ਗੁਰਬਾਣੀ ਚਾਨਣ ਵਿੱਚ ਸ਼ਿਵਾ (ਪਾਰਬਤੀ) ਦੇਵੀ ਬਾਰੇ-47
ਅਵਤਾਰ ਸਿੰਘ ਮਿਸ਼ਨਰੀ (5104325827)
ਸਿੱਖ ਕੌਮ ਕਿਸੇ ਸ਼ਿਵਾ ਆਦਿਕ ਦੇਵੀ ਦੀ ਪੁਜਾਰੀ ਨਹੀਂ-
ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈਂ ਪੂਜ ਨ ਹੋਈ॥(੪੮੯)
ਪੂਜਹੁ ਰਾਮੁ ਏਕੁ ਹੀ ਦੇਵਾ॥(੪੮੪)
ਸੇਵਕ ਸਿੱਖ ਪੂਜਣ ਸਭਿ ਅਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥(੬੬੯)
ਗੁਰਸਿੱਖਾਂ ਵਿੱਚ "ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ" ਵਿਧਾਨ ਹੈ।
ਅੱਜ ਕੱਲ੍ਹ ਬਾਦਲ ਅਕਾਲੀ ਦਲ ਦੀ ਭਾਈਵਾਲ ਭਾਜਪਾ ਅਤੇ ਰਾਸ਼ਟਰੀਆ ਸਿੱਖ ਸੰਗਤ ਨੇ ਸਿੱਖਾਂ ਨੂੰ ਸ਼ਿਵਾ (ਦੁਰਗਾ ਪਾਰਬਤੀ) ਦੇਵੀ ਦਾ ਉਪਾਸ਼ਕ ਸਿੱਧ ਕਰਨ ਵਾਸਤੇ "ਦੇਹ ਸ਼ਿਵਾ ਬਰ ਮੋਹਿ ਇਹੇ" ਦਾ ਛੋਛਾ ਛੱਡਿਆ ਹੈ ਜਿਸ ਦਾ ਜਾਗਤ-ਜਮੀਰ ਸਿੱਖ ਆਪੋ ਆਪਣੇ ਵਸੀਲਿਆਂ ਨਾਲ ਜੁਵਾਬ ਦੇ ਰਹੇ ਹਨ। ਦਾਸ ਵੀ ਮਿਸ਼ਨਰੀ ਪ੍ਰਚਾਕ ਅਤੇ ਲੇਖਕ ਹੋਣ ਦੇ ਨਾਤੇ ਇਸ ਸ਼ਿਵਾ, ਸੂਰਜ ਅਤੇ ਚੰਦ ਆਦਿਕ ਕਲਪਿਤ ਦੇਵੀ ਦੇਵਤਿਆਂ ਬਾਰੇ ਲਿਖ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਸ਼ਿਵਾ ਲਫਜ਼ ਕਈ ਅਰਥਾ ‘ਚ ਆਇਆ ਹੈ ਪਰ ਦਸਮ ਗ੍ਰੰਥ ‘ਚ ਪ੍ਰਕਰਣ ਅਨੁਸਾਰ ਕੇਵਲ ਸ਼ਿਵਾ (ਦੁਰਗਾ) ਵਾਸਤੇ ਹੈ। ਆਓ ਸਭ ਤੋਂ ਪਹਿਲਾਂ ਇਸ ਕਵਿਤਾ ਨੂੰ ਸਮਝ ਲਈਏ-
ਸਵੈਯਾ॥ ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ।
ਨ ਡਰੋਂ ਅਰਿ ਸੋਂ ਜਬ ਜਾਇ ਲਰੋਂ॥ ਨਿਸਚੈ ਕਰ ਆਪਨੀ ਜੀਤ ਕਰੋਂ।
ਅਰੁ ਸਿਖ ਹੋ ਆਪਨੇ ਹੀ ਮਨ ਕੋ, ਇਹ ਲਾਲਚ ਹਉ ਗੁਣ ਤਉ ਉਚਰੋਂ।
ਜਬ ਆਵ ਕੀ ਅੳਧ ਨਿਧਾਨ ਬਨੈ, ਅਤਿ ਹੀ ਰਨ ਮੈਂ ਤਬ ਜੂਝ ਮਰੋਂ। (ਚੰਡੀ ਚਰਿਤ੍ਰ ਉਕਤ ਬਿਲਾਸ-੨੩੨)
ਸ਼ਿਵਾ-ਸ਼ਿਵ ਦੀ ਇਸਤ੍ਰੀ ਦੁਰਗਾ (ਪਾਰਵਤੀ)। (ਮਹਾਨ ਕੋਸ਼) ਦੁਰਗਾ-ਸ਼ਿਵ ਦੀ ਪਤਨੀ। (ਹਿੰਦੂ ਮਿਥਿਹਾਸ ਕੋਸ਼) ਸ਼ਿਵ (ਸ਼ਿਵਜੀ, ਮਹਾਂਦੇਵ) ਪਾਰਬਤੀ ਦਾ ਪਤੀ। ਸ਼ਿਵਾ (ਪਾਰਬਤੀ) ਇਸ ਦੇ ਹੋਰ ਵੀ ਕਈ ਨਾਮ ਹਨ ਜਿਵੇਂ-ਪਰੀ, ਪਦਮਨੀ, ਪਾਰਬਤੀ, ਪਰਮ ਰੂਪਾ। ਸ਼ਿਵਾ ਬਾਸਵੀ, ਬ੍ਰਹਮੀ ਰਿਧ ਕੂਪਾ। (ਚੰਡੀ-੨੨੮) ਅਤੇ ਨਮੋ ਹਿੰਗੁਲਾ, ਪਿੰਗੁਲਾ, ਤੋਤਲਾਯੰ। ਨਮੋ ਕਰਤਿ, ਕਿਆਨੀ ਸ਼ਿਵਾ ਸੀਤਲਾਯੰ। ਆਦਿਕ ਸ਼ਿਵਾ ਦੇ ਨਾਮ ਹਨ। ਜਦ ਦੈਂਤਾਂ ਨੇ ਅਨੇਕਾਂ ਦੇਵਤੇ ਮਾਰ ਦਿੱਤੇ ਅਤੇ ਉਨ੍ਹਾਂ ਦਾ ਸਭ ਕੁਝ ਖੋਹ ਲਿਆ ਤਾਂ ਬਾਕੀ ਦੇਵਤੇ ਡਰਦੇ ਮਾਰੇ ਸ਼ਿਵਾ (ਦੁਰਗਾ) ਦੀ ਓਟ ਤੱਕ ਕੇ ਕੈਲਾਸ਼ ਪਰਬਤ ਤੇ ਆ ਗਏ (ਧਰਿ ਧਿਆਨ ਮਨ ਸ਼ਿਵਾ ਕੋ ਤੱਕੀ ਪੁਰੀ ਕੈਲਾਸ਼) ਅਤੇ (ਬਸੇ ਸ਼ਿਵਪੁਰੀ ਜਾਇ)
ਸ਼ਿਵਾ ਦਾ ਅਰਥ ਅਕਾਲ ਪੁਰਖ ਕਰਨ ਵਾਲੇ ਦੱਸਣਗੇ ਕਿ ਅਕਾਲ ਪੁਰਖ ਸਰਬ ਨਿਵਾਸੀ ਹੈ ਜਾਂ ਕੈਲਾਸ਼ ਪਰਬਤ ਤੇ ਰਹਿੰਦਾ ਹੈ ਜਾਂ ਓਥੇ ਮੰਨੀ ਗਈ ਦੇਵੀ ਸ਼ਿਵਾ (ਪਾਰਬਤੀ-ਦੁਰਗਾ) ਰਹਿੰਦੀ ਹੈ। ਮੁਕਦੀ ਗੱਲ "ਦੇਹ ਸ਼ਿਵਾ ਬਰ ਮੋਹਿ ਇਹੈ" ਵਾਲੇ ਸਵਯੈ ਵਿੱਚ, ਸ਼ਿਵਾ ਦਾ ਅਰਥ ਦੁਰਗਾ ਭਵਾਨੀ ਅਤੇ ਵਰ ਮੰਗਣ ਵਾਲਾ ਸਾਕਤ ਮਤੀਆ (ਸ਼ਿਵਾ ਉਪਾਸ਼ਕ) ਸ਼ਯਾਮ ਕਵੀ ਹੈ ਜਿਸ ਨੇ ਕ੍ਰਿਸ਼ਨਾ ਅਵਤਾਰ ਦੇ ਅੰਕ ੨੪੮੯ ‘ਤੇ ਵੀ ਇਸੇ ਭਾਵ ਨੂੰ ਉਜਾਗਰ ਕੀਤਾ ਹੈ-
ਅਬ ਰੀਝ ਕੈ ਦੇਹੁ ਵਹੈ ਹਮ ਜੋਊ ਹਉਂ ਬਿਨਤੀ ਕਰ ਜੋਰ ਕਰੋਂ।
ਹੇ ਰਵਿ ਹੇ ਸਸਿ ਹੇ ਕਰੁਨਾਨਿਧ ਮੇਰੀ ਅਬੈ ਬਿਨਤੀ ਸੁਨਿ ਲੀਜੈ।
ਅਉਰ ਨ ਮਾਂਗਤ ਹਉੇ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ।
ਸ਼ੱਤ੍ਰਨ ਸਿਉ ਅਤਿ ਹੀ ਰਨ ਭੀਤਰ ਜੂਝ ਮਰੋ ਕਹਿ ਸਾਚ ਪਤੀਜੈ।
ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰਿ ਸਯਾਮ ਇਹੈ ਬਰੁ ਦੀਜੈ। ੧੯੦੦। (ਦ. ਗ੍ਰੰ-੪੯੫ ਕ੍ਰਿਸ਼ਨਾ ਅਵਤਾਰ)
ਵੇਖੋ! ਅਕਾਲ ਦਾ ਉਪਾਸ਼ਕ ਗੁਰੂ ਗੋਬਿੰਦ ਸਿੰਘ ਰਵਿ (ਸੂਰਜ) ਅਤੇ ਸਸਿ (ਚੰਦ੍ਰਮਾਂ) ਅੱਗੇ ਬੇਨਤੀ ਕਰਦਾ ਦਰਸਾਇਆ ਜਦ ਕਿ ਗੁਰੂ ਨਿਰੰਕਾਰ ਕਰਣਹਾਰ ਕਰਤਾਰ ਦਾ ਹੀ ਉਪਾਸ਼ਕ ਹੈ। ਵਰ ਤੇ ਸਰਾਪ ਦੇਣੇ ਗੁਰਮਤਿ ਦੇ ਸਿਧਾਂਤ ਨਹੀਂ। ਗੁਰੂ ਕਦੀ ਕਿਸੇ ਨੂੰ ਵਰ ਜਾਂ ਸਰਾਪ ਨਹੀਂ ਦਿੰਦਾ ਸਗੋਂ ਬਖਸ਼ਿਸ਼ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅਕਾਲ ਪੁਰਖ ਦੀ ਉਸਤਤਿ ਅਤੇ ਉਸ ਅੱਗੇ ਹੀ ਅਰਦਾਸ ਕੀਤੀ ਗਈ ਹੈ ਪਰ ਦਸਮ ਗ੍ਰੰਥ ਅਤੇ ਬ੍ਰਾਹਮਣੀ ਮਤ ਦੇ ਗ੍ਰੰਥ, ਵਰਾਂ ਸਰਾਪਾਂ ਦੀਆਂ ਕਲਪਿਤ ਕਥਾ ਕਹਾਣੀਆਂ ਨਾਲ ਭਰੇ ਪਏ ਹਨ।
