ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
(ਭਾਗ 17)
3. ਆਪਾਂ ਇਹ ਵੀ ਸਮਝਿਆ ਹੈ ਕਿ ਬੋਲਣ ਵਾਲੀ ਦੁਨੀਆ ਵਿਚ ਜਿੱਥੈ ਦੁਨਿਆਵੀ ਅੱਖਰਾਂ ਦੀ ਵਰਤੋਂ ਹੁੰਦੀ ਹੈ, (ਪਰਮਾਤਮਾ ਦਾ ਸਰਗੁਣ ਸਰੂਪ) ਅਤੇ ਅਬੋਲ ਅਵਸਥਾ ਵਿਚ, ਜਿੱਥੇ ਇਨ੍ਹਾਂ ਅੱਖਰਾਂ ਦੀ ਵਰਤੋਂ ਨਹੀਂ ਹੁੰਦੀ, (ਪਰਮਾਤਮਾ ਦਾ ਨਿਰਗੁਣ ਸਰੂਪ) ਦੋਵਾਂ ਅਵਸਥਾਵਾਂ ਵਿਚ, ਪਰਮਾਤਮਾ ਆਪ ਹੀ ਆਪ ਹੈ।
ਜਿਸ ਬਾਰੇ ਗੁਰੂ ਗ੍ਰੰਥ ਸਾਹਿੇਬ ਵਿਚ ‘ੴ ‘ ਰਾਹੀਂ ਸੋਝੀ ਦਿੱਤੀ ਗਈ ਹੈ। ਪਰ ਇਹ ‘ੴ ‘ ਤਦ ਹੀ ਸਾਰਥਿਕ ਹੈ, ਜੇ ਬੰਦਾ ਇਸ ਨੂੰ ਮਨੋਂ ਪਰਵਾਨ ਕਰ ਲਵੇ। ਇਹ ਅਵਸਥਾ, ਵਿਅਕਤੀਗਤ ਰੂਪ ਵਿਚ ਮਹਿਸੂਸ ਕਰਨ ਦੀ ਚੀਜ਼ ਹੈ। ਦੁਨਿਆਵੀ ਅੱਖਰਾਂ ਰਾਹੀਂ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਨਾ ਹੀ ਇਸ ਨੂੰ ਸਮਝਿਆ ਹੀ ਜਾ ਸਕਦਾ ਹੈ। ਜੇ ਮਨ ਇਸ ਅਵਸਥਾ ਵਿਚ ਪਹੁੰਚ ਕੇ ਪ੍ਰਭੂ ਨੂੰ ਲੱਭ ਵੀ ਲਵੇ ਤਾਂ ਵੀ ਮਨ ਕੋਲ ਅਜਿਹੇ ਅੱਖਰ ਨਹੀਂ ਹੁੰਦੇ, ਜਿਨ੍ਹਾਂ ਰਾਹੀਂ ਉਹ ਦੂਸਰਿਆਂ ਨੂੰ ਕੁਝ ਦੱਸ ਸਕੇ, ਜੇ ਕੁਝ ਦੱਸਣਾ ਵੀ ਚਾਹੇ, ਤਾਂ ਵੀ ਉਸ ਦਾ ਕਿਹਾ ਕਿਸੇ ਦੇ ਪੱਲੇ ਪੈਣ ਜੋਗਾ ਨਹੀਂ ਹੁੰਦਾ, ਨਾ ਹੀ ਕਿਸੇ ਦਾ ਕੁਝ ਭਲਾ ਹੋਣ ਦੀ ਕੋਈ ਗੁੰਜਾਇਸ਼ ਹੁੰਦੀ ਹੈ। ਪਤਾ ਨਹੀਂ ਸਿੱਖ ਪਰਚਾਰਕ ਕਿਸ ਆਧਾਰ ਤੇ ਪਰਚਾਰਦੇ ਹਨ ਕਿ ਮਹਾਂ ਪੁਰਖਾਂ ਦੀਆਂ ਸਾਖੀਆਂ ਸੁਣ ਕੇ (ਬਿਨਾ ਕੁਝ ਸਮਝੇ ਹੀ) ਬੰਦਾ ਭਵਜਲ ਨੂੰ ਪਾਰ ਕਰ ਜਾਂਦਾ ਹੈ।
4. ਆਪਾਂ ਇਹ ਵੀ ਸਮਝਿਆ ਹੈ ਕਿ, ਜੇ ਬੰਦਾ ਇਨ੍ਹਾਂ ਦੁਨਿਆਵੀ ਅੱਖਰਾਂ ਦੀ ਮਦਦ ਨਾਲ, ਕਰਤਾਰ ਨੂੰ ਲੱਭਣ ਵਿਚ ਲੱਗ ਜਾਵੇ ਤਾਂ, ਉਸ ਨੂੰ ਪਹਿਲਾ ਫਾਇਦਾ ਇਹ ਹੁੰਦਾ ਹੈ ਕਿ ਉਸ ਦੀ ਦੁਵਿਧਾ ਦੂਰ ਹੋ ਜਾਂਦੀ ਹੈ, ਜਿਸ ਨਾਲ ਮਨ ਹਰੀ ਦੀ ਚਾਹ ਵਿਚ ਜੁੜਦਾ ਹੈ। ਇਹ ਵੀ ਸਮਝਿਆ ਹੈ ਕਿ ਰੱਬ ਨਾਲ ਜੁੜਨਾ, ਛਿਣਕ ਕਿਰਿਆ ਨਹੀਂ ਹੈ, ਬਲਕਿ ਜਿਸ ਪਲ ਬੰਦਾ ਹਰੀ ਨਾਲ ਜੁੜਦਾ ਹੈ, ਉਸ ਪਲ ਨੂੰ ਸਦੀਵੀ ਬਨਾਉਣ ਲਈ ਪਰਮਾਤਮਾ ਨਾਲ ਕੁਝ ਨਾ ਕੁਝ ਜੁੜੇ ਰਹਿਣਾ ਜ਼ਰੂਰੀ ਹੈ । ਜਦੋਂ ਬੰਦਾ ਇਸ ਕਿਰਿਆ ਨਾਲ ਜੁੜਦਾ ਹੈ ਤਾਂ ਉਸ ਨੂੰ ਸਮਝ ਆ ਜਾਂਦੀ ਹੈ ਕਿ ਜਿਸ ਨੇ ਇਹ ਸੰਸਾਰ ਅਤੇ ਉਸ ਵਿਚਲੀਆਂ ਸਭ ਚੀਜ਼ਾਂ ਬਣਾਈਆਂ ਹਨ ਉਹ ਹੀ ਰੱਬ ਹੈ, ਜਿਸ ਨੂੰ ਰੱਬ ਨੇ ਬਣਾ ਕੇ ਖਤਮ ਕਰ ਦਿੱਤਾ ਹੈ ਉਹ ਰੱਬ ਨਹੀਂ ਹੋ ਸਕਦਾ। ਜਿਸ ਮਨੁੱਖ ਨੇ ਇਹ ਗੱਲ ਮਨ ਤੇ ਲਿਖ ਲਈ, ਫਿਰ ਇਹ ਗੱਲ ਮਨ ਤੋਂ ਮਿਟਦੀ ਨਹੀਂ। ਜਿਸ ਬੰਦੇ ਦੇ ਮਨ ਤੇ ਇਹ ਗੱਲ ਲਿਖੀ ਗਈ, ਫਿਰ ਉਸ ਦੇ ਮਨ ਤੇ ਮਾਇਆ ਦੀ ਚਕਾ-ਚੌਂਧ ਦਾ ਅਸਰ ਨਹੀਂ ਪੈਂਦਾ। ਜਦੋਂ ਮਨ ਇਸ ਅਵਸਥਾ ਵਿਚ ਪਹੁੰਚ ਜਾਂਦਾ ਹੈ ਤਾਂ ਉਸ ਸਰੀਰ ਵਿਚ ਹੀ ਵਸਦੇ ਪਰਮਾਤਮਾ ਨਾਲ ਜੁੜ ਜਾਂਦਾ ਹੈ, ਰੱਬ ਨੂੰ ਲੱਭਣ ਲਈ ਭਟਕਦਾ ਨਹੀਂ। ਅਤੇ ਇਹ ਪਦਵੀ ਫਿਰ ਉਸ ਤੋਂ ਕਦੀ ਖੁਸਦੀ ਨਹੀਂ।
5. ਆਪਾਂ ਇਹ ਵੀ ਵਿਚਾਰਿਆ ਹੈ ਕਿ ਜੋ ਪ੍ਰਾਣੀ ਗੁਰੂ ਵਲੋਂ ਮਿਲੀ ਸਿਖਿਆ ਅਨੁਸਾਰ ਚੱਲ ਕੇ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ, ਫਿਰ ਉਸ ਦੇ ਮਨ ਨੂੰ ਪ੍ਰਭੂ ਦੇ ਪਿਆਰ ਤੋਂ ਇਲਾਵਾ, ਦੁਨੀਆ ਦੀ ਹੋਰ ਕੋਈ ਵੀ ਚੀਜ਼ ਮੋਹ ਨਹੀਂ ਸਕਦੀ। ਮਨ ਨਿਰਲੇਪ ਪ੍ਰਭੂ ਨਾਲ ਮਿਲ ਕੇ ਉੱਚੀ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
6. ਆਪਾਂ ਇਹ ਵੀ ਵਿਚਾਰਿਆ ਹੈ ਕਿ ਪਰਮਾਤਮਾ ਹਰ ਥਾਂ ਇਕ ਸਮਾਨ ਹੈ, ਨਾ ਕਿਤੇ ਵੱਧ ਹੈ, ਨਾ ਕਿਤੇ ਘੱਟ, ਜਦੋਂ ਬੰਦਾ ਇਸ ਸਰੀਰ ਵਿਚ ਹੀ ਪਰਮਾਤਮਾ ਦੇ ਮਿਲਾਪ ਦਾ ਰਸਤਾ ਲੱਭ ਲੈਂਦਾ ਹੈ ਤਾਂ ਉਹ ਸਰੀਰ ਵਿਚ ਹੀ ਕੇਂਦਰਤ ਹੋ ਜਾਂਦਾ ਹੈ। ਗੁਰਬਾਣੀ ਨੇ ਇਹ ਵੀ ਸਮਝਾਇਆ ਹੈ ਕਿ ਸਿਰਫ ਇਹ ਸੋਚਕੇ ਹੀ ਕਿ, ਇਹ ਕੰਮ ਬਹੁਤ ਔਖਾ ਹੈ, ਅਸੰਭਵ ਹੈ, ਨਿਰਾਸ਼ ਨਹੀਂ ਹੋ ਜਾਣਾ ਚਾਹੀਦਾ, ਬਲਕਿ ਆਪਣੇ ਗਿਆਨ ਇੰਦਰਿਆਂ ਨੂੰ ਕਾਬੂ ਵਿਚ ਕਰ ਕੇ (ਇਸ ਦਿਸਦੇ ਸੰਸਾਰ ਤੋਂ ਪ੍ਰਭਾਵਤ ਹੋਣ ਦੀ ਥਾਂ) ਜਿਸ ਨੇ ਇਹ ਸੰਸਾਰ ਬਣਾਇਆ ਹੈ, ਉਸ ਵਿਚ ਮਨ ਜੋੜਨਾ ਚਾਹੀਦਾ ਹੈ। ਉਸ ਪ੍ਰਭੂ ਨਾਲ ਜੁੜਨ ਦੇ ਰਾਹ ਵਿਚ ਆਉਂਦੀਆਂ ਔਕੜਾਂ, ਮਾਇਆ ਦੀਆਂ ਤ੍ਰਿਸ਼ਨਾਵਾਂ ਅਤੇ ਕਰਤਾਰ ਨਾਲੋਂ ਵੱਖਰੀ ਹੋਂਦ ਦਾ ਅਹਿਸਾਸ, ਹਉਮੈ ਨੂੰ ਖਤਮ ਕਰਨਾ ਚਾਹੀਦਾ ਹੈ। ਵਾਦ-ਵਿਵਾਦ ਤੋਂ ਹੱਟ ਕੇ, ਕੁਝ ਸਿੱਖਣ ਨਾਲ ਜੁੜਨਾ ਚਾਹੀਦਾ ਹੈ ਅਤੇ ਵਾਹਿਗੁਰੂ ਨੂੰ ਬਾਹਰੋਂ ਲੱਭਣ ਦੀ ਥਾਂ, ਅੰਦਰੋਂ ਲੱਭਣਾ ਚਾਹੀਦਾ ਹੈ। ਅਤੇ ਨਿਧੜਕ ਹੋ ਕੇ, ਮਾਇਆ ਦੇ ਪਰਦੇ ਨੂੰ ਵਿਚਾਲਿਉਂ ਹਟਾ ਕੇ, ਨਿਝੱਕ ਪਰਮਾਤਮਾ ਦੀ ਹਜ਼ੂਰੀ ਵਿਚ ਪਹੁੰਚ ਜਾਣਾ ਚਾਹੀਦਾ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 17)
Page Visitors: 2579