ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
(ਭਾਗ 26)
ਆਤਮਕ ਗਿਆਨ ਕੀ ਹੈ ?
ਦੁਨੀਆ ਵਿਚ ਵਿਚਰਦਿਆਂ ਬੰਦਾ ਜੋ ਵੀ ਗਿਆਨ ਹਾਸਲ ਕਰਦਾ ਹੈ,ਉਸ ਨੂੰ ਦੁਨਿਆਵੀ ਗਿਆਨ ਕਿਹਾ ਜਾਂਦਾ ਹੈ। (ਇਸ ਗਿਆਨ ਰਾਹੀਂ ਹੀ ਆਤਮਕ ਗਿਆਨ ਦੀ ਸੋਝੀ ਹਾਸਲ ਕੀਤੀ ਜਾ ਸਕਦੀ ਹੈ) ਇਹ ਗਿਆਨ ਤਦ ਤੱਕ ਹੀ ਬੰਦੇ ਦੇ ਕੰਮ ਆਉਂਦਾ ਹੈ, ਜਦ ਤੱਕ ਉਸ ਦਾ ਸਰੀਰ ਸਹੀ ਸਲਾਮਤ ਹੋਵੇ। ਜਦ ਬੰਦੇ ਦਾ ਸਰੀਰ ਜਵਾਬ ਦੇ ਦੇਵੇ ਤਾਂ ਇਹ ਸੰਸਾਰਕ ਗਿਆਨ ਖਿਰ ਜਾਂਦਾ ਹੈ, ਖਿਸ ਜਾਂਦਾ ਹੈ, ਫਨਾਹ ਹੋ ਜਾਂਦਾ ਹੈ।
ਕੀ ਬੰਦੇ ਦਾ ਸੰਸਾਰ ਵਿਚ ਆਉਣ ਦਾ ਏਨਾ ਹੀ ਮਕਸਦ ਹੈ ?
ਗੁਰਬਾਣੀ ਅਨੁਸਾਰ ਤਾਂ ਇਹ ਦੁਨਿਆਵੀ ਖੇਡ, ਮਨ ਦੀ ਹੈ, ਸਰੀਰ ਤਾਂ ਇਸ ਦਾ ਮਾਧਿਅਮ ਭਰ ਹੈ, ਯਾਨੀ ਅਸਲੀ ਖੇਡ ਤਾਂ ਕੁਝ ਹੋਰ ਹੈ, ਇਸ ਖੇਡ ਨੂੰ ਜਿੱਤਣ ਲਈ ਮਨ, ਦੁਨਿਆਵੀ ਗਿਆਨ ਹਾਸਲ ਕਰਦਾ ਹੈ। ਗੁਰਬਾਣੀ ਸੇਧ ਦਿੰਦੀ ਹੈ ਕਿ,
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥ (43)
ਹੇ ਪ੍ਰਾਣੀ, ਹੇ ਜੀਵ ਤੂੰ ਸੰਸਾਰ ਵਿਚ ਕੁਝ ਲਾਭ, ਫਾਇਦਾ ਪਰਾਪਤ ਕਰਨ ਵਾਸਤੇ ਆਇਆ ਹੈਂ, ਪਰ ਤੂੰ ਤਾਂ ਖੁਆਰੀ ਹਾਸਲ ਕਰਨ ਵਾਲੇ ਕੰਮਾਂ ਵਿਚ ਹੀ ਲੱਗਾ ਹੋਇਆ ਹੈਂ, ਅਤੇ ਤੇਰੀ ਉਮਰ ਤਾਂ ਇਨ੍ਹਾਂ ਬੇਕਾਰ ਦੇ ਕੰਮਾਂ ਵਿਚ ਹੀ ਬੀਤਦੀ ਜਾ ਰਹੀ ਹੈ।
ਇਸ ਨੂੰ ਹੀ ਗੁਰੂ ਸਾਹਿਬ, ਥੋੜੇ ਵਿਸਤਾਰ ਨਾਲ ਇਵੇਂ ਸਮਝਾਉਂਦੇ ਹਨ,
ਭਈ ਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਅਵਰਿ ਕਾਜ ਤੇਰੈ ਕਿਤੈ ਨ ਕਾਮ ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
ਸਰੰਜਾਮਿ ਲਾਗੁ ਭਵਜਲ ਤਰਨ ਕੈ ॥
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ (378)
