ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 18)
ਆਪਾਂ ਗੁਰੂ ਸਾਹਿਬ ਦੀ ਇਸ ਸਿਖਿਆ ਨੂੰ ਵੀ ਵਿਚਾਰਿਆ ਹੈ ਕਿ ਜੋ ਹਸਤੀ ਸਭ-ਕਾਸੇ ਦਾ ਮੁੱਢ ਹੈ ਓਹੀ ਰੱਬ ਹੈ, ਜੋ ਇਸ ਸੰਸਾਰ ਵਿਚ ਪੈਦਾ ਹੋਇਆ ਅਤੇ ਸਮੇ ਨਾਲ ਇਸ ਸੰਸਾਰ ਤੋਂ ਚਲੇ ਗਿਆ, ਉਹ ਰੱਬ ਨਹੀਂ ਹੋ ਸਕਦਾ ਉਸ ਨੂੰ ਰੱਬ ਨਹੀਂ ਮੰਨਣਾ ਚਾਹੀਦਾ।ਜਦੋਂ ਮਨ ਨੂੰ ਇਹ ਸੋਝੀ ਹੋ ਜਾਂਦੀ ਹੈ, ਫਿਰ ਮਨ ਮਾਇਆ ਦੇ ਕਿਸੇ ਤਰ੍ਹਾਂ ਦੇ ਲਾਲਚ ਵਿਚ ਵੀ ਨਹੀਂ ਫਸਦਾ।
ਆਪਾਂ ਇਹ ਵੀ ਵਿਚਾਰਿਆ ਹੈ ਕਿ ਜਦੋਂ ਮਨ ਇਹ ਸਮਝ ਜਾਂਦਾ ਹੈ ਕਿ ਪਰਮਾਤਮਾ ਵੀ ਓਸੇ ਖੋੜ, ਓਸੇ ਸਰੀਰ ਵਿਚ ਵਸਦਾ ਹੈ, ਜਿਸ ਵਿਚ ਮੈਂ ਵਸਦਾ ਹਾਂ, ਫਿਰ ਮਨ ਹਰੀ ਨੂੰ ਲੱਭਣ ਲਈ ਧਰਮ-ਅਸਥਾਨਾਂ,ਮੰਦਰ-ਮਸਜਿਦ-ਗੁਰਦਵਾਰਿਆਂ-ਗਿਰਜਿਆਂ-ਪਹਾੜਾਂ-ਬੀਆਬਾਨਾਂ-ਤੀਰਥਾਂ-ਪਖੰਡੀ ਸੰਤਾਂ ਦੇ ਡੇਰਿਆਂ ਤੇ ਨਹੀਂ ਭਟਕਦਾ, ਬਲਕਿ ਇਸ ਸਰੀਰ ਵਿਚੋਂ ਹੀ, ਜੋ ਕਿ ਰੱਬ ਦਾ ਆਪਣਾ ਬਣਾਇਆ ਹਰਿਮੰਦਰ ਹੈ, ਉਸ ਵਿਚੋਂ ਹੀ ਲੱਭਦਾ ਹੈ। ਅਜਿਹੀ ਅਵਸਥਾ ਵਿਚ ਅਪੜਿਆ ਮਨ ਹੀ ਅਮਰ ਪਦਵੀ ਹਾਸਲ ਕਰਦਾ ਹੈ।
ਆਪਾਂ ਇਹ ਵੀ ਵਿਚਾਰਿਆ ਹੈ ਕਿ ਪ੍ਰਭੂ ਨੂੰ ਸਿਰਫ ਸੱਚੇ ਗੁਰੂ, ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਣ ਵਾਲੇ ਗੁਰੂ ਦੀ ਸਿਖਿਆ ਨਾਲ ਹੀ ਪਛਾਣਿਆ ਜਾ ਸਕਦਾ ਹੈ।ਇਸ ਲਈ ਸਿਰਫ ਸੱਚੇ ਗੁਰੂ ਦੇ ਬਚਨਾਂ ਤੇ ਹੀ ਧਿਆਨ ਦੇਣਾ ਚਾਹੀਦਾ ਹੈ।
ਏਥੇ ਬਹੁਤ ਜ਼ਰੂਰੀ ਵਿਚਾਰਨ ਦੀ ਗੱਲ ਹੈ ਕਿ ਗੁਰੂ ਨੂੰ ਸੱਚਾ ਗੁਰੂ ਲਿਖਣ ਦੀ ਲੋੜ ਕਿਉਂ ਪਈ ?