ਹੁਣ ਗੁਰਸਿੱਖਾਂ ਨੇ ਸੋਚਣਾ ਹੈ ਕਿ ਓਨ੍ਹਾਂ ਨੇ ਕੌਮੀ ਤਰਾਨਾ-
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਭਰੈ ਤਿਤੈ ਲੈਹੁ ਉਭਾਰਿ॥
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ॥
ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ॥ (੮੫੪)
ਵਾਲੇ ਸ਼ਲੋਕ ਨੂੰ ਬਨਾਉਣਾ ਹੈ ਜਾਂ ਸਾਕਤ ਮੱਤੀਏ ਧਤੂਰੇ ਭੰਗ ਅਫੀਮ ਸ਼ਰਾਬ ਆਦਿਕ ਮਾਰੂ ਨਸ਼ਿਆਂ ਦੇ ਰਸੀਏ, ਸ਼ਿਵਜੀ ਦੀ ਪਤਨੀ ਸ਼ਿਵਾ (ਪਾਰਬਤੀ, ਦੁਰਗਾ ਦੇਵੀ) ਨੂੰ। ਸਿੱਖਾਂ ਸੇਵਕਾਂ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਕਰਦੇ ਸਮੇ, ਗੁਰਬਾਣੀ ਦੇ ਮੂਲ ਸਿਧਾਂਤ ਮੂਲ ਮੰਤ੍ਰ (ਮੁੱਢਲੇ ਉਪਦੇਸ਼) ਨੂੰ ਧਿਆਨ ਵਿੱਚ ਰੱਖਣ, ਜਿਸ ਵਿੱਚ ਅਕਾਲ ਪੁਰਖ ਦੇ ਮੁਕੰਮਲ ਸਰੂਪ ਦਾ ਬਾਖੂਬੀ ਵਰਨਣ ਕੀਤਾ ਗਿਆ ਹੈ।
ਭਗਤਾਂ ਅਤੇ ਗੁਰੂ ਸਹਿਬਾਨਾਂ ਵੇਲੇ, ਭਾਰਤ ਵਿੱਚ ਬਹੁਤੇ ਹਿੰਦੂ ਤੇ ਮੁਗਲ ਮੁਸਮਾਨ ਸਨ। ਹਿੰਦੂਆਂ ਚੋਂ ਬ੍ਰਾਹਮਣ ਪੁਜਾਰੀ, ਜੋਗੀ ਅਤੇ ਸਿਧ ਪੀਰ ਅਤੇ ਮੁਸਲਮਾਨਾਂ ਚੋਂ ਮੁਲਾਂ ਮੁਲਾਣੇ ਕਾਜ਼ੀ ਆਦਿਕ ਸਨ। ਸਨਾਤਨੀ ਹਿੰਦੂਆਂ ਦੇ ਚਾਰ ਵੇਦ, 6 ਸ਼ਾਂਸ਼ਤ੍ਰ, 18 ਪੁਰਾਣ ਅਤੇ 27 ਸਿਮ੍ਰਤੀਆਂ ਆਦਿਕ ਗ੍ਰੰਥ, ਮੁਸਲਮਾਨਾਂ ਦਾ ਕੁਰਾਨੇ ਪਾਕਿ ਅਤੇ ਸ਼ਰਾ ਦੇ ਗ੍ਰੰਥ ਸਨ। ਸ਼ਬਦਾਵਲੀ, ਰੀਤੋ ਰਿਵਾਜ, ਮਨੌਤਾਂ, ਬੋਲੀ, ਬੋਲਚਾਲ ਮੁਗਲਾਂ ਅਤੇ ਸਨਾਤਨੀ ਬ੍ਰਾਹਮਣੀ ਹਿੰਦੂਆਂ ਵਾਲੇ ਸਨ। ਅਰਬੀ ਫਾਰਸੀ, ਹਿੰਦੀ ਅਤੇ ਸੰਸਕ੍ਰਿਤ ਆਦਿਕ ਬੋਲੀਆਂ ਦਾ ਬੋਲਬਾਲਾ ਸੀ।
ਰੱਬੀ ਭਗਤਾਂ ਅਤੇ ਗੁਰੂਆਂ ਨੇ ਉਪਦੇਸ਼ ਦਿੰਦੇ ਸਮੇ ਉਨ੍ਹਾਂ ਦੀ ਸ਼ਬਦਾਵਲੀ, ਰੀਤਾਂ ਰਸਮਾਂ, ਮਿਥਾਂ, ਮਨੌਤਾਂ, ਬੋਲੀ ਅਤੇ ਅਕੀਦਿਆਂ ਦਾ ਇਸਤੇਮਾਲ ਕੀਤਾ ਹੈ। ਜਿਵੇਂ ਅੱਲ੍ਹਾ, ਰਾਮ, ਅਜਰਾਈਲ, ਭਿਸਤ-ਦੋਜਕ, ਬ੍ਰਹਮਾ, ਬਿਸ਼ਨ, ਮਹੇਸ਼, ਭਵਾਨੀ, ਪਾਰਬਤੀ, ਕ੍ਰਿਸ਼ਨ, ਹਨੂੰਮਾਨ, ਨਰਕ-ਸਵਰਗ, ਅਨੇਕਾਂ ਦੇਵੀ ਦੇਵਤਿਆਂ, ਮੰਦਰਾਂ ਮਸਜਦਾਂ, ਮੱਠਾਂ, ਮਜਾਰਾਂ ਅਤੇ ਸਿੱਧਾਂ ਪੀਰਾਂ ਜੋਗੀਆਂ ਆਦਿਕ ਦਾ ਨਾਂ ਵਰਤ ਕੇ ਰੱਬੀ ਉਪਦੇਸ਼ ਦਿੱਤੇ ਹਨ।
ਉਸ ਵੇਲੇ ਦੇ ਰਾਜੇ, ਜੋਗੀ, ਮੁੱਲਾਂ ਮੁਲਾਣੇ ਅਤੇ ਉੱਚ-ਜਾਤੀ ਬ੍ਰਾਹਮਣ ਇਹ ਸਭ, ਆਮ ਜਨਤਾ ਨੂੰ ਵਹਿਮਾਂ ਭਰਮਾਂ ਅਤੇ ਤਾਕਤ ਦੇ ਡਰਾਵਿਆਂ ਨਾਲ ਲੁੱਟ ਰਹੇ ਸਨ। ਰੱਬੀ ਭਗਤਾਂ ਅਤੇ ਗੁਰੂਆਂ ਨੇ ਸੱਚੇ ਸੁੱਚੇ ਅਤੇ ਗਿਆਨ ਵਿਗਿਆਨ ਭਰਪੂਰ ਉਪਦੇਸ਼ਾਂ ਅਤੇ ਕਿਰਤ ਕਮਾਈ, ਸੇਵਾ, ਸਿਮਰਨ, ਪਰਉਪਕਾਰ ਆਦਿਕ ਲੋਕ ਭਲਾਈ ਦੇ ਕਰਮ ਅਤੇ ਜਨਤਾ ਵਿੱਚ ਕ੍ਰਾਂਤੀ ਪੈਦਾ ਕਰਕੇ, ਪੁਜਰੀਵਾਦ ਦਾ ਜੂਲਾ ਜਨਤਾ ਦੇ ਗਲੋਂ ਲਾਹ ਦਿੱਤਾ। ਕੀ ਹਿੰਦੂ ਤੇ ਕੀ ਮੁਸਲਮਾਨ ਧੜਾ ਧੜ ਗੁਰਮਤਿ ਧਾਰਨ ਲੱਗ ਪਏ।
ਜਿਸਦਾ ਹੰਕਾਰੀ-ਮੁਤੱਸਬੀ ਮੁਸਲਮਾਨਾਂ ਅਤੇ ਜਾਤਪਾਤੀ ਬ੍ਰਾਹਮਣਾਂ ਨੇ ਕਰੜਾ ਵਿਰੋਧ ਕੀਤਾ।
ਇਸ ਸਬੰਧ ਵਿੱਚ ਜੰਗ ਯੁੱਧ ਅਤੇ ਸ਼ਹੀਦੀਆਂ ਵੀ ਹੋਈਆਂ। ਹਰ ਵਾਰ ਜਾਗੀ ਜਨਤਾ ਅੱਗੇ ਇਨ੍ਹਾਂ ਨੂੰ ਹਾਰਨਾ ਪਿਆ। ਫਿਰ ਸ਼ਾਤਰ ਦਿਮਾਗ ਬ੍ਰਾਹਮਣ ਨੇ ਸੋਚਿਆ ਕਿ, ਜੰਗਾਂ ਯੁੱਧਾਂ ਵਿੱਚ ਸਾਡੇ ਜੂਲੇ ਹੇਠੋਂ ਨਿਕਲ ਕੇ, ਜਾਗ੍ਰਤ ਹੋ ਚੁੱਕੀ ਜਨਤਾ ਨੂੰ, ਹੁਣ ਅਸੀਂ ਵੱਸ ਨਹੀਂ ਕਰ ਸਕਦੇ ਪਰ ਇਨ੍ਹਾਂ ਦੇ ਧਰਮ ਅਤੇ ਇਤਿਹਾਸਕ ਗ੍ਰੰਥਾਂ ਵਿੱਚ ਬ੍ਰਾਹਮਣਵਾਦ ਦਾ ਰਲਾ ਕਰ ਦੇਈਏ ਤਾਂ ਸਮਾ ਪਾ ਕੇ, ਸਿੱਖ ਧਰਮ ਨੂੰ ਮੰਨਣ ਵਾਲੇ ਲੋਕ, ਫਿਰ ਸਾਡੇ ਵਹਿਮਾਂ ਭਰਮਾਂ ਅਤੇ ਕਰਮਕਾਡਾਂ ਦੇ ਜਾਲਾਂ ਵਿੱਚ ਫਸਕੇ, ਸਾਡੀ ਪੂਜਾ ਕਰਨ ਲੱਗ ਜਾਣਗੇ।
ਸ਼ਾਤਰ ਬ੍ਰਾਹਮਣ ਨੇ ਇੱਕ ਹੋਰ ਚਾਲ ਚੱਲੀ ਕਿ ਹੁਣ ਸਾਨੂੰ ਬ੍ਰਾਹਮਣ, ਪੁਜਾਰੀ ਆਚਾਰੀਆ ਆਦਿਕ ਦੀ ਥਾਂ, ਸੰਤ ਸ਼ਬਦ ਆਪਣੇ ਨਾਲ ਲਾ ਲੈਣਾ ਚਾਹੀਦਾ ਹੈ। ਐਸਾ ਕਰਕੇ ਇਹ ਬ੍ਰਾਹਮਣ ਉਦਾਸੀਆਂ, ਨਿਰਮਲਿਆਂ ਅਤੇ ਭਗਵੇ ਸੰਤਾਂ-ਸਾਧਾਂ ਦੇ ਭੇਖ ਵਿੱਚ, ਸਿੱਖਾਂ ਵਰਗੀਆਂ ਸਾਬਤ ਸੂਰਤ ਸ਼ਕਲਾਂ ਬਣਾ ਕੇ, ਸਾਡੇ ਧਰਮ ਅਸਥਾਨਾਂ ਵਿੱਚ ਪ੍ਰਵੇਸ਼ ਕਰ ਗਿਆ। ਜੋ ਹੁਣ ਸੰਪ੍ਰਦਾਵਾਂ, ਡੇਰਿਆਂ, ਸਾਧਾਂ-ਸੰਤਾਂ ਅਤੇ ਜਾਤਪਾਤੀ ਬਰਾਦਰੀ ਦੇ ਨਾਂ ਤੇ ਬਣੇ ਧਰਮ ਅਸਥਾਨਾਂ ਦੇ ਰੂਪ ਵਿੱਚ ਗੁਰਮਤਿ ਨੂੰ ਵੰਗਾਰ ਅਤੇ ਦਹਾੜ ਰਿਹਾ ਹੈ।
