ਗੁਰਬਾਣੀ ਦੇ ਚਾਨਣ ਵਿੱਚ ਮਨ ਕੀ ਹੈ?-੪੯
ਅਵਤਾਰ ਸਿੰਘ ਮਿਸ਼ਨਰੀ (5104325827)
ਮਨ ਫੁਰਨਿਆਂ ਤੇ ਖਿਆਲਾਂ ਦਾ ਸੰਗ੍ਰਹਿ ਹੈ। ਦਿਮਾਗੀ ਤਾਕਤ, ਗਿਆਨ ਸ਼ਕਤੀ, ਸੰਕਲਪ-ਵਿਕਲਪ, ਸੂਝ-ਬੂਝ, ਇਛਾ, ਵੀਚਾਰ, ਅੰਤਸ਼ਕਰਣ ਆਦਿਕ ਸਾਰੇ ਮਨ ਨਾਲ ਸਬੰਧਤ ਹਨ। ਪਰਕਰਣ ਅਨੁਸਾਰ ਗੁਰਬਾਣੀ ਵਿੱਚ ਮਨ ਦੇ ਵੱਖ ਵੱਖ ਅਰਥ ਇਹ ਵੀ ਹਨ-ਮਨ ਹਿਰਦਾ, ਦਿਲ
ਜਿਨਕੇ ਰਾਮੁ ਵਸੈ ਮਨ ਮਾਹਿ॥ (੮)
ਸਗਲ ਰੂਪ ਵਰਨ ਮਨ ਮਾਹੀ॥ (੨੨੩)
ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ॥ (੩੭)
ਮਨ ਮਹਿ ਮਨੂਆ ਚਿਤ ਮਹਿ ਚੀਤਾ॥(੧੧੮੯) ਖਿਆਲੀ ਮਨ-
ਮਨ ਅਸਵਾਰ ਜੈਸੇ ਤੁਰੀ ਸੀਗਾਰੀ॥(੧੯੮)
ਭਾਵ ਮਨ ਦਾ ਸਵਾਰ ਖਿਆਲੀ ਹੀ ਹੁੰਦਾ ਹੈ। ਜੀਵਾਤਮਾ-
ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲਪਛਾਣੁ॥(੪੪੧) ਚਾਲੀ ਸੇਰ-
ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਡੌ ਜਾਤੁ॥(੧੨੫੧) ਮੈਂ-
ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ॥(੧੨੯੧)
ਮੋਟੇ ਤੌਰ ਤੇ ਮਨ ਦੇ ਦੋ ਹਿੱਸੇ ਸੁਚੇਤ ਤੇ ਅਚੇਤ ਮਨ ਹਨ। ਸੁਚੇਤ ਮਨ ਵਿੱਚ ਚੰਗੇ ਫੁਰਨੇ, ਚੰਗੇ ਵਿਚਾਰ, ਸ਼ੁਭ ਗੁਣ, ਚੰਗਾ ਜੀਵਨ ਅਤੇ ਉੱਚੀ ਸੋਚ ਅਤੇ ਅਚੇਤ ਮਨ ਵਿੱਚ ਮੰਦੇ ਫੁਰਨੇ, ਗਾਫਲਤਾ, ਮੰਦੇ ਵਿਚਾਰ, ਔਗੁਣ, ਮਾੜਾ ਜੀਵਨ ਤੇ ਨੀਵੀਂ ਸੋਚ ਆਉਂਦੀ ਹੈ।
ਮਨ ਕੋਈ ਸਰੀਰਕ ਅੰਗ ਨਹੀਂ ਸਗੋਂ ਸੰਕਲਪਾਂ ਤੇ ਵਿਕਲਪਾਂ ਦਾ ਸੰਗ੍ਰਹਿ ਹੈ। ਮਨ ਦੇ ਅੰਦਰ ਦਾ ਸੰਕਲਪ ਹੀ ਬਾਹਰੀ ਜਗਤ ਵਿਚ ਨਵਾਂ ਆਕਾਰ ਗ੍ਰਹਿਣ ਕਰਦਾ ਹੈ। ਸਿੱਧੀ ਜਿਹੀ ਗੱਲ ਹੈ ਕਿ ਹਰ ਵਿਚਾਰ ਪਹਿਲਾਂ ਮਨ ਵਿਚ ਹੀ ਪੈਦਾ ਹੁੰਦਾ ਅਤੇ ਮਨੁੱਖ ਆਪਣੇ ਵਿਚਾਰਾਂ ਦੇ ਆਧਾਰ 'ਤੇ ਹੀ ਆਪਣਾ ਵਤੀਰਾ ਨਿਸ਼ਚਿਤ ਕਰਦਾ ਹੈ। ਜੇ ਮਨ ਵਿਚ ਵਿਚਾਰ ਹੀ ਨਾ ਹੋਣ ਤਾਂ ਫਿਰ ਉਨ੍ਹਾਂ ਨੂੰ ਲਾਗੂ ਕਿਵੇਂ ਕੀਤਾ ਜਾਵੇਗਾ? ਸ਼ਾਇਦ ਇਸੇ ਲਈ ਕਿਹਾ ਗਿਆ ਹੈ ਕਿ-ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ। ਮਨ ਦਾ ਸੁਭਾਅ ਸੰਕਲਪ ਤੇ ਸੰਕਲਪ ਅਨੁਸਾਰ ਹੀ ਸੰਸਾਰ ਦਾ ਨਿਰਮਾਣ ਹੁੰਦਾ ਹੈ। ਮਨ ਜਿਸ ਤਰ੍ਹਾਂ ਸੋਚਦਾ ਅਤੇ ਕੋਸ਼ਿਸ਼ ਕਰਦਾ ਹੈ, ਉਸੇ ਤਰ੍ਹਾਂ ਉਸ ਦਾ ਫਲ ਮਿਲਦਾ ਹੈ। ਮਨ ਦੇ ਚਿੰਤਨ 'ਤੇ ਹੀ ਦੁਨੀਆ ਦੇ ਸਾਰੇ ਪਦਾਰਥਾਂ ਦਾ ਸਰੂਪ ਨਿਰਭਰ ਕਰਦਾ ਹੈ। ਦ੍ਰਿੜ੍ਹ ਨਿਸ਼ਚੇ ਵਾਲੇ ਮਨ ਦਾ ਸੰਕਲਪ ਬੜਾ ਮਜ਼ਬੂਤ ਹੁੰਦਾ ਹੈ। ਉਹ ਜਿਨ੍ਹਾਂ ਵਿਚਾਰਾਂ 'ਚ ਸਥਿਰ ਹੋ ਜਾਂਦਾ ਹੈ, ਸਥਿਤੀਆਂ ਉਸੇ ਅਨੁਸਾਰ ਬਣਨ ਲਗਦੀਆਂ ਹਨ। ਜਿਸ ਤਰ੍ਹਾਂ ਦਾ ਸਾਡਾ ਵਿਚਾਰ ਹੁੰਦਾ ਹੈ, ਉਸੇ ਤਰ੍ਹਾਂ ਦਾ ਹੀ ਸਾਡਾ ਸੰਸਾਰ ਹੁੰਦਾ ਹੈ। ਫੁਰਨਿਆਂ ਤੇ ਕਾਬੂ ਪਾਉਣ ਵਾਲਾ ਮਨੁੱਖ ਮਨ ਤੇ ਸੰਸਾਰ ਨੂੰ ਜਿੱਤ ਲੈਂਦਾ ਹੈ-
ਮਨਿ ਜੀਤੈ ਜਗੁ ਜੀਤੁ॥ (ਜਪੁਜੀ-੨੮)
ਮਨ ਪਕੜਿਆ ਨਹੀਂ ਜਾ ਸਕਦਾ, ਚੰਚਲ, ਤ੍ਰਿਸ਼ਨਾਲੂ ਤੇ ਥਿਰ ਨਹੀਂ ਰਹਿੰਦਾ-
ਸਾਧੋ ਇਹੁ ਮਨੁ ਗਹਿਓ ਨ ਜਾਈ॥
ਚੰਚਲ ਤ੍ਰਿਸ਼ਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ॥(੨੧੯)
ਮਨ ਹਾਥੀ ਵਰਗਾ ਹੈ ਜੋ ਸਰੀਰ ਜੰਗਲ ਵਿੱਚ ਰਹਿੰਦਾ ਤੇ ਗੁਰ ਸ਼ਬਦ ਦੇ ਅੰਕਸ ਨਾਲ ਸਹੀ ਚੱਲ ਸਕਦਾ ਹੈ-
ਮਨੁ ਕੁੰਚਰੁ ਕਾਇਆ ਉਦਿਆਨੈ॥
ਗੁਰੁ ਅੰਕਸੁ ਸਚੁ ਸਬਦੁ ਨੀਸਾਨੈ॥(੨੨੨)
ਹਾਂ ਜੇ ਕਰਤਾਰ ਦੀ ਪੂਰੀ ਰਹਿਮਤ ਹੋ ਜਵੇ ਤਾਂ ਮਨ ਵੀ ਵਸ ਆ ਜਾਂਦਾ ਹੈ-
ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ॥(੩੯੯)
ਪ੍ਰਭ ਕਿਰਪਾ ਤੇ ਮਨੁ ਵਸਿ ਆਇਆ॥
ਨਾਨਕ ਗੁਰਮੁਖਿ ਤਰੀ ਤਿਨਿ ਮਾਇਆ॥(੩੮੫)