॥੧॥ ਹੇ ਭਾਈ, ਤੈਨੂੰ ਦੁਰਲੱਭ ਮਨੁੱਖਾ ਜਨਮ ਮਿਲਿਆ ਹੈ, ਇਹੀ ਤੇਰਾ ਪਰਮਾਤਮਾ ਨੂੰ ਮਿਲਣ ਦਾ ਵੇਲਾ ਹੈ। ਦੁਨੀਆ ਵਿਚ ਕੀਤੇ ਬਾਕੀ ਸਾਰੇ ਕੰਮ, ਤੈਨੂੰ ਪਰਮਾਤਮਾ ਨੂੰ ਮਿਲਣ ਲਈ ਸਹਾਈ ਨਹੀਂ ਹੋਣੇ, ਤੂੰ ਸਾਧਸੰਗਤ ਵਿਚ, ਸਤਸੰਗਤਿ ਵਿਚ ਜੁੜ ਕੇ, ਸਿਰਫ ਪਰਮਾਤਮਾ ਦੇ ਨਾਮ ਨੂੰ, ਉਸ ਦੀ ਰਜ਼ਾ ਨੂੰ ਯਾਦ ਕਰਿਆ ਕਰ।
॥੧॥ ਰਹਾਉ ॥ ਹੇ ਭਾਈ, ਮਾਇਆ ਦੇ ਮੋਹ ਵਿਚ ਤੇਰਾ ਇਹ ਮਨੁੱਖਾ ਜਨਮ ਵਿਅਰਥ ਬੀਤਦਾ ਜਾ ਰਿਹਾ ਹੈ। ਤੂੰ ਇਸ ਭਵਜਲ ਸੰਸਾਰ ਸਾਗਰ ਵਿਚੋਂ ਬਚ ਕੇ ਪਾਰ ਲੰਘਣ ਦਾ ਉਪਰਾਲਾ ਕਰ।
ਕਰਉ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥
ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥ (205)
ਹੇ ਮੇਰੇ ਮਿਤਰ, ਮੈਂ ਤੇਰੇ ਅੱਗੇ ਅਰਜੋਈ ਕਰਦਾ ਹਾਂ, ਤੂੰ ਮੇਰੀ ਗੱਲ ਧਿਆਨ ਨਾਲ ਸੁਣ, ਤੇਰਾ ਇਹ ਮਨੁੱਖਾ ਜਨਮ ਸਤਿਸੰਗਤ ਵਿਚ ਜੁੜ ਕੇ ਪ੍ਰਭੂ ਦੇ ਨਾਮ ਬਾਰੇ ਵਿਚਾਰ ਕਰਨ ਦਾ ਵੇਲਾ ਹੈ। ਏਥੋਂ ਹਰੀ ਦੇ ਨਾਮ ਦਾ ਲਾਹਾ ਖੱਟ ਕੇ ਜਾਉਂਗੇ ਤਾਂ ਅੱਗੇ, ਕਰਤਾਰ ਦੀ ਦਰਗਾਹ ਵਿਚ ਸੌਖਿਆਂ ਹੀ ਥਾਂ ਮਿਲ ਜਾਵੇਗੀ।
ਭਜੁ ਮਨ ਮੇਰੇ ਏਕੋ ਨਾਮ ॥ ਜੀਅ ਤੇਰੇ ਕੈ ਆਵੇ ਕਾਮ ॥1॥ਰਹਾਉ॥ (193)
ਹੇ ਮੇਰੇ ਮਨ, ਇਕ ਪਰਮਾਤਮਾ ਦਾ ਨਾਮ ਹੀ ਭਜਦਾ ਰਹੁ, ਸਿਮਰਦਾ ਰਹੁ। ਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਵੇਗਾ, ਜਿੰਦ ਦੇ ਨਾਲ ਨਿਭੇਗਾ।
ਅਉਧ ਘਟੈ ਦਿਨਸੁ ਰੈਨਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥ (205)
ਹੇ ਭਾਈ, ਤੇਰੀ ਉਮਰ, ਦਿਨ-ਰਾਤ, ਪਲ-ਪਲ ਕਰ ਕੇ ਬੀਤਦੀ ਜਾ ਰਹੀ ਹੈ। ਹੇ ਮਨ ਤੂੰ ਜਿਹੜਾ ਕੰਮ ਕਰਨ ਲਈ ਸੰਸਾਰ ਵਿਚ ਆਇਆ ਹੈਂ, ਤੂੰ ਗੁਰੂ ਨੂੰ ਮਿਲਕੇ, ਉਸ ਤੋਂ ਸਿਖਿਆ ਲੈ ਕੇ, ਉਸ ਕੰਮ ਨੂੰ ਪੂਰਾ ਕਰ।
