ਪ੍ਰੋ: ਭੁੱਲਰ ਦੀ ਫਾਂਸੀ ਵਿਰੁੱਧ ਉਠੇ ਸਿੱਖ ਰੋਹ ਤੋਂ ਹਿੰਦੂਤਵੀ ਮੀਡੀਏ ਨੂੰ ਪੀੜਾਂ ਹੋਣੀਆਂ ਸ਼ੁਰੂ ਹੋਈਆਂ
- ਜਗਸੀਰ ਸਿੰਘ ਸੰਧੂ 98764-16009
ਭਾਵੇਂ ਸਿੱਖਾਂ ਨੇ ਦੇਸ਼ ਦੀ ਜੰਗ-ਏ-ਆਜ਼ਾਦੀ ਵਿਚ 80 ਫੀਸਦੀ ਸ਼ਹੀਦੀਆਂ ਅਤੇ ਕੁਰਬਾਨੀਆਂ ਦਿੱਤੀਆਂ ਅਤੇ ਦੇਸ਼ ਦੀ ਆਜ਼ਾਦੀ ਦੀ ਕੀਮਤ ਪੰਜਾਬ ਦੇ ਦੋ ਟੋਟੇ ਕਰਵਾਕੇ, ਲੱਖਾਂ ਲੋਕਾਂ ਦੇ ਲਹੂ ਅਤੇ ਉਜਾੜੇ ਦੇ ਰੂਪ ਵਿਚ ਚੁਕਾਈ, ਪਰ ਭਾਰਤ ਨੂੰ ਆਜ਼ਾਦੀ ਮਿਲਣ ਦੇ ਦੂਸਰੇ ਦਿਨ ਹੀ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਨਸੀਬ ਹੋ ਗਿਆ। ਆਜ਼ਾਦੀ ਦੇ ਦੂਸਰੇ ਦਿਨ ਤੋਂ ਹੀ ਸ਼ੁਰੂ ਹੋਇਆ ਇਹ ਧੱਕੇਸ਼ਾਹੀਆਂ ਦਾ ਸਿਲਸਿਲਾ 65 ਸਾਲ ਤੋਂ ਲਗਾਤਾਰ ਚਲਦਾ ਆ ਰਿਹਾ ਹੈ। ਵੱਡੀ ਤਰਾਸਦੀ ਇਹ ਹੈ ਕਿ ਭਾਰਤ ਦੇ ਹਿੰਦੂਤਵੀ ਮੀਡੀਏ ਵੱਲੋਂ ਸਿੱਖਾਂ ਦੀ ਹਰ ਗੱਲ ਨੂੰ ਫਿਰਕਾਪ੍ਰਸਤੀ ਦਾ ਨਾਮ ਦੇ ਕੇ ਆਪਣਾ ਹੱਕ ਮੰਗ ਰਹੇ ਸਿੱਖ ਆਗੂਆਂ ਨੂੰ ਵੱਖਵਾਦੀ-ਅੱਤਵਾਦੀ-ਖਤਰਨਾਕ ਦਹਿਸਤਗਰਦ ਆਦਿ ਦੇ ਵਿਸਲੇਸ਼ਣ ਲਾ-ਲਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਪਾਣੀਆਂ ‘ਤੇ ਮਾਰੇ ਜਾ ਰਹੇ ਵੱਡੇ ਡਾਕੇ ਨੂੰ ਰੋਕਣ ਲਈ ਪੰਜਾਬ ਦੇ ਸਿੱਖਾਂ ਵੱਲੋਂ ਸ਼ੁਰੂ ਕੀਤਾ ਗਿਆ ਕਪੂਰੀ ਵਾਲਾ ਮੋਰਚਾ ਜਦੋਂ ਧਰਮਯੁੱਧ ਮੋਰਚੇ ਵਿਚ ਬਦਲ ਗਿਆ ਤਾਂ ਪੰਜਾਬ ਵਿਚੋਂ ਹੀ ਚਲਦੇ ਇਕ ਕੱਟੜ ਹਿੰਦੂ ਫਿਰਕਾਪ੍ਰਸਤ ਅਖ਼ਬਾਰ ਸਮੂਹ ਨੇ ਸਿੱਖਾਂ ਦੀ ਹਰ ਗੱਲ ਨੂੰ ਉਲਟੇ ਰੂਪ ਵਿਚ ਪੇਸ਼ ਕਰਕੇ ਅੱਗ ‘ਤੇ ਘਿਉ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਵੀਹਵੀਂ ਸਦੀ ਦੇ ਮਹਾਨ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਹਰ ਉਸ ਆਗੂ ਖ਼ਿਲਾਫ਼ ਇਸ ਸਮੂਹ ਨੇ ਅੱਗ ਉਗਲੀ ਜੋ ਵੀ ਸਿੱਖਾਂ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਰਿਹਾ ਹੈ।
