈ , ਪਰ ਤਨ ਦੀ ਸਫਾਈ ਕਰ ਲੈਣ ਨਾਲ ਹੀ , ਖੇਡ ਸੰਪੂਰਨ ਨਹੀਂ ਹੋ ਜਾਂਦੀ । ਖੇਡ ਦੇ ਵਿਚ ਮੈਦਾਨ ਦਾ ਆਪਣਾ ਰੋਲ ਹੈ , ਖਿਡਾਰੀਆਂ ਦਾ ਆਪਣਾ ਰੋਲ । ਨਾ ਮੈਦਾਨ ਖਿਡਾਰੀਆਂ ਦਾ ਰੋਲ ਕਰ ਦਞਸਕਦਾ ਹੈ , ਨਾ ਖਿਡਾਰੀ ਮੈਦਾਨ ਦਾ । ਇਸ਼ਨਾਨ ਆਦਿ ਕਰਨਾ , ਸਰੀਰਕ ਸੁਚਮ ਰੱਖਣੀ , ਮੈਦਾਨ ਦਾ ਰਖ-ਰਖਾਉ ਹੈ , ਇਸ ਨਾਲ ਮਨ ਦੀ ਸਫਾਈ ਨਹੀਂ ਹੋ ਸਕਦੀ ।(ਪਰ ਆਤਮਕ ਖੇਡ , ਪ੍ਰਤੱਖ ਨਾ ਹੋਣ ਕਾਰਨ , ਧਰਮ ਦੇ ਠੇਕੇਦਾਰਾਂ ਨੇ ਇਸ ਦੀ ਬਹੁਤ ਕੁਵਰਤੋਂ ਕੀਤੀ ਹੈ)
ਜੇ ਇਸ ਵਿਚ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਉਹ ਆਪਣੇ ਮਨ ਨੂੰ ਚੰਗੀ ਤਰ੍ਹਾਂ ਵਿਕਾਰਾਂ ਤੋਂ ਰਹਿਤ ਕਰ ਕੇ ਵੇਖ ਲਵੇ ਕਿ ਕੀ ਉਸ ਦੀ ਸਰੀਰਕ ਸਫਾਈ ਹੋ ਗਈ ਹੈ ? (ਇਹ ਤਾਂ ਪ੍ਰਤੱਖ ਖੇਡ ਹੈ ) ਜੇ ਮਨ ਸਾਫ ਕਰਨ ਨਾਲ , ਤਨ ਦੀ ਸਫਾਈ ਨਹੀਂ ਹੋ ਸਕਦੀ ਤਾਂ ਸਰੀਰਕ ਸਫਾਈ ਦੇ ਨਾਲ ਮਨ ਦੀ ਸਫਾਈ ਵੀ ਨਹੀਂ ਹੋ ਸਕਦੀ ਹੈ ?
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਇਵੇਂ ਹੀ ਸਰੀਰਕ ਤੌਰ ਤੇ ਚੁੱਪ ਧਾਰਨ ਨਾਲ , ਮੌਨ-ਸਮਾਧੀਆਂ ਲਾਉਣ ਨਾਲ , ਮੌਨ ਧਾਰਨ ਕਰਨ ਨਾਲ , ਮਨ ਚੁੱਪ ਕਰ ਕੇ ਨਹੀਂ ਬੈਠਦਾ , ਮਨ ਦੀ ਭਟਕਣਾ ਨਹੀਂ ਰੁਕਦੀ । ਮੌਨ ਬੈਠਣ ਨਾਲ ਵੀ ਮਨ ਭਟਕਦਾ ਹੀ ਰਹਿੰਦਾ ਹੈ । ਜੋ ਲੋਕ ਭੋਰਿਆਂ ਵਿਚ ਸਮਾਧੀਆਂ ਲਗਾ ਕੇ , ਆਪਣੇ ਮਨ ਦੇ ਟਿਕਾਵੇ ਦਾ ਵਿਖਾਵਾ ਕਰਦੇ ਹਨ , ਉਹ ਸਿਰਫ ਲੋਕਾਂ ਵਿਚ , ਆਪਣੇ ਧਰਮੀ ਹੋਣ ਦਾ , ਪਖੰਡ-ਕਰਮ ਹੀ ਕਰਦੇ ਹਨ । ਭਾਵੇਂ ਬੰਦਾ ਅੱਖਾਂ ਮੀਟ ਕੇ , ਚੁੱਪ ਧਾਰ ਕੇ ਇਕ-ਸਾਰ ਕਈ ਕਈ ਘੰਟੇ , ਕਈ ਕਈ ਦਿਨ , ਕਈ ਕਈ ਮਹੀਨੇ ਜਾਂ ਕਈ ਕਈ ਸਾਲ ਵੀ ਮੌਨ ਧਾਰਨ ਕਰ ਕੇ ਟਿਕਿਆ ਰਹੇ , ਪਰ ਇਵੇਂ ਉਸ ਦਾ ਮਨ ਇਕ ਪਲ ਵੀ ਨਹੀਂ ਟਿਕਦਾ । ਭੋਰਿਆਂ ਵਾਲੇ ਪਖੰਡ-ਜਾਲ ਨੂੰ ਸਹੀ ਸਾਬਤ ਕਰਨ ਲਈ ਹੀ ਗੁਰੂ ਤੇਗ ਬਹਾਦਰ ਜੀ ਦੇ ਭੋਰੇ ਵਿਚਲੇ , ਭਗਤੀ ਕਰਨ ਦੇ ਭਰਮ-ਜਾਲ ਨੂੰ ਪਰਚਾਰਿਆ ਅਤੇ ਮਾਨਤਾ ਦਿੱਤੀ ਜਾਂਦੀ ਹੈ ।
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਆਪਾਂ ਵੇਖਦੇ ਹਾਂ ਕਿ ਪਹਿਲਾਂ ਗੱਲ ਮਨ ਦੀ ਸਫਾਈ ਦੀ ਹੋਈ ਹੈ , ਫਿਰ ਗੱਲ ਮਨ ਦੇ ਟਿਕਾਉ ਦੀ ਹੋਈ ਹੈ , ਹੁਣ ਗੱਲ ਮਨ ਦੀ ਭੁੱਖ ਦੀ ਹੋ ਰਹੀ ਹੈ , ਸਰੀਰਕ ਭੁੱਖ ਦੀ ਨਹੀਂ । ਗੁਰੂ ਸਾਹਿਬ ਸਮਝਾਉਂਦੇ ਹਨ ਕਿ ਮਨ ਦੀ ਭੁੱਖ , ਕਦੀ ਵੀ ਮਿਟਦੀ ਨਹੀਂ , ਤ੍ਰਿਸ਼ਨਾ ਕਦੀ ਵੀ ਪੂਰੀ ਨਹੀਂ ਹੁੰਦੀ , ਭਾਵੇਂ ਸਾਰੀ ਦੁਨੀਆ ਦਾ ਖਜ਼ਾਨੇ ਇਕੱਠੇ ਕਰ ਲਏ ਜਾਣ । ਬੰਦਾ ਧਨ-ਦੌਲਤ , ਜ਼ਮੀਨ-ਜਾਇਦਾਦ , ਸੁੱਖ-ਸੁਵਿਧਾ ਦੇ ਸਾਧਨ ਇਕੱਠੇ ਕਰਦਾ ਹੈ , ਪਰ ਤ੍ਰਿਸ਼ਨਾ ਅਧੀਨ ਮਨ ਹਰ ਵੇਲੇ , ਹੋਰ ਹੋਰ ਦੀ ਕਾਮਨਾ ਕਰਦਾ ਹੀ ਰਹਿੰਦਾ ਹੈ । ਇਸ ਤਰ੍ਹਾਂ ਮਨ ਦੀ ਸੰਤੁਸ਼ਟੀ ਦੀ ਕੋਈ ਹੱਦ ਨਹੀਂ ਹੈ । ਮਨ ਦੀ ਸੰਤੁਸ਼ਟੀ ਦਾ ਸਿਰਫ ਇਕ ਹੀ ਸਾਧਨ ਹੈ , ਤ੍ਰਿਸ਼ਨਾਵਾਂ ਤੋਂ ਛੁਟਕਾਰਾ ਪਾਉਣਾ , ਜੋ ਸਿਰਫ ਸ਼ਬਦ ਗੁਰੂ ਤੋਂ ਸਿਖਿਆ ਹਾਸਲ ਕਰਨ ਆਸਰੇ ਹੀ ਸੰਭਵ ਹੈ ।
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲ ॥