ਮਨਮੁਖ ਦਾ ਮਨ ਅਜਿਤ ਅਤੇ ਗੁਰਮੁਖ ਦਾ ਕਾਬੂ ਹੁੰਦਾ ਹੈ-
ਮਨਮੁਖ ਮੰਨੁ ਅਜਿਤ ਹੈ ਦੂਜੈ ਲਗੈ ਜਾਇ॥ (੬੪੫)
ਗੁਰਮੁਖਿ ਕਰਣੀ ਕਾਰ ਕਮਾਵੈ॥ ਤਾਂ ਇਸੁ ਮਨ ਕੀ ਸੋਝੀ ਪਾਵੈ॥ (੧੫੯)
ਦੂਜੇ ਪਾਸੇ ਮਨ ਨੂੰ ਗਧਾ ਵੀ ਕਿਹਾ ਹੈ ਜੋ ਭਾਰ ਲੱਦਣ ਨਾਲ ਹੀ ਦੁਲੱਤੇ ਮਾਰਨੋ ਹਟਦਾ ਤੇ ਉਸ ਦਾ ਪੈਂਖੜ ਖੁੱਲਦਾ ਹੈ। ਭਾਵ ਇਹ ਹੈ ਕਿ ਮਨ ਨੂੰ ਕਦੇ ਵਿਹਲਾ ਅਤੇ ਅਜ਼ਾਦ ਨਹੀਂ ਹੋਣ ਦੇਣਾ ਚਾਹੀਦਾ ਸਗੋਂ ਵਿਦਿਆ, ਵਿਚਾਰ, ਪਰਉਪਕਾਰ, ਮਨੁੱਖਤਾ ਦੀ ਸੇਵਾ ਅਤੇ ਪ੍ਰਭੂ ਚਿੰਤਨ ਵਿੱਚ ਲਾਉਣਾ ਚਾਹੀਦਾ ਹੈ-
ਮਨ ਖੁਟਹਰ ਤੇਰਾ ਨਹੀਂ ਬਿਸਾਸੁ ਤੂ ਮਹਾ ਉਦਮਾਦਾ॥
ਖਰ ਕਾ ਪੈਂਖਰੁ ਤਉ ਛੁਟੈ ਜਉ ਊਪਰਿ ਲਾਦਾ॥੧॥ (੮੧੫)
ਮਨ ਬੱਚਾ, ਸਰੀਰ ਵਿੱਚ ਵਸਦਾ ਟਿਕਦਾ ਨਹੀਂ ਬਾਰ ਬਾਰ ਯਤਨ ਕਰਨ ਤੇ ਵੀ ਭਟਕਦਾ ਹੈ ਪਰ ਜੇ ਪੂਰੇ ਸਤਿਗੁਰੂ ਦੇ ਗਿਆਨ ਦਾ ਖਿਡੌਣਾ ਦੇ ਦਈਏ ਤਾਂ ਚੰਗੀ ਖੇਡੇ ਪੈ ਜਾਂਦਾ ਹੈ-
ਕਾਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ॥
ਅਨਕਿ ਉਪਾਵ ਜਤਨ ਕਰਿ ਥਾਕੇ ਬਾਰ ਬਾਰ ਭਰਮਾਈ॥੧॥
ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ॥
ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ॥੧॥ ਰਹਾਉ॥ (੧੧੯੧)
ਮਨ ਰੂਪੀ ਬੀਜ ਕਰਤੇ ਨੇ ਹੀ ਸਰੀਰ ਖੇਤੀ ਵਿੱਚ ਬੀਜਿਆ ਹੈ ਜਿਸ ਵਿਚ ਚੰਗੇ ਮਾੜੇ ਗੁਣਾ ਔਗੁਣਾ ਦੇ ਬੂਟੇ ਉਗਦੇ ਰਹਿਂਦੇ ਹਨ। ਹੇ ਮਨ ਤੂੰ ਤਾਂ ਰੱਬੀ ਜੋਤ ਦਾ ਹੀ ਸਰੂਪ ਹੈ ਆਪਣੇ ਮੂਲ ਨੂੰ ਪਛਾਣ ਲੈ-
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣਿ॥ (੪੪੨)
