ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 21)
ਤੱਤ-ਸਾਰ:- ਇਨ੍ਹਾਂ ਦੁਨਿਆਵੀ ਅੱਖਰਾਂ ਰਾਹੀਂ ਹੀ ਬੰਦਾ ਦੁਨੀਆ ਦੀਆਂ ਸਾਰੀਆਂ ਗੱਲਾਂ ਸਿੱਖਦਾ ਹੈ, ਉਸ ਸਿੱਖੇ ਅਨੁਸਾਰ ਹੀ ਉਹ ਆਪਣੀ ਜ਼ਿੰਦਗੀ ਢਾਲਦਾ ਹੈ, ਆਪਣੀ ਕਿਸਮਤ ਲਿਖਦਾ ਹੈ। ਜਿਨ੍ਹਾਂ ਅੱਖਰਾਂ ਨਾਲ ਬੰਦਾ ਆਪਣੀ ਕਿਸਮਤ ਲਿਖਦਾ ਹੈ, ਉਹ (ਓਇ) ਅੱਖਰ ਇਨ੍ਹਾਂ ਅੱਖਰਾਂ ਵਿਚ ਨਹੀਂ ਹਨ। ਉਹ ਅੱਖਰ, ਇਨ੍ਹਾਂ ਅੱਖਰਾਂ ਆਸਰੇ ਲਈ ਸਿਖਿਆ ਦੇ ਆਧਾਰ ਤੇ ਮਨ ਆਪ ਘੜਦਾ ਹੈ ਅਤੇ ਆਪ ਹੀ ਲਿਖਦਾ ਹੈ। ਏ ਅੱਖਰ ਤਾਂ ਖਿਰ-ਖਪ ਜਾਣੇ ਹਨ, ਪਰ ਮਨ ਵਲੋਂ ਲਿਖੇ ਓਇ ਅੱਖਰ (ਜਿਨ੍ਹਾਂ ਆਸਰੇ ਮਨ ਦਾ ਲੇਖਾ-ਜੋਖਾ ਹੋਣਾ ਹੈ) ਉਹ ਖਿਰਦੇ ਨਹੀਂ ਹਨ, ਤਦ ਤੱਕ ਮਨ ਦੇ ਨਾਲ ਚਲਦੇ ਹਨ, ਜਦ ਤੱਕ ਮਨ ਆਪਣੇ ਮੂਲ ਨਾਲ ਮਿਲ ਕੇ ਆਪਣਾ ਲੇਖਾ ਮੁਕਾਅ ਨਹੀਂ ਲੈਂਦਾ, ਮੁਕਤ ਨਹੀਂ ਹੋ ਜਾਂਦਾ, ਪਰਮਾਤਮਾ ਵਿਚ ਵਿਲੀਨ ਨਹੀਂ ਹੋ ਜਾਂਦਾ। ਮਨ ਵਲੋਂ ਲਿਖੇ ਉਨ੍ਹਾਂ ਅੱਖਰਾਂ ਬਾਰੇ, ਜਾਂ ਤਾਂ ਲਿਖਣ ਵਾਲਾ ਮਨ ਜਾਣਦਾ ਹੈ ਜਾਂ ਲੇਖਾ ਕਰਨ ਵਾਲਾ ਪ੍ਰਭੂ। ਹੋਰ ਕਿਸੇ ਦੂਸਰੇ ਮਨ ਨੂੰ ਉਸ ਬਾਰੇ ਕੁਝ ਵੀ ਪਤਾ ਨਹੀਂ ਲਗਦਾ। ਇਹ ਪ੍ਰਭੂ ਅਤੇ ਮਨ ਦੀ ਆਪਸੀ, ਨਿੱਜੀ ਖੇਡ ਹੈ, ਇਸ ਵਿਚ ਦੂਸਰੇ ਕਿਸੇ ਦਾ ਕੋਈ ਲੈਕਾ-ਦੇਕਾ ਨਹੀਂ ਹੈ।
ਵਾਹਿਗੁਰੂ ਨੇ ਹਰ ਮਨ ਦੇ ਲਿਖੇ ਓਇ ਅੱਖਰ ਗੁਪਤ ਰੱਖੇ ਹਨ, ਤਦ ਹੀ ਸੰਸਾਰ ਵਿਚਲਾ ਹੇਰਾ-ਫੇਰੀ ਦਾ ਸਾਰਾ ਧੰਦਾ ਚਲਦਾ ਹੈ, ਜੇ ਇਹ ਅੱਖਰ ਗੁਪਤ ਨਾ ਹੁੰਦੇ ਤਾਂ ਘੱਟੋ-ਘੱਟ ਇਸ ਦੁਨੀਆ ਵਿਚ ਲੋਕਾਂ ਨੂੰ ਧਾਰਮਿਕ ਕਰਮ-ਕਾਂਡਾਂ ਰਾਹੀਂ ਲੁੱਟਣ ਵਾਲੀ ਜਮਾਤ, ਪੁਜਾਰੀ ਜਮਾਤ ਨਾ ਹੁੰਦੀ। ਪਰ ਇਹ ਕਰਤਾਰ ਦੀ ਖੇਡ ਹੈ, ਜਿਸ ਵਿਚ ਹਰ ਕਿਸੇ ਦਾ ਆਪਣਾ ਥਾਂ ਹੈ। ਗੁਰੂ ਗ੍ਰੰਥ ਸਾਹਿਬ ਜੀ ਹੀ ਇਕੋ-ਇਕ ਐਸਾ ਗ੍ਰੰਥ ਹੈ, ਜੋ ਬੰਦੇ ਨੂੰ ਸਮਝਾਉਂਦਾ ਹੈ ਕਿ ਅਦਿੱਖ ਪ੍ਰਭੂ ਐਸਾ ਹੈ,
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਯਾਨੀ ਓਹ ਪ੍ਰਭੂ ਸਿਰਫ ਤੇ ਸਿਰਫ ਇਕ ਹੈ, ਅਤੇ ਇਹ ਦਿਸਦਾ ਸਾਰਾ ਸੰਸਾਰ ਉਸ ਦਾ ਆਪਣਾ ਰੂਪ ਹੈ, ਉਸ ਦਾ ਆਪਣਾ ਆਕਾਰ ਹੈ। ਉਸ ਦਾ ਨਾਮ, ਉਸਦਾ ਹੁਕਮ, ਉਸ ਦੀ ਰਜ਼ਾ ਹੀ ਹਮੇਸ਼ਾ ਕਾਇਮ ਰਹਿਣ ਵਾਲੀ ਹੈ। ਉਹੀ ਸੰਸਾਰ ਦਾ ਇਕੋ-ਇਕ ਪੁਰਖ, ਇਸ ਸਾਰੀ ਖੇਡ ਦਾ ਕਰਤਾ ਹੈ। ਉਹ ਡਰ ਤੋਂ ਰਹਿਤ ਹੈ। ਉਸ ਦਾ ਕਿਸੇ ਨਾਲ ਵੈਰ ਨਹੀਂ ਹੈ। ਉਸ ਦੀ ਹੋਂਦ ਸਮੇ ਦੀ ਮੁਹਤਾਜ ਨਹੀਂ ਹੈ। ਉਹ ਜੂਨਾਂ ਵਿਚ ਨਹੀਂ ਆਉਂਦਾ। ਇਹ ਸਾਰਾ ਪਸਾਰਾ ਉਸ ਦੇ ਆਪਣੇ-ਆਪ ਤੋਂ ਹੀ ਵਜੂਦ ਵਿਚ ਆਇਆ ਹੈ। ਉਸ ਨੂੰ ਸੱਚੇ ਗੁਰੂ ਦੀ ਕਿਰਪਾ ਸਦਕਾ ਹੀ ਜਾਣਿਆ ਜਾ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤਾਂ ਸਪੱਸ਼ਟ ਹੈ ਕਿ, ਇਸ ਦੁਨੀਆ ਵਿਚ ਜੋ ਵੀ ਕੁਝ ਦਿਸਦਾ ਹੈ ਜਾਂ ਕਿਸੇ ਵੇਲੇ ਦਿਸਦਾ ਰਿਹਾ ਹੈ(ਜਾਂ ਅਗਾਂਹ ਦਿਸੇਗਾ) ਉਹ ਰੱਬ ਨਹੀਂ ਹੋ ਸਕਦਾ ਅਤੇ ਪ੍ਰਭੂ ਦੀ ਰਜ਼ਾ ਤੋਂ ਬਗੈਰ ਹੋਰ ਕੋਈ ਚੀਜ਼ ਵੀ ਸਦੀਵੀ ਨਹੀਂ ਹੈ। ਪਰ ਇਸ ਤੋਂ ਸਿਖਿਆ ਲੈਣ ਵਾਲਾ ਹਰ ਮਨ ਆਪਣੇ ਹਿਸਾਬ ਨਾਲ ਇਸ ਬਾਰੇ ਆਪਣੇ ਅੱਖਰ ਘੜਦਾ ਅਤੇ ਆਪਣੇ ਲਈ ਲਿੱਖਦਾ ਹੈ। ਕੁਝ ਤਾਂ ਇਸ ਦਾ ਰੱਟਾ ਲਾ ਕੇ ਹੀ ਸੰਤੁਸ਼ਟ ਹੋ ਜਾਂਦੇ ਹਨ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਹਾਸਲ ਕਰ ਲਈ ਹੈ, ਉਸ ਮਗਰੋਂ ਅਜਿਹਾ ਹਰ ਮਨ ਆਪਣਾ-ਆਪਣਾ ਰੱਬ ਲੱਭਦਾ ਫਿਰੇਗਾ, ਕੋਈ ਡੇਰਿਆਂ ਦੇ ਸਾਧਾਂ ਵਿਚ, ਕੋਈ ਸਾਧੂ ਸੰਤਾਂ ਵਿਚ, ਕੋਈ ਮੰਦਰ-ਮਸਜਿਦ-ਗਿਰਜੇ ਜਾਂ ਗੁਰਦਵਾਰੇ ਵਿਚ, ਕੋਈ ਤੀਰਥਾਂ ਤੇ, ਕੋਈ ਪਹਾੜਾਂ ਤੇ, ਕੋਈ ਮੜ੍ਹੀ ਮਸਾਣਾ ਵਿਚ, ਜਿਹੜੇ ਮਨ ਨੂੰ ਜੋ ਚੀਜ਼ ਜ਼ਿਆਦਾ ਭਾਵੇਗੀ, ਉਹੀ ਉਸ ਲਈ ਰੱਬ ਹੋਵੇਗੀ, ਓਹੀ ਉਸ ਦਾ ਰੱਬ ਬਾਰੇ ਲਿਖਿਆ ਅੱਖਰ ਹੋਵੇਗਾ, ਉਸ ਨੂੰ ਹੀ ਉਹ ਪੂਰਨ ਸਮੱਰਪਿਤ ਹੋ ਕੇ ਰੱਬ ਮੰਨੇਗਾ।
ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ.
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥8॥ (141)
ਹੇ ਨਾਨਕ ਇਕੋ-ਇਕ ਹਮੇਸ਼ਾ ਕਾਇਮ ਰਹਣ ਵਾਲਾ ਦਾਤਾਰੁ (ਦਾਤਾਂ ਦੇਣ ਵਾਲਾ) ਹੀ ਹੈ ਅਤੇ ਉਸ ਦੀ ਪਛਾਣ ਸਿਰਫ-ਤੇ-ਸਿਰਫ ਉਸ ਦੀ ਕੁਦਰਤ ਵਿਚੋਂ ਹੀ ਕੀਤੀ ਜਾ ਸਕਦੀ ਹੈ। ਪਰ ਉਹ ਮਨ, ਉਨ੍ਹਾਂ ਥਾਵਾਂ ਤੇ, ਰੱਬ ਨੂੰ ਕੁਦਰਤ ਵਿਚੋਂ ਨਹੀਂ ਲੱਭਣ ਜਾਂਦੇ, ਬਲਕਿ ਕਿਸੇ ਆਕਾਰ ਦੇ ਰੂਪ ਵਿਚ ਲੱਭਣ ਜਾਂਦੇ ਹਨ, ਕਿਉਂਕਿ ਰੱਬ ਤਾਂ ਕੁਦਰਤ ਦੇ ਕਣ-ਕਣ ਵਿਚ ਹੈ ਅਤੇ ਹਰ ਕਣ ਵਿਚੋਂ ਉਸ ਨੂੰ ਪਛਾਣਿਆ ਜਾ ਸਕਦਾ ਹੈ, ਕਿਸੇ ਖਾਸ ਥਾਂ ਤੇ ਨਹੀਂ।
ਇਵੇਂ ਹੀ ਕਿਸੇ ਮਨ ਲਈ ਦੌਲਤ ਹੀ ਰੱਬ ਹੁੰਦੀ ਹੈ, ਉਹ ਉਸ ਨੂੰ ਹੀ ਪਿਆਰ ਕਰਦਾ ਹੈ, ਅਤੇ ਉਸ ਦੀ ਹੀ ਪੂਜਾ ਕਰਦਾ ਹੈ।
ਕਈ ਮਨਾਂ ਲਈ, ਪਰਮਾਤਮਾ ਦੀਆਂ ਬਣਾਈਆਂ ਚੀਜ਼ਾਂ, ਸੂਰਜ-ਚੰਦ-ਹਵਾ-ਪਾਣੀ-ਅੱਗ ਆਦਿ ਹੀ ਰੱਬ ਹੁੰਦੀਆਂ ਹਨ, ਉਹ ਉਨ੍ਹਾਂ ਵਿਚੋਂ ਜਿਸ ਚੀਜ਼ ਤੋਂ ਜ਼ਿਆਦਾ ਪਰਭਾਵਤ ਹੁੰਦੇ ਹਨ, ਉਸ ਦੀ ਹੀ ਪੂਜਾ ਕਰਦੇ ਹਨ, ਉਸ ਦੀ ਪੂਜਾ ਸਬੰਧੀ ਹੀ ਅੱਖਰ ਲਿਖਦੇ ਹਨ।