ਜੇ ਬੰਦੇ ਵਿਚ ਹਜ਼ਾਰਾਂ-ਲੱਖਾਂ ਸਿਆਣਪਾਂ , ਚਤਰਾਈਆਂ ਵੀ ਹੋਣ , ਤਾਂ ਵੀ ਇਸ ਖੇਡ ਵਿਚ , ਕੋਈ ਚਤਰਾਈ , ਕੋਈ ਸਿਆਣਪ ਉਸ ਦੇ ਕੰਮ ਨਹੀਂ ਆ ਸਕਦੀ , ਕਿਉਂਕਿ ਇਸ ਖੇਡ ਦਾ ਸਬੰਧ ਮਨ ਨਾਲ ਹੈ , ਦਿਮਾਗ ਨਾਲ ਨਹੀਂ ਅਤੇ ਚਤਰਾਈਆਂ ਦਿਮਾਗ ਦੀ ਉਪਜ ਹਨ । ਬੰਦਾ ਦਿਮਾਗ ਦਾ ਬਹੁਤ ਤੇਜ਼ ਵੀ ਹੋਵੇ , ਤਦ ਵੀ ਇਹ ਸਿਆਣਪਾਂ , ਇਹ ਚਤਰਾਈਆਂ ਸਰੀਰ ਤਕ ਹੀ ਸਬੰਧਿਤ ਹੋਣ ਕਰ ਕੇ ਸਰੀਰ ਦੇ ਨਾਲ ਹੀ ਖਤਮ ਹੋ ਜਾਂਦੀਆਂ ਹਨ । ਮਨ ਦੇ ਨਾਲ ਨਹੀਂ ਨਿਭਦੀਆਂ , ਮਨ ਦੀ ਤ੍ਰਿਸ਼ਨਾ ਨੂੰ ਪੂਰਾ ਕਰਨ ਲਈ , ਕਿਸੇ ਕੰਮ ਨਹੀਂ ਆਉਂਦੀਆਂ , ਕੋਈ ਇਕ ਵੀ ਚਤਰਾਈ ਮਨ ਨੂੰ ਸਮਝਾਉਣ ਵਿਚ ਮਦਦ-ਗਾਰ ਨਹੀਂ ਹੁੰਦੀ ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਗੁਰੂ ਸਾਹਿਬ , ਸਵਾਲ ਖੜਾ ਕਰਦੇ ਹਨ ਕਿ ਜੇ ਸਰੀਰਕ ਸੁਚਮ ਨਾਲ , ਸਰੀਰਕ ਸਫਾਈ ਕਰਨ ਨਾਲ , ਮਨ ਸਾਫ ਨਹੀਂ ਹੁੰਦਾ । ਸਰੀਰਕ ਰੂਪ ਵਿਚ ਚੁੱਪ ਧਾਰਨ ਕਰ ਲੈਣ ਨਾਲ , ਮਨ ਚੁੱਪ ਨਹੀਂ ਹੁੰਦਾ , ਭਟਕਦਾ ਹੀ ਰਹਿੰਦਾ ਹੈ । ਸਰੀਰਕ ਤੌਰ ਤੇ , ਦੁਨੀਆ ਦੇ ਸਾਰੇ ਖਜ਼ਾਨੇ ਇਕੱਠੇ ਕਰ ਲੈਣ ਨਾਲ ਵੀ , ਮਨ ਦੀ ਤ੍ਰਿਸ਼ਨਾ ਨਹੀਂ ਮੁਕਦੀ , ਮਨ ਦੀ ਸੰਤੁਸ਼ਟੀ ਨਹੀਂ ਹੁੰਦੀ । ਮਨ ਦੀ ਸੰਤੁਸ਼ਟੀ ਲਈ , ਬੰਦੇ ਦੀ ਕੋਈ ਵੀ ਸਿਆਣਪ , ਚਤਰਾਈ ਕੰਮ ਨਹੀਂ ਆਉਂਦੀ । ਫਿਰ ਉਹ ਕਿਹੜਾ ਢੰਗ ਹੈ ? ਜਿਸ ਨਾਲ ਮਨ ਅਤੇ ਪਰਮਾਤਮਾ ਵਿਚਲਾ ਮਾਇਆ ਦਾ ਪਰਦਾ , ਵਿਚੋਂ ਹਟ ਜਾਵੇ , ਮਨ ਆਪਣੇ ਮੂਲ ਪਰਮਾਤਮਾ ਨਾਲ ਜੁੜ ਕੇ , ਉਸ ਦੀ ਦਰਗਾਹ ਵਿਚ ਸਚਿਆਰ ਹੋ ਕੇ , ਪਰਵਾਨ ਹੋ ਜਾਵੇ , ਆਪਣੀ ਜੀਵਨ ਖੇਡ ਜਿੱਤ ਲਵੇ ?