ਗੁਰ ਕੀ ਮਤਿ ਤੂੰ ਲੇਹਿ ਇਆਨੇ ॥
ਭਗਤਿ ਬਿਨਾ ਬਹੁ ਡੂਬੇ ਸਿਆਨੇ ॥ (288)
ਹੇ ਅਗਿਆਨੀ ਜੀਵ, ਤੂੰ ਗੁਰੂ ਦੀ ਮੱਤ ਲੈ ਕੇ, ਉਸ ਅਨੁਸਾਰ ਜੀਵਨ ਢਾਲ, ਪ੍ਰਭੂ ਦੀ ਭਗਤੀ ਕੀਤੇ ਬਗੈਰ ਤਾਂ ਬਹੁਤ-ਬਹੁਤ ਸਿਆਣੇ ਵੀ ਵਿਕਾਰਾਂ ਵਿਚ ਗਰਕ ਹੋ ਜਾਂਦੇ ਹਨ।
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥ (488)
ਹੇ ਭਾਈ, ਜੋ ਰਸਤਾ ਗੁਰੂ ਦੱਸੇ, ਉਸ ਰਸਤੇ ਤੇ ਚੰਗੇ ਸਿੱਖਾਂ ਵਾਙ ਚਲਣਾ ਚਾਹੀਦਾ ਹੈ।
ਇਸ ਲਾਹੇ ਬਾਰੇ ਹੀ ਭਗਤ ਕਬੀਰ ਜੀ, ਵਿਸਤਾਰ ਪੂਰਵਕ ਇਵੇਂ ਦੱਸਦੇ ਹਨ,
ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥1॥
ਭਜਹੁ ਗੋੁਬਿੰਦ ਭੁਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥1॥ਰਹਾਉ॥
ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
ਜਬ ਲਗੁ ਬਿਕਲ ਭਈ ਨਹੀ ਬਾਨੀ ॥ ਭਜਿ ਲੇਹਿ ਰੇ ਮਨ ਸਾਰਿਗਪਾਨੀ ॥2॥
ਅਬ ਨ ਭਜਸਿ ਭਜਸਿ ਕਬ ਭਾਈ ॥ ਆਵੈ ਅੰਤੁ ਨ ਭਜਿਆ ਜਾਈ ॥
ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥3॥
ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥
ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ ॥4॥
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥5॥1॥9॥ (1159)
॥ਰਹਾਉ॥ ਭਜਹੁ ਗੋੁਬਿੰਦ ਭੁਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥1॥ਰਹਾਉ॥
ਹੇ ਭਾਈ, ਗੋਬਿੰਦ ਨੂੰ ਸਿਮਰੋ. ਹਰੀ ਨੂੰ ਯਾਦ ਰੱਖੋ, ਇਸ ਗੱਲ ਨੂੰ ਭੁੱਲ ਨਹੀਂ ਜਾਣਾ ਕਿ ਇਹ ਸਿਮਰਨ ਹੀ ਮਨੁੱਖਾ ਜਨਮ ਵਿਚ ਖੱਟਣ ਵਾਲੀ ਖੱਟੀ ਹੈ।
॥1॥ ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥1॥
