ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 24)
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 24)
Page Visitors: 2555

ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
   (ਭਾਗ 24)

                  ਡਡਾ ਡਰ ਉਪਜੇ ਡਰੁ ਜਾਈ ॥
                  ਤਾ ਡਰ ਮਹਿ ਡਰੁ ਰਹਿਆ ਸਮਾਈ
॥    (19)
                ਜੇ ਅਕਾਲ-ਪੁਰਖ ਦਾ ਡਰ, ਨਿਰਮਲ ਭਉ, ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਵੇ, ਤਾਂ ਦੁਨੀਆ ਵਾਲਾ ਡਰ ਦਿਲੋਂ ਦੂਰ ਹੋ ਜਾਂਦਾ ਹੈ।
                  ਧੰਨਿ ਜਨਮੁ ਤਾਹੀ ਕੋ ਗਣੈ ॥
                  ਮਾਰੈ ਏਕਹਿ ਤਜਿ ਜਾਇ ਘਣੈ
॥21॥     
   ਜਿਹੜਾ ਬੰਦਾ  (ਇਕ) ਮਨ ਨੂੰ ਕਾਬੂ ਕਰ ਕੇ(ਬਹੁਤੇ) ਵਿਕਾਰਾਂ ਨੂੰ ਛੱਡ,ਤਿਆਗ ਦਿੰਦਾ ਹੈ। ਉਸ ਦਾ ਜੱਮਣ ਹੀ ਧੰਨ ਹੈ।
                  ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥
                  ਤਉ ਤਤਹਿ ਤਤ ਮਿਲਿਆ ਸਚੁ ਪਾਵਾ
॥22॥
 ਜਦੋਂ ਇਹ ਗਿਆਨ ਇੰਦਰੇ ਤਨ ਵਿਚ ਹੀ, ਅੰਦਰ ਹੀ ਸਿਮਟ ਜਾਂਦੇ ਹਨ, ਜਦੋਂ ਉਨ੍ਹਾਂ ਨੂੰ ਸੰਸਾਰਕ ਰਸ, ਮੋਹ ਨਹੀਂ ਪਾਉਂਦੇ, ਤਾਂ ਬੰਦੇ ਨੂੰ ਹਮੇਸ਼ਾ ਕਾਇਮ ਰਹਣ ਵਾਲਾ ਵਾਹਿਗੁਰੂ ਲੱਭ ਪੈਂਦਾ ਹੈ ਅਤੇ ਬੰਦੇ ਦੀ ਜੋਤ, ਆਪਣੀ ਮੂਲ ਜੋਤ ਨਾਲ ਮਿਲ ਕੇ ਦੋਵੇਂ ਇਕ-ਮਿਕ ਹੋ ਜਾਂਦੀਆਂ ਹਨ, ਬੰਦਾ ਸੱਚ ਨੂੰ ਪਰਾਪਤ ਕਰ ਲੈਂਦਾ ਹੈ।                     
                  ਅਰਧਹ ਛਾਡਿ ਉਰਧ ਜਉ ਆਵਾ ॥
                  ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ
॥25॥
    ਜਦੋਂ ਮਨ, ਮਾਇਆ ਦੇ ਮੋਹ ਨੂੰ ਛੱਡ ਕੇ, ਹਉਮੈ ਨੂੰ ਤਿਆਗ ਕੇ, ਨੀਵਾਂ ਹੋ ਕੇ ਅਕਾਲ ਨਾਲ ਜੁੜਦਾ ਹੈ, ਤਦ ਹੀ ਉਸ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ ਅਤੇ ਉਹ ਸੁਖ ਪਾਉਂਦਾ ਹੈ।  
                  ਬਬਾ ਬਿੰਦਹਿ ਬਿੰਦ ਮਿਲਾਵਾ ॥
                  ਬਿੰਦਹਿ ਬਿੰਦਿ ਨ ਬਿਛੁਰਨ ਪਾਵਾ
॥   (29)
          ਜਿਵੇਂ ਪਾਣੀ ਦੀ ਬੂੰਦ ਪਾਣੀ ਨਾਲ ਮਿਲ ਕੇ ਫਿਰ ਵੱਖ ਨਹੀਂ ਹੁੰਦੀ, ਓਵੇਂ ਹੀ ਜੋ ਬੰਦਾ ਪ੍ਰਭੂ ਨਾਲ, ਬਿੰਦ ਭਰ ਲਈ ਵੀ ਪਿਆਰ ਸਾਂਝ ਪਾ ਲਵੇ ਤਾਂ ਫਿਰ ਉਹ ਪ੍ਰਭੂ ਨਾਲ ਮਿਲ ਕੇ ਅਲੱਗ ਨਹੀਂ ਹੋ ਸਕਦਾ
                  ਮਤ ਕੋਈ ਮਨ ਮਿਲਤਾ ਬਿਲਮਾਵੈ ॥
                  ਮਗਨ ਭਇਆ ਤੇ ਸੋ ਸਚੁ ਪਾਵੈ
॥31॥
       ਜੇ ਮਨ ਹਰੀ-ਚਰਨਾਂ ਵਿਚ ਜੁੜਨ ਲੱਗੇ ਤਾਂ ਉਸ ਵਿਚ ਢਿਲ ਨਹੀਂ ਲਾਉਣੀ ਚਾਹੀਦੀ, ਉਸ ਵਿਚ ਕੋਈ ਰੁਕਾਵਟ ਨਹੀਂ ਪੈਣ ਦੇਣੀ ਚਾਹੀਦੀ। ਚਰਨਾਂ ਵਿਚ ਮਗਨ ਹੋਇਆ ਮਨ ਹੀ ਸਦਾ-ਥਿਰ ਕਰਤਾਰ ਨੂੰ ਪਾ ਲੈਂਦਾ ਹੈ, ਅਤੇ ਇਸ ਦੁਨੀਆ ਦੀ ਇਕੋ-ਇਕ ਸਚਾਈ, ਅਕਾਲ-ਪੁਰਖ ਵਿਚ ਹੀ ਵਿਲੀਨ ਹੋ ਜਾਂਦਾ ਹੈ, ਇਕ-ਮਿਕ ਹੋ ਜਾਂਦਾ ਹੈ।
                  ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
                  ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ
॥32॥
     ਦੁਨੀਆ ਦੀ ਸਾਰੀ ਖੇਡ ਮਨ ਦੁਆਲੇ ਹੀ ਘੁੰਮਦੀ ਹੈ, ਬੰਦਾ ਮਨ ਨੂੰ ਸਮਝਾਉਣ ਨਾਲ ਹੀ ਉਸ ਖੇਡ ਵਿਚ ਸਫਲ ਹੁੰਦਾ ਹੈ, ਜਿਸ ਕਾਰਜ ਲਈ ਉਹ ਦੁਨੀਆ ਵਿਚ ਆਇਆ ਹੈ,
                  ਇਹੁ ਮਨੁ ਲੇ ਜਉ ਉਨਮਨਿ ਰਹੈ ॥
                  ਤਉ ਤੀਨਿ ਲੋਕ ਕੀ ਬਾਤੈ ਕਹੈ
॥33॥
       ਪ੍ਰਭੂ ਵਿਚ ਜੁੜਿਆ ਇਹ ਮਨ ਜਦੋਂ ਖਿੜਾਉ ਵਿਚ ਟਿਕ ਜਾਂਦਾ ਹੈ, ਤਾਂ ਫਿਰ ਉਹ ਸਾਰੇ ਬ੍ਰਹਮੰਡ ਵਿਚ ਵਿਆਪਕ ਪ੍ਰਭੂ ਦੀਆਂ ਗੱਲਾਂ ਕਰਦਾ ਹੈ
                  ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥
                  ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ
॥੩੪॥
      ਹੇ ਭਾਈ ਜੇ ਤੂੰ ਜੀਵਨ ਦਾ ਸਹੀ ਮਕਸਦ ਜਾਨਣਾ ਚਾਹੁੰਦਾ ਹੈਂ ਤਾਂ ਆਪਣੇ ਸਰੀਰ ਰੂਪੀ ਪਿੰਡ ਨੂੰ ਆਪਣੇ ਵੱਸ ‘ਚ ਕਰ, ਉਸ ਵਿਚਲੀਆਂ ਗਿਆਨ ਇੰਦਰੀਆਂ ਨੂੰ ਵਿਕਾਰਾਂ ਵੱਲ ਜਾਣੋ ਰੋਕ। ਤੇਰਾ ਨਾਮ ਤਦ ਹੀ ਸੂਰਮਾ ਹੋ ਸਕਦਾ ਹੈ, ਜੇ ਇਸ ਲੜਾਈ ਦੇ ਮੈਦਾਨ ਵਿਚੋਂ ਤੂੰ ਭੱਜੇਂ ਨਹੀਂ, ਗਿਆਨ ਇੰਦਰੀਆਂ ਤੋਂ ਹਾਰੇਂ ਨਹੀਂ।
                  ਰਾਰਾ ਰਸੁ ਨਿਰਸ ਕਰਿ ਜਾਨਿਆ
                  ਹੋਇ ਨਿਰਸ ਸੁ ਰਸੁ ਪਹਿਚਾਨਿਆ ॥
                  ਇਹ ਰਸ ਛਾਡੇ ਉਹ ਰਸੁ ਆਵਾ ॥
                  ਉਹ ਰਸੁ ਪੀਆ ਇਹ ਰਸੁ ਨਹੀ ਭਾਵਾ
॥੩੫॥
        ਜਿਸ ਮਨੁੱਖ ਨੇ ਮਾਇਆ ਦੇ ਰਸ ਨੂੰ, ਬੇ-ਸੁਆਦ ਜਾਣਿਆ ਹੈ, ਉਸ ਨੇ ਹੀ ਮਾਇਆ ਵਲੋਂ ਮੂੰਹ ਮੋੜ ਕੇ, ਆਤਮਕ ਰਸ ਦਾ ਆਨੰਦ ਮਾਣਿਆ ਹੈ। ਜਿਸ ਬੰਦੇ ਨੇ ਮਾਇਆ ਵਾਲੇ ਰਸ ਤਿਆਗ ਦਿੱਤੇ ਹਨ, ਉਸ ਨੂੰ ਹੀ ਪਰਮਾਤਮਾ ਦੀ ਰਜ਼ਾ ਦਾ ਆਨੰਦ ਆਇਆ ਹੈ, ਜਿਸ ਨੇ ਪ੍ਰਭੂ ਦੀ ਰਜ਼ਾ ਦਾ ਆਨੰਦ ਮਾਣਿਆ ਹੈ, ਫਿਰ ਉਸ ਨੂੰ ਮਾਇਆ ਦਾ ਰਸ ਚੰਗਾ ਨਹੀਂ ਲਗਦਾ।  
                  ਲਲਾ ਐਸੇ ਲਿਵ ਮਨੁ ਲਾਵੈ ॥
                  ਅਨਤ ਨ ਜਾਇ ਪਰਮ ਸਚੁ ਪਾਵੈ ॥
                  ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥
                 ਤਉ ਅਲਹ ਲਹੈ ਲਹਿ ਚਰਨ ਸਮਾਵੈ
॥੩੬॥
     ਜੇ ਕੋਈ ਬੰਦਾ ਆਪਣੇ ਮਨ ਨੂੰ ਇਸ ਢੰਗ ਨਾਲ ਸਮਝਾਅ ਲਵੇ ਕਿ ਮਨ ਦੀ ਲਗਨ ਪ੍ਰਭੂ ਦੀ ਯਾਦ ਨਾਲ ਜੁੜ ਜਾਵੇ, ਹੋਰ ਪਾਸਿਆਂ ਵੱਲੇ ਨਾ ਭਟਕੇ, ਤਾਂ ਉਸ ਨੂੰ ਸਭ ਤੋਂ ਉੱਚਾ ਅਤੇ ਹਮੇਸ਼ਾ ਕਾਇਮ ਰਹਣ ਵਾਲਾ ਹਰੀ ਮਿਲ ਜਾਂਦਾ ਹੈ। ਜੇ ਇਹ ਜੁੜਾਉ ਪ੍ਰੇਮ ਦਾ ਰੂਪ ਧਾਰਨ ਕਰ ਲਵੇ, ਤਾਂ ਮਨ ਅਲੱਭ ਪ੍ਰਭੂ ਨੂੰ ਲੱਭ ਕੇ, ਸਦਾ ਲਈ ਉਸ ਵਿਚ ਹੀ ਸਮਾ ਜਾਂਦਾ ਹੈ। ਉਸ ਦੀ ਆਪਣੀ ਹਉਂ-ਮੈਂ ਵਾਲੀ ਅਲੱਗ ਪਛਾਣ ਖਤਮ ਹੋ ਜਾਂਦੀ ਹੈ, ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ।
                  ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥
                  ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥
                  ਬਲਿ ਬਲਿ ਜੇ ਬਿਸਨ ਤਨਾ ਜਸੁ ਗਾਵੈ ॥
                  ਵਿਸਨ ਮਿਲੇ ਸਭ ਹੀ ਸਚੁ ਪਾਵੈ
॥37॥
      ਹੇ ਭਾਈ, ਪ੍ਰਭੂ ਨੂੰ ਹਮੇਸ਼ਾ ਆਪਣੇ ਮਨ ਵਿਚ ਯਾਦ ਰੱਖਣ ਵਾਲਾ ਬੰਦਾ ਕਦੇ ਜ਼ਿੰਦਗੀ ਦੀ ਬਾਜ਼ੀ ਨਹੀਂ ਹਾਰਦਾ। ਜੋ ਬੰਦਾ ਬਿਸਨ ਤਨਾ, ਕਰਤਾਰ ਦੇ ਬੱਚਿਆਂ, ਸਤਸੰਗੀਆਂ ਦੀ ਸੋਹਬਤ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਹਰ ਥਾਂ, ਹਮੇਸ਼ਾ ਕਾਇਮ ਰਹਣ ਵਾਲੇ ਕਰਤਾਰ ਨੂੰ ਹੀ ਵੇਖਦਾ ਹੈ. ਮੈਂ ਉਸ ਤੋਂ ਹਰ ਵੇਲੇ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ।                                      
                  ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥
                  ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਨ ਜਾਨੈ ਕੋਇ
॥38॥
     ਹੇ ਭਾਈ, ਪ੍ਰਭੂ ਨਾਲ ਹੀ ਸਾਂਝ ਪਾਉਣੀ ਚਾਹੀਦੀ ਹੈ, ਉਸ ਨਾਲ ਸਾਂਝ ਪਾਇਆਂ, ਇਹ ਜੀਵ ਉਸ ਦਾ ਹੀ ਰੂਪ ਹੋ ਜਾਂਦਾ ਹੈ। ਜਦੋਂ ਇਹ ਜੀਵ ਅਤੇ ਉਹ ਪ੍ਰਭੂ ਆਪਸ ਵਿਚ ਮਿਲ ਜਾਂਦੇ ਹਨ, ਇਕ ਰੂਪ ਹੋ ਜਾਂਦੇ ਹਨ, ਤਾਂ ਉਨ੍ਹਾਂ ਦੇ ਮਿਲਾਪ ਦੀ ਅਵਸਥਾ ਬਾਰੇ ਨਾ ਕੋਈ ਜਾਣ ਸਕਦਾ ਹੈ, ‘ਤ ਨਾ ਉਸ ਬਾਰੇ ਕੋਈ ਕੁਝ ਕਹਿ ਸਕਦਾ ਹੈ।                                   
                  ਸਸਾ ਸੋ ਨੀਕਾ ਕਰਿ ਸੋਧਹੁ ॥
                  ਘਟ ਪਰਚਾ ਕੀ ਬਾਤ ਨਿਰੋਧਹੁ ॥
                  ਘਟ ਪਰਚੈ ਜਉ ਉਪਜੈ ਭਾਉ ॥
                  ਪੂਰਿ ਰਹਿਆ ਤਹ ਤ੍ਰਿਭਵਣ ਰਾਉ
॥39॥
   ਉਸ ਅਕਾਲ-ਪੁਰਖ ਦੀ ਚੰਗੀ ਤਰ੍ਹਾਂ ਸੰਭਾਲ ਕਰੋ, ਮਨ ਨੂੰ ਇਸ ਤਰ੍ਹਾਂ ਉਸ ਪ੍ਰਭੂ ਵਿਚ ਜੋੜੋ, ਜੋ ਮਨ, ਆਪਣੇ ਉਸ ਮੂਲ ਵਿਚ ਹੀ ਪਰਚ ਜਾਵੇ, ਰੁੱਝ ਜਾਵੇ।  ਜਦੋਂ ਉਸ ਪ੍ਰਭੂ ਨਾਲ ਪਰਚੇ ਮਨ ਵਿਚ ਪਰਤਾਮਤਮਾ ਲਈ ਚਾਹ, ਪਿਆਰ ਪੈਦਾ ਹੋ ਜਾਂਦਾ ਹੈ, ਤਾਂ ਮਨ ਨੂੰ ਸੰਸਾਰ ਵਿਚ ਹਰ ਥਾਂ, ਉਹ ਕਰਾਤਰ ਹੀ ਜਜ਼ਰ ਆਉਂਦਾ ਹੈ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਸਾਰਾ ਸੰਸਾਰ ਪ੍ਰਭੂ ਦਾ ਹੀ ਆਪਣਾ ਰੂਪ ਹੈ, ਉਸ ਨੂੰ ੴ ਦੀ ਸਮਝ ਆ ਜਾਂਦੀ ਹੈ।                                 
