ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਸੰਮਤ 550 ਦੇ ਕੈਲੰਡਰ ਸਬੰਧੀ ਬੇਨਤੀ
ਸ. ਬਲਵਿੰਦਰ ਸਿੰਘ ਜੀ,
ਸਕੱਤਰ ਧਰਮ ਪ੍ਰਚਾਰ ਕਮੇਟੀ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ
ਮਿਤੀ- 1 ਚੇਤ ਸੰਮਤ 550 ਨਾਨਕਸ਼ਾਹੀ
ਵਿਸ਼ਾ:- ਕੈਲੰਡਰ
ਸ ਬਲਵਿੰਦਰ ਸਿੰਘ ਜੀ,
ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਸੰਮਤ 550 ਦੇ ਕੈਲੰਡਰ ਸਬੰਧੀ ਬੇਨਤੀ ਹੈ ਕਿ ਇਹ ਕੈਲੰਡਰ ਚੇਤ ਤੋਂ ਆਰੰਭ ਹੁੰਦਾ ਹੈ ਅਤੇ ਫੱਗਣ ਨੂੰ ਖਤਮ ਹੁੰਦਾ ਹੈ।
ਪਿਛਲੇ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਕੈਲੰਡਰ (ਸੰਮਤ 549) ਵੀ 1 ਚੇਤ ਤੋਂ ਆਰੰਭ ਹੋ ਕਿ 30 ਫੱਗਣ ਨੂੰ ਖਤਮ ਹੋਇਆ ਹੈ।
ਇਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਜਾਰੀ ਕੈਲੰਡਰ ਸੂਰਜੀ ਬਿਕ੍ਰਮੀ ਕੈਲੰਡਰ ਹੀ ਹੁੰਦਾ ਹੈ। ਜਿਸ ਦੇ 12 ਮਹੀਨੇ ਅਤੇ ਸਾਲ ਦੀ ਲੰਬਾਈ 365.2563 ਦਿਨ (ਦ੍ਰਿਕ ਗਿਣਤ ਸਿਧਾਂਤ) ਹੈ। ਜਦੋਂ ਸਾਲ ਦੇ ਦਿਨ 365 ਹੋਣ ਤਾਂ ਹਰ ਦਿਹਾੜਾ, ਹਰ ਸਾਲ ਉਸੇ ਤਾਰੀਖ ਨੂੰ ਹੀ ਆਉਂਦਾ ਹੈ। ਬਹੁਤ ਹੀ ਹੈਰਾਨੀ ਹੋਈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਸੰਮਤ 550 ਦੇ ਕੈਲੰਡਰ ਨੂੰ ਵੇਖਿਆ ਕਿ ਕੁਝ ਦਿਹਾੜੇ ਤਾਂ ਪਿਛਲੇ ਸਾਲ ਵਾਲੇ ਪ੍ਰਵਿਸ਼ਟਿਆਂ (ਤਾਰੀਖ਼ਾਂ) ਨੂੰ ਹੀ ਹਨ ਪਰ ਕੁਝ ਦਿਹਾੜੇ ਬਦਲਵੀਂਆਂ ਤਾਰੀਖ਼ਾਂ ਨੂੰ ਹਨ। ਜਦੋਂ ਕਿ ਦੋਵੇਂ ਸਾਲ ਹੀ 1 ਚੇਤ ਤੋਂ ਆਰੰਭ ਹੁੰਦੇ ਹਨ। ਜਿਵੇ
ਬਘੇਲ ਸਿੰਘ ਵੱਲੋਂ ਦਿੱਲੀ ਫਤਹਿ 2 ਚੇਤ,
ਸ਼ਹੀਦੀ ਭਗਤ ਸਿੰਘ ਜੀ 10 ਚੇਤ,
ਸ਼ਹੀਦੀ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ 12 ਚੇਤ,
ਜਨਮ ਦਿਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 27 ਚੇਤ,
ਵੈਸਾਖੀ 1 ਵੈਸਾਖ ਅਤੇ
ਸ਼ਹੀਦੀ ਜੋੜ ਮੇਲਾ ਮੁਕਤਸਰ ਸਾਹਿਬ 21 ਵੈਸਾਖ ਨੂੰ ਹਨ। ਪਰ
ਸਿੱਖ ਦਸਤਾਰ ਦਿਵਸ ਇਕ ਦਿਨ ਦੇ ਫਰਕ ਅਤੇ
ਸਰਹਿੰਦ ਫ਼ਤਿਹ 2 ਦਿਨ ਦੇ ਫਰਕ ਨਾਲ,
ਗੁਰਗੱਦੀ ਗੁਰੂ ਅਮਰਦਾਸ ਜੀ 10 ਦਿਨ,
ਗੁਰਗੱਦੀ ਗੁਰੂ ਹਰਿਰਾਇ ਜੀ 11 ਦਿਨ ਅਤੇ
ਗੁਰਗੱਦੀ ਗੁਰੂ ਤੇਗ ਬਹਾਦਰ ਜੀ 12 ਦਿਨਾਂ ਦੇ ਫਰਕ ਨਾਲ ਦਰਜ ਹੈ।
ਅਜੇਹਾ ਕਿਉ?