ਫਿਰ ਸਿੱਖਾਂ ਨੂੰ ਸਮਝਾਉਂਦੇ , ਆਪ ਹੀ ਦਸਦੇ ਹਨ ਕਿ , ਬੰਦੇ ਦੇ ਪੈਦਾ ਹੋਣ ਸਮੇ ਹੀ , ਵਾਹਿਗੁਰੂ ਨੇ ਉਸ ਲਈ ਇਕ ਸ਼ਰਤ ਰੱਖੀ ਹੈ ,
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥
ਇਹ ਜੀਵਨ ਖੇਡ ਤਦ ਹੀ ਸਫਲ ਹੋ ਸਕੇਗੀ ਜੇ ਤੂੰ ਮਾਇਆ ਵਿਚ ਰਹਿੰਦੇ ਹੀ , ਮਾਇਆ ਮੋਹ ਤੋਂ ਬਚ ਕੇ , ਮਾਇਆ ਤੋਂ ਨਿਰਲੇਪ ਰਹਿ ਕੇ , ਰਜ਼ਾ ਦੇ ਮਾਲਕ ਪ੍ਰਭੂ ਦੇ ਕਹੇ ਅਨੁਸਾਰ , ਉਸ ਦੇ ਹੁਕਮ ਅਨੁਸਾਰ , ਉਸ ਵਲੋਂ ਸ੍ਰਿਸ਼ਟੀ ਨੂੰ ਨਿਰਵਿਘਨ ਚਲਦਾ ਰੱਖਣ ਲਈ ਬਣਾਏ ਨਿਯਮਾਂ ਦੀ ਪਾਲਣਾ ਕਰਦਾ ਰਹੇਂਗਾ । ਇਹੀ ਇਕ ਢੰਗ ਹੈ ,ਜਿਸ ਨਾਲ ਮਨ ਮੈਲਾ ਨਹੀਂ ਹੁੰਦਾ , ਮਨ ਭਟਕਦਾ ਨਹੀਂ , ਮਨ ਵਿਚ ਤ੍ਰਿਸ਼ਨਾਵਾਂ ਪੈਦਾ ਨਹੀਂ ਹੁੰਦੀਆਂ ।
ਇਵੇਂ ਹੀ ਮਨ ਕਰਤਾਰ ਦੀ ਦਰਗਾਹ ਵਿਚ ਸਚਿਆਰ ਹੁੰਦਾ ਹੈ । ਇਸ ਤੋਂ ਇਲਾਵਾ , ਮਨ ਦੀ ਚੰਚਲਤਾ ਤੇ ਰੋਕ ਲਾਉਣ ਦਾ ਹੋਰ ਕੋਈ ਢੰਗ ਨਹੀਂ ਹੈ ।
ਦੂਸਰੀ ਪਉੜੀ ਵਿਚ , ਗੁਰੂ ਸਾਹਿਬ ਉਸ ਹੁਕਮ ਦੀ ਵਡਿਆਈ ਦਸਦੇ ਹਨ , ਜਿਸ ਨੂੰ ਮੰਨਣ ਦਾ ਆਦੇਸ਼ ਪਰਮਾਤਮਾ ਨੇ ਬੰਦੇ ਨੂੰ , ਜਨਮ ਵੇਲੇ ਹੀ ਕਰ ਦਿੱਤਾ ਸੀ ।
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥2॥
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਰਜ਼ਾ ਦੇ ਮਾਲਕ , ਪ੍ਰਭੂ ਦੇ ਹੁਕਮ ਵਿਚ ਬ੍ਰਹਮੰਡ ਦੇ ਸਾਰੇ ਆਕਾਰ , ਮਨੁੱਖ , ਜੀਵ-ਜੰਤੂ , ਤਾਰਿਆਂ ਦੀਆਂ ਕਹੀਆਂ ਜਾਂਦੀਆਂ ਆਕਾਸ਼ ਗੰਗਾ , ਬਲੈਕ ਹੋਲ , ਸੂਰਜ-ਚੰਦ , ਧਰਤੀਆਂ , ਬਨਸਪਤੀ ਆਦਿ ਜੋ ਵੀ ਦਿਸਣ ਵਾਲੀਆਂ ਚੀਜ਼ਾਂ , ਪਰਮਾਤਮਾ ਦੇ ਹੁਕਮ ਨਾਲ ਹੀ ਬਣੇ ਹਨ । ਅਸੀਂ ਸਾਰੇ ਆਕਾਰ ਵੇਖਦੇ ਤਾਂ ਹਾਂ , ਪਰ ਉਸ ਹੁਕਮ ਬਾਰੇ , (ਜਿਸ ਨਾਲ ਇਹ ਸਾਰਾ ਕੁਝ ਬਣਿਆ ਹੈ) ਕੁਝ ਵੀ ਕਿਹਾ ਨਹੀਂ ਜਾ ਸਕਦਾ , ਕੁਝ ਵੀ ਜਾਣਿਆ ਨਹੀਂ ਜਾ ਸਕਦਾ । ਕਿਉਂਕਿ ਸਾਡੀ ਸਮਰਥਾ ਏਨੀ ਨਹੀਂ ਹੈ , ਅਸੀਂ ਤਾਂ ਉਸ ਦੀ ਸ੍ਰਿਸ਼ਟੀ ਰਚਨਾ ਦੀ ਖੇਡ ਦੇ ਮੋਹਰੇ ਮਾਤ੍ਰ ਹਾਂ , ਉਸ ਦੇ ਹੱਥਾਂ ਦੀਆਂ ਕਠ-ਪੁਤਲੀਆਂ ਹਾਂ ।
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਉਸ ਪ੍ਰਭੂ ਦੇ ਹੁਕਮ ਅਨੁਸਾਰ ਹੀ , ਸਾਰੇ ਜੀਵ ਹੋਂਦ ਵਿਚ ਆਉਂਦੇ ਹਨ , ਉਨ੍ਹਾਂ ਦੀ ਉਤਪਤੀ ਹੁੰਦੀ ਹੈ । ਰੱਬ ਦੇ ਹੁਕਮ ਅਨੁਸਾਰ ਹੀ , ਉਸ ਦੇ ਨਿਯਮ-ਕਾਨੂਨ ਅਨੁਸਾਰ ਹੀ , ਚੰਗੇ ਕੰਮ ਕਰਨ ਵਾਲੇ ਜੀਵ ਨੂੰ ਅਕਾਲ ਪੁਰਖ ਦੇ ਦਰ ਤੇ ਵਡਿਆਈ ਮਿਲਦੀ ਹੈ , ਦਰਬਾਰ ਵਿਚ ਸੋਭਾ ਮਿਲਦੀ ਹੈ । ਇਹ ਚੰਗੇ ਕੰਮ ਕੀ ਹਨ ? ਇਸ ਬਾਰੇ ਥੋੜ੍ਹੀ ਵਿਚਾਰ ਕਰ ਲੈਣੀ ਵੀ ਲਾਹੇਵੰਦ ਹੋਵੇਗੀ । ਪੁਜਾਰੀਆਂ ਨੇ ਇਨ੍ਹਾਂ ਕੰਮਾਂ ਦੀ ਬੜੀ ਲੰਮੀ ਲਿਸਟ ਬਣਾਈ ਹੋਈ ਹੈ । ਆਪਾਂ ਉਨ੍ਹਾਂ ਵਿਚੋਂ ਇਕ (ਜਿਸ ਨੂੰ ਕਹੇ ਜਾਂਦੇ ਸੰਤ-ਮਹਾਂਪੁਰਸ਼ , ਬ੍ਰਹਮ-ਗਿਆਨੀ ਸਭ ਤੋਂ ਵੱਧ ਮਹੱਤਤਾ ਦਿੰਦੇ ਹਨ) ਬਾਰੇ ਹੀ ਵਿਚਾਰ ਕਰਦੇ ਹਾਂ । ਕਿਹਾ ਜਾਂਦਾ ਹੈ ਝੂਠ ਨਹੀਂ ਬੋਲਣਾ ਚਾਹੀਦਾ । ਮੰਨ ਲਵੋ ਕੁਝ ਗੁੰਡੇ ਕਿਸੇ ਬੀਬੀ ਦੀ ਪੱਤ ਰੋਲਣ ਲਈ ਉਸ ਦੇ ਪਿੱਛੇ ਲੱਗੇ ਹੋਏ ਹਨ , ਉਹ ਵਿਚਾਰੀ ਉਨ੍ਹਾਂ ਤੋਂ ਬਚਣ ਲਈ ਨੱਠ-ਭੱਜ ਕਰ ਰਹੀ ਹੈ । ਇਕ ਬੰਦਾ ਉਸ ਨੂੰ ਜਾਂਦਿਆਂ ਵੇਖਦਾ ਹੈ , ਕੁਝ ਚਿਰ ਮਗਰੋਂ ਉਹ ਗੁੰਡੇ ਵੀ ਆ ਜਾਂਦੇ ਹਨ ਅਤੇ ਉਸ ਬੰਦੇ ਨੂੰ ਪੁੱਛਦੇ ਹਨ ਕਿ , ਇਸ ਪਾਸੇ ਕੋਈ ਬੀਬੀ ਜਾਂਦੀ ਵੇਖੀ ਹੈ ? ਹੁਣ ਤੁਸੀਂ ਆਪ ਸੋਚੋ ਕਿ ਉਸ ਬੰਦੇ ਦਾ ਸੱਚ ਬੋਲ ਦੇਣਾ ਕਿ , ਉਹ ਏਧਰ ਗਈ ਹੈ , ਚੰਗਾ ਕੰਮ ਹੈ ? ਜਾਂ ਝੂਠ ਬੋਲ ਦੇਣਾ ਚੰਗਾ ਕੰਮ ਹੈ ?
