ਹੁਣ ਜੋ ਮਰਜੀ ਬੋਲੀ ਜਾਈਏ !
ਗੁਰਸ਼ਰਨ ਸਿੰਘ ਕਸੇਲ
ਕਈ ਅਖੌਤੀ ਸਾਧ ਅਤੇ ਉਹਨਾ ਦੇ ਚੇਲੇ ਗੁਰਮਤਿ ਦੇ ਨਾਂਅ ਨਾਲ ਜੋੜ ਕੇ ਇਹੋ ਅਜਿਹੀਆਂ ਗੱਪਾਂ ਛੱਡਦੇ ਹਨ ਕਿ ਜਿਹਨਾਂ ਦਾ ਕੋਈ ਸਿਰ ਪੈਰ ਹੀ ਨਹੀਂ ਹੁੰਦਾ । ਉਹ ਨਾਂ ਤਾਂ ਗੁਰਬਾਣੀ ਨਾਲ ਕੋਈ ਮੇਲ ਖਾਂਦੀਆਂ ਹਨ ਅਤੇ ਨਾਂ ਹੀ ਗੁਰੂ ਸਾਹਿਬਾਨ ਹੁਰਾਂ ਦੇ ਜੀਵਨ ਨਾਲ । ਐਸੀਆਂ ਕਰਾਮਾਤੀ ਤੇ ਅੰਧਵਿਸ਼ਵਾਸੀ ਸਾਖੀਆਂ ਬਾਰੇ ਜੇ ਕੋਈ ਇਹਨਾਂ ਨੂੰ ਕਹੇ ਤਾਂ ਕਹਿਣਗੇ ਕਿ ਤੁਹਾਡੇ ਵਿਚ ਸ਼ਰਧਾ ਨਹੀਂ ਹੈਗੀ । ਤੁਸੀਂ ਅੱਜ ਦੇ ਸਿੱਖ ਪੁਰਾਣੇ ਸਿੱਖਾਂ ਨਾਲੋਂ ਬਹੁਤੇ ਸਿਆਣੇ ਹੋ ਗਏ ਜੇ ਆਦਿ । ਪਰ ਆਪ ਇਹ ਲੋਕ ਸੱਭ ਕੁਝ ਸਮੇਂ ਅਨੁਸਾਰ ਹੋਣ ਵਾਲੇ ਬਦਲਾਵ ਵਾਲੀਆਂ ਚੀਜਾਂ ਵੀ ਵਰਤਦੇ ਹਨ ਤੇ ਪਹਿਨਦੇ ਵੀ ਹਨ ਪਰ ਜਿਥੇ ਇਹਨਾਂ ਸਿੱਖਾਂ ਨੂੰ ਅੰਧਵਿਸ਼ਵਾਸਾਂ ਤੇ ਕਰਮਕਾਂਡਾਂ ਵਿਚ ਪਾਉਣਾ ਹੁੰਦਾ ਹੈ, ਉਥੇ ਪੁਰਾਣੇ ਸਿੱਖਾਂ ਦਾ ਨਾਂਅ ਵਰਤਦੇ ਹਨ । ਪਰ ਜਦੋਂ ਇਸ ਤਰ੍ਹਾਂ ਦੀਆਂ ਗੱਪਾਂ ਛੱਡਣ ਵਾਲੇ ਲੋਕ ਕਿਸੇ ਸ਼ਬਦ ਬਾਰੇ ਗਲਤ ਬਿਆਨ ਬਾਜੀ ਜਾਂ ਹਵਾਲੇ ਦੇਣ ਵੇਲੇ ਵੀ ਉਹੀ ਜਬਲੀਆਂ ਮਾਰਦੇ ਹਨ ਜੋ ਮਨਘੜ੍ਹਤ ਸਾਖੀਆਂ ਸਣਾਉਣ ਵੇਲੇ ਮਾਰਦੇ ਹਨ ਤਾਂ ਇਹਨਾਂ ਦੀ ਵਿਦਵਤਾ ਦਾ ਪਾਜ਼ ਨੰਗਾ ਹੋ ਜਾਂਦਾ ਹੈ ।
ਕੁਝ ਅਜਿਹੇ ਆਪੇ ਬਣੇ ਬਾਬੇ-ਸੰਤ ਜਾਂ ਟੀਵੀ, ਰੇਡੀਓ ਤੇ ਬੋਲਣ ਵਾਲੇ ਏਨਾ ਤਾਂ ਸਮਝ ਲੈਣ ਕਿ ਅਸੀਂ ਜੋ ਬੋਲ ਰਹੇ ਹਾਂ ਉਹਨਾਂ ਨੂੰ ਕੋਈ ਹੋਰ ਦੂਰ-ਦਰਾਡੇ ਵੀ ਵੇਖ, ਸੁੱਣ ਰਿਹਾ ਹੈ; ਪਰ ਇਸ ਤਰ੍ਹਾਂ ਦੇ ਬੋਲਣ ਵਾਲੇ ਇਹ ਹੀ ਸੋਚਦੇ ਹਨ ਕਿ ਹੁਣ ਸਾਡੇ ਕੋਲ ਮਾਇਕ ਹੈ ਜੋ ਮਰਜੀ ਬੋਲੀ ਜਾਈਏ ।ਇਹ ਲੋਕ ਏਨਾ ਵੀ ਨਹੀਂ ਸੋਚਦੇ ਕਿ ਗੁਰਬਾਣੀ ਜਾਂ ਗੁਰੂ ਸਹਿਬਾਨ ਦੇ ਨਾਂਅ ਤੇ ਜਿਹੜਾ ਹਵਾਲਾ ਦੇਣਾ ਹੈ ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਵੀ । ਲੱਗਦਾ ਹੈ ਕਿ ਬਹੁਤੇ ਲੋਕ ਜੋ ਸਿੱਖੀ ਭੇਸ ਵਿਚ ਹੁੰਦੇ ਹਨ ਉਹ ਆਪਣੀ ਲੰਮੀ ਦਾਹੜੀ ਜਾਂ ਪੁਰਾਤਨ ਸਤਿਕਾਰ ਯੋਗ ਸਾਧ ਬਾਬਿਆਂ ਵਾਲੇ ਕਪੜੇ ਪਾ ਕੇ ਹੀ ਸਮਝਦੇ ਹਨ ਕਿ ਅਸੀਂ ਜੋ ਵੀ ਬੋਲੀ ਜਾਵਾਂਗੇ ਸਰੋਤੇ ਉਸਨੂੰ ਸਿਰ ਮੱਥੇ ਮੰਨੀ ਜਾਣਗੇ । ਅਜਿਹਾ ਬਹੁਤ ਕਰਕੇ ਹੋ ਵੀ ਜਾਂਦਾ ਹੈ ਪਰ ਸਾਰੇ ਸਰੋਤੇ ਇਕੋ ਅਜਿਹੇ ਨਹੀਂ ਹੁੰਦੇ ।
ਕੁਝ ਹਫਤੇ ਹੋਏ ਇਕ ਟੀਵੀ ਹੋਸਟ, ਜੋ ਆਪਣੇ ਆਪ ਨੂੰ ਕਾਫੀ ਵੱਡਾ ਸਿੱਖ ਤੇ ਪ੍ਰਚਾਰਕ ਸਮਝਦਾ ਲੱਗਦਾ ਸੀ । ਉਹ ਭਗਤ ਧੰਨਾ ਜੀ ਬਾਰੇ ਕਹਿ ਰਿਹਾ ਸੀ ਕਿ “ਭਗਤ ਧੰਨਾ ਜੀ ਨੇ ਵੇਖੋ ਜੀ ਪੱਧਰ ਪੂਜਕੇ ਰੱਬ ਦੀ ਪ੍ਰਾਪਤੀ ਕਰ ਲਈ ਸੀ” । ਸੁਣਨ ਵਾਲੇ ਸਰੋਤੇ ਜਿਹੜੇ ਫੋਨ ਕਰ ਰਹੇ ਸਨ, ਉਹਨਾਂ ਵੀ ਕੋਈ ਇਤਰਾਜ ਨਹੀਂ ਕੀਤਾ ਸੀ ਕਿ ਭਾਈ ਤੁਸੀਂ ਕੀ ਬੋਲ ਰਹੇ ਹੋ ? ਕੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ । ਸਾਡੀ ਕੌਮ ਦੀ ਅੱਜ ਇਹ ਵੀ ਤਰਾਸਦੀ ਹੈ ਕਿ ਕੁਝ ਡੇਰੇਵਾਲੇ ਸਾਧਾਂ ਅਤੇ ਕੁਝ ਪੇਸ਼ਾਵਰ ਪ੍ਰਚਾਰਕਾਂ ਨੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਾਂ ਸਿਰਫ ਦੋ ਬਾਣੀਆਂ ਜਾਂ ਵੱਧ ਤੋਂ ਵੱਧ ਸੁਖਮਨੀ ਸਾਹਿਬ ਦੀ ਬਾਣੀ ਤੀਕਰ ਹੀ ਸੀਮਤ ਕਰ ਦਿੱਤਾ ਹੈ । ਆਮ ਹੀ ਸਿੱਖ ਸਮਝਦੇ ਹਨ ਕਿ ਬਾਕੀ ਦਾ ਗੁਰੂ ਗ੍ਰੰਥ ਸਾਹਿਬ ਪੜ੍ਹਨ ਦੀ ਕੀ ਲੋੜ ਹੈ । ਜੇਕਰ ਇਹਨਾਂ ਹੀ ਬਾਣੀਆਂ ਵਿਚੋਂ ਹੀ ਸਾਰੀ ਜੀਵਨ ਜਾਚ ਮਿਲ ਜਾਣੀ ਸੀ ਤਾਂ ਫਿਰ ਗੁਰੂ ਜੀ ਨੂੰ ਬਾਕੀ ਬਾਣੀ ਦੀ ਸੰਪਦਨਾ ਕਰਨ ਦੀ ਕੀ ਲੋੜ ਸੀ ।
ਖੈਰ, ਸਾਡੇ ਉਹਨਾ ਸਾਧਾਂ ਅਤੇ ਕਈ ਪੇਸ਼ਾਵਰ ਪ੍ਰਚਾਰਕਾਂ ਜਿਹਨਾਂ ਦਾ ਰੋਟੀ ਪਾਣੀ ਸਿਰਫ ਸਿੱਖਾਂ ਨੂੰ ਕਰਾਮਾਤੀ ਅਤੇ ਅੰਧਵਿਸ਼ਵਾਸਾਂ ਦੀਆਂ ਕਹਾਣੀਆਂ ਸੁਣਾਉਣ ਤੇ ਨਿਰਬਰ ਕਰਦਾ ਹੈ, ਉਹ ਅਜਿਹੀਆਂ ਬੇਤੁਕੀਆਂ ਗੱਲਾਂ ਕਰਦੇ ਰਹਿੰਦੇ ਹਨ । ਉਹੀ ਗੱਲਾਂ ਸੁੱਣਕੇ ਕਈ ਰੇਡੀਓ ਅਤੇ ਟੀਵੀ ਤੇ ਬੈਠਕੇ ਬੋਲਣ ਲੱਗ ਪੈਂਦੇ ਹਨ, ਉਹ ਨਾਂ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਸ਼ਬਦਾਂ ਤੇ ਯਕੀਨ ਕਰਦੇ ਹਨ ਤੇ ਨਾ ਹੀ ਜਿਸ ਬਾਰੇ ਕਹਿ ਰਹੇ ਹੋਣ ਉਸ ਤੇ; ਉਹਨਾਂ ਨੂੰ ਆਪਣੇ ਅਖੌਤੀ ਸਾਧ-ਸੰਤ ‘ਤੇ ਬਹੁਤਾ ਯਕੀਨ ਹੁੰਦਾ ਹੈ ਜਾਂ ਕਿਸੇ ਅਜਿਹੀ ਕਿਤਾਬ ਤੇ ਜਿਸ ਨੂੰ ਉਸ ਵਿਚ ਲਿਖੀਆਂ ਲਿਖਤਾਂ ਨੂੰ ਨਾ ਤਾਂ ਉਸ ਲਿਖਾਰੀ ਨੇ ਸੰਪਾਦਕ ਕੀਤਾ ਹੁੰਦਾ ਹੈ ਤੇ ਨਾਂ ਹੀ ਉਸ ਲਿਖਾਰੀ ਦਾ ਕੋਈ ਹਵਾਲਾ । ਜਿਵੇਂ ਕਿ ਇਹ ਲੋਕ ਭਗਤ ਧੰਨਾ ਜੀ ਨੂੰ ਪੱਥਰ ਪੂਜਕ ਪ੍ਰਚਾਰਦੇ ਰਹਿੰਦੇ ਹਨ । ਆਓ ਵੇਖਦੇ ਹਾਂ ਭਗਤ ਧੰਨਾ ਜੀ ਬਾਰੇ ਗੁਰੂ ਅਰਜਨ ਪਾਤਸ਼ਾਹ ਕੀ ਦੱਸਦੇ ਹਨ ਕਿ ਭਗਤ ਜੀ ਨੇ ਅਕਾਲ ਪੁਰਖ ਦੀ ਪ੍ਰਾਪਤੀ ਕਿਵੇਂ ਕੀਤੀ :
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥1॥ਰਹਾਉ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥1॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ਪਰਗਟੁ ਹੋਆ ਸਾਧ ਸੰਗਿ ਹਰਿ ਦਰਸਨੁ ਪਾਇਆ॥2॥
ਸੈਨੁ ਨਾਈ ਬੁਤਕਾਰੀਆਂ ਓਹੁ ਘਰਿ ਘਰਿ ਸੁਨਿਆ॥ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥3॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡ ਭਾਗਾ॥4॥2॥ (ਮ: 5, ਪੰਨਾ 487)
ਹੁਣ ਵੇਖਦੇ ਹਾਂ ਭਗਤ ਧੰਨਾ ਜੀ ਦਾ ਉਚਾਰਿਆ ਉਹ ਸ਼ਬਦ ਜਿਸ ਵਿਚ ਉਹ ਦੱਸਦੇ ਹਨ ਕਿ ਉਹਨਾ ਨੇ ਅਕਾਲ ਪੁਰਖ ਦੀ ਪ੍ਰਾਪਤੀ ਕਿਵੇਂ ਕੀਤੀ:
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀਂ ਧੀਰੇ॥
ਲ਼ਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ॥1॥ਰਹਾਉ॥
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਸ ਨ ਜਾਨਿਆ॥
ਗੁਨ ਤੇ ਪ੍ਰੀਤਿ ਬਢੀ ਅਨ ਭਾਤੀ ਜਨਮ ਮਰਨ ਫਿਰਿ ਤਾਨਿਆ॥1॥
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ॥
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ॥2॥
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ॥
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਿਤ ਅਘਾਨੇ ਮੁਕਤਿ ਭਏ॥3॥
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥
ਧੰਨੈ ਧਨੁ ਪਾਇਆ ਧਰਣੀਧਰ ਮਿਲਿ ਜਨ ਸੰਤ ਸਮਾਨਿਆ॥4॥1॥ (ਪੰਨਾ 487)