ਧਾਰਮਿਕ ਅਤੇ ਰਾਜਨੀਤਕ ਸੰਸਥਾਵਾਂ ਵਿੱਚ ਵੀ ਘੁਸੜ ਚੁੱਕਾ ਹੈ। ਕੀ ਅਕਾਲੀ ਦਲ, ਕੀ ਸ਼੍ਰੋਮਣੀ ਕਮੇਟੀ, ਕੀ ਟਕਸਾਲ ਅਤੇ ਕੀ ਤਖਤਾਂ ਦੇ ਜਥੇਦਾਰ ਸਭ ਵਿੱਚ ਸਿੱਖੀ ਸਰੂਪ ਧਾਰ ਕੇ ਵੜ ਚੁੱਕਾ ਹੈ। ਅਕਾਲ ਤਖਤ ਦੇ ਜਥੇਦਾਰ ਗਿ. ਪੂਰਨ ਸਿੰਘ ਦੇ ਰੂਪ ਵਿੱਚ ਸਿੱਖਾਂ ਨੂੰ ਲਵ ਕੁਛ ਦੀ ਉਲਾਦ ਐਲਾਨ ਚੁੱਕਾ ਅਤੇ ਸਿੱਖ ਵੇਦਾਂਤੀ ਵੀ ਬਣ ਗਿਆ। ਪੰਜਾਬ ਦੀ ਅਖੌਤੀ ਅਕਾਲੀ ਸਰਕਾਰ ਵਿੱਚ ਰਾਸ਼ਟਰੀਆ ਸਿੱਖ ਸੰਗਤ, ਭਾਰਤੀ ਜਨਤਾ ਪਾਰਟੀ ਅਤੇ ਡੇਰੇਦਾਰਾਂ ਦੇ ਰੂਪ ਵਿੱਚ ਮੌਜਾਂ ਮਾਣ ਅਤੇ ਹਕੂਮਤ ਕਰ ਰਿਹਾ ਹੈ। ਡੇਰੇਦਾਰ ਰਾਧਾ ਸੁਆਮੀਆਂ ਨੂੰ ਇਤਿਹਾਸਕ ਗੁਰਦੁਆਰੇ ਢਾਉਣ ਤੇ ਵੀ ਕਲੀਨ ਚਿੱਟਾਂ ਦੇ ਰਿਹਾ ਹੈ। ਚੋਣਾਂ ਸਮੇ ਨਸ਼ੇ ਵੰਡ ਕੇ, ਸਿੱਖ ਜਵਾਨੀਆਂ ਨੂੰ ਬਰਬਾਦ ਕਰਦਾ ਆ ਰਿਹਾ ਹੈ। ਹੁਣ ਇਸ ਨੇ ਨਵਾਂ ਛੋਛਾ ਛੱਡਿਆ ਹੈ ਕਿ ਸਿੱਖਾਂ ਦਾ ਰਾਸ਼ਟਰੀ ਗੀਤ "ਦੇਹ ਸ਼ਿਵਾ ਬਰ ਮੋਹਿ ਇਹੈ" ਵਾਲਾ ਹੋਣਾ ਚਾਹੀਦਾ ਹੈ ਤਾਂ ਕਿ ਹੌਲੀ ਹੌਲੀ ਸਿੱਖ ਵੀ, ਅਖੌਤੀ ਦਸਮ ਗ੍ਰੰਥ ਜੋ ਬ੍ਰਾਹਮਣੀ ਗ੍ਰੰਥਾਂ ਦਾ ਉਲੱਥਾ ਹੈ, ਦੇ ਰਾਹੀਂ ਕੇਸਾਧਾਰੀ ਹਿੰਦੂ ਬਣ ਜਾਣ।
ਵੇਖੋ ਸਿੱਖੋ! ਤੁਹਾਡਾ ਗੁਰੂ ਜਦ ਸ਼ਿਵਾ ਤੋਂ ਵਰ ਮੰਗਦਾ ਹੈ ਫਿਰ ਤੁਹਾਨੂੰ ਸ਼ਿਵ ਪੂਜਨ ਵਿੱਚ ਕੀ ਇਤਰਾਜ ਹੈ? ਤ੍ਰਿਬੇਣੀ ਅਤੇ ਹੇਮਕੁੰਟ ਵਰਗੇ ਹਿੰਦੂ ਤੀਰਥਾਂ ‘ਤੇ ਜਾ ਕੇ, ਗੁਰੂ ਤੇਗ ਬਹਾਦਰ ਪੁੱਤ੍ਰ ਦਾ ਵਰ, ਹੇਮਕੁੰਟ ਉੱਤੇ ਗੁਰੂ ਗੋਬਿੰਦ ਸਿੰਘ ਦੁਸ਼ਟ ਦਮਨ ਦੇ ਰੂਪ ਵਿੱਚ ਦੁਰਗਾ ਤੋਂ ਪੰਥ ਚਲਾਉਣ ਦਾ ਵਰ ਮੰਗਦੇ ਦਰਸਾ ਕੇ, ਸਿੱਖਾਂ ਦੀ ਅੰਨ੍ਹੀ ਸ਼ਰਦਾ ਨੂੰ ਕੈਸ਼ ਕੀਤਾ ਗਿਆ ਜਦ ਕਿ ਗੁਰਬਾਣੀ ਅਖੌਤੀ ਤੀਰਥ ਇਸ਼ਨਾਨਾਂ,ਵਰਾਂ-ਸਰਾਪਾਂ ਅਤੇ ਕਰਮਕਾਂਡਾਂ ਦਾ ਭਰਵਾਂ ਖੰਡਨ ਕਰਦੀ ਹੈ। ਸਾਧਾਂ, ਸੰਤਾਂ ਤੇ ਡੇਰਿਆਂ ਦੇ ਰੂਪ ਵਿੱਚ ਸਿੱਖਾਂ ਨੂੰ ਵੀ ਕੇਵਲ ਪੂਜਾ ਪਾਠ ਕਰਾਉਣ ਅਤੇ ਸੇਵਾ ਦੇ ਰੂਪ ਵਿੱਚ ਵੱਡੀਆਂ ਵੱਡੀਆਂ ਭੇਟਾ ਚੜ੍ਹਾਈ ਜਾਣ ਦੇ ਆਹਰੇ ਲਾ ਕੇ, ਗੁਰਬਾਣੀ ਸਿਧਾਂਤਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਅੱਜ ਜੇ ਕਿਤੇ ਇੰਟ੍ਰਨੈੱਟ ਨਾਂ ਹੁੰਦਾ ਅਤੇ ਸਿੱਖ ਭਾਰਤ ਤੋਂ ਬਾਹਰ ਨਾਂ ਗਏ ਹੁੰਦੇ ਤਾਂ ਇਸ ਬ੍ਰਾਹਮਣ ਅਤੇ ਸਾਧ-ਸੰਤ ਪੁਜਾਰੀਵਾਦ ਦੇ ਦੈਂਤ ਨੇ ਸਿੱਖ ਸਿਧਾਂਤਾਂ ਅਤੇ ਸਿੱਖ ਸਰੂਪ ਨੂੰ ਨਿਗਲ ਜਾਣਾ ਸੀ।