ਕਈ ਮਨ ਸੰਸਾਰ ਵਿਚ ਜਨਮੇ ਕੁਝ ਬੰਦਿਆਂ ਤੋਂ ਪਰਭਾਵਤ ਹੁੰਦੇ ਹਨ, ਉਨ੍ਹਾਂ ਦੀ ਹੀ ਪੋੂਜਾ ਕਰਦੇ ਹਨ, ਉਨ੍ਹਾਂ ਦੀ ਪੂਜਾ ਸਬੰਧੀ ਹੀ ਅੱਖਰ ਲਿਖਦੇ ਹਨ।
ਕਈ ਮਨ ਤਾਂ ਗਰੁੜ-ਗਿੱਧ-ਸੂਰ-ਬਾਂਦਰ-ਗਊ-ਸੱਪ ਆਦਿ ਜਾਨਵਰਾਂ ਤੋਂ ਪਰਭਾਵਤ ਹੋ ਕੇ, ਉਨ੍ਹਾਂ ਦੀ ਪੂਜਾ ਸਬੰਧੀ ਅੱਖਰ ਹੀ ਲਿਖਦੇ ਹਨ।
ਕਰੋੜਾਂ ਮਨ ਤਾਂ ਅਵਤਾਰਾਂ ਦੀ ਹੀ ਪੂਜਾ ਕਰਦੇ ਹਨ, ਉਨ੍ਹਾਂ ਦੀ ਪੂਜਾ ਸਬੰਧੀ ਅੱਖਰ ਲਿਖਦੇ ਹਨ, ਜਿਨ੍ਹਾਂ ਬਾਰੇ ਗੁਬਾਣੀ ਸੇਧ ਦਿੰਦੀ ਹੈ ਕਿ ਇਹ ਤਾਂ ਆਪਣੇ ਵੇਲੇ ਦੇ ਰਾਜੇ ਸਨ ਜਿਨ੍ਹਾਂ ਨੂੰ ਇਹ ਲੋਕ, ਅਵਤਾਰੀ ਪੁਰਸ਼ ਬਣਾ ਕੇ ਉਨ੍ਹਾਂ ਦੀ ਵਡਿਆਈ ਗਾਉਂਦੇ ਹਨ ਅਤੇ ਉਨ੍ਹਾਂ ਦੀ ਰੱਬ ਕਰ ਕੇ ਪੂਜਾ ਕਰਦੇ ਹਨ।
ਇਵੇਂ ਹੀ ਕਰੋੜਾਂ ਮਨ, ਇਕ ਦੀ ਪੂਜਾ ਦੇ ਭੁਲੇਖੇ ਵਿਚ ਬੰਦਿਆ ਦੀ ਹੀ ਪੂਜਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਲਈ, ਉਨ੍ਹਾਂ ਬੰਦਿਆਂ ਤੋਂ ਅਗਾਂਹ ਰੱਬ ਲਈ ਕੋਈ ਸੇਧ ਹੀ ਨਹੀਂ ਹੈ।
ਕਰੋੜਾਂ ਮਨ ਤਾਂ ਕਲਪਿਤ ਦੇਵਤਿਆਂ ਨੂੰ ਹੀ ਰੱਬ ਬਣਾ ਕੇ ਉਨ੍ਹਾਂ ਦੀ ਪੂਜਾ ਦੇ ਅੱਖਰ ਲਿਖਦੇ ਹਨ।
ਹਰ ਮਨ ਦਾ ਅਲੱਗ-ਅਲੱਗ ਰੱਬ ਹੈ, ਜਿਸ ਦੀ ਉਹ ਪੂਜਾ ਕਰਦਾ ਹੈ, ਉਸ ਦੀ ਪੂਜਾ ਦੇ ਹੀ ਉਹ ਅੱਖਰ ਲਿਖਦਾ ਹੈ।
(ਏਸੇ ਕਾਰਨ ਹੀ ਦੁਨੀਆ ਵਿਚ ਲੱਖਾਂ-ਕਰੋੜਾਂ ਰੱਬ ਬਣ ਗਏ ਹਨ)
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 21)
Page Visitors: 2597