ਹੇ ਭਾਈ ਜੇ ਤੂੰ ਗੁਰੂ ਦੀ ਸੇਵਾ ਰਾਹੀਂ ਭਗਤੀ ਦੀ, ਸਿਮਰਨ ਦੀ ਕਮਾਈ ਕਰੇਂ ਤਾਂ ਹੀ ਇਹ ਮਨੁੱਖਾ ਸਰੀਰ ਮਿਲਿਆ ਸਕਾਰਥ ਸਮਝ। ਇਹ ਸਰੀਰ ਏਨੀ ਅਮੋਲਕ ਚੀਜ਼ ਹੈ ਕਿ ਦੇਵਤੇ ਵੀ ਇਸ ਦੀ ਲੋਚਾ ਕਰਦੇ ਹਨ। (ਕਿਉਂਕਿ ਇਸ ਦੇਹੀ ਵਿਚ ਹੀ ਪ੍ਰਭੂ ਦਾ ਸਿਮਰਨ ਕਰ ਕੇ, ਉਸ ਨਾਲ ਇਕ-ਮਿਕ ਹੋਇਆ ਜਾ ਸਕਦਾ ਹੈ, ਜਨਮ-ਮਰਨ ਦਾ ਗੇੜ ਖਤਮ ਕੀਤਾ ਜਾ ਸਕਦਾ ਹੈ) ਤੈਨੂੰ ਤਾਂ ਇਹ ਸਰੀਰ ਮਿਲਿਆ ਹੈ, ਤੂੰ ਇਸ ਦੇਹੀ ਰਾਹੀਂ ਹਰੀ ਦੀ ਸੇਵਾ ਵਿਚ ਜੁੜ।
॥2॥ ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
ਜਬ ਲਗੁ ਬਿਕਲ ਭਈ ਨਹੀ ਬਾਨੀ ॥ ਭਜਿ ਲੇਹਿ ਰੇ ਮਨ ਸਾਰਿਗਪਾਨੀ ॥2॥
ਹੇ ਮੇਰੇ ਮਨ, ਜਦ ਤੱਕ ਤੇਰੇ ਸਰੀਰ ਤੇ ਬੁਢਾਪਾ ਰੂਪੀ ਰੋਗ ਨਹੀਂ ਆ ਗਿਆ, ਜ਼ਬਾਨ ਥਿੜਕਣ ਨਹੀਂ ਲੱਗ ਪੈਂਦੀ, ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ, ਉਸ ਤੋਂ ਪਹਿਲਾਂ ਹੀ ਤੂੰ ਪਰਮਾਤਮਾ ਦਾ ਭਜਨ, ਸਿਮਰਨ ਕਰ ਲੈ।
॥3॥ ਅਬ ਨ ਭਜਸਿ ਭਜਸਿ ਕਬ ਭਾਈ ॥ ਆਵੈ ਅੰਤੁ ਨ ਭਜਿਆ ਜਾਈ ॥
ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥3॥
ਹੇ ਭਾਈ, ਜੇ ਤੂੰ ਇਸ ਸਰੀਰ ਵਿਚ ਹੁੰਦਿਆਂ ਭਜਨ ਨਹੀਂ ਕਰਦਾ ਤਾਂ ਫਿਰ ਕਦੋਂ ਕਰੇਂਗਾ ? ਜਦੋਂ ਮੌਤ ਸਿਰ ਤੇ ਆ ਗਈ, ਉਸ ਵੇਲੇ ਤਾਂ ਭਜਨ, ਸਿਮਰਨ ਨਹੀਂ ਕਰ ਸਕੇਂਗਾ, ਜਨਮ ਮਰਨ ਦੇ ਗੇੜ ਤੋਂ ਖਲਾਸੀ ਦਾ ਉਪਰਾਲਾ ਨਹੀਂ ਕਰ ਸਕੇਂਗਾ। ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ, ਉਹ ਹੁਣੇ ਹੀ ਕਰ ਲੈ, ਸਮਾ ਲੰਘ ਜਾਣ ਮਗਰੋਂ ਤਾਂ ਤੂੰ ਅਫਸੋਸ ਹੀ ਕਰੇਂਗਾ ਅਤੇ ਫਿਰ ਇਸ ਪਛਤਾਵੇ ਨਾਲ ਤੂੰ ਇਸ ਭਵ ਸਾਗਰ ਤੋਂ ਪਾਰ ਨਹੀਂ ਹੋ ਸਕੇਂਗਾ।