ਮਾਨ ਅਕਾਲੀ ਦਲ ਅਤੇ ਸਿੱਖਾਂ ਦੀਆਂ ਜੁਝਾਰੂ ਜਥੇਬੰਦੀਆਂ ਵੀ ਆਪਣਾ ਕੌਮੀ ਤਰਾਨਾ (ਦੇਹ ਸ਼ਿਵਾ ਬਰ ਮੋਹਿ ਇਹੈ) ਬਣਾਈ ਬੈਠੀਆਂ ਅਤੇ ਨਿਤਾਪ੍ਰਤੀ ਗਾ ਰਹੀਆਂ ਹਨ। ਰਾਗੀ ਢਾਢੀ ਵੀ ਸੰਘ ਪਾੜ ਪਾੜ ਕੇ "ਦੇਹ ਸ਼ਿਵਾ ਬਰ ਮੋਹਿ ਇਹੈ" ਦੇ ਜੋਰਦਾਰ ਜੈਕਾਰੇ ਬੁਲਾਈ ਜਾ ਰਹੇ ਹਨ। ਸਿੱਖੋ ਜਾਗੋ! ਕੁਝ ਹੋਸ਼ ਕਰੋ ਅਤੇ ਗਾਫਲਤਾ ਚੋਂ ਬਾਹਰ ਨਿਕਲਦੇ ਹੋਏ, ਘਟੋ ਘਟ ਗੁਰਦੁਆਰਿਆਂ ਅਤੇ ਗੁਰਬਾਣੀ ਕੀਰਤਨਾਂ ਵਿੱਚ ਤਾਂ ਸ਼ਿਵਾ ਤੋਂ ਵਰ ਨਾਂ ਮੰਗੋ। ਇੱਕ ਪਾਸੇ ਅਕਾਲ ਦੇ ਪੁਜਾਰੀ ਅਤੇ ਦੂਜੇ ਪਾਸੇ ਭੰਗ, ਧਤੂਰਾ, ਅਫੀਮ, ਪੋਸਤ, ਡੋਡੇ ਅਤੇ ਤੰਬਾਕੂ ਆਦਿਕ ਨਸ਼ੇ ਪੀਣ ਅਤੇ ਸੱਪਾਂ ਦੇ ਡੰਗ ਮਰਵਾ ਕੇ, ਨਸ਼ਾ ਪੂਰਾ ਕਰਨ ਵਾਲੇ ਸ਼ਿਵਜੀ ਦੀ ਪਤਨੀ ਸ਼ਿਵਾ (ਪਾਰਬਤੀ) ਅੱਗੇ ਅਰਦਾਸਾਂ ਕਰਕੇ-
ਖਸਮੁ ਛੋਡਿ ਦੂਜੈ ਲੱਗੇ ਡੁਬੇ ਸੇ ਵਣਜਾਰਿਆ॥(੪੭੦)
ਭਾਵ ਬ੍ਰਾਹਮਣਵਾਦ ਦੀ ਗੰਗਾ ਵਿੱਚ ਕਿਉਂ ਡੁੱਬ ਰਹੇ ਹੋ? 25 ਅਕਤੂਬਰ 2017 ਨੂੰ RSS ਦੇ ਮੁਖੀ ਮੋਹਨ ਭਾਗਵਤ ਨੇ ਤਾਂ ਸ਼ਰੇਆਮ ਐਲਾਨ ਕਰ ਦਿੱਤਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਅਭਾਰੀ ਹਾਂ ਕਿ ਉਨ੍ਹਾਂ ਨੇ "ਦੇਵੀ ਸ਼ਿਵਾ" ਤੋਂ ਦੇਸ਼ ਦੀ ਰਾਖੀ ਦਾ ਵਰ ਮੰਗਦੇ, ਹਿੰਦੂ ਵੈਰੀਆਂ ਨਾਲ ਜੂਝਣ ਦਾ ਵਰ ਮੰਗਿਆ ਸੀ। ਅੱਜ ਬਹੁਤੇ ਸੰਪ੍ਰਦਾਈ, ਟਕਸਾਲੀ, ਡੇਰੇਦਾਰ ਤੇ ਆਮ ਸਿੱਖ ਹਰ ਰੋਜ ਦਸਮ ਗ੍ਰੰਥ ਦੀ ਰਚਨਾ ਅਤੇ ਦੇਹ ਸ਼ਿਵਾ ਬਰ ਮੋਹਿ ਇਹੈ ਕਿਉਂ ਗਾਂਦੇ ਤੇ ਫਿਰ ਆਖਦੇ ਹਨ ਕਿ ਸਿੱਖ ਇੱਕ ਵੱਖਰੀ ਕੌਮ, ਸਾਡਾ ਗ੍ਰੰਥ, ਪੰਥ, ਨਿਸ਼ਾਨ, ਵਿਧਾਨ, ਕਲੰਡਰ ਅਤੇ ਕੌਮੀ ਤਰਾਨਾ ਬਾਕੀ ਕੌਮਾਂ ਨਾਲੋਂ ਵੱਖਰਾ ਹੈ? ਸੋ ਸਿਵਾ ਸਿੱਖਾਂ ਦੀ ਨਹੀਂ ਸਗੋਂ ਹਿਦੂੰਆਂ ਦੀ ਹੀ ਦੇਵੀ ਹੈ। ਇਸ ਲਈ 'ਦੇਹੁ ਸ਼ਿਵਾ ਬਰ ਮੋਹਿ ਇਹੈ' ਸਿੱਖਾਂ ਦਾ ਕੌਮੀ ਤਰਨਾ ਨਹੀਂ!
