ਦਿੱਲੀ ਪਰਵਾਸ ਦੌਰਾਨ ਕ੍ਰਾਂਤੀਕਾਰੀ ਭਗਤ ਸਿੰਘ ਨੂੰ ਆਸਰਾ ਦੇਣ ਵਾਲੇ ਬਿਰਧ ਸੁੰਤਤਰਤਾ ਸੈਲਾਨੀ ਨਸੀਮ ਚੰਗੇਜ਼ੀ
ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ)- ਦਿੱਲੀ ਪਰਵਾਸ ਦੌਰਾਨ ਕ੍ਰਾਂਤੀਕਾਰੀ ਭਗਤ ਸਿੰਘ ਨੂੰ ਆਸਰਾ ਦੇਣ ਵਾਲੇ ਬਿਰਧ ਸੁੰਤਤਰਤਾ ਸੈਲਾਨੀ ਨਸੀਮ ਮਿਰਜ਼ਾ ਚੰਗੇਜ਼ੀ ਦਾ ਅੱਜ ਦੇਹਾਂਤ ਹੋ ਗਿਆ। ਉਹ 106 ਸਾਲ ਦੇ ਸਨ। ਉਹ ਪੁਰਾਣੀ ਦਿੱਲੀ ਵਿਖੇ ਜਾਮਾ ਮਸਜਿਦ ਵਿਖੇ ਰਹਿੰਦੇ ਸਨ। ਚੰਗੇਜ਼ੀ ਨੂੰ ਅੱਜ ਦਿੱਲੀ ਗੇਟ ਕਬਰਿਸਤਾਨ ਵਿਖੇ ਸਪੁਰਦ-ਏ ਖ਼ਾਕ ਕੀਤਾ ਗਿਆ ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਚੰਗੇਜ਼ੀ ਨੇ ਭਗਤ ਸਿੰਘ ਦੀ ਉਦੋਂ ਮਦਦ ਕੀਤੀ ਸੀ ਜਦੋਂ ਭਗਤ ਸਿੰਘ ਨੇ ਅਸੈਂਬਲੀ ਵਿਖੇ ਬੰਬ ਸੁੱਟਣ ਤੋਂ ਪਹਿਲਾਂ ਦਿੱਲੀ ਵਿੱਚ ਕਰੀਬ ਇੱਕ ਮਹੀਨਾ ਰਹਿ ਕੇ ਸਾਰੀ ਸੂਹੀਆ ਜਾਣਕਾਰੀ ਇੱਕਠੀ ਕੀਤੀ ਸੀ। ਚੰਗੇਜ਼ੀ ਵੱਲੋਂ ਦਾਅਵਾ ਕੀਤਾ ਜਾਂਦਾ ਰਿਹਾ ਸੀ ਕਿ ਉਦੋਂ ਭਗਤ ਸਿੰਘ ਪੰਡਤ ਬਣ ਕੇ ਜਾਮਾ ਮਸਜਿਦ ਦੇ ਪਿਛਲੇ ਪਾਸੇ ਪੁਰਾਣੀ ਦਿੱਲੀ ਦੇ ਇੱਕ ਪਿਆਊ ਨੇੜੇ ਠਹਿਰਿਆ ਸੀ। ਇਸ ਕੰਮ ਲਈ ਚੰਗੇਜ਼ੀ ਨੇ ਕ੍ਰਾਂਤੀਕਾਰੀ ਨੂੰ ਟਿਕਾਣਾ ਲੱਭਣ ਵਿੱਚ ਮਦਦ ਕੀਤੀ ਸੀ। ਚੰਗੇਜ਼ੀ ਨੇ ਇੱਕ ਮੀਡੀਆ ਇੰਟਰਵਿਊ ਦੌਰਾਨ ਕਿਹਾ ਸੀ ਕਿ ਭਗਤ ਸਿੰਘ ਕਿਉਂਕਿ ਸ਼ਾਕਾਹਾਰੀ ਸੀ ਇਸ ਕਰਕੇ ਉਹ ਨਸੀਮ ਚੰਗੇਜ਼,ਜਿਸ ਦੇ ਘਰ ਮਾਸ ਬਣਦਾ ਸੀ, ਕੋਲ ਨਹੀਂ ਰੁਕਿਆ ਸੀ ਤੇ ਦੂਜੀ ਥਾਂ ਦੇਣ ਲਈ ਕਿਹਾ ਸੀ। ਉਹ ਆਪਣੇ ਪਿੱਛੇ 2 ਪੁੱਤਰਾਂ ਤੇ 7 ਧੀਆਂ ਦਾ ਪਰਿਵਾਰ ਛੱਡ ਗਏ ਹਨ।