ਗੁਰਮਤਿ ਅਨੁਸਾਰ ਹਰ ਉਹ ਕੰਮ ਜਿਸ ਨਾਲ ਦੂਸਰੇ ਦਾ ਭਲਾ ਹੁੰਦਾ ਹੋਵੇ , ਚੰਗਾ ਕੰਮ ਹੈ । ਹਰ ਉਹ ਕੰਮ ਜਿਸ ਨਾਲ ਦੂਸਰੇ ਦਾ ਬੁਰਾ ਹੁੰਦਾ ਹੋਵੇ , ਉਹ ਬੁਰਾ ਕੰਮ ਹੈ ।
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰਨ ਨਾਲ ਹੀ ਕੋਈ ਬੰਦਾ , ਚੰਗੇ ਆਚਰਣ ਵਾਲਾ ਬਣ ਜਾਂਦਾ ਹੈ , ਉਸ ਦੇ ਹੁਕਮ ਦੀ ਉਲੰਘਣਾ ਕਰਨ ਵਾਲਾ , ਨੀਚ ਪਰਵਿਰਤੀ , ਨੀਚ ਆਚਰਣ ਵਾਲਾ ਹੋ ਜਾਂਦਾ ਹੈ । ਬੰਦੇ ਦੇ ਕੀਤੇ ਕਰਮਾਂ ਦੇ ਲੇਖੇ ਦੀ , ਜਦ ਪਰਮਾਤਮਾ ਦੇ ਨਿਯਮ-ਕਾਨੂਨ ਦੀ ਕਸਵੱਟੀ ਤੇ ਪਰਖ ਹੁੰਦੀ ਹੈ , ਉਸ ਦਾ ਲੇਖਾ ਲਿਖਿਆ ਜਾਂਦਾ ਹੈ , ਤਦ ਉਸ ਲੇਖੇ ਅਨੁਸਾਰ ਹੀ , ਦੁਨੀਆ ਦੇ ਲੋਕ , ਦੁਖ ਅਤੇ ਸੁਖ ਭੋਗਦੇ ਹਨ । ਏਥੇ ਸਵਾਲ ਪੈਦਾ ਹੁੰਦਾ ਹੈ ਕਿ , ਦੁੱਖ ਅਤੇ ਸੁਖ ਹਨ ਕੀ ?
ਦੁਨਿਆਵੀ ਤਲ ਦੇ ਦੁੱਖਾਂ ਅਤੇ ਸੁਖਾਂ ਬਾਰੇ ਗੁਰਬਾਣੀ ਇਵੇਂ ਸੇਧ ਦਿੰਦੀ ਹੈ ,
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ (149)
ਪਰਮਾਤਮਾ ਦੇ ਦਰ ਤੋਂ ਸਰੀਰ ਲਈ , ਸੁਖ ਅਤੇ ਦੁੱਖ ਦੇ ਦੋ ਕਪੜੇ ਮਿਲੇ ਹੋਏ ਹਨ , ਜਿਨ੍ਹਾਂ ਨੂੰ ਸਰੀਰ , ਬਦਲ ਬਦਲ ਕੇ ਪਹਿਨਦਾ ਰਹਿੰਦਾ ਹੈ । ਜ਼ਿੰਦਗੀ ਵਿਚ ਨਾ ਸਦਾ ਸੁਖ ਰਹਿੰਦਾ ਹੈ ਨਾ ਸਦਾ ਦੁੱਖ ਰਹਿੰਦਾ ਹੈ । ਇਨ੍ਹਾਂ ਦੋਵਾਂ ਤੋਂ ਸੰਸਾਰ ਵਿਚ ਕਿਸੇ ਨੂੰ ਕੋਈ ਛੋਟ ਨਹੀਂ । ਪਰ ਉਹ ਸੁਖ-ਦੁੱਖ ਕਿਹੜਾ ਹੈ , ਜਿਹੜਾ ਕਰਮਾਂ ਦੇ ਲੇਖੇ ਅਨੁਸਾਰ ਲੋਕ ਭੁਗਤਦੇ ਹਨ ? ਜਿਸ ਲੇਖੇ ਤੋਂ ਪਰਮਾਤਮਾ ਦੀ ਬਖਸ਼ਿਸ਼ ਨਾਲ ਛੋਟ ਮਿਲ ਜਾਂਦੀ ਹੈ ? ਉਸ ਬਾਰੇ ਹੀ ਕਿਹਾ ਹੈ ,
ਦੁਖੁ ਤਦੇ ਜਾ ਵਿਸਰਿ ਜਾਵੈ ॥ ਭੁਖ ਵਿਆਪੈ ਬਹੁ ਬਿਧਿ ਧਾਵੈ ॥