ਅੱਜ ਜਦੋਂ ਪੂਰੀ ਸਿੱਖ ਕੌਮ ਆਪਣੇ ਕੌਮੀ ਨਾਇਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਜਾ ਰਹੀ ਰਾਜਸੀ ਫਾਂਸੀ ਦੇ ਵਿਰੁੱਧ ‘ਪਹਿਰੇਦਾਰ’ ਵੱਲੋਂ ਦਿੱਤੇ ਗਏ ਹੋਕੇ ‘ਤੇ ਇੱਕਜੁਟ ਹੋ ਕੇ ਖੜੀ ਹੋ ਗਈ ਹੈ ਤਾਂ ਇਹ ਅਖਬਾਰ ਸਮੂਹ ਨੂੰ ਫੇਰ ਸਿੱਖ ਵਿਰੋਧੀ ਦਰਦਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਆਪਣੇ ਤਾਜ਼ਾ 22 ਅਪ੍ਰੈਲ ਦੇ ਅੰਕ ਵਿਚ ਸੰਪਾਦਕੀ ਪੇਜ਼ ‘ਤੇ ਬੀ. ਕੇ. ਚੰਮ ਦਾ ਇਕ ਲੇਖ ‘ਅਕਾਲੀ ਲੀਡਰ ਆਪਣੇ ਅੰਦਰ ਝਾਤ ਮਾਰਨ’ ਦੇ ਹੈਡਿੰਗ ਤਹਿਤ ਛਾਪਕੇ ਪ੍ਰੋ: ਭੁੱਲਰ ਦੀ ਫਾਂਸੀ ਨੂੰ ਰੁਕਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਭੰਡਣ ਸਮੇਤ ਬਹੁਤ ਸਾਰੇ ਪੁਰਾਣੇ ਜਖਮਾਂ ਨੂੰ ਤਾਜ਼ਾ ਕਰਕੇ ਸਿੱਖਾਂ ਵਿਰੁਧ ਅੱਗ ਉਗਲੀ ਗਈ ਹੈ। ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਜਾਇਜ ਠਹਿਰਾਉਂਦੇ ਇਸ ਲੇਖ ਦੇ ਲੇਖਕ ਨੂੰ ਇਸ ਗੱਲ ਦਾ ਵੀ ਭਲੀ-ਭਾਂਤ ਪਤਾ ਹੋਵੇਗਾ ਕਿ ਇੰਦਰਾ ਗਾਂਧੀ ਕਤਲ ਕੇਸ ਵਿਚ ਸ੍ਰ. ਕੇਹਰ ਸਿੰਘ ਅਤੇ ਹੁਣ ਦਿੱਲੀ ਬੰਬ ਧਮਾਕਿਆਂ ਦੇ ਕੇਸ ਵਿਚ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਭਾਰਤੀ ਅਦਾਲਤਾਂ ਵੱਲੋਂ ਫਾਂਸੀ ਦੀ ਸਜ਼ਾ ਸਿਰਫ ਸ਼ੱਕ ਦੇ ਅਧਾਰ ‘ਤੇ ਦਿੱਤੀ ਗਈ ਹੈ, ਜਦੋਂਕਿ ਭਾਰਤੀ ਕਾਨੂੰਨ ਮੁਤਾਬਿਕ ਬਹੁਤ ਹੀ ਸੰਗੀਨ ਕੇਸਾਂ ਵਿਚ ਸ਼ਾਮਲ ਲੋਕਾਂ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ, ਪਰ ਇਥੇ ਭਾਰਤੀ ਨਿਆਂਪਾਲਿਕਾ ਦੀ ਸਿਤਮ-ਜਰੀਫ਼ੀ ਦੇਖੋ ਤਾਂ ਪ੍ਰੋ: ਭੁੱਲਰ ‘ਤੇ ਪਾਏ ਗਏ ਕੇਸ ਦੇ ਮੁੱਖ ਦੋਸ਼ੀ ਤਾਂ ਅਦਾਲਤ ਵੱਲੋਂ ਬਰੀ ਕੀਤੇ ਜਾ ਚੁੱਕੇ ਹਨ, ਪਰ ਧਾਰਾ 120ਬੀ (ਸਾਜਿਸ ਘੜਨ) ਦੇ ਦੋਸ਼ ਵਿਚ ਸ਼ੱਕ ਦੇ ਅਧਾਰ ‘ਤੇ ਪ੍ਰੋ: ਭੁੱਲਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਹੈ।
ਕੀ ਇਸ ਲੇਖ ਦਾ ਲੇਖਕ ਇਸ ਬਾਰੇ ਵੀ ਕਦੇ ਦੋ ਲਾਇਨਾਂ ਲਿਖ ਸਕੇਗਾ ਕਿ ਇਸ ਮੁਲਕ ਵਿਚੋਂ ਸ਼ੱਕ ਦੇ ਅਧਾਰ ‘ਤੇ ਫਾਂਸੀਆਂ ਸਿਰਫ ਸਿੱਖਾਂ ਦੇ ਹਿੱਸੇ ਹੀ ਕਿਉਂ ਆਉਂਦੀਆਂ ਹਨ? ਇਸ ਤੋਂ ਅੱਗੇ ਲੇਖਕ ਨੂੰ ਇਸ ਗੱਲ ‘ਤੇ ਇਤਰਾਜ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ) ਵੱਲੋਂ ਪ੍ਰੋ: ਭੁੱਲਰ ਦੀ ਫਾਂਸੀ ਰੁਕਵਾਉਣ ਲਈ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਹ ਦਲੀਲ ਕਿਉਂ ਦਿੱਤੀ ਗਈ ਹੈ ਕਿ ਪ੍ਰੋ: ਭੁੱਲਰ ਨੂੰ ਫਾਂਸੀ ਦਿੱਤੇ ਜਾਣ ਨਾਲ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।
ਲੇਖਕ ਇਥੋਂ ਤੱਕ ਲਿਖ ਰਿਹਾ ਹੈ ਕਿ ਪੰਜਾਬ ‘ਚ ਭੜਕਾਊ ਮਾਹੌਲ ਖੁਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੈਦਾ ਕੀਤਾ ਗਿਆ ਹੈ ਕਿਉਂਕਿ ਸੰਤ ਸਮਾਜ ਅਤੇ ਦਮਦਮੀ ਟਕਸਾਲ ਨਾਲ ਸਾਂਝ ਪਾਕੇ ਅਕਾਲੀਆਂ ਨੇ ਜੂਨ ਚੌਰਾਸੀ ‘ਚ ਭਾਰਤੀ ਫੌਜਾਂ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ ਯਾਦਗਾਰ ਬਣਾਉਣ ਦੀ ਇਜਾਜਤ ਦੇ ਦਿੱਤੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਭਾਈ ਬਲਵੰਤ ਸਿੰਘ ਰਾਜੋਆਣਾ ‘ਜਿੰਦਾ ਸ਼ਹੀਦ’ ਅਤੇ ਭਾਈ ਦਿਲਾਵਰ ਸਿੰਘ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾ ਦਿੱਤਾ ਹੈ।
