ਕੈਟੇਗਰੀ

ਤੁਹਾਡੀ ਰਾਇ

New Directory Entries


ਸਾਵਣ ਸਿੰਘ
ਮੱਨੁਖੀ ਅਧਿਕਾਰਾਂ ਦਾ ਰਾਖਾ- ਗੁਰੂ ਤੇਗ਼ ਬਹਾਦਰ ਜੀ
ਮੱਨੁਖੀ ਅਧਿਕਾਰਾਂ ਦਾ ਰਾਖਾ- ਗੁਰੂ ਤੇਗ਼ ਬਹਾਦਰ ਜੀ
Page Visitors: 2543

ਮੱਨੁਖੀ ਅਧਿਕਾਰਾਂ ਦਾ ਰਾਖਾ- ਗੁਰੂ ਤੇਗ਼ ਬਹਾਦਰ ਜੀ
ਇੰਗਲੈਂਡ ਵਿੱਚ ਲੋਕ ਸਭਾ (House of Commons) ਦੇ ਮੁੱਖ ਦੁਆਰ ਤੇ ਲਿਖਿਆ ਹੈ ਕਿ ਭਾਵੇਂ ਮੈਂ ਤੁਹਾਡੇ ਮੱਤ ਨਾਲ ਸਹਿਮਤ ਨਹੀਂ ਪਰ ਜਾਨ ਵਾਰ ਕੇ ਵੀ ਤੁਹਾਨੂੰ ਅਪਣਾ ਮੱਤ ਕਹਿਣ ਦੀ ਖੁੱਲ੍ਹ ਲੈ ਦਿਆਂਗਾ `। ਪਰ ਗੁਰੂ ਤੇਗ਼ ਬਹਾਦਰ ਜੀ ਨੇ ਕਾਫੀ ਸਮਾਂ ਪਹਿਲੇ ੧੬੭੫ ਵਿੱਚ ਹੀ ਲੋਕਤੰਤਰ ਦੇ ਇਸ ਸੁਨਹਿਰੀ ਅਸੂਲ ਨੂੰ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਵਰਤੋਂ ਵਿੱਚ ਲਿਆਂਦਾ ਤੇ ਹਿੰਦੁਸਤਾਨ ਦੇ ਲੋਕਾਂ ਨੂੰ ਜਬਰੀ ਧਰਮ ਪਰਿਵਰਤਨ ਤੋਂ ਬਚਾ ਲਿਆ। ਆਪ ਨੇ ਸੰਸਾਰ ਭਰ ਨੂੰ ਦਿਖਾ ਦਿੱਤਾ ਕਿ ਜੋ ਉਸ ਵੇਲੇ ਨਹੀਂ ਬੋਲਦੇ ਜਦੋਂ ਬੋਲਣਾ ਜ਼ਰੂਰੀ ਹੈ ਉਹ ਬੋਲਣ ਦਾ ਹੱਕ ਗਵਾ ਬੈਠਦੇ ਹਨ। ਗੁਰੂ ਜੀ ਨੇ ਤਾਂ ਹੱਦ ਹੀ ਕਰ ਦਿਤੀ।
ਜਦੋਂ ਗੁਰੂ ਜੀ ਮਾਲਵੇ ਵਿੱਚ ਪਰਚਾਰ ਕਰਨ ਉਪਰੰਤ ਵਾਪਸ ਅਨੰਦਪੁਰ ਸਾਹਿਬ ਪਹੁੰਚੇ ਤਾਂ ੧੫ ਕਸ਼ਮੀਰੀ ਪੰਡਤ, ਪੰਡਤ ਕਿਰਪਾ ਰਾਮ ਦੇ ਨਾਲ ਆਪ ਜੀ ਪਾਸ ਪੁਕਾਰ ਲੈ ਕੇ ਆਏ ਕਿ ਔਰੰਗਜ਼ੇਬ ਨੇ ਕਸ਼ਮੀਰ ਦੇ ਨਵੇਂ ਗਵਰਨਰ ਸ਼ੇਰ ਅਫਗਨ ਨੂੰ ਹੁਕਮ ਦਿੱਤਾ ਹੈ ਕਿ ਬਿਨਾਂ ਦੇਰੀ ਦੇ ਕਸ਼ਮੀਰ ਦੇ ਸਾਰੇ ਪੰਡਤਾਂ ਨੂੰ ਜਬਰੀ ਮੁਸਲਮਾਨ ਬਣਾ ਦਿੱਤਾ ਜਾਵੇ। ਗਵਰਨਰ ਨੇ ਪੰਡਤਾਂ ਨੂੰ ਕਹਿ ਦਿੱਤਾ ਸੀ ਕਿ ਇਸਲਾਮ ਜਾਂ ਮੌਤ ਵਿਚੋਂ ਇੱਕ ਚੁਣ ਲਵੋ। ਪੰਡਤਾਂ ਨੇ ਕਿਹਾ ਕਿ ੳਨ੍ਹਾਂ ਦਾ ਧਰਮ ਖਤਰੇ ਵਿੱਚ ਹੈ ਕਿਉਂਕਿ ਔਰੰਗਜ਼ੇਬ ਸਾਰੇ ਭਾਰਤੀਆਂ ਨੂੰ ਮੁਸਲਮਾਨ ਬਣਾਉਣ ਤੇ ਤੁਲਿਆ ਹੋਇਆ ਹੈ। ਪੰਡਤਾਂ ਨੇ ੬ ਮਹੀਂਨਿਆਂ ਦੀ ਮੁਹਲਤ ਸੋਚਣ ਲਈ ਮੰਗੀ ਜੋ ਗਵਰਨਰ ਨੇ ਦੇ ਦਿੱਤੀ। ਗੁਰੂ ਜੀ ਉਨ੍ਹਾਂ ਦੀ ਪੁਕਾਰ ਸੁਣ ਕੇ ਸੋਚਾਂ ਵਿੱਚ ਪੈ ਗਏ। ਜਦੋਂ ਗੋਬਿੰਦ ਰਾਏ ਜੀ ਨੇ ਇਸ ਦਾ ਪਤਾ ਲਗਾ ਤਾਂ ਆਪ ਨੇ ਗੁਰੂ ਜੀ ਨੂੰ ਪੁਛਿਆ ਕਿ ਇਸ ਦਾ ਕੀ ਉਪਾਅ ਹੈ। ਗੁਰੂ ਜੀ ਨੇ ਕਿਹਾ ਕਿ ਕਿਸੇ ਮਹਾਂ ਪੁਰਸ਼ ਨੂੰ ਕੁਰਬਾਨੀ ਦੇਣੀ ਪਵੇ ਗੀ। ਇਹ ਸੁਣ ਕੇ ੯ ਸਾਲ ਦੇ ਬਾਲਕ ਗੋਬਿੰਦ ਰਾਏ ਜੀ ਬੋਲੇ ਕਿ ਇਸ ਲਈ ਤੁਹਾਡੇ ਨਾਲੋਂ ਵੱਡਾ ਮਹਾਂ ਪੁਰਸ਼ ਕੌਣ ਹੋ ