(ਮੁਆਫੀ ਜਾਂ ਕੁਝ ਹੋਰ!)
ਬਲਬੀਰ ਸਿੰਘ ਸੂਚ, ਐਡਵੋਕੇਟ
ਭਾਰਤ ਅੰਦਰ ਡੇਰਾਵਾਦ ਸਰਕਾਰ ਤੇ ਖੁਫੀਆ ਏਜੰਸੀਆਂ ਦੇ ਆਸਰੇ ਮਾੜੇ ਸਿਆਸਤਦਾਨਾਂ ਦੀ ਵਿਚੋਲਗੀ ਨਾਲ ਚਲ ਰਹੇ ਹਨ। ਹੁਣ ਧਰਮ ਗੁਰੂਆਂ ਤੇ ਸਿਆਸਤਦਾਨਾਂ ਵਿੱਚ ਅੰਤਰ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਡੇਰਿਆਂ ਦੇ ਸ਼ਿਕਾਰ ਭੋਲੇ, ਸਿੱਧੜ, ਅਨਪੜ੍ਹ, ਗਰੀਬ, ਵਹਿਮਾਂ-ਭਰਮਾਂ ਤੇ ਕਮਜੋਰ ਮਾਨਸਿਕਤਾ ਦੇ ਧਾਰਨੀ ਹੋ ਰਹੇ ਹਨ।
ਪਿਛਲੇ ਕੁਝ ਦਿਨਾਂ ਦੀ ਚਰਚਾ ਜੋ “ਡੇਰਾ ਸੱਚਾ ਸੌਦਾ” ਦੇ ਬੁਲਾਰਿਆਂ ਨਾਲ ਟੀ. ਵੀ. ਆਦਿ ਚੈਨਲਾਂ ‘ਤੇ ਹੋਈ ਉਸ ਵਿੱਚ ਇਹ ਸਪੱਸ਼ਟ ਰੂਪ ਵਿੱਚ ਡੇਰੇ ਦੇ ਬੁਲਾਰੇ ਨੇ ਇਕਬਾਲ ਕੀਤਾ ਕਿ,
"ਇਹ ‘ਡੇਰਾ ਸੌਦਾ’ ਨੂੰ ਵਪਾਰ ਚਲਾਉਣ ਵਿੱਚ ਕਾਮਯਾਬੀ ਮਿਲੀ ਹੈ, ਉਹ ਦੂਸਰੇ ਧਰਮਾਂ ਨੂੰ ਅਪਨਾਉਣ ਵਿੱਚ ਆਈਆਂ ਤੁਰੱਟੀਆਂ ਕਾਰਨ ਇਹ ਦੁਕਾਨ (ਮੂੰਹ ਵਿੱਚ ਪਾਏ ਸ਼ਬਦ) ਚੱਲ ਰਹੀ ਹੈ ਭਾਵੇਂ ਸੁਤੰਤਰ ਰੂਪ ਵਿੱਚ ਇਸ ਡੇਰੇ ਦੇ ਮੁਖੀ ਤੇ ਸਾਥੀਆਂ ਪਾਸ ਕੋਈ ਦਿਸ਼ਾ ਨਿਰਦੇਸ਼ ਦੇਣ ਲਈ ਆਪਣੀ ਕੋਈ ਵੀ ਧਾਰਮਿਕ ਸਾਮੱਗਰੀ ਤੇ ਮਸੌਦਾ ਆਦਿ ਨਹੀਂ ਹੈ ਸਗੋਂ ਦੇਸ਼ ਅੰਦਰ ਅੱਤਵਾਦ ਵਾਂਗ ਸੋਚੀ-ਸਮਝੀ ਚਾਲ ਅਧੀਨ ਦੂਸਰੇ ਧਰਮਾਂ ਨੂੰ ਵੰਗਾਰਨ ਲਈ ਇਹ ਵਿੱਢਿਆ ਮਜ਼ਾਕੀਆ ਧੰਦਾ ਹੈ।" ਭਾਰਤ ਅੰਦਰ ਹੋਰ ਡੇਰਾਵਾਦ ਨੂੰ ਵੀ ਇਸੇ ਦ੍ਰਿਸ਼ਟੀ ਕੋਣ ਤੋਂ ਦੇਖਣਾ ਅਤਿ ਕਥਨੀ ਨਹੀਂ ਹੋਵੇਗਾ। ਜੋ ਇਸ ਅਪਰਾਧ ਦੇ ਚੁੰਗਲ ਨੂੰ ਸਮਝ ਜਾਵੇ ਤੇ ਇਸ ਕੜੀ ਵਿੱਚ ਫਿੱਟ ਨਾ ਬੈਠੇ, ਉਸ ਨੂੰ ਪਾਰ ਬੁਲਾ ਦਿੱਤਾ ਗਿਆ ਜਿਸ ਤਰ੍ਹਾਂ ਪੰਜਾਬ ਅੰਦਰ ਫੈਲਾਏ ਅਤਿਵਾਦ ਤੋਂ ਨਿਕਲੇ ਸਿੱਟੇ ਤੋਂ ਵੀ ਸਪਸ਼ਟ ਹੈ।
ਡੇਰਾਵਾਦ ਵਿੱਚ ਹਮੇਸ਼ਾਂ ਦੇਖਣ ਨੂੰ ਮਿਲ ਰਹੀਆਂ ਬੁਰਾਈਆਂ ਨੂੰ ਭਾਰਤ ਦੀ ਬਦਕਿਸਮਤੀ ਤੇ ਪਿਛੜੇਪਣ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਇਸ ਵਿੱਚ ਸਰਕਾਰ, ਸਿਆਸਤਦਾਨ, ਪ੍ਰਸ਼ਾਸਨ ਤੇ ਖੁਫੀਆ ਏਜੰਸੀਆਂ ਦੀ ਭਾਈਵਾਲੀ ਇੱਕ ਅਨੌਖੀ ਦਾਸਤਾਨ ਤੇ ਦੁਖਾਂਤ ਵਾਂਗ ਹੈ ਜਿਸਦਾ ਹੱਲ ਭਾਰਤ ਦੀਆਂ ਉਚ ਕੋਟੀ ਅਦਾਲਤਾਂ ਤੇ ਹੋਰ ਕੌਮੀ ਮਨੱਖੀ ਅਧਿਕਾਰ ਕਮਿਸ਼ਨ, ਪੜਤਾਲੀਆ ਏਜੰਸੀਆਂ ਆਦਿ ਵਰਗੇ ਅਦਾਰੇ ਕਰਨ ਤੋਂ ਨਿਪੁੰਨਸਕ ਮਹਿਸੂਸ ਕਰ ਰਹੇ ਹਨ। ਬਾਕੀ ਤਾਂ ਬਹੁਤੇ ਗੈਰ-ਸਰਕਾਰੀ ਸਮਾਜੀ ਸੰਗਠਨ ਆਦਿ ਤਾਂ ਪਿੱਠੂਆਂ ਦੀ ਭੂਮਿਕਾ ਤੋਂ ਬਿਨਾ ਹੋਰ ਰੋਲ ਨਿਭਾਉਣ ਤੋਂ ਹਮੇਸ਼ਾਂ ਬੇਅਸਰ ਰਹਿੰਦੇ ਹਨ। ਪਰ ਮੌਜੂਦਾ ਸਥਿਤੀ ਵਿੱਚ ‘ਇਮਾਨਦਾਰ’ ਮੀਡੀਆ ਬੜੀ ਦਲੇਰੀ ਨਾਲ ਆਪਣੀ ਉਸਾਰੂ ਭੂਮਿਕਾ ਨਿਭਾਉਣ ਵਿੱਚ ਰੁੱਝਿਆ ਹੋਇਆ ਹੈ ਜੋ ਖੁਸ਼ੀ ਤੇ ਆਸ ਦੀ ਕਿਰਨ ਵਾਲੀ ਗੱਲ ਨਜ਼ਰ ਆਉਂਦੀ ਹੈ। ਅਜਿਹੇ ਉਸਾਰੂ ਭੂਮਿਕਾ ਨਿਭਾ ਰਹੇ ਮੀਡੀਆ ਦੀ ਅਲੋਚਨਾ ਕਰਨਾ ਸਿਆਸੀ ਤੇ ਹੋਰ ਗੈਰ-ਜਿੰਮੇਂਵਾਰ ਲੋਕਾਂ ਦੀ ਆਪਣੀ ਨਿੱਜੀ ਮਜ਼ਬੂਰੀ ਹੋ ਸਕਦੀ ਹੈ।
ਡੇਰਾ ਸੌਦਾ’ ਨੂੰ ਮਿਲੀ ਸ਼ਹਿ ਦਾ ਸਿੱਟਾ ਇਹ ਹੋਇਆ ਕਿ ਸਿੱਖਾਂ ਦੀ ਉਚਤਮ ਸੰਸਥਾ, ‘ਸ੍ਰੀ ਅਕਾਲ ਤਖਤ ਸਾਹਿਬ’ ਨੂੰ ਇਹ ਮਸਲਾ ਸਿੱਖਾਂ ਨੂੰ ਚੁਣੌਤੀ ਤੇ ਉਨ੍ਹਾਂ ਦੀਆਂ ਭੜਕਾਈਆਂ ਭਾਵਨਾਵਾਂ ਨੂੰ ਦੇਖ ਕੇ ਬਤੌਰ ਧਾਰਮਿਕ ਮਸਲਾ ਸਮਝ ਕੇ, ਇਸ ਦੇ ਹੱਲ ਲਈ ਸਖਤ ਕਦਮ ਪੁੱਟਣੇ ਪਏ ਪਰ ਭਾਰਤ ਦੀ ਸੁਪਰੀਮ ਕੋਰਟ ਨੇ ਇਸ ਡੇਰੇ ਦੇ ਮਸਲੇ ਨੂੰ ਸੁਲਝਾਉਣ ਲਈ ਪੰਜਾਬ ਸਰਕਾਰ ਨੂੰ ਸਿਆਸੀ ਪਹੁਂੰਚ ਅਪਨਾਉਣ ਲਈ ਹੀ ਸਲਾਹ ਦਿੱਤੀ ਹੈ। ਇਸ ਨਾਲ ਉਚਤਮ ਕੋਰਟ ਨੇ ਇਸ ਨੂੰ ਧਾਰਮਿਕ ਨਾਲੋਂ ਸਿਆਸੀ ਵਿਗਾੜ ਵੱਧ ਸਮਝਦਿਆਂ, ਹੱਲ ਕਰਨ ਲਈ ਬਿਨਾਂ ਵਿਸਥਾਰ ਵਿੱਚ ਜਾਂਦਿਆਂ ਜਿਸ ਦੀ ਲੋੜ ਹੈ, ਸਿਆਸੀ ਪਹੁੰਚ ਅਪਨਾਉਣ ਦੀ ਲੋੜ ਵੱਲ ਹੀ ਇਸ਼ਾਰਾ ਕੀਤਾ ਹੈ।
ਪਰ ‘ਸੱਚਾ ਸੌਦਾ’ ਨੇ ਮੁਆਫੀਨਾਮੇ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ ਜਿਵੇਂ ਡੇਰੇ ਵੱਲੋਂ ਚਲਾਈ ਜਾ ਰਹੀਆਂ ਅਣਸੁਖਾਵੀਆਂ ਤੇ ਅਪਰਾਧੀ ਕਾਰਵਾਈਆਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰਕੇ, ਸਿੱਖਾਂ ਦੀ ਉਚਤਮ ਸੰਸਥਾ, ‘ਸ੍ਰੀ ਅਕਾਲ ਤਖਤ ਸਾਹਿਬ’ ਨੂੰ ਘਟਾ ਕੇ ਤੇ ਸਿੱਖ ਸੰਗਤਾਂ ਤੋਂ ਮੁਆਫੀ ਨਾ ਮੰਗ ਕੇ, ਗੁਰੂ ਗੋਬਿੰਦ ਸਿੰਘ ਜੀ ਨੂੰ ਹੋਰ ਅਖੌਤੀ ਭਾਰਤੀ ਧਰਮ ਗੁਰੂਆਂ ਵਾਂਗ ਜਰੂਰ ਢਾਲ ਦੇ ਤੌਰ ‘ਤੇ ਵਰਤਿਆ ਹੈ। ਮੁਆਫੀ ਸਬੰਧੀ ਡੇਰੇ ਦੇ ਮੁਖੀ ਤੇ ਸਾਥੀਆਂ ਨੇ ਦਸਤਖਤ ਨਾ ਕਰ ਕੇ ਆਪਣੀ ਜਿੰਮੇਂਵਾਰੀ ਤੋਂ ਵੀ ਟਾਲਾ ਵੱਟਿਆ ਹੈ।
ਇਸ ਨੂੰ ਇਸ ਰੂਪ ਵਿੱਚ ਮੁਆਫੀਨਾਮਾ ਮੰਨ ਲੈਣਾ, ਭਾਰਤੀ ਧਰਮ ਗੁਰੂਆਂ ਨੂੰ ਖੁਸ਼ ਕਰਨਾ ਤੇ ਸ਼ਾਂਤੀ ਵੱਲ ਕਦਮ ਪੁੱਟਣਾ ਇੱਕ ਹਾਸੋਹੀਣੀ ਗੱਲ ਹੀ ਕਹੀ ਜਾ ਸਕਦੀ ਹੈ। ਅਜਿਹੇ ਮੁਆਫੀਨਾਮੇ ਦੀ ਪ੍ਰਵਾਨਗੀ ਅਣਉਚਿਤ ਢੰਗ ਨਾਲ ਸਿੱਖਾਂ ਵੱਲੋਂ ਡੇਰਾਵਾਦ ਨੂੰ ਮਾਨਤਾ ਦੇਣ ਵਾਲੀ ਗੱਲ ਹੀ ਹੋਵੇਗੀ।
ਇਹ ਵਿਚਾਰ ਅੱਗੋਂ ਸਥਿਤੀ ਨੂੰ ਖੁੱਲ ਕੇ ਵਿਚਾਰਨ ਤੋਂ ਬਾਅਦ ਨਿਆਂਪੂਰਨ ਤੇ ਨਿਰਵਿਵਾਦ ਫੈਸਲਾ ਕਰਨ ਲਈ ਨਿਮਰਤਾ ਸਹਿਤ ਪੇਸ਼ ਕੀਤੇ ਜਾ ਰਹੇ ਹਨ ਤਾਂ ਜੋ ਭਾਰਤ ਅੰਦਰ ਬੁਰਾਈਆਂ ਦੀ ਜੜ੍ਹ ਪੈਦਾ ਕੀਤਾ ਡੇਰਾਵਾਦ ਤੇ ਫੈਲਾਏ ਅਪਰਾਧ ਦਾ ਅੰਤ ਕਰਦਿਆਂ, ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਧੰਨਵਾਦ!
ਮਿਤੀ: 28 ਮਈ 2007
Contact: 98143-34544
ਬਲਬੀਰ ਸਿੰਘ ਸੂਚ (ਵਕੀਲ)
(ਮੁਆਫੀ ਜਾਂ ਕੁਝ ਹੋਰ!)
Page Visitors: 2478