ਹੈਰਾਨੀ ਦੀ ਗੱਲ ਹੈ ਕਿ ਅਜਿਹੇ ਸਿੱਖ ਜਿਹੜੇ ਕਹਿਣ ਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਦਾਵਾ ਕਰਦੇ ਹਨ ਪਰ ਉਸ ਵਿੱਚ ਲਿਖੀ ਗੱਲ ਤੇ ਯਕੀਨ ਨਹੀਂ ਕਰਦੇ; ਉਹ ਉਸਨੂੰ ਹੀ ਸਹੀ ਮੰਨਦੇ ਹਨ ਜੋ ਉਹਨਾਂ ਦੇ ਸਾਧ ਬਾਬੇ ਆਖਦੇ ਹਨ ਜਾਂ ਕਿਸੇ ਅਜਿਹੇ ਭਾਈ ਜੀ ਤੋਂ ਸੁੱਣ ਲੈਂਦੇ ਹਨ, ਜਿਹਨਾਂ ਗੁਰ ਬਿਲਾਸ ਪਾਤਸ਼ਾਹੀ 6 ਵਰਗੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ ਹਨ । ਜਿਹਨਾਂ ਵਿੱਚ ਬਹੁਤ ਕੁਝ ਗੁਰਮਤਿ ਵਿਰੋਧੀ ਹੈ ਜਾਂ ਸਾਧਾਂ ਵੱਲੋਂ ਬਣਾਈਆਂ ਮਨਘੜ੍ਹਤ ਕਹਾਣੀਆਂ ਸੁਣੀਆਂ ਹੁੰਦੀਆਂ ਹਨ ਪਰ ਆਪ ਧਿਆਨ ਨਾਲ ਕਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆਂ ਹੁੰਦਾ ।
ਫਿਰ ਕੁਝ ਦਿਨ ਬਆਦ ਉਹੀ ਟੀਵੀ ਹੋਸਟ ਕਿਸੇ ਵਿੱਸ਼ੇ ਤੇ ਕਾਲ ਲੈ ਰਿਹਾ ਸੀ । ਤਾਂ ਕਿਸੇ ਅਜਿਹੇ ਹੀ ਦਰਸ਼ਕ ਨੇ ਫੋਨ ਕਰਕੇ ਇਹ ਆਖ ਦਿਤਾ ਕਿ “ਵੇਖੋ ਜੀ ਗੁਰੂ ਨਾਨਕ ਜੀ ਨੇ ਆਖਿਆ ਹੈ, ਨਾਮ ਖੁਮਾਰੀ ਨਾਨਕਾ, ਚੜੀ ਰਹੇ ਦਿਨ ਰਾਤ “। ਇਹ ਗੱਲ ਸੁਣਕੇ ਹੋਸਟ ਸਾਹਿਬ ਉਸਨੂੰ ਟੋਕਣ ਦੀ ਬਜਾਏ, ਸਗੋਂ ਕਹਿੰਦੇ “ਹਾਂ ਜੀ ਮੈਂ ਵੀ ਇਹੋ ਕਹਿਣ ਲੱਗਾ ਸੀ” । ਇਹ ਸੁਣਕੇ ਹੈਰਾਨੀ ਹੋਈ ਕਿ ਲੱਗਦਾ ਹੈ ਕਿ ਇਸ ਹੋਸਟ ਨੇ ਆਪ ਕਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ ਸਿਰਫ ਪੂਜਿਆ ਹੀ ਹੈ । ਕਿਉਂਕਿ ਇਹ ਸਤਰਾਂ ਤਾਂ ਗੁਰਬਾਣੀ ਦੀਆਂ ਹੈ ਹੀ ਨਹੀਂ । ਇਹ ਤਾਂ ਕੱਚੀ ਬਾਣੀ ਹੈ ਜੋ ਗੁਰਮਤਿ ਵਿਰੋਧੀਆਂ ਨੇ ਨਾਨਕ ਨਾਮ ਲਾ ਕੇ ਲਿਖੀ ਹੈ । ਫੋਨ ਲੈਕੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਲ ਨਾ ਮਿਲੀ । ਉਂਝ ਵੀ ਮੈਂ ਕਦੀ ਰੇਡੀਓ ਤੇ ਕਾਲ ਨਹੀਂ ਕਰਦਾ ।