ਆਪ ਜੀ ਦੀ ਜਾਣਕਾਰੀ ਲਈ ਮੈਂ ਦੋ ਮਹੀਨਿਆਂ (ਚੇਤ ਅਤੇ ਵੈਸਾਖ) ਦੀ ਸੂਚੀ ਭੇਜ ਰਿਹਾ ਹਾਂ। ਇਸੇ ਤਰ੍ਹਾਂ 12 ਮਹੀਨਿਆਂ ਦੀ ਪੜਤਾਲ ਕੀਤੀ ਜਾ ਸਕਦੀ ਹੈ। ਮੈਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਜਦੋਂ ਸੰਮਤ 549 ਅਤੇ 550 ਦੇ ਸਾਲ ਦੀ ਲੰਬਾਈ ਬਰਾਬਰ ਹੈ ਤਾਂ ਸਾਰੇ ਦਿਹਾੜੇ ਹੀ, ਜਨਮ ਦਿਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 27 ਚੇਤ, ਵੈਸਾਖੀ 1 ਵੈਸਾਖ ਅਤੇ ਸ਼ਹੀਦੀ ਜੋੜ ਮੇਲਾ ਮੁਕਤਸਰ ਸਾਹਿਬ 21 ਵੈਸਾਖ ਦੀ ਤਰ੍ਹਾਂ ਉਸੇ ਤਾਰੀਖ ਨੂੰ ਦਰਜ ਹੋਣੇ ਚਾਹੀਦੇ ਸਨ।
ਪਰ ਇਥੇ ਤਾਂ ਬਹੁਤ ਸਾਰੇ ਦਿਹਾੜਿਆਂ ਦਾ 1 ਤੋਂ 12 ਦਿਨਾਂ ਦਾ ਫਰਕ ਹੈ। ਕੀ ਇਹ ਜਾਣਬੁਝ ਕੇ ਇਤਿਹਾਸ ਨੂੰ ਵਿਗਾੜਨ ਦੀ ਕੋਝੀ ਚਾਲ ਤਾਂ ਨਹੀਂ? ਇਸ ਤੋਂ ਵੀ ਅੱਗੇ, ਨਵੇਂ ਸਾਲ ਦੇ ਕੈਲੰਡਰ ਵਿੱਚ ਹੋਲਾ-ਮਹੱਲਾ ਦਰਜ ਹੀ ਨਹੀਂ ਹੈ। ਕੀ ਹੁਣ ਸ਼੍ਰੋਮਣੀ ਕਮੇਟੀ ਨੇ ਇਹ ਦਿਹਾੜਾ ਮਨਾਉਣਾ ਬੰਦ ਕਰ ਦਿੱਤਾ ਹੈ? ਇਸ ਸਾਜ਼ਿਸ਼ ਪਿਛੇ ਕੌਣ ਹੈ?
ਸ ਬਲਵਿੰਦਰ ਸਿੰਘ ਜੀ, ਮੈਨੂੰ ਪੂਰੀ ਆਸ ਹੈ ਕਿ ਆਪ ਜੀ ਇਹ ਪੱਤਰ ਪੜ੍ਹ ਕੇ, ਮੇਰੇ ਤੋਂ ਵੀ ਵੱਧ ਚਿੰਤਤ ਹੋਵੋਗੇ। ਨਿਮਰਤਾ ਸਹਿਤ ਬੇਨਤੀ ਹੈ ਕਿ, ਇਸ ਬਹੁਤ ਹੀ ਮਹੱਤਵ ਪੂਰਨ ਵਿਸ਼ੇ, “ਕੌਮੀ ਕੈਲੰਡਰ” ਵਿੱਚ ਹੋਈਆਂ ਗਲਤੀਆਂ ਦੀ ਪੜਤਾਲ ਕਰ ਕੇ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੰਮਤ 550 ਦੇ ਕੈਲੰਡਰ ਨੂੰ ਵਾਪਸ ਲਿਆ ਜਾਵੇ। ਜੇ ਇਹ ਸਭ ਕੁਝ ਤੁਹਾਡੀ ਜਾਣਕਾਰੀ ਅਤੇ ਸਹਿਮਤੀ ਨਾਲ ਹੋਇਆ ਹੈ ਤਾਂ ਇਸ ਬਾਰੇ ਸਪੱਸ਼ਟ ਕੀਤਾ ਜਾਵੇ।
ਉਸਾਰੂ ਸੇਧਾਂ ਦੀ ਉਡੀਕ ਵਿੱਚ
ਸਰਵਜੀਤ ਸਿੰਘ ਸੈਕਰਾਮੈਂਟੋ
sarbjits@gmail.com
(ਇਸ ਪੱਤਰ ਦਾ ਉਤਾਰਾ ਮੁੱਖ ਸਕੱਤਰ ਅਤੇ ਪ੍ਰਧਾਨ ਜੀ ਨੂੰ ਵੀ ਭੇਜਿਆ ਜਾ ਰਿਹਾ ਹੈ)
...........................................
ਸਰਵਜੀਤ ਸਿੰਘ ਸੈਕਰਾਮੈਂਟੋ
ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਸੰਮਤ 550 ਦੇ ਕੈਲੰਡਰ ਸਬੰਧੀ ਬੇਨਤੀ
Page Visitors: 2561