ਸਾਇਦ ਬੀ. ਕੇ. ਚੰਮ ਨੂੰ ਸਿੱਖ ਇਤਿਹਾਸ ਪੂਰੀ ਜਾਣਕਾਰੀ ਨਹੀਂ ਕਿਉਂਕਿ ਸਿੱਖਾਂ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਜਾਲਮ ਹਕੂਮਤਾਂ ਦੀ ਹਿੱਕ ‘ਤੇ ਉਸਾਰੀਆਂ ਹਨ, ਜਿਸ ਦੀ ਮਿਸ਼ਾਲ ਦਿੱਲੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਯਾਦਗਾਰੀ ਗੁਰਦੁਆਰਾ ਸੀਸਗੰਜ ਸਾਹਿਬ ਦੀ ਉਸਾਰੀ ਤੋਂ ਲਈ ਜਾ ਸਕਦੀ ਹੈ, ਜੋ ਮੁਗਲ ਹਕੂਮਤ ਦੀ ਧੌਣ ‘ਤੇ ਗੋਡਾ ਰੱਖ ਕੇ ਜਥੇਦਾਰ ਬਘੇਲ ਸਿੰਘ ਵਰਗੇ ਸਿੱਖ ਯੋਧਿਆਂ ਨੇ ਕਰਵਾਈ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਭੇਜਣ ਲਈ ਵੀ ਲੇਖਕ ਨੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਨੂੰ ਜਿੰਮੇਵਾਰ ਠਹਿਰਾਇਆ ਹੈ।
ਇਸ ਦੇ ਨਾਲ ਬੀ.ਕੇ. ਚੰਮ ਸਾਹਿਬ ਇਹ ਭੁੱਲ ਗਏ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰਹਿ ਰਹੇ ਸਨ, ਪਰ ਜੂਨ ਚੌਰਾਸੀ ਭਾਰਤੀ ਫੋਜਾਂ ਨੇ ਪੰਜਾਬ ਅੰਦਰ 34 ਹੋਰ ਗੁਰਦੁਆਰ ਸਾਹਿਬਾਨ ‘ਤੇ ਵੀ ਹਮਲਾ ਕੀਤਾ ਸੀ ਤੇ ਹਮਲਾ ਦਾ ਦਿਨ ਗੁਰਪੁਰਬ ਵਾਲਾ ਦਿਨ ਹੀ ਕਿਉਂ ਰੱਖਿਆ ਗਿਆ ਸੀ। ਇਸ ਤੋਂ ਵੱਡੀ ਗੱਲ ਇਹ ਹੈ ਕਿ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਲਿਆਂ ਵਿਰੁੱਧ ਨਾ ਤਾਂ ਕਿਸੇ ਅਦਾਲਤ ਵਿੱਚ ਕੋਈ ਕੇਸ ਦਰਜ ਸੀ ਅਤੇ ਨਾ ਹੀ ਕਿਸੇ ਅਦਾਲਤ ਵੱਲੋਂ ਸੰਤ ਜਰਨੈਲ ਸਿੰਘ ਭਿੰਫਰਾਵਾਲਿਆਂ ਦੀ ਗ੍ਰਿਫਤਾਰੀ ਦੇ ਵਰੰਟ ਜਾਰੀ ਕੀਤੇ ਹੋਏ ਸਨ।