ਸਿਮਰਤ ਨਾਮ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥1॥ (98)
ਬੰਦੇ ਨੂੰ ਸਦੀਵੀ ਦੱਖ ਤਦ ਹੀ ਵਿਆਪਦਾ ਹੈ , ਜਦ ਬੰਦਾ ਪ੍ਰਭੂ ਨੂੰ ਵਿਸਰ ਜਾਂਦਾ ਹੈ , ਭੁੱਲ ਜਾਂਦਾ ਹੈ । ਪਰਮਾਤਮਾ ਨੂੰ ਭੁੱਲੇ ਬੰਦੇ ਨੂੰ ਮਾਇਆ ਦੀ ਭੁੱਖ ਵਿਆਪਦੀ ਹੈ , ਮਾਇਆ ਦੀ ਤ੍ਰਿਸ਼ਨਾ ਵਿਚ ਉਹ , ਮਾਇਆ ਹਾਸਲ ਕਰਨ ਲਈ , ਬਹੁਤ ਢੰਗਾਂ ਨਾਲ ਦੌੜ-ਭੱਜ ਕਰਦਾ ਹੈ । ਚੰਗੇ-ਮਾੜੇ ਸਾਰੇ ਕਰਮ ਕਰਦਾ ਹੈ ।
ਉਹੀ ਬੰਦਾ ਸੁਹੇਲਾ ਹੁੰਦਾ ਹੈ , ਸੁਖੀ ਹੁੰਦਾ ਹੈ , ਜੋ ਪ੍ਰਭੂ ਦਾ ਨਾਮ ਸਿਮਰਦਾ ਹੈ , ਅਕਾਲ-ਪੁਰਖ ਦੀ ਰਜ਼ਾ ਵਿਚ , ਖੁਸ਼ੀ ਪੁਰਵਕ ਚਲਦਾ ਹੈ । ਪਰ ਇਹ ਸਿਮਰਨ ਵੀ ਉਹੀ ਕਰਦਾ ਹੈ , ਜਿਸ ਤੇ ਬਖਸ਼ਿਸ਼ ਕਰ ਕੇ ਪਰਮਾਤਮਾ ਆਪ ਉਸ ਨੂੰ ਆਪਣੀ ਭਗਤੀ ਨਾਲ ਜੋੜੇ ।
ਇਵੇਂ ਜੋ ਬੰਦਾ ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰਦਿਆਂ , ਚੰਗੇ ਆਚਰਣ ਵਾਲਾ ਹੋ ਜਾਂਦਾ ਹੈ , ਉਹ ਪਰਮਾਤਮਾ ਦੀ ਬਖਸ਼ਿਸ਼ ਆਸਰੇ , ਪਰਮਾਤਮਾ ਨਾਲ ਜੁੜ ਕੇ ਆਪਣਾ ਜਨਮ-ਮਰਨ ਦਾ ਗੇੜ ਖਤਮ ਕਰ ਲੈਂਦਾ ਹੈ । ਜੋ ਉਸ ਨੂੰ ਭੁੱਲ ਕੇ , ਮਾਇਆ ਦੀ ਟੇਕ ਲੈਂਦਾ ਹੈ , ਮਾਇਆ ਮੋਹ ਵਿਚ ਫੱਸ ਜਾਂਦਾ ਹੈ , ਉਹ ਪਰਮਾਤਮਾ ਦੇ ਅਟੱਲ ਕਾਨੂਨ ਅਨੁਸਾਰ , ਜਨਮਾਂ ਦੇ ਚੱਕਰ ਵਿਚ ਪਿਆ ਰਹਿੰਦਾ ਹੈ ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥2॥
ਬ੍ਰਹਮੰਡ ਦੀ ਹਰ ਚੀਜ਼ , ਉਸ ਪ੍ਰਭੂ ਦੇ ਹੁਕਮ ਵਿਚ ਚਲ ਰਹੀ ਹੈ , ਕਿਸੇ ਚੀਜ਼ , ਕਿਸੇ ਜੀਵ , ਕਿਸੇ ਬੰਦੇ ਨੂੰ , ਕਹੇ ਜਾਂਦਾ ਕਿਸੇ ਦੇਵੀ ਦੇਵਤੇ , ਕਿਸੇ ਪੀਰ-ਪੈਗੰਬਰ , ਨੂੰ ਉਸ ਦੇ ਹੁਕਮ ਤੋਂ ਛੋਟ ਨਹੀਂ ਹੈ । ਇਸ ਹਿਸਾਬ ਸਹਿਜੇ ਹੀ ਸੋਚਿਆ ਜਾ ਸਕਦਾ ਹੈ ਕਿ , ਜੋ ਲੋਕ ਆਪਣੇ ਆਪ ਨੂੰ ਸੰਤ-ਮਹਾਂਪੁਰਸ਼-ਬ੍ਰਹਮਗਿਆਨੀ ਅਖਵਾ ਕੇ , ਦੁਨੀਆ ਨੂੰ ਚੱਕਰ ਵਿਚ ਪਾਉਂਦੇ ਹਨ , ਉਹ ਤਾਂ ਆਪ ਹੀ ਅਕਾਲ ਪੁਰਖ ਦੇ ਹੁਕਮ ਦੇ ਬੱਧੇ , ਲੇਖੇ ਵਿਚ ਹਨ । ਫਿਰ ਉਹ ਪਰਮਾਤਮਾ ਦਾ ਅਟੱਲ ਹੁਕਮ ਬਦਲ ਕੇ , ਤੁਹਾਨੂੰ ਮੁੰਡੇ ਜਾਂ ਧਨ-ਦੌਲਤ ਦੇ ਭੰਡਾਰ ਕਿਵੇਂ ਦੇ ਸਕਦੇ ਹਨ ? ਕਿਵੇਂ ਤੁਹਾਨੂੰ ਬਿਮਾਰੀ ਤੋਂ , ਮੁਕੱਦਮੇ ਤੋਂ , ਸਦੀਵੀ ਦੁਖ (ਜਨਮ-ਮਰਨ ਦੇ ਗੇੜ) ਤੋਂ , ਕਿਵੇਂ ਛੁਟਕਾਰਾ ਦਿਵਾ ਸਕਦੇ ਹਨ ?
(ਜੇ ਧਿਆਨ ਨਾਲ ਵੇਖੋ ਤਾਂ , ਉਹ ਆਪ ਹੀ ਬਿਮਾਰ ਹੋਏ , ਡਾਕਟਰਾਂ ਕੋਲੋਂ ਇਲਾਜ ਕਰਵਾਉਂਦੇ ਵੇਖੇ ਜਾ ਸਕਦੇ ਹਨ । ਮੁਕੱਦਮਿਆਂ ਵਿਚ ਫਸੇ , ਅਦਾਲਤਾਂ ਦੇ ਚੱਕਰ ਲਾਉਂਦੇ , ਜੇਲ੍ਹਾਂ ਵਿਚ ਰੁਲਦੇ ਵੇਖੇ ਜਾ ਸਕਦੇ ਹਨ । ਜੋ ਆਪਣੇ ਆਪ ਨੂੰ ਪਰਮਾਤਮਾ ਦਾ ਹੁਕਮ ਬਦਲਣ ਦੇ ਸਮਰੱਥ ਪਰਚਾਰ ਕੇ , ਆਮ ਲੋਕਾਂ ਨੂੰ ਲੁੱਟ ਰਹੇ ਹਨ , ਉਨ੍ਹਾਂ ਨੂੰ ਜਨਮ-ਮਰਨ ਦੇ ਗੇੜ ਤੋਂ , ਕਿਵੇਂ ਛੋਟ ਮਿਲ ਸਕਦੀ ਹੈ ?)
ਇਹ ਸਾਰੇ , ਅਗਿਆਨੀ ਲੋਕਾਂ ਨੂੰ ਲੁੱਟਣ ਦੇ ਸਾਧਨ ਹਨ , ਅਜਿਹੇ ਲੁਟੇਰਿਆਂ ਦੀ ਲੁੱਟ ਤੋਂ ਬਚਣ ਲਈ , ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਖਿਆ ਲੈ ਕੇ , ਗਿਆਨ-ਵਾਨ ਹੋਣ ਦੀ ਲੋੜ ਹੈ ।
ਹੇ ਨਾਨਕ , ਜੋ ਬੰਦਾ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲੈਂਦਾ ਹੈ , ਉਸ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ , ਫਿਰ ਉਹ ਹਉਮੈ ਦੀ ਗੱਲ ਨਹੀਂ ਕਰਦਾ । (ਆਪਣੇ ਆਪ ਨੂੰ ਰੱਬ ਦਾ ਸ੍ਰੀਕ ਹੋਣ ਦੀ ਝੂਠੀ ਬਕਵਾਦ ਨਹੀਂ ਕਰਦਾ , ਬਲਕਿ ਪਰਮਾਤਮਾ ਦੇ ਹੀ ਗੁਣ ਗਾਉਂਦਾ ਹੈ)
ਅਮਰ ਜੀਤ ਸਿੰਘ ਚੰਦੀ
ਫੋਨ:- 91 95685 41414