ਇਸੇ ਵਿਸ਼ੇ ਤੇ ਸ੍ਰ. ਸਰਬਜੀਤ ਸਿੰਘ ਦੇ ਕੁਝ ਵਿਚਾਰ-ਅਖੌਤੀ ਦਸਮ ਗ੍ਰੰਥ ਵਿਚ ਦਰਜ 'ਚੰਡੀ ਚਰਿਤ੍ਰ ਉਕਿਤ ਬਿਲਾਸ' ਸਾਕਤ ਮੱਤ ਦੇ ਕਿਸੇ ਕਵੀ ਦੀ ਰਚਨਾ ਹੈ, ਜਿਸ ਦੇ 233 ਛੰਦ ਹਨ। 'ਦੇਹੁ ਸ਼ਿਵਾ ਬਰ ਮੋਹਿ ਇਹੈ' ਪੰਗਤੀ 231 ਨੰਬਰ ਛੰਦ ਵਿਚ ਦਰਜ ਹੈ। ਜਿਸ ਨੂੰ ਬਿਨਾਂ ਸੋਚੇ-ਸਮਝੇ ਹੀ ਕੁਝ ਪ੍ਰਚਾਰਕਾਂ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜੋੜ ਕੇ ਪ੍ਰਚਾਰਿਆ ਗਿਆ ਹੈ। ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਜੇ ਇਹ ਛੰਦ, ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ ਤਾਂ ਇਸ ਤੋਂ ਪਹਿਲਾ ਆਏ 230 ਛੰਦ ਅਤੇ ਇਸ ਤੋਂ ਪਿਛੋਂ ਆਏ 2 ਛੰਦਾਂ ਦਾ ਲੇਖਕ ਕੋਣ ਹੈ ਅਤੇ ਪੂਰੇ ਪ੍ਰਸੰਗ `ਚ ਕੀ ਸਿੱਖਿਆ ਮਿਲਦੀ ਹੈ? ‘ਸ਼ਿਵਾ’ ਨੂੰ ਅਕਾਲ ਪੁਰਖ ਮੰਨਣ ਵਾਲਿਓਂ! ਇਸ ਛੰਦ ਦੇ ਅਗਲੇ-ਪਿਛਲੇ ਛੰਦਾਂ ਨੂੰ ਵੀ ਪੜ੍ਹ/ਸਮਝ ਲਵੋ।
ਅਖੌਤੀ ਦਸਮ ਗ੍ਰੰਥ `ਚ ਦਰਜ ਇਕ ਰਚਨਾ ਜਿਸ ਦਾ ਨਾਮ ‘ਅਬ ਚੰਡੀ ਚਰਿਤ੍ਰ ਉਕਿਤ ਬਿਲਾਸ’ ਸਫਾ 74 ਤੋਂ 99 ਤਾਈਂ ਦਰਜ ਹੈ। ਜਿਸ ਦੇ ਕੁਲ 233 ਛੰਦ ਅਤੇ 8 ਭਾਗ ਹਨ। ਹਰ ਅਧਿਆਏ ਦੇ ਅਖੀਰ ਦੇ ਇਸ ਰਚਨਾ ਦੇ ਅਸਲ ਸੋਮੇ ਦਾ ਨਾਮ, "ਇਤਿ ਸ੍ਰੀ ਮਾਰਕੰਡੇ ਪੁਰਾਣੇ" ਲਿਖਿਆ ਹੋਇਆ ਹੈ।
ਅਸਲ ਲਿਖਤ ਮੁਤਾਬਕ ਇਹ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਦਾ ਉਹ ਭਾਗ ਹੈ ਜਿਸ ਵਿਚ ਮਧੁ ਕੈਟਭ, ਮਹਿਖਾਸਰ, ਧੂਮ੍ਰਨੈਣ, ਚੰਡਮੁੰਡ, ਰਕਤਬੀਜ, ਨਿਸੁੰਭ, ਸੁੰਭ ਆਦਿ ਦੈਤਾਂ ਦੇ ਬਧਿ ਕਰਨ ਦੀ ਕਥਾ ਬਹੁਤ ਵਿਸਥਾਰ ਨਾਲ ਲਿਖੀ ਹੋਈ ਹੈ। ‘ਦੇਹ ਸ਼ਿਵਾ ਬਰ ਮੋਹਿ ਇਹੈ’ ਵਾਲਾ ਛੰਦ ਇਸ ਰਚਨਾ ਦੇ ਅਖੀਰ ਤੇ 231 ਨੰਬਰ ਤੇ ਦਰਜ ਹੈ। ਇਹ ਸਾਰੀ ਰਚਨਾ ਮਾਰਕੰਡੇ ਪੁਰਾਣ ਦੀ ਹੀ ਨਕਲ ਹੈ। ਸ਼ਿਵਾ, ਦੁਰਗਾ, ਭਗਉਤੀ, ਚਮੁੰਡਾ, ਚੰਡੀ, ਚੰਡਕਾ, ਪਿੰਗਲੀ, ਭਵਾਨੀ ਆਇ ਸਾਰੇ ਹੀ ਨਾਮ ਪਾਰਵਤੀ ਦੇ ਹੀ ਹਨ। "ਦੁਰਗਾ, ਭਗਉਤੀ ਤੇ ਭਗਵਤੀ" ਦੇ ਕਰਤਾ ਸੰਤ ਸੁਰਜੀਤ ਸਿੰਘ ਨਿਰਮਲ ਨੇ ਸ਼ਿਵਾ/ਪਾਰਵਤੀ ਦੇ 43 ਨਵਾਂ ਦੀ ਸੂਚੀ ਦਿੱਤੀ ਹੈ (ਪੰਨਾ 14)।
ਯਾਦ ਰਹੇ "ਲੋਪ ਚੰਡਕਾ ਹੋਇ ਗਈ ਸੁਰਪਤਿ ਕੋ ਦੇ ਰਾਜ",ਆਰਤੀ ਵੇਲੇ ਕੁਝ ਗਿਆਨੀਆਂ ਵੱਲੋਂ ਪੜੀਆਂ ਜਾਣ ਵਾਲੀਆਂ ਇਹ ਪੰਗਤੀਆਂ ਵੀ, "ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਿਤ ਬਿਲਾਸ ਧੁਮ੍ਰਨੈਣ ਬਧਹਿ ਨਾਮ ਤ੍ਰਿਤਯ ਧਯਾਇ" (ਪੰਨਾ 79) ਇਸੇ ਰਚਨਾ `ਚ ਹੀ ਦਰਜ ਹਨ। ਕਈ ਸੱਜਣਾ ਵੱਲੋਂ ਸ਼ਿਵਾ ਦੇ ਅਰਥ ਅਪਾਰ ਸ਼ਕਤੀ ਵੀ ਕੀਤੇ ਗਏ ਹਨ। 