ਦੁਨੀਆ ਵਿਚ ਹਰ ਉਸ ਬੰਦੇ ਨੂੰ, ਹਰ ਉਸ ਗ੍ਰੰਥ ਨੂੰ ਗੁਰੂ ਕਹਿਣ ਅਤੇ ਮੰਨਣ ਦਾ ਰਿਵਾਜ ਹੈ, ਜੋ ਕਿਸੇ ਤਰ੍ਹਾਂ ਦੀ ਸਿਖਿਆ ਦਿੰਦਾ ਹੋਵੇ।ਸਿਖਿਆ ਤਾਂ ਸਾਰੇ ਵੇਦ-ਸ਼ਾਸਤਰ-ਸਿਮਰਤੀਆਂ-ਪੁਰਾਣ-ਕੁਰਾਨ-ਬਾਈਬਲ-ਅੰਜੀਲ-ਕਿਹਾ ਜਾਂਦਾ ਦਸਮ ਗ੍ਰੰਥ ਆਦ ਸਾਰੇ ਗ੍ਰੰਥ ਦਿੰਦੇ ਹਨ, ਪਰ ਆਪੋ-ਆਪਣੇ ਵਿਸ਼ੇ ਦੀ, ਪਰ ਸਾਰੇ ਰੱਬ ਨੂੰ ਮਿਲਣ ਦੇ ਢੰਗ ਬਾਰੇ ਸੋਝੀ ਨਹੀਂ ਦਿੰਦੇ ਅਤੇ ਏਥੇ ਵਿਸ਼ਾ ਪਰਮਾਤਮਾ ਨੂੰ ਮਿਲਣ ਦੀ ਸੋਝੀ ਦਾ ਹੈ।
ਆਪਾਂ ਇਹ ਵੀ ਵਿਚਾਰਿਆ ਹੈ ਕਿ ਕਰਤਾਰ ਬ੍ਰਹਮੰਡ ਦੇ ਸਾਰੇ ਆਕਾਰਾਂ ਵਿਚ ਇਕ ਸਮਾਨ ਵਿਆਪਕ ਹੈ, ਕਿਸੇ ਵਿਚ ਵੱਧ ਨਹੀਂ ਕਿਸੇ ਵਿਚ ਘੱਟ ਨਹੀਂ।ਕਿਸੇ ਆਕਾਰ ਦੇ ਟੁੱਟ ਜਾਣ ਨਾਲ ਜਾਂ ਕਿਸੇ ਆਕਾਰ ਦੇ ਨਵਾਂ ਬਣ ਜਾਣ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਗੁਰੂ ਸਾਬਿ ਸਮਝਾਉਂਦੇ ਹਨ ਕਿ ਜਿਸ ਸਰੀਰ ਵਿਚ ਪ੍ਰਭੂ ਦਾ ਘਾਟ, ਪ੍ਰਭੂ ਨੂੰ ਮਿਲਣ ਦਾ ਪੱਤਣ ਲੱਭ ਪਵੇ, ਉਸ ਨੂੰ ਛੱਡ ਕੇ ਰੱਬ ਨੂੰ ਲੱਭਣ ਲਈ ਹੋਰ ਕਿਤੇ ਭਟਕਣਾ ਨਹੀਂ ਚਾਹੀਦਾ। ਇਂਦਰੀਆਂ ਨੂੰ ਭਟਕਣੋਂ ਰੋਕ ਕੇ ਪ੍ਰਭੂ ਨੂੰ ਪਿਆਰ ਕਰ ਕੇ ਸੰਸਾ ਦੂਰ ਕਰਨਾ ਚਾਹੀਦਾ ਹੈ, ਔਖਾ ਰਸਤਾ ਵੇਖ ਕੇ ਨਿਰਾਸ ਨਹੀਂ ਹੋਣਾ ਚਾਹੀਦਾ।
ਆਪਾਂ ਇਹ ਵੀ ਵਿਚਾਰਿਆ ਹੈ ਕਿ ਇਹ ਬ੍ਰਹਮੰਡ ਇਕ ਬਹੁਤ ਵੱਡਾ ਚਿਤ੍ਰ ਹੈ, ਇਸ ਦੀ ਚਮਕ-ਦਮਕ ਵਿਚ ਨਾ ਫਸਦੇ ਹੋੲੈ, ਇਸ ਚਿਤ੍ਰ ਨੂੰ ਬਨਾਉਣ ਵਾਲੇ ਚਿਤ੍ਰਕਾਰ ਨਾਲ ਜੁੜਨਾ ਚਾਹੀਦਾ ਹੈ।