॥4॥ ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥
ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ ॥4॥
ਪਰ ਜੀਵ ਦੇ ਵੱਸ ਦਾ ਕੀ ਹੈ ? ਜਿਸ ਬੰਦੇ ਨੂੰ ਰੱਬ ਆਪਣੀ ਸੇਵਾ ਵਿਚ ਜੋੜਦਾ ਹੈ, ਓਹੀ ਰੱਬ ਦਾ ਸੇਵਕ ਬਣਦਾ ਹੈ, ਉਸ ਦੀ ਰਜ਼ਾ ਵਿਚ ਚਲਦਾ ਹੈ। ਗੁਰ(ਸ਼ਬਦ ਗੁਰੂ) ਨੂੰ ਮਿਲ ਕੇ ਉਸ ਦੇ ਹੀ ਮਨ ਦੇ ਕਿਵਾੜ ਖੁਲ੍ਹਦੇ ਹਨ, ਉਸ ਨੂੰ ਹੀ ਸੋਝੀ ਹੁੰਦੀ ਹੈ, ਉਸ ਨੂੰ ਹੀ ਪ੍ਰਭੂ ਮਿਲਦਾ ਹੈ। ਜਿਸ ਤੇ ਰੱਬ ਆਪ ਮਿਹਰ ਕਰਦਾ ਹੈ, ਮੁੜ ਉਹ ਜੂਨਾਂ ਦੇ ਗੇੜ ਵਿਚ ਨਹੀਂ ਪੈਂਦਾ।
॥5॥ ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥5॥
ਕਬੀਰ ਆਖਦਾ ਹੈ, ਹੇ ਭਾਈ, ਮੈਂ ਤੈਨੂੰ ਕਈ ਢੰਗਾਂ ਨਾਲ ਮੁੜ-ਮੁੜ ਕੇ ਸਮਝਾਅ ਰਿਹਾ ਹਾਂ, ਅੱਗੇ ਤੇਰੀ ਮਰਜ਼ੀ ਹੈ, ਤੂੰ ਇਸ ਮਨੁੱਖਾ ਜੂਨ ਵਾਲੀ ਖੇਡ ਜਿੱਤ ਕੇ ਜਾਹ ਜਾਂ ਹਾਰ ਕੇ ਜਾਹ। ਤੂੰ ਆਪਣੇ ਮਨ ਵਿਚ ਵਿਚਾਰ ਕੇ ਵੇਖ ਲੈ, ਪ੍ਰਭੂ ਨੂੰ ਮਿਲਣ ਦਾ ਸਮਾ, ਇਹ ਮਨੁੱਖਾ ਜਨਮ ਹੀ ਹੈ, ਇਹੀ ਵਾਰੀ ਹੈ। ਇਸ ਵਾਰ ਖੁੰਝ ਕੇ ਤੂੰ ਪਰਮਾਤਮਾ ਨੂੰ ਨਹੀਂ ਮਿਲ ਸਕੇਂਗਾ, ਜਨਮ-ਮਰਨ ਦੇ ਗੇੜ ਵਿਚ ਹੀ ਪਵੇਂਗਾ।
ਇਹ ਜੋ ਕੁਝ ਵੀ ਆਪਾਂ ਉੱਪਰ ਵਿਚਾਰਿਆ ਹੈ, ਇਹ ਆਤਮਕ ਗਿਆਨ ਹੈ, ਅਤੇ ਇਸ ਨੂੰ ਸਮਝਣ ਲਈ ਵਰਤੇ ਗਏ ਸਾਰੇ ਅੱਖਰ ਖਿਰਨ ਵਾਲੇ ਹਨ, ਹੁਣ ਆਪਾਂ ਉਨ੍ਹਾਂ ਅੱਖਰਾਂ ਬਾਰੇ ਵਿਚਾਰ ਕਰਾਂਗੇ, ਜੋ ਮਨ ਨੇ ਦੁਨਿਆਵੀ ਅੱਖਰਾਂ ਤੋਂ ਲਈ ਸੋਝੀ ਦੇ ਆਧਾਰ ਤੇ ਲਿਖਣੇ ਹਨ, ਜਿਨ੍ਹਾਂ ਨੇ ਖਿਰਨਾ ਨਹੀਂ ਹੈ, ਜਦ ਤਕ ਮਨ ਨੇ ਇਸ ਦੁਨੀਆ ਵਿਚ ਵਿਚਰਨਾ ਹੈ, ਇਸ ਦੇ ਨਾਲ ਚਲਣੇ ਹਨ ਅਤੇ ਲੇਖੇ ਵੇਲੇ, ਗਵਾਹਾਂ ਵਾਙ ਪੇਸ਼ੀ ਭੁਗਤਣੀ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 26)
Page Visitors: 2692