ਜਿਵੇਂ ਸਮੁੰਦਰ ਦਾ ਪਾਣੀ ਉਸ ਨਾਲੋਂ ਵਿਛੜ ਕੇ ਨਦੀਆਂ, ਨਾਲਿਆਂ, ਟੋਬਿਆਂ ਤੇ ਛੱਪੜਾਂ ਵਿੱਚ ਸੁੱਕ, ਸੜ ਤੇ ਗੰਦਾ ਵੀ ਹੋ ਜਾਂਦਾ ਹੈ ਪਰ ਜੇ ਦੁਬਾਰਾ ਸਮੁੰਦਰ ਵਿੱਚ ਪੈ ਜਾਵੇ ਤਾਂ ਉਸ ਅਸਲੀ ਰੂਪ ਬਣ ਜਾਂਦਾ ਹੈ-ਨਦੀਆਂ ਨਾਲਿਆਂ ਟੋਬਿਆਂ ਕਾ ਜਲ ਜਾਇ ਪਵੇ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤਰ ਪਾਵਨ ਹੋਇ ਜਾਵੇ॥ (ਗੁਰੂ ਗ੍ਰੰਥ) ਮਨ ਬਾਰੇ ਕਵੀ ਦੀਆਂ ਇਹ ਲਾਈਨਾਂ ਕਿ ਆਪਣੇ ਅਸਲੇ ਤੋਂ ਟੁਟਿਆ ਮਨ ਇੱਕ ਕੋਲੇ ਸਮਾਨ ਹੈ ਜੋ ਅੱਗ ਤੋਂ ਵਿਛੜ ਕੇ ਕਾਲਾ ਹੋ ਜਾਂਦਾ ਹੈ ਪਰ ਜਦ ਉਹ ਦੁਬਾਰਾ ਅੱਗ ਵਿੱਚ ਰੱਖ ਦਿੱਤਾ ਜਾਵੇ ਤਾਂ ਆਪਣੇ ਅਸਲੀ ਰੂਪ ਵਿੱਚ ਆ ਜਾਂਦਾ ਹੈ-
ਸਾਬਣ ਲਾ ਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ।
ਰੰਗ ਚਾੜ ਰੰਗਣ ਭੀ ਧਰਿਆ ਰੰਗ ਨ ਓਸ ਵਟਾਇਆ।
ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨ ਲਹਿੰਦੀ।
ਅੰਗ ਅੱਗ ਤੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ।
ਸੋ ਮਨ ਕੋਈ ਸਰੀਰਕ ਅੰਗ ਨਹੀਂ ਤੇ ਨਾ ਹੀ ਸਥੂਲ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ ਪਰ ਇਸ ਦਾ ਵਜੂਦ ਇਉਂ ਹੈ ਜਿਵੇਂ ਫੁੱਲ ਚ ਖੁਸ਼ਬੋ, ਦੁੱਖ ਚ ਪੀੜ, ਲੱਕੜ ਚ ਅੱਗ ਛੁਪੀ ਹੁੰਦੀ ਹੈ। ਸਾਨੂੰ ਸੁਚੇਤ ਮਨ ਦੀ ਵਰਤੋਂ ਕਰਕੇ, ਅਚੇਤ ਮਨ ਦੀਆਂ ਬੁਰਾਈਆਂ ਤੋਂ ਬਚਣਾ ਚਾਹੀਦਾ ਹੈ। ਅੱਜ ਵੀ ਦੇਖੋ ਸੁਚੇਤ ਮਨ ਵਾਲੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰ ਕੇ ਜੀਵਨ ਸਫਲ ਕਰ ਰਹੇ ਤੇ ਅਚੇਤ ਮਨ ਦੇ ਮਗਰ ਲੱਗਣ ਵਾਲੇ ਹੋਰ ਹੋਰ ਸੰਤਾਂ ਤੇ ਗ੍ਰੰਥਾਂ ਮਗਰ ਭਟਕ ਰਹੇ ਹਨ।
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਦੇ ਚਾਨਣ ਵਿੱਚ ਮਨ ਕੀ ਹੈ?-੪੯
Page Visitors: 3627