                  ਖਖਾ ਖੋਜਿ ਪਰੈ ਜਉ ਕੋਈ ॥
                  ਜੋ ਖੋਜੈ ਸੋ ਬਹੁਰਿ ਨ ਹੋਈ ॥
                  ਖੋਜ ਬੂਝਿ ਜਉ ਕਰੈ ਬੀਚਾਰਾ ॥
                  ਤਉ ਭਵਜਲ ਤਰਤ ਨ ਲਾਵੈ ਬਾਰਾ
॥40॥
    ਜੇ ਕੋਈ ਮਨੁੱਖ, ਪਰਮਾਤਮਾ ਦੀ ਭਾਲ ਵਿਚ ਰੁੱਝ ਜਾਂਦਾ ਹੈ, ਉਸ ਭਾਲ ਵਿਚ ਕਰਤਾਰ ਦਾ ਪਿਆਰ ਸ਼ਾਮਲ ਹੋਣ ਨਾਲ ਮਨੁੱਖ, ਪ੍ਰਭੂ ਨੂੰ ਖੋਜ ਲੈਂਦਾ ਹੈ। ਜਦੋਂ ਉਹ ਬੰਦਾ ਹਰ ਵੇਲੇ, ਰੱਬ ਨਾਲ ਗੁਣਾਂ ਦੀ ਸਾਂਝ ਕਰਦਾ ਰਹਿੰਦਾ ਹੈ, ਫਿਰ ਉਹ ਸੰਸਾਰ ਰੂਪੀ ਭਵਜਲ ਸਮੁੰਦਰ ਤੋਂ ਪਾਰ ਹੁੰਦਿਆਂ ਦੇਰ ਨਹੀਂ ਲਾਉਂਦਾ। ਫਿਰ ਉਸ ਦੀ ਆਪਣੀ ਹੋਂਦ ਖਤਮ ਹੋ ਜਾਂਦੀ ਹੈ, ਉਸ ਦਾ ਜਨਮ-ਮਰਨ ਦਾ ਗੇੜ ਖਤਮ ਹੋ ਜਾਂਦਾ ਹੈ।        
                 ਹੈ ਤਉ ਸਹੀ ਲਖੈ ਜਉ ਕੋਈ ॥
                 ਤਬ ਓਹੀ ਉਹੁ ਏਹੁ ਨ ਹੋਈ
॥42॥
    ਜੇ ਕੋਈ ਮਨ ਇਹ ਸਮਝ ਕੇ, ਕਿ ਅਸਲੀਅਤ ਵਿਚ ਕਰਤਾਰ ਹੀ ਸਦੀਵੀ ਹੋਂਦ ਵਾਲਾ ਹੈ, ਉਸ ਨਾਲ ਜੁੜ ਜਾਵੇ ਤਾਂ ਫਿਰ ਉਹ ਜੀਵ ਉਸ ਕਰਤਾਰ ਦਾ ਰੂਪ ਹੀ ਹੋ ਜਾਂਦਾ ਹੈ, ਉਸ ਦਾ ਆਪਣਾ ਵੱਖਰਾ ਵਜੂਦ ਨਹੀਂ ਰਹਿ ਜਾਂਦਾ, ਹਉਂ-ਮੈਂ ਦੀ ਗੱਲ ਹੀ ਖਤਮ ਹੋ ਜਾਂਦੀ ਹੈ। 
                 ਅਬ ਜਗੁ ਜਾਨਿ ਜਉ ਮਨਾ ਰਹੈ ॥
                 ਜਹ ਕਾ ਬਿਛੁਰਾ ਤਹ ਥਿਰੁ ਲਹੈ
॥44॥
    ਜੇ ਬੰਦੇ ਦਾ ਮਨ ਉਸ ਪ੍ਰਭੂ ਵਿਚ ਪਰਚ ਜਾਏ, ਉਸ ਨਾਲ ਪਿਆਰ-ਸਾਂਝ ਪਾ ਲਵੇ ਤਾਂ ਇਹ ਜਿਸ ਤੋਂ ਵਿਛੜਿਆ ਹੈ, ਜੋ ਮਨ ਦਾ ਮੂਲ ਹੈ, ਉਸ ਨਾਲ ਜੁੜ ਕੇ, ਉਸ ਨਾਲ ਇਕ-ਮਿਕ ਹੋ ਕੇ, ਮਨ ਦਾ ਆਵਾ-ਗਵਣ ਦਾ ਗੇੜ ਮੁੱਕ ਜਾਂਦਾ ਹੈ। 
              ਅਮਰ ਜੀਤ ਸਿੰਘ ਚੰਦੀ           (ਚਲਦਾ)   
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.