ਇਸੇ ਤਰ੍ਹਾਂ ਇਕ ਦਿਨ ਕਿਤੇ ਦੀਵਾਨ ਲੱਗਾ ਟੀਵੀ ਤੇ ਆ ਰਿਹਾ ਸੀ, ਸ਼ਾਇਦ ਉਹ ਪਹਿਲਾਂ ਕਿਤੇ ਹੋਇਆ ਸੀ, ਸਿਧਾ ਪ੍ਰਸਾਰਨ ਨਹੀਂ ਸੀ । ਉਥੇ ਇਕ ਸਾਧ ਗੁਰ ਮੰਤਰ ਬਾਰੇ ਆਖ ਰਿਹਾ ਸੀ । ਅਖੇ ਜੀ ਗੁਰੂ ਨਾਨਕ ਜੀ ਨੇ ਆਖਿਆ “ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈਂ ਖੋਈ” ।
ਸੁਣਨ ਵਾਲੇ ਪਿੱਛੇ ਵਾਹਿਗੁਰੂ -ਵਾਹਿਗੁਰੂ ਕਹਿ ਰਹੇ ਸਨ ਤੇ ਕਈ ਜੈਕਾਰੇ ਛੱਡ ਰਹੇ ਸਨ । ਉਸਨੂੰ ਇਹ ਵੀ ਪਤਾ ਨਹੀਂ ਸੀ ਕਿ ਇਹ ਸਤਰਾਂ ਤਾਂ ਜਿਸਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਆਖਦੇ ਹਨ ਉਸ ਕਿਤਾਬ ਵਿੱਚ ਹਨ । ਗੁਰੂ ਨਾਨਕ ਪਾਤਸ਼ਾਹ ਨੇ ਤਾਂ ‘ਵਾਹਿਗੁਰੂ’ ਸ਼ਬਦ ਆਖਿਆ ਹੀ ਨਹੀਂ । (ਵਾਰ 13 -2)
ਕੋਣ ਇਹਨਾ ਨਾਲ ਬੁਰਾ ਬਣੇ ਆਮ ਲੋਕ ਤਾਂ ਅਜਿਹੇ ਲੋਕਾਂ ਦੀਆਂ ਜਬਲੀਆਂ ਸੁੱਣਕੇ ਹੱਸ ਛੱਡਦੇ ਹਨ । ਸੋ, ਅਜਿਹੇ ਟੀਵੀ ਰੇਡੀਓ ਤੇ ਸਾਧ ਬਾਬਿਆਂ ਦੇ ਚੇਲਿਆਂ ਨੂੰ ਬੇਨਤੀ ਹੈ ਕਿ ਜਦੋਂ ਕਿਸੇ ਦਾ ਹਵਾਲਾ ਦੇਣਾ ਹੁੰਦਾ ਹੈ, ਉਸ ਬਾਰੇ ਪਹਿਲਾਂ ਪਤਾ ਕਰ ਲਿਆ ਕਰਨ । ਤਾਂ ਕਿ ਸਿੱਖਾਂ ਤੀਕਰ ਗੁਰਮਤਿ ਦਾ ਗਲਤ ਪ੍ਰਚਾਰ ਨਾ ਪਹੁੰਚੇ । ਗੁਰੂ ਜੀ ਕਦੀ ਵੀ ਪੱਥਰ ਪੂਜਕ ਦੀ ਬਾਣੀ ਆਪਣੇ ਸਿੱਖਾਂ ਨੂੰ ਪੜ੍ਹਨ ਵਾਸਤੇ ਕਿਵੇਂ ਹੁਕਮ ਕਰ ਸਕਦੇ ਹਨ, ਜਿਹਨਾਂ ਨੇ ਇਸ ਦਾ ਵਿਰੋਧ ਕੀਤਾ ਹੋਵੇ ; ਜ਼ਰਾ ਸੋਚੋ ।
ਗੁਰਸ਼ਰਨ ਸਿੰਘ ਕਸੇਲ
ਹੁਣ ਜੋ ਮਰਜੀ ਬੋਲੀ ਜਾਈਏ !
Page Visitors: 2585