ਨਵਾਂ ਸਾਲ ਅਤੇ ਹੋਲਾ-ਮਹੱਲਾ
ਸਰਵਜੀਤ ਸਿੰਘ ਸੈਕਰਾਮੈਂਟੋ
ਜਦੋਂ ਵੀ ਨਵਾਂ ਸਾਲ ਆਰੰਭ ਹੁੰਦਾ ਹੈ ਤਾਂ ਅਸੀਂ ਸ੍ਰਿਸ਼ਟਾਚਾਰ ਵਜੋਂ ਆਪਣੇ ਸਕੇ-ਸਬੰਧੀਆਂ, ਸੱਜਣਾ ਮਿੱਤਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਾਂ।
ਜਨਵਰੀ 1 ਤੋਂ ਆਰੰਭ ਹੋਣ ਵਾਲੇ ਸਾਲ ਨੂੰ ਸਮੁੱਚੇ ਤੌਰ ਤੇ ਨਵੇ ਸਾਲ ਦੇ ਆਰੰਭ ਵਜੋ ਮਨਾਇਆ ਜਾਂਦਾ ਹੈ। ਇਸ ਨੂੰ ਸੀ: ਈ: (Common Era) ਕਿਹਾ ਜਾਂਦਾ ਹੈ ਪਰ ਇਸ ਦਾ ਅਸਲ ਨਾਮ ਗਰੈਗੋਰੀਅਨ ਕੈਲੰਡਰ ਹੈ। ਦੁਨੀਆਂ ਦਾ ਸਾਰਾ ਕਾਰ-ਵਿਹਾਰ ਇਸੇ ਕੈਲੰਡਰ ਮੁਤਾਬਕ ਹੀ ਚਲਦਾ ਹੈ।
ਵੱਖ-ਵੱਖ ਕੌਮਾਂ ਦੇ ਆਪਣੇ-ਆਪਣੇ ਕੈਲੰਡਰ ਵੀ ਪ੍ਰਚੱਲਤ ਹਨ। ਜਿਨ੍ਹਾਂ ਮੁਤਾਬਕ ਉਹ ਆਪਣੇ ਧਾਰਮਿਕ, ਸਮਾਜਿਕ ਅਤੇ ਇਤਿਹਾਸਿਕ ਦਿਹਾੜੇ ਮਨਾਉਂਦੇ ਹਨ। ਜਿਵੇ ਹਿਜਰੀ ਕੈਲੰਡਰ। ਇਹ ਇਸਲਾਮ ਧਰਮ ਦਾ ਕੈਲੰਡਰ ਹੈ।
ਸਿੱਖ ਕੌਮ ਦਾ ਆਪਣਾ ਕੋਈ ਕੈਲੰਡਰ ਨਾ ਹੋਣ ਕਰਕੇ, ਹਿੰਦੋਸਤਾਨ `ਚ ਪ੍ਰਚੱਲਤ ਕੈਲੰਡਰਾਂ ਮੁਤਾਬਕ ਹੀ ਆਪਣੇ ਧਾਰਮਿਕ ਅਤੇ ਇਤਿਹਾਸਿਕ ਦਿਹਾੜੇ ਮਨਾਏ ਜਾਣੇ ਸੁਭਾਵਿਕ ਹੀ ਸਨ।
ਪਿਛਲੇ ਲੰਮੇ ਸਮੇਂ ਤੋਂ ਹਿੰਦੋਸਤਾਨ `ਚ ਦੋ ਕੈਲੰਡਰ ਪ੍ਰਚੱਲਤ ਹਨ। ਸੂਰਜੀ ਬਿਕ੍ਰਮੀ ਅਤੇ ਚੰਦਰ ਸੂਰਜੀ ਬਿਕ੍ਰਮੀ। ਗੁਰੂ ਕਾਲ ਵੇਲੇ ਇਨ੍ਹਾਂ ਦੋਵਾਂ ਕੈਲੰਡਰਾਂ ਦੀ ਵਰਤੋ ਹੁੰਦੀ ਸੀ। ਜਨਮ ਸਾਖੀਆਂ, ਗੁਰੂ ਕੀਆਂ ਸਾਖੀਆਂ, ਗੁਰ ਬਿਲਾਸ, ਰਹਿਤਨਾਮਿਆਂ ਸਮੇਤ ਸਾਰੇ ਪੁਰਾਤਨ ਵਸੀਲਿਆਂ `ਚ ਇਨ੍ਹਾਂ ਦੋਵਾਂ ਕੈਲੰਡਰਾਂ ਦੀਆਂ ਤਾਰੀਖ਼ਾਂ ਮਿਲਦੀਆਂ ਹਨ। ਉਦਾਹਰਣ ਵਜੋ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ ਹੈ ਅਤੇ ਖਾਲਸਾ ਪ੍ਰਗਟ ਦਿਵਸ 1 ਵੈਸਾਖ, ਇਹ ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ। “ਨਾਨਕਸ਼ਾਹੀ ਕੈਲੰਡਰ” ਦੇ ਲਾਗੂ ਹੋਣ ਨਾਲ ਜਿਥੇ ਬਿਕ੍ਰਮੀ ਕੈਲੰਡਰ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਿਆ ਹੈ ਉਥੇ ਹੀ ਆਪਣਾ ਕੈਲੰਡਰ ਹੋਣ ਦਾ ਮਾਣ ਵੀ ਮਹਿਸੂਸ ਹੋਇਆ ਹੈ। ਜਿਸ ਦੇ ਨਵੇਂ ਸਾਲ ਦਾ ਆਰੰਭ 1 ਚੇਤ (14 ਮਾਰਚ) ਤੋਂ ਹੁੰਦਾ ਹੈ। ਇਸੇ ਦਿਨ ਹੀ ਗੁਰੂ ਹਰਿ ਰਾਏ ਜੀ ਦਾ ਗੁਰਗੱਦੀ ਦਿਵਸ ਹੈ। ਜਿਸ ਨੂੰ ਵਾਤਾਵਰਨ ਦਿਵਸ ਦੇ ਤੌਰ ਮਨਾਇਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਇਸੇ ਦਿਨ ਹੀ ਹੈ ਚੜਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ।
ਭਾਰਤੀ ਸਮਾਜ ਵਿਚ ਮਨਾਏ ਜਾਂਦੇ ਬਹੁਤ ਸਾਰੇ ਦਿਨ-ਤਿਉਹਾਰਾਂ `ਚ ਹੋਲੀ, ਚੰਦ ਦੇ ਕੈਲੰਡਰ ਮੁਤਾਬਕ ਸਾਲ ਦੇ ਆਖਰੀ ਦਿਨ, ਭਾਵ ਫੱਗਣ ਦੀ ਪੁੰਨਿਆ ਨੂੰ ਮਨਾਈ ਜਾਣ ਦਾ ਵਿਧਾਨ ਹੈ। ਹਿੰਦੂ ਮਿਥਿਹਾਸ ਨਾਲ ਸਬੰਧਿਤ ਕਈ ਕਥਾ ਕਹਾਣੀਆਂ, ਇਸ ਦਿਨ ਨਾਲ ਵੀ ਜੁੜੀਆਂ ਹੋਈਆਂ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਵਰਣ ਵੰਡ ਮੁਤਾਬਕ ਕਦੇ ਇਹ ਦਿਨ ਸ਼ੂਦਰਾਂ ਲਈ ਰਾਖਵਾਂ ਹੁੰਦਾ ਸੀ।
ਹੋਲੀ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ। ਹੋਰ ਇਨਕਲਾਬੀ ਫੈਸਲਿਆਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ `ਚ ਵੀ ਇਨਕਲਾਬੀ ਤਬਦੀਲੀ ਲਿਆਂਦੀ ਅਤੇ ਹੋਲੀ ਦਾ ਬਦਲ, ‘ਹੋਲਾ ਮਹੱਲਾ’ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਕਰਮਕਾਂਡਾਂ ਵਿਚੋਂ ਕੱਢ ਕੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ, ਦੱਬੇ ਕੁਚਲੇ ਲੋਕਾਂ ਵਿੱਚ ਸਵੈ ਵਿਸ਼ਵਾਸ ਅਤੇ ਸਵੈਮਾਣ ਦਾ ਅਹਿਸਾਸ ਕਰਵਾਉਣ ਲਈ, ਜੰਗਾਂ ਯੁੱਧਾਂ ਵੱਲ ਉਤਸ਼ਾਹਿਤ ਕਰਨ ਲਈ ਇਸ ਤਿਉਹਾਰ ਦਾ ਨਾਮ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ ਰੱਖਿਆ।
ਹੋਲਾ ਮਹੱਲਾ:- ਸੰਗ੍ਯਾ—ਹਮਲਾ ਅਤੇ ਜਾਯ ਹਮਲਾ। ਹੱਲਾ ਅਤੇ ਹੱਲੇ ਦੀ ਥਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤ੍ਰ ਅਤੇ ਯੁੱਧਵਿਦ੍ਯਾ ਵਿੱਚ ਨਿਪੁਣ ਕਰਨ ਲਈ ਇਹ ਰੀਤਿ ਚਲਾਈ ਸੀ ਕਿ ਦੋ ਦਲ ਬਣਾਕੇ ਪ੍ਰਧਾਨ ਸਿੰਘਾਂ ਦੇ ਹੇਠ ਇੱਕ ਖਾਸ ਥਾਂ ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤਬ (Man oeuvre) ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖ੍ਯਾ ਦਿੰਦੇ ਸੇ। ਅਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖਸ਼ਦੇ ਸਨ।
(ਮਹਾਨ ਕੋਸ਼) ਹੋਲੀ ਦੀ ਥਾਂ ਇਕ ਨਵਾਂ ਤਿਉਹਾਰ, ਹੋਲਾ ਮੁਹੱਲਾ ਮਨਾਉਣ ਦਾ ਮਨੋਰਥ ਸਿੱਖਾਂ ਨੂੰ ਅਨਿਆਂ ਵਿਰੁੱਧ ਸੰਘਰਸ਼, ਜੁਲਮ ਉੱਤੇ ਸੱਚ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ। ਹੋਲਾ ਮਹੱਲਾ ਆਜ਼ਾਦੀ, ਬਹਾਦਰੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖਾਲਸਾ ਬਣਾ, ਇਕ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ। ਗੁਰੂ ਜੀ ਨੇ ਸਮੇਂ ਦੀ ਮੰਗ ਅਨੁਸਾਰ ਮਨੁੱਖਤਾ ਦਾ ਮਨੋਬਲ ਉੱਚਿਆਂ ਚੁੱਕਣ ਦੇ ਨਾਲ-ਨਾਲ ਸਰੀਰਕ ਤੌਰ 'ਤੇ ਬਲਵਾਨ ਕਰਨ ਅਤੇ ਸ਼ਸਤਰਾਂ ਦੇ ਸਹੀ ਉਪਯੋਗ ਉੱਪਰ ਬਲ ਦਿੱਤਾ। ਮਹੱਲਾ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਗੁਰੂ ਜੀ ਸਿੰਘਾਂ ਦੇ ਦੋ ਗਰੁਪ ਬਣਾ ਕੇ ਮਸਨੂਈ ਯੁੱਧ ਕਰਵਾਉਂਦੇ ਅਤੇ ਲੋੜ ਮੁਤਾਬਕ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦੇ ਸਨ। ਹੋਲੀ ਦਾ ਇਹ ਬਦਲ ਹੋਲੇ-ਮਹੱਲੇ ਦੇ ਰੂਪ ਵਿਚ ਇਨਕਲਾਬੀ ਕਦਮ ਸੀ ਅਤੇ ਇਸ ਨੂੰ ਮਨਾਉਣ ਦਾ ਢੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਨਿਸ਼ਚਿਤ ਕੀਤਾ। ਗੁਰੂ ਸਾਹਿਬ ਦੇ ਉਦੇਸ਼ ਨੂੰ ਕਵੀ ਸੁਮੇਰ ਸਿੰਘ ਨੇ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਲਿਖਿਆ ਹੈ;
ਔਰਨ ਕੀ ਹੋਲੀ ਮਮ ਹੋਲਾ, ਕਹਯੋ ਕ੍ਰਿਪਾਨਿਧ ਬਚਨ ਅਮੋਲਾ।
ਹੋਲੀ ਚੰਦ ਦੇ ਕੈਲੰਡਰ ਮੁਤਾਬਕ ਮਨਾਈ ਜਾਂਦੀ ਹੈ। ਚੰਦ ਦੇ ਸਾਲ ਦੇ 12 ਮਹੀਨੇ (ਚੇਤ ਤੋਂ ਫੱਗਣ) ਹੁੰਦੇ ਹਨ। ਇਹ ਤਿਉਹਾਰ ਸਾਲ ਦੇ ਆਖਰੀ ਮਹੀਨੇ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਤੋਂ ਅੱਗਲੇ ਦਿਨ ਭਾਵ ਚੇਤ ਮਹੀਨੇ ਦੇ ਪਹਿਲੇ ਦਿਨ ਹੋਲਾ ਮਹੱਲਾ ਆਰੰਭ ਕੀਤਾ ਸੀ। ਫੱਗਣ ਦੀ ਪੁੰਨਿਆ, ਇਹ ਦਿਨ ਚੰਦ ਦੇ ਸਾਲ ਦਾ ਆਖਰੀ ਦਿਨ ਹੁੰਦਾ ਹੈ। ਇਸ ਦਿਨ ਚੰਦ ਅਧਾਰਿਤ ਕੈਲੰਡਰ ਦਾ ਸਾਲ ਖਤਮ ਹੁੰਦਾ ਹੈ। ਗੁਰੂ ਜੀ ਨੇ ਇਸ ਤੋਂ ਅਗਲੇ ਦਿਨ ਭਾਵ ਨਵੇ ਸਾਲ ਦੇ ਆਰੰਭ ਵਾਲੇ ਦਿਨ, ਚੇਤ ਵਦੀ ਏਕਮ ਨੂੰ ਚੜਦੀ ਕਲਾ ਦਾ ਪ੍ਰਤੀਕ ‘ਹੋਲਾ ਮਹੱਲਾ’ ਮਨਾਉਣਾ ਆਰੰਭ ਕੀਤਾ ਸੀ। ਗੁਰੂ ਕਾਲ `ਚ ਚੰਦਰ-ਸੂਰਜੀ ਬਿਕ੍ਰਮੀ (Lunisolar) ਅਤੇ ਸੂਰਜੀ ਬਿਕ੍ਰਮੀ (solar) ਪ੍ਰਚੱਲਤ ਸਨ। ਦੋਵਾਂ ਕੈਲੰਡਰਾਂ ਦੇ 12 ਮਹੀਨੇ ਹੀ, ਚੇਤ ਤੋਂ ਫੱਗਣ ਹੀ ਹਨ ਪਰ ਸਾਲ ਦੀ ਲੰਬਾਈ ਵਿੱਚ ਫਰਕ ਹੈ।
