ਗੁਰੂ ਨਾਨਕ ਜੀ ਦੇ ੫੫੦ ਸਾਲਾ ਸਮਾਰੋਹਾਂ ਮੌਕੇ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਨਨਕਾਣਾ ਸਾਹਿਬ ਤੇ ਸੁਲਤਾਨਪੁਰ ਲੋਧੀ ਵਿਖੇ ੫੧ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਜਾਵੇਗਾ
By : ਬਾਬੂਸ਼ਾਹੀ ਬਿਊਰੋ
Tuesday, Apr 17, 2018 06:10 PM
-
ਲੁਧਿਆਣਾ 17 ਅਪ੍ਰੈਲ 2018: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਉੱਘੇ ਪੰਜਾਬੀ ਲੇਖਕ ਡਾ.ਐਸ.ਪੀ.ਸਿੰਘ, ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਅਧਾਰਤ ਤਿੰਨ ਮੈਂਬਰੀ ਵਫਦ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸੱਯਦ ਹੈਦਰ ਸ਼ਾਹ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਜਨਮ ਦਿਵਸ ਸਮਾਰੋਹਾਂ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ੫੧ ਪੰਜਾਬੀ ਕਵੀਆਂ ਦਾ ਇੰਡੋ-ਪਾਕਿ ਕਵੀ ਦਰਬਾਰ ਕਰਵਾਉਣ ਲਈ ਸਹਿਯੋਗ ਦਿੱਤਾ ਜਾਵੇ।
ਇਸ ਕਵੀ ਦਰਬਾਰ ਨੂੰ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀਆਂ ਲਈ ਲਾਈਵ ਟੈਲੀਕਾਸਟ ਕਰਨ ਲਈ ਵੀ ਪ੍ਰਵਾਨਗੀ ਦਿੱਤੀ ਜਾਵੇ। ਸੱਯਦ ਹੈਦਰ ਸ਼ਾਹ ਅੱਜ ਲੁਧਿਆਣਾ ਸਥਿਤ ਗੁਰੂ ਨਾਨਕ ਖਾਲਸਾ ਫਾਰ ਵਿਮੈਨ, ਗੁੱਜਰਖਾਨ ਕੈਂਪਸ ਲੁਧਿਆਣਾ ਦੀ ਸਾਲਾਨਾ ਕਨਵੋਕੇਸ਼ਨ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਨ ਪੁੱਜੇ ਹੋਏ ਸਨ।
ਪਾਕਿਸਾਤਨ ਦੇ ਡਿਪਟੀ ਹਾਈ ਕਮਿਸ਼ਨਰ ਸੱਯਦ ਹੈਦਰਸ਼ਾਹ ਨੇ ਕਿਹਾ ਕਿ ਗੁਰੂ ਨਾਨਕ ਜੀ ਦੇ ੫੫੦ ਸਾਲਾ ਜਨਮ ਦਿਵਸ ਸਮਾਰੋਹਾਂ ਲਈ ਪੰਜਾਬੀ ਲੇਖਕਾਂ ਨੂੰ ਹਰ ਤਰ•ਾਂ ਦਾ ਸਹਿਯੋਗ ਦਿੱਤਾ ਜਾਵੇਗਾ ਅਤੇ ਪਾਕਿਸਤਾਨ ਦੀਆਂ ਸਾਹਿੱਤਕ ਸੰਸਥਾਵਾਂ ਨਾਲ ਰਾਬਤਾ ਪੰਜਾਬੀ ਸਾਹਿਤ ਅਕਾਦਮੀ ਨੂੰ ਖੁਦ ਕਰਨਾ ਪਵੇਗਾ। ਗੁਰੂ ਨਾਨਕ ਖਾਲਸਾ ਕਾਲਿਜ ਫਾਰ ਵਿਮੈੱਨ ਗੁੱਜਰਖਾਨ ਕੈਂਪਸ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ: ਹਰਵਿੰਦਰ ਸਿੰਘ ਸਰਨਾ ਨੇ ਇਸ ਸ਼ੁਭ ਕਾਰਜ ਲਈ ਪੰਜਾਬੀ ਸਾਹਿੱਤ ਅਕਾਡਮੀ ਨੂੰ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਡਾ. ਐਸ.ਪੀ.ਸਿੰਘ ਜੀ ਨੇ ਕਿਹਾ ਕਿ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੇਵਾ ਕਾਲ ਦੌਰਾਨ ਉਹਨਾਂ ਨੇ ਪਾਕਿਸਤਾਨ ਵਿੱਚ ਲਿਖੇ ਜਾ ਰਹੇ ਪੰਜਾਬੀ ਸਾਹਿੱਤ ਬਾਰੇ ਵਿਸ਼ੇਸ਼ ਖੋਜ ਕਾਰਜ ਕਰਵਾਏ ਸਨ ਅਤੇ ਇਹ ਲੇਖਕ ਆਦਾਨ ਪ੍ਰਦਾਨ ਵਿਸ਼ਵ ਅਮਨ ਦੀ ਸਲਾਮਤੀ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਡਿਪਟੀ ਹਾਈ ਕਮਿਸ਼ਨਰ ਸੱਯਦ ਹੈਦਰ ਸ਼ਾਹ ਨੂੰ ਦੱਸਿਆ ਕਿ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਮੌਲਾ ਬਖਸ਼ ਕੁਸ਼ਤਾ ਦੀ ਵਡਮੁੱਲੀ ਪੁਸਤਕ 'ਪੰਜਾਬੀ ਸ਼ਾਇਰਾਂ ਦਾ ਤਜ਼ਕਰਾਂ ਫੈਜ਼ ਅਹਿਮਦ ਫੈਜ਼ ਤੇ ਹਬੀਬ ਜਾਲਿਬ ਦੀ ਜੀਵਨ ਰਚਨਾ' ਤੋਂ ਇਲਾਵਾ ਵਿਦਵਾਨ ਲੇਖਕ ਸੱਯਦ ਭੁੱਟਾ ਦੀਆਂ ਲੋਕ ਸਾਹਿੱਤ ਪੁਸਤਕਾਂ ਤੋਂ ਇਲਾਵਾ ਸਾਂਦਲ ਬਾਰ ਦੇ ਲੋਕ ਗੀਤਾਂ ਦੀ ਪੁਸਤਕ ਨੀਲੀ ਤੇ ਰਾਵੀ ਵੀ ਪ੍ਰਕਾਸ਼ਤ ਕੀਤੀ ਜਾ ਚੁੱਕੀ ਹੈ।
ਪ੍ਰੋ. ਰਵਿੰਦਰ ਸਿੰਘ ਭੱਠਲ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੱਯਦ ਹੈਦਰ ਸ਼ਾਹ ਜੀ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਲੇਖਕਾਂ ਲਈ ਸਾਰਕ ਵੀਜ਼ਾ ਜਾਰੀ ਕਰਨ ਦੀ ਸਿਫਾਰਸ਼ ਕਰਨ ਤਾਂ ਜੋ ਆਦਾਨ ਪ੍ਰਦਾਨ ਵਧਣ ਨਾਲ ਦੋਹਾਂ ਦੇਸ਼ਾਂ ਦੀ ਖਿੱਚੋਤਾਣ ਘਟਾਉਣ ਵਿੱਚ ਪੰਜਾਬੀ ਲੇਖਕ ਬਣਦਾ ਹਿੱਸਾ ਪਾ ਸਕਣ।