ਦੂਸਰੇ ਪਾਸੇ ਕਾਰਗਿਲ ਦੀ ਜੰਗ ਸਮੇਂ ਤਾਂ ਭਾਰਤੀ ਫੌਜਾਂ ਨੇ ਦੁਸ਼ਮਣ ਦੇਸ਼ ਦੀਆਂ ਫੌਜਾਂ ਸਮੇਤ ਆਏ ਘੁਸਪੈਠੀਆਂ ਨੂੰ ਨਿਕਲ ਜਾਣ ਲਈ ਚਾਰ ਦਿਨ ਦਾ ਸਮਾਂ ਦੇਈ ਰੱਖਿਆ, ਪਰ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦਾ ਸਮੇਂ ਗੁਰਪੁਰਬ ਮਨਾਉਣ ਆਈਆਂ ਸਰਧਾਲੂ ਸੰਗਤਾਂ ਨੂੰ ਨਿਕਲਣ ਲਈ ਚਾਰ ਘੰਟੇ ਦਾ ਸਮਾਂ ਵੀ ਨਹੀਂ ਦਿਤਾ ਗਿਆ। ਲੇਖਕ ਆਪਣੇ ਇਸ ਲੇਖ ਵਿਚ ਕਈ ਵਾਰ ‘ਸਿੱਖ ਅੱਤਵਾਦੀ’ ਤਾਂ ਲਿਖ ਰਿਹਾ ਹੈ, ਪਰ ਕੀ ਕਦੇ ਇਹ ਲੇਖਕ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਤਸਲੀਮ ਕਰ ਸਕੇਗਾ, ਸਾਇਦ ਇਸ ਵਿਸ਼ੇ ‘ਤੇ ਹੋਰਨਾਂ ਹਿੰਦੂਸਤਾਨੀ ਭਗਤਾਂ ਵਾਂਗ ਇਹ ਲੇਖਕ ਵੀ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਮੰਨਦਾ ਹੋਵੇਗਾ ਤਾਂ ਫੇਰ ‘ਹਿੰਦੂ ਅੱਤਵਾਦੀ’ ਲਿਖਣ ਤੋਂ ਇਸ ਲੇਖਕ ਦੀ ਕਲਮ ਕਿਉਂ ਝਿਜਕਦੀ ਹੈ।
ਸਭ ਤੋਂ ਅਹਿਮ ਅਤੇ ਜਰੂਰੀ ਗੱਲ ਇਹ ਹੈ ਕਿ ਲੇਖਕ 1980 ਤੋਂ ਬਾਅਦ ਜਨਮੀ ਪੀੜੀ ਨੂੰ ਪੰਜਾਬ ‘ਚ ਪੈਦਾ ਹੋਈ ਦਹਿਸਤੀਗਰਦੀ ਬਾਰੇ ਜਾਣੂ ਕਰਵਾਉਂਦਾ ਹੋਇਆ ਲਿਖਦਾ ਹੈ ਕਿ ਇਹ ਕਾਂਗਰਸ ਅਤੇ ਅਕਾਲੀ ਦੀ ਰਾਜਨੀਤੀ ਦਾ ਸਿੱਟਾ ਸੀ, ਪਰ ਇਸ ਲੇਖਕ ਵੱਲੋਂ ਸਾਇਦ 1980 ਤੋਂ ਬਾਅਦ ਪੈਦਾ ਹੋਈ ਪੀੜੀ ਨੂੰ ਇਹ ਦੱਸਣ ਦੀ ਕਦੇ ਵੀ ਜੁਰਅਤ ਨਹੀਂ ਕੀਤੀ ਜਾਵੇਗੀ ਕਿ ਭਾਰਤ ਨੂੰ ਆਜਾਦੀ ਮਿਲਣ ਤੋਂ ਦੂਸਰੇ ਹੀ ਸਾਲ 1948 ਵਿਚ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਉਸਦੇ ਕਾਤਲ ਨੱਥੂ ਰਾਮ ਗੌਂਡਸੇ ਦੀ ਕੌਮ ਨੂੰ ਤਾਂ ਕਿਸੇ ਕੁਝ ਨਹੀਂ ਕਿਹਾ, ਫੇਰ 1992 ‘ਚ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਕਤਲ ਕਰਨ ਵਾਲੇ ਕਾਤਲਾਂ ਦੀ ਤਾਮਿਲ ਕੌਮ ਨੂੰ ਕਿਸੇ ਨੇ ਕੁਝ ਨਹੀਂ ਕਿਹਾ,
ਜਦੋਂਕਿ 1984 ਵਿਚ ਇੰਦਰਾ ਗਾਂਧੀ ਦਾ ਕਤਲ ਤਾਂ ਉਸਦੇ ਹੀ ਬਾਡੀਗਾਰਡ ਵੱਲੋਂ ਕੀਤਾ ਗਿਆ ਸੀ, ਪਰ ਦੇਸ਼ ਦੀ ਰਾਜਧਾਨੀ ਸਮੇਤ ਪੂਰੇ ਦੇਸ਼ ਵਿਚ ਨਿਰਦੋਸ਼ ਸਿੱਖਾਂ ਨੂੰ ਗਲਾਂ ਵਿਚ ਜਲਦੇ ਟਾਇਰ ਪਾ ਕੇ ਸਾੜਿਆ ਗਿਆ, ਸਿੱਖਾਂ ਦੀਆਂ ਇੱਜਤਾਂ ਤੇ ਕਾਰੋਬਾਰ ਸ਼ਰੇਆਮ ਚਾਰ-ਪੰਜ ਦਿਨ ਲੁੱਟੇ ਜਾਂਦੇ ਰਹੇ ਸੀ, ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦਾ ਦਾਅਵਾ ਕਰਨ ਵਾਲੇ ਭਾਰਤ ਵਿਚ ਹਫਤਾ ਭਰ ਨਿਰਦੋਸ਼ ਸਿੱਖਾਂ ਦਾ ਸ਼ਿਕਾਰ ਖੇਡਣ ਵਾਲੇ ਕਿਸੇ ਇਕ ਹਮਲਾਵਰ ਨੂੰ ਫਾਂਸੀ ਨਹੀਂ ਦਿੱਤੀ ਅਤੇ ਇਸ ਕਤਲੇਆਮ ਲਈ ਜਿੰਮੇਵਾਰ ਸਮਝ ਜਾਂਦੇ ਲੋਕਾਂ ਨੂੰ ਕੇਂਦਰ ‘ਚ ਵਜੀਰੀਆਂ ਦਿੱਤੀਆਂ ਗਈਆਂ ਹਨ। ਪ੍ਰੋ: ਭੁੱਲਰ ਨੂੰ ਫਾਂਸੀ ਦੇਣ ਦੀ ਵਾਰ-ਵਾਰ ਵਕਾਲਤ ਕਰਨ ਵਾਲੇ ਬੀ.ਕੇ. ਚੰਮ ਦੀ ਕਲਮ ਸਾਇਦ ਕਦੇ ਵੀ ਪ੍ਰੋ: ਭੁੱਲਰ ਦੇ ਪਿਤਾ ਬਲਵੰਤ ਸਿੰਘ ਭੁੱਲਰ ਅਤੇ ਮਾਸੜ ਨੂੰ ਚੁੱਕ ਕੇ ਖਤਮ ਕਰਨ ਵਾਲੀ ਅਤੇ ਉਹਨਾਂ ਦੀਆਂ ਲਾਸਾਂ ਵੀ ਨਾ ਦੇਣ ਵਾਲੀ ਪੰਜਾਬ ਪੁਲਿਸ ਦੇ ਕਾਲੇ ਕਾਰਨਾਮੇ ਕਦੇ ਵੀ ਨਹੀਂ ਲਿਖੇਗੀ, ਕਿਉਂਕਿ ਇਹ ਕਲਮਾਂ ਸੱਚ ਲਿਖਣ ਲਈ ਨਹੀਂ, ਸਗੋਂ ਸਿੱਖ ਕੌਮ ਨੂੰ ਬਦਨਾਮ ਕਰਕੇ ਬਹੁਗਿਣਤੀ ਅਤੇ ਦਿੱਲੀ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ਚਲਦੀਆਂ ਹਨ।
ਜਗਸੀਰ ਸਿੰਘ ਸੰਧੂ
ਪ੍ਰੋ: ਭੁੱਲਰ ਦੀ ਫਾਂਸੀ ਵਿਰੁੱਧ ਉਠੇ ਸਿੱਖ ਰੋਹ ਤੋਂ ਹਿੰਦੂਤਵੀ ਮੀਡੀਏ ਨੂੰ ਪੀੜਾਂ ਹੋਣੀਆਂ ਸ਼ੁਰੂ ਹੋਈਆਂ
Page Visitors: 2897