ਸੂਰਜੀ ਬਿਕ੍ਰਮੀ, ਇਹ ਸਾਲ 1 ਚੇਤ ਤੋਂ ਆਰੰਭ ਹੁੰਦਾ ਹੈ। ਇਸ ਸਾਲ ਦੀ ਲੰਬਾਈ 1964 ਈ. ਤੋਂ ਪਹਿਲਾ ਸੂਰਜੀ ਸਿਧਾਂਤ ਮੁਤਾਬਕ 365.2587 ਦਿਨ ਹੁੰਦੀ ਸੀ ਪਰ 1964 ਈ. ਤੋਂ ਪਿਛੋਂ ਦ੍ਰਿਕ ਗਿਣਤ ਸਿਧਾਂਤ ਮੁਤਾਬਕ ਇਸ ਸਾਲ ਦੀ ਲੰਬਾਈ 365.2563 ਦਿਨ ਮੰਨੀ ਗਈ ਹੈ। ਫੱਗਣ, ਇਸ ਸਾਲ ਦਾ ਆਖਰੀ ਮਹੀਨਾ ਹੁੰਦਾ ਹੈ। ਚੰਦਰ-ਸੂਰਜੀ ਬਿਕ੍ਰਮੀ (Lunisolar) ਚੇਤ ਵਦੀ 1 ਤੋਂ ਆਰੰਭ ਹੋ ਕੇ ਫੱਗਣ ਸੁਦੀ 15 ਭਾਵ ਫੱਗਣ ਦੀ ਪੁੰਨਿਆ ਨੂੰ ਖਤਮ ਹੋ ਜਾਂਦਾ ਹੈ। ਇਸ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ।
ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਦੋ ਸਾਲਾ `ਚ ਇਹ ਫਰਕ 22 ਦਿਨ ਦਾ ਹੋ ਜਾਂਦਾ ਹੈ ਤਾਂ ਚੰਦ ਦੇ ਸਾਲ ਨੂੰ ਖਿੱਚ ਧੂਹ ਕੇ ਸੂਰਜੀ ਸਾਲ ਦੇ ਨੇੜੇ ਤੇੜੇ ਕਰਨ ਲਈ ਤੀਜੇ ਸਾਲ ਇਸ `ਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਹੋ ਜਾਂਦੇ ਹਨ ਅਤੇ ਸਾਲ ਦੇ ਦਿਨ 383/384 ਹੋ ਜਾਂਦੇ ਹਨ। 2018 `ਚ ਵੀ ਚੰਦ ਦੇ ਸਾਲ ਦੇ 13 ਮਹੀਨੇ ਹੀ ਹੋਣਗੇ, ਜੇਠ ਦੇ ਦੋ ਮਹੀਨੇ ਹੋਣਗੇ। ਇਸ ਲਈ ਹੋਲਾ ਮਹੱਲਾ ਹਰ ਸਾਲ ਬਦਲਵੀਂ ਤਾਰੀਖ ਨੂੰ ਆਉਂਦਾ ਹੈ। ਮਿਸਾਲ ਵਜੋਂ 2015 ਈ: ਵਿੱਚ ਇਹ ਦਿਹਾੜਾ 22 ਫੱਗਣ (6 ਮਾਰਚ), 2016 ਈ. `ਚ 11 ਚੇਤ (24 ਮਾਰਚ), 2017 ਈ: ਵਿੱਚ 30 ਫੱਗਣ (13 ਮਾਰਚ) ਨੂੰ ਅਤੇ 2018 ਈ. ਵਿਚ ਇਹ ਦਿਹਾੜਾ 19 ਫੱਗਣ ਨੂੰ (2 ਮਾਰਚ) ਆਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ 5 ਮਾਰਚ 2018 ਈ: ਨੂੰ, ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ( ਸੰਮਤ 550) ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ ਵਿੱਚ ਹੋਲਾ-ਮਹੱਲਾ ਦਰਜ ਹੀ ਨਹੀਂ ਹੈ। ਅਗਲੇ ਸਾਲ (ਸੰਮਤ 551) ਸ਼੍ਰੋਮਣੀ ਕਮੇਟੀ ਨੇ ਹੋਲਾ-ਮਹੱਲਾ, ਹੋਲੀ ਵਾਲੇ ਦਿਨ ਹੀ ਮਨਾਉਣਾ ਹੈ।
ਇਥੇ ਹੀ ਵੱਸ ਨਹੀ, ਚੰਦ ਦੇ ਕੈਲੰਡਰ ਵਿੱਚ ਇਕ ਹੋਰ ਵੀ ਸਮੱਸਿਆ ਹੈ। ਚੰਦ ਦੇ ਮਹੀਨੇ ਵਿੱਚ ਦੋ ਪੱਖ ਹੁੰਦੇ ਹਨ ਇਕ ਹਨੇਰਾ ਪੱਖ ਭਾਵ ਵਦੀ ਪੱਖ ਅਤੇ ਦੂਜਾ ਚਾਨਣਾ ਪੱਖ ਭਾਵ ਸੁਦੀ ਪੱਖ। ਵਦੀ ਪੱਖ ਦਾ ਆਰੰਭ ਪੁੰਨਿਆ ਤੋਂ ਅਗਲੇ ਦਿਨ ਹੁੰਦਾ ਹੈ ਅਤੇ ਸੁਦੀ ਪੱਖ ਦਾ ਆਰੰਭ ਮੱਸਿਆ ਤੋਂ ਅਗਲੇ ਦਿਨ। ਚੰਦ ਦੇ ਮਹੀਨੇ ਨੂੰ ਪੁੰਨਿਆ ਤੋਂ ਪੁੰਨਿਆ, ਜਿਸ ਨੂੰ ਪੂਰਨਮੰਤਾ ਕਹਿੰਦੇ ਹਨ ਅਤੇ ਮੱਸਿਆ ਤੋਂ ਮੱਸਿਆ, ਜਿਸ ਨੂੰ ਅਮੰਤਾ ਕਹਿੰਦੇ ਹਨ, ਦੋਵੇਂ ਤਰ੍ਹਾਂ ਹੀ ਗਿਣੇ ਜਾਂਦੇ ਹਨ।
ਉਤਰੀ ਭਾਰਤ ਵਿੱਚ ਮਹੀਨਾ ਪੁੰਨਿਆ ਤੋਂ ਪੁੰਨਿਆ ਭਾਵ ਪੂਰਨਮੰਤਾ ਹੁੰਦਾ ਹੈ ਅਤੇ ਦੱਖਣ ਭਾਰਤ ਵਿੱਚ ਅਮੰਤਾ ਭਾਵ ਮੱਸਿਆ ਤੋਂ ਮੱਸਿਆ ਗਿਣਿਆ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਤਰੀ ਭਾਰਤ ਵਿੱਚ ਮਹੀਨਾ ਤਾਂ ਪੁੰਨਿਆ ਤੋਂ ਅਗਲੇ ਦਿਨ ਭਾਵ ਵਦੀ ਏਕਮ ਤੋਂ ਆਰੰਭ ਹੁੰਦਾ ਹੈ ਪਰ ਸਾਲ ਦਾ ਆਰੰਭ ਮੱਸਿਆ ਤੋਂ ਅਗਲੇ ਦਿਨ, ਭਾਵ ਚੇਤ ਸੁਦੀ ਇਕ ਤੋਂ ਹੁੰਦਾ ਹੈ। ਚੇਤ ਮਹੀਨੇ ਦੇ ਦੋਵੇਂ ਪੱਖ, ਦੋ ਵੱਖ-ਵੱਖ ਸਾਲਾਂ ਵਿਚ ਗਿਣੇ ਜਾਂਦੇ ਹਨ। ਚੇਤ ਦਾ ਪਹਿਲਾ ਅੱਧ, ਖਤਮ ਹੋ ਰਹੇ ਸਾਲ ਵਿੱਚ ਅਤੇ ਦੂਜਾ ਅੱਧ, ਆਰੰਭ ਹੋ ਨਵੇਂ ਰਹੇ ਸਾਲ ਵਿੱਚ ਗਿਣਿਆ ਜਾਂਦਾ ਹੈ। ਸੁਦੀ ਪੱਖ ਦੋਵੇਂ ਪਾਸੇ ਭਾਵ ਉਤਰੀ ਅਤੇ ਦੱਖਣੀ ਭਾਰਤ, ਇਕ ਹੁੰਦਾ ਹੈ ਪਰ ਵਦੀ ਪੱਖ ਵਿੱਚ ਇਕ ਮਹੀਨੇ ਦਾ ਫਰਕ ਪੈ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਕਈ ਵਿਦਵਾਨਾਂ ਨੂੰ ਚੇਤ ਸੁਦੀ ਏਕਮ ਸੰਮਤ 1757 ਬਿਕ੍ਰਮੀ ਨੂੰ ਈਸਵੀ ਸੰਨ ਵਿੱਚ ਲਿਖਣ ਵੇਲੇ ਗਲਤੀ ਲੱਗੀ ਹੈ। ਕਈ ਵਿਦਵਾਨਾਂ ਨੇ 1757 ਬਿਕ੍ਰਮੀ ਨੂੰ 1700 ਈ: ਲਿਖਿਆ ਹੈ ਜਦੋਂ ਕਿ ਚੇਤ ਸੁਦੀ ਏਕਮ ਸੰਮਤ 1757 ਬਿਕ੍ਰਮੀ, ਮੁਤਾਬਕ ਇਹ 17 ਚੇਤ, 14 ਮਾਰਚ 1701 ਈ: (ਜੂਲੀਅਨ) ਬਣਦੀ ਹੈ। ਪਾਠਕ ਨੋਟ ਕਰਨ ਕਿ, ਬਿਪਰ ਵੱਲੋਂ ਬੁਣੇ ਗਏ ਇਸ ਮੱਕੜ ਜਾਲ਼ ਨੂੰ ਬ੍ਰਾਹਮਣ ਵਾਦ ਕਿਹਾ ਜਾਂਦਾ ਹੈ ਨਾ ਕਿ ਚੰਦ ਨੂੰ।
ਸਰਦ ਰੁਤ ਦੇ ਖਾਤਮੇ ਪਿਛੋਂ ਜਦੋਂ ਦਰਖ਼ਤਾਂ ਦੇ ਨਵੇ ਰੰਗ-ਵਰੰਗੇ ਪੱਤੇ ਫੁੱਟਦੇ ਹਨ, ਧੁੰਦ ਦੀਆਂ ਝੰਬੀਆਂ ਫਸਲਾਂ ਤੇ ਨੁਹਾਰ ਆਉਂਦੀ ਹੈ, ਖੇਤਾਂ ਵਿੱਚ ਸਰ੍ਹੋ-ਤੋਰੀਏ ਦੇ ਬਸੰਤੀ ਫੁਲ ਖਿੜਦੇ ਹਨ ਤਾਂ ਬਸੰਤ ਰੁੱਤ ਦਾ ਅਗਾਜ ਮੰਨਿਆ ਜਾਂਦਾ ਹੈ। ਯਾਦ ਰਹੇ ਰੁੱਤਾਂ ਦਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਦ ਨਾਲ। ਰੁੱਤ ਦਾ ਆਰੰਭ ਕਦੇ ਵੀ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾ ਜਾਂ 18/19 ਦਿਨ ਪੱਛੜ ਕੇ ਨਹੀ ਹੁੰਦਾ। ਰੁੱਤ ਦਾ ਆਰੰਭ ਹਰ ਸਾਲ ਉਸੇ ਸਮੇਂ ਹੀ ਹੁੰਦਾ ਹੈ।
