ਕੈਟੇਗਰੀ

ਤੁਹਾਡੀ ਰਾਇ



ਅਮਨਪ੍ਰੀਤ ਸਿੰਘ
ਰੁਮਾਲਾ ਬੇਅਦਬੀ ਦਾ ਅਸਲ ਦੋਸ਼ੀ ਕੌਣ ?
ਰੁਮਾਲਾ ਬੇਅਦਬੀ ਦਾ ਅਸਲ ਦੋਸ਼ੀ ਕੌਣ ?
Page Visitors: 2612

ਰੁਮਾਲਾ ਬੇਅਦਬੀ ਦਾ ਅਸਲ ਦੋਸ਼ੀ ਕੌਣ ?
ਪਿਛਲੇ ਦਿਨੀਂ ਲੁਧਿਆਣਾ ਸਥਿਤ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਬਾਬਾ ਦੀਪ ਸਿੰਘ ਦੇ ਨਾਮ 'ਤੇ ਬਣੇ ਗੁਰਦੁਆਰੇ ਚ' ਹੋਏ ਰੁਮਲਿਆਂ ਦੇ ਕਥਿਤ ਕਾਰੋਬਾਰ ਦਾ ਕਾਫੀ ਵਿਰੋਧ ਚੱਲ ਰਿਹਾ ਹੈ ਜੋ ਕਿ ਜਾਇਜ਼ ਵੀ ਹੈ ਕਿ ਸੰਗਤ ਵਲੋਂ ਅਥਾਹ ਸ਼ਰਧਾ ਨਾਲ ਆਪਣੇ ਗੁਰੂ ਨੂੰ ਭੇਂਟ ਕੀਤੀ ਵਸਤੂ ਦਾ ਵਪਾਰੀਕਰਣ ਹੋਣਾ ਸੰਗਤ ਦੇ ਹਿਰਧਿਆਂ ਨੂੰ ਵਲੂੰਧਰਣ ਤੁੱਲ ਹੈ ।
ਪਰ ਜ਼ਰਾ ਸੋਚੀਏ ਕਿ ਅਜੋਕੇ ਸਮੇਂ ਚ' ਬਾਣੀ ਗੁਰੂ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝੇ ਵਿਚਾਰੇ ਬਿਨ੍ਹਾਂ ਅੰਨ੍ਹੀ ਸ਼ਰਧਾ ਵੱਸ ਹੋ ਕੇ ਰੁਮਾਲੇ ਚੜ੍ਹਾਉਣ ਦੀ ਹੋੜ ਲੱਗੀ ਹੋਈ ਹੈ .... 200 ਤੋਂ ਲੈ ਕੇ ਲਗਭਗ 1 ਲੱਖ ਤੱਕ ਮੁੱਲ ਦੇ ਰੁਮਾਲੇ ਬਜ਼ਾਰਾਂ ਚ' ਆਮ ਵਿਕਦੇ ਦੇਖੇ ਜਾ ਸਕਦੇ ਹਨ । ਕਈ ਵਾਰ ਤਾਂ ਵੱਖ ਵੱਖ ਗੁਰਦੁਆਰਿਆਂ ਤੇ ਡੇਰੇਆਂ ਦੀ ਮਰਿਯਾਦਾ ਦੇ ਰੁਮਾਲੇ ਵੀ ਸੁਣਨ ਨੂੰ ਮਿਲਦੇ ਹਨ ।
ਗੁਰਦੁਆਰੇ ਵਿਖੇ ਗ੍ਰੰਥੀ ਸਿੰਘ ਵਲੋਂ ਕੀਤੀ ਅਰਦਾਸ ਵੀ ਇਸ ਵਕਾਰ ਨੂੰ ਪ੍ਰਫੁਲਤ ਕਰਨ ਵਿਚ ਕਾਫੀ ਸਹਾਈ ਹੋ ਰਹੀ ਹੈ 'ਗੁਰੂ ਮਹਾਰਾਜ ਆਪ ਦੇ ਸੇਵਕਾਂ ਵਲੋਂ ਆਪ ਨੂੰ ਸੁੰਦਰ ਪੁਸ਼ਾਕੇ ਚੜ੍ਹਾਏ ਗਏ ਹਨ..ਅੰਗੀਕਾਰ ਕਰੋ ਤੇ ਸੇਵਕਾਂ ਦੇ ਲੋਕ ਪਰਲੋਕ ਪੜ੍ਹਦੇ ਢੱਕਣੇ' ਤੇ ਸੇਵਕ ਦੇ ਮਨ ਵਿਚ ਵੀ ਇਹ ਗੱਲ ਬੈਠ ਗਈ ਹੈ ਕਿ ਜੇ ਰੁਮਾਲਾ ਦਿੱਤਿਆਂ ਹੀ ਸਾਡੇ ਕੀਤੀ ਕੁਕਰਮ ਢੱਕੇ ਜਾਣੇ ਹਨ ਤਾਂ ਕੀ ਲੋੜ ਹੈ ਹੋਰ ਕੁਝ ਭੇਂਟ ਕਰਨ ਦੀ ।
ਜਦੋਂ ਅਸੀਂ ਗੁਰਬਾਣੀ ਤੋਂ ਸੇਵਾ ਜਾਂ ਭੇਟਾਂ ਬਾਬਤ ਪੁਛਦੇ ਹਾਂ ਤਾਂ ਸਾਨੂੰ ਇਹ ਜਵਾਬ ਮਿਲਦਾ ਹੈ ......
- ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥   (223)
- ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥   (1245)
ਹੁਣ ਜੇ ਰੁਮਲੇ ਚੜ੍ਹਾਉਣ ਵਾਲੇ ਹੀ ਨਾ ਹੱਟਣ ਤਾਂ ਪ੍ਰਬੰਧਕਾਂ ਲਈ ਰੁਮਾਲਿਆਂ ਨੂੰ ਸੰਭਾਲਣ ਲਈ ਇਕ ਵੱਖਰੀ ਜਗ੍ਹਾ ਚਾਹੀਦੀ ਹੈ... ਕਈ ਥਾਵਾਂ 'ਤੇ ਤਾਂ ਇਸ ਜਗ੍ਹਾਂ ਚੂਹੇ ਕੁਤਰਦੇ ਵੀ ਦੇਖੇ ਗਏ ਹਨ... ਭਾਵੇਂ ਪਿੰਡਾਂ ਦੇ ਗੁਰਦੁਆਰੇ ਹੋਣ ਜਾਂ ਸਾਡੇ ਕੇਂਦਰੀ ਸਥਾਨ ਰੁਮਾਲਿਆਂ ਨੂੰ ਸੰਭਾਲਣਾ ਵੱਡੀ ਜੁਗਤ ਹੈ ।
ਰੁਮਾਲਿਆਂ ਚ' ਵਰਤੇ ਜਾਣ ਵਾਲੇ ਕਪੜੇ ਕਾਰਣ ਇਸ ਨੂੰ ਹੋਰ ਵੀ ਕਿਧਰੇ ਇਸਤਿਮਾਲ ਨਹੀਂ ਕੀਤਾ ਜਾ ਸਕਦਾ... ਜਿਵੇਂ ਚੁੰਨੀ... ਕੇਸਕੀ.. ਗਰੀਬ ਬੱਚਿਆਂ ਦੇ ਤਨ ਢੱਕਣ ਲਈ ਕਪੜੇ... ਆਦਿ
ਸੰਗਤ ਨੂੰ ਆਪ ਹੀ ਸਿਖਿਅਤ ਹੋਣਾ ਪੈਣਾ ਹੈ ਕਿ ਆਪਣਾ ਦਸਵੰਧ ਕਿਹੜੀਆਂ ਯੋਗ ਥਾਵਾਂ 'ਤੇ ਲਗਾਉਣਾ ਹੈ .... ਡੇਰਿਆਂ 'ਤੇ... ਰੁਮਾਲਿਆਂ 'ਤੇ... ਬਿਲਡਿੰਗਾਂ 'ਤੇ... ਲੰਗਰਾਂ 'ਤੇ... ਕੀਰਤਨ ਦਰਬਾਰਾਂ 'ਤੇ... ਬਹੁਤ ਧਨ ਲਾ ਕੇ ਦੇਖ ਲਿਆ... ਨਤੀਜਾ ਸਾਡੇ ਸਾਹਮਣੇ ਹੈ..
ਆਪਣੇ ਦਸਵੰਧ ਦਾ ਸਹੀ ਇਸਤੇਮਾਲ ਕਰਨਾ ਸਾਡੇ ਹੱਥ ਹੈ... ਇਹ ਨਾ ਸੋਚੀਏ ਕਿ ਅਸੀਂ ਦੇ ਦਿੱਤਾ ਅਗਲਾ ਕਿਵੇਂ ਇਸਤੇਮਾਲ ਕਰਦਾ ਹੈ ਉਹਦੀ ਸਿਰਦਰਦੀ... ਸਮੇਂ ਦੀ ਲੋੜ ਮੁਤਾਬਕ ਸਾਨੂੰ ਢੰਗ ਵੀ ਬਦਲਣੇ ਪੈਣੇ ਹਨ, ਕਿਸੇ ਸਮੇਂ ਬਿਲਡਿਗਾਂ, ਸਰੋਵਰਾਂ, ਲੰਗਰਾਂ, ਸਰਾਵਾਂ ਦੀ ਲੋੜ ਸੀ ਅਸੀਂ ਬਣਵਾ ਲਈਆਂ, ਪਰ ਸਮਾਂ ਦੀ ਮੰਗ ਹੈ ਐਜੂਕੇਸ਼ਨ ਫੰਡ, ਰੋਜ਼ਗਾਰ ਫੰਡ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਫੰਡ ਤੇ ਹੋਰ ਅਨੇਕਾਂ ਫੰਡ ਜੋ ਕਿ ਸਮੇਂ 'ਤੇ ਸਥਾਨ ਮੁਤਾਬਕ ਕਾਇਮ ਕੀਤੀ ਜਾ ਸਕਦੇ ਹਨ, ਉਨ੍ਹਾਂ ਨੂੰ ਆਰੰਭ ਕਰ ਕੇ ਗੁਰੂ ਨਾਨਕ ਦੇ ਅਸਲ ਵਾਰਸ ਬਣ ਕੇ ਦਿਖਾਈਏ ...
ਅਮਨਪ੍ਰੀਤ ਸਿੰਘ
ਗੁਰਸਿੱਖ ਫ਼ੈਮਲੀ ਕਲੱਬ, ਲੁਧਿਆਣਾ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.