233 ਛੰਦਾਂ `ਚ ਇਕ ਛੰਦ (231) ਨੂੰ ਵੱਖ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਮੰਨ ਲੈਣਾ ਜਾਂ ਕਿਸੇ ਇਕ ਥਾਂ ‘ਸ਼ਿਵਾ’ ਦੇ ਅਰਥ ਆਪਣੀ ਮਰਜ਼ੀ ਮੁਤਾਬਕ ਕਰ ਲੈਣੇ, ਕਿਸੇ ਵੀ ਤਰ੍ਹਾਂ ਸਿਆਣਪ ਨਹੀ ਮੰਨਿਆ ਜਾ ਸਕਦਾ। ਇਸ ਸਾਰੀ ਰਚਨਾ ‘ਅਬ ਚੰਡੀ ਚਰਿਤ੍ਰ ਉਕਿਤ ਬਿਲਾਸ’ ਨੂੰ ਆਦਿ ਤੋਂ ਅੰਤ ਤਾਈ ਪੜ੍ਹਨ/ਸਮਝਣ ਉਪ੍ਰੰਤ ਹੀ ਸ਼ਿਵਾ ਦੇ ਅਰਥ ਕਰਨੇ ਚਾਹੀਦੇ ਹਨ। ਇਸ ਰਚਨਾ ਦਾ ਆਖਰੀ ਛੰਦ ਹੀ ਅਸਲੀਅਤ ਨੂੰ ਸਪੱਸ਼ਟ ਕਰ ਦਿੰਦਾ ਹੈ।
ਦੋਹਰਾ। ਗਰੰਥ ਸਤਿਸਯ ਕੋ ਕਰਿਓ ਜਾ ਸਮ ਅਵੁਰ ਨਾ ਕੋਇ। ਜਿਹ ਨਮਿਤ 'ਕਵਿ' ਨੇ ਕਹਿਉ ਸੁ ਦੇਹ ਚੰਡਕਾ ਸੋਇ। (੨੩੩)
ਇਨ੍ਹਾਂ ਪੰਗਤੀਆਂ ਦੇ ਅਰਥ ਡਾ ਜੱਗੀ ਨੇ ਇਹ ਲਿਖੇ ਹਨ- "(ਮੈਂ) ਸਤਸਈ (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ। ਹੇ ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ ਉਹੀ (ਮਨੋਰਥ) ਪੂਰਾ ਕਰੋ।੨੩੩।
ਸ਼ਿਵਾ ਜਾਂ ਦੁਰਗਾ ਨੂੰ ਕੋਈ ਆਪਣੀ ਮਾਤਾ ਮੰਨੇ, ਉਸ ਦੀ ਪੂਜਾ ਕਰੇ, ਉਸ ਤੋਂ ਵਰ ਮੰਗੇ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਆਪਣੇ ਆਪ ਨੂੰ ਕੌਮ ਦੇ ਮਲਾਹ ਸਮਝਣ ਵਾਲੇ, ਕਿਸੇ ਦੀ ਲਿਖੀ ਕਵਿਤਾ ਵਿਚੋਂ ਚਾਰ ਪੰਗਤੀਆਂ ਲੈ ਕੇ, ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ, ਇਹ ਬਿਆਨ ਦੇਣ ਕਿ 'ਦੇਹੁ ਸ਼ਿਵਾ ਬਰ ਮੋਹਿ ਇਹੈ' ਸਿੱਖਾਂ ਦਾ ਕੌਮੀ ਤਰਾਨਾ ਹੈ! ਇਸ ਨੂੰ ਉਨ੍ਹਾਂ ਦੀ ਅਗਿਆਨਤਾ ਸਮਝੀਏ ਜਾਂ ਕੁਝ ਹੋਰ?
ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ। ਆਗੂ ਲੈ ਉਝੜਿ ਪਵੇ ਕਿਸੁ ਕਰੈ ਪੁਕਾਰਾ। (ਭਾ.ਗੁ) ਕਿੰਨਾ ਚੰਗਾ ਹੋਵੇ ਜੇ ਸਿੱਖ ਸਿਧਾਂਤ ਨੂੰ ਸਮਝਣ ਵਾਲੇ ਅਤੇ ਕੌਮ ਨੂੰ ਬੁਲੰਦੀਆਂ ਵੱਲ ਲੈ ਜਾਣ ਦੇ ਚਾਹਵਾਨ ਆਗੂ ਅਤੇ ਪ੍ਰਚਾਰਕ, "ਦੇਹੁ ਸ਼ਿਵਾ ਬਰ ਮੋਹਿ ਇਹੈ" ਭਾਵ ਕਿਸੇ ਦੇਵੀ ਨੂੰ ਪੂਜਣ ਦੀ ਥਾਂ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਇਸ ਸ਼ਬਦ ਨੂੰ ਕੌਮੀ ਤਰਾਨੇ ਵਜੋ ਪ੍ਰਚਾਰਨ ਵਾਸਤੇ ਯਤਨਸ਼ੀਲ ਹੋਣ-
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥(੧੧੦੫)
ਅਵਤਾਰ ਸਿੰਘ ਮਿਸ਼ਨਰੀ (5104325827)
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਵਿੱਚ ਸ਼ਿਵਾ (ਪਾਰਬਤੀ) ਦੇਵੀ ਬਾਰੇ-47
Page Visitors: 2649