ਧੁਰ ਕੀ ਬਾਣੀ ਮੁਤਾਬਕ ਵੀ ਬਸੰਤ ਰੁੱਤ ਦਾ ਆਰੰਭ 1 ਚੇਤ ਤੋਂ ਹੀ ਹੁੰਦਾ ਹੈ। “ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ” (ਪੰਨਾ 927) ਇਹ ਵੱਖਰੀ ਗੱਲ ਹੈ ਕਿ ਆਪਣੇ ਆਪ ਨੂੰ ਸ਼੍ਰੋਮਣੀ ਸਮਝਣ ਵਾਲੀ ਕਮੇਟੀ ਵੱਲੋਂ ਦਰਬਾਰ ਸਾਹਿਬ ਵਿਖੇ ਬਸੰਤ ਰਾਗ ਦਾ ਆਰੰਭ, ਹਿੰਦੂ ਮਿਥਿਹਾਸ ਦੀ ਦੇਵੀ ਸਰਸਵਤੀ ਦੇ ਜਨਮ ਦਿਨ ਤੋਂ ਭਾਵ ਮਾਘ ਸੁਦੀ 5 ਤੋਂ ਕਰਦੀ ਹੈ।
ਜਿਵੇ ਕਿ ਉੱਪਰ ਪੜ੍ਹ ਚੁੱਕੇ ਹੋ ਕਿ ਹੋਲੀ ਸਾਲ ਦੇ ਆਖਰੀ ਦਿਨ ਮਨਾਈ ਜਾਂਦੀ ਸੀ ਅਤੇ ਗੁਰੂ ਸਾਹਿਬ ਨੇ ਹੋਲਾ ਮਹੱਲਾ ਨਵੇ ਸਾਲ ਦੇ ਪਹਿਲੇ ਦਿਨ ਤੋਂ ਆਰੰਭ ਕੀਤਾ ਸੀ। ਇਸ ਲਈ ਹੁਣ ਜਦੋਂ ਅਸੀਂ ਚੰਦ ਦਾ ਕੈਲੰਡਰ ਪੱਕੇ ਤੌਰ ਹੀ ਛੱਡ ਚੁਕੇ ਹਾਂ ਅਤੇ ਸੂਰਜੀ ਕੈਲੰਡਰ ਨੂੰ ਅਪਣਾ ਲਿਆ ਹੈ ਤਾਂ ਹੋਲਾ ਨਵੇ ਸਾਲ ਦੇ ਪਹਿਲੇ ਦਿਨ ਭਾਵ 1 ਚੇਤ ਨੂੰ ਮਨਾਉਣਾ ਚਾਹੀਦਾ ਹੈ। ਨਾਨਕਸ਼ਾਹੀ ਕੈਲੰਡਰ, ਜੋ ਕਿ ਸੂਰਜੀ ਕੈਲੰਡਰ ਹੈ। ਜਿਸ ਦਾ ਆਰੰਭ 1 ਚੇਤ ਤੋਂ ਹੁੰਦਾ ਹੈ, ਮੁਤਾਬਕ ‘ਹੋਲਾ ਮਹੱਲਾ’ ਹਰ ਸਾਲ 1 ਚੇਤ/14 ਮਾਰਚ ਨੂੰ ਆਵੇਗਾ। ਹੁਣ ਸਾਨੂੰ ਇਹ ਵੇਖਣ ਲਈ ਕਿ ਚੇਤ ਵਦੀ ਏਕਮ ਕਿਸ ਤਾਰੀਖ ਨੂੰ ਆਵੇਗੀ, ਹਿੰਦੂ ਵਿਦਵਾਨਾਂ ਵੱਲੋਂ ਤਿਆਰ ਕੀਤੀ ਗਈ ਜੰਤਰੀ ਦੀ ਉਡੀਕ ਨਹੀ ਕਰਨੀ ਪਵੇਗੀ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ, ਹੁਣ ਜਦੋਂ ਕੈਲੰਡਰ ਵਿਗਾੜੂ ਕਮੇਟੀ ਦੇ ਮੈਂਬਰਾਂ ਦੀ ਅਸਲੀਅਤ ਸਾਹਮਣੇ ਆ ਚੁੱਕੀ ਹੈ ਤਾਂ ਕੀ, ਅਜੇ ਵੀ ਕੌਮ ਨੂੰ ਇਨ੍ਹਾਂ ਭੇਖੀਆਂ ਮਗਰ ਲੱਗਣਾ ਚਾਹੀਦਾ ਹੈ? ਖਾਲਸਾ ਜੀ ਜਾਗੋ, ਆਓ ਇਸ ਮੱਕੜ ਜਾਲ਼ ਤੋਂ ਮੁਕਤ ਹੋਈਏ!
ਸਮੂਹ ਸੰਗਤ ਨੂੰ ਨਵੇ ਸਾਲ, 1 ਚੇਤ ਸੰਮਤ 550 ਨਾਨਕਸ਼ਾਹੀ (14 ਮਾਰਚ 2018 ਈ:) ਦੀਆ ਲੱਖ-ਲੱਖ ਵਧਾਈਆਂ।
ਸਰਵਜੀਤ ਸਿੰਘ ਸੈਕਰਾਮੈਂਟੋ
ਨਵਾਂ ਸਾਲ ਅਤੇ ਹੋਲਾ-ਮਹੱਲਾ
Page Visitors: 2583