ਹਰੀ ਪਾਤਸ਼ਾਹ ਨੂੰ ਮਿਲਣ ਦਾ ਇਹੀ ਰਾਹ ਹੈ ਕਿ ਹੋਰ-ਹੋਰ ਆਸਾਂ ਛੱਡ ਕੇ, ਪ੍ਰਭੂ ਨਾਲ ਮਨ ਜੋੜ ਕੇ ਸਦੀਵੀ ਸੁਖ ਨਾਲ ਜੁੜਨਾ ਚਾਹੀਦਾ ਹੈ।
ਆਪਾਂ ਇਹ ਵੀ ਵਿਚਾਰਿਆ ਹੈ ਕਿ ਆਪਣੀਆਂ ਤ੍ਰਿਸ਼ਨਾਵਾਂ ਨੂੰ ਖਤਮ ਕਰ ਕੇ, ਆਪਣੇ ਮਨ ਵਿਚੋਂ ਹਉਮੈ ਨੂੰ ਖਤਮ ਕਰਨ ਵਾਲਾ ਬੰਦਾ ਹੀ ਜੀਵਨ ਦੀ ਸਹੀ ਜਾਚ, ਸਹੀ ਢੰਗ ਸਿੱਖ ਲੈਂਦਾ ਹੈ। ਉਹ ਆਪਣੀ ਦੌਲਤ ਦਾ ਮਾਣ ਅਤੇ ਪਰਾਈ ਦੌਲਤ ਦੀ ਲਾਲਸਾ ਖਤਮ ਕਰ ਕੇ ਅਕਾਲ-ਪੁਰਖ ਦੇ ਰੂ-ਬ-ਰੂ ਹੋ ਜਾਂਦਾ ਹੈ, ਪਰ ਜੋ ਬੰਦਾ ਵਾਦ-ਵਿਵਾਦ ਦੁਆਰਾ ਉਲਝਣਾਂ ਸਹੇੜਨਾ ਹੀ ਸਿਖਦਾ ਹੈ, ਉਹ ਸਾਰੀ ਉਮਰ ਸ਼ੰਕਿਆਂ ਵਿਚ ਫਸਿਆ ਪ੍ਰਭੂ ਦੇ ਦਰ ਤੇ ਕਬੂਲ ਨਹੀਂ ਹੁੰਦਾ।
ਦੋਵੇਂ ਪੱਖ ਬੜੇ ਸਪੱਸ਼ਟ ਕੀਤੇ ਹਨ ਕਿ ਗੁਰੂ ਦੀ ਸਿਖਿਆ ਦੁਆਰਾ ਜਿਸ ਬੰਦੇ ਨੂੰ ਸੋਝੀ ਹੋ ਜਾਂਦੀ ਹੈ ਕਿ ਰੱਬ ਏਸੇ ਸਰੀਰ ਵਿਚ ਹੀ ਹੈ, ਉਹ ਉਸ ਨੂੰ ਅੰਦਰ ਹੀ ਭਾਲ ਲੈਂਦਾ ਹੈ, ਜੋ ਬੰਦਾ ਗੁਰੂ ਦੀ ਸਿਖਿਆ ਤੇ ਨਹੀਂ ਚਲਦਾ ਉਹ ਆਪਣੇ ਮਨ ਦੇ ਫੁਰਨਿਆਂ ਨਾਲ ਹੀ, ਉਸ ਅਥਾਹ ਪ੍ਰਭੂ ਨੂੰ ਮਿਲਣ ਦੀਆਂ ਸਕੀਮਾਂ ਬਣਾਉਂਦਾ ਹੀ ਇਸ ਸੰਸਾਰ ਤੋਂ ਤੁਰ ਜਾਂਦਾ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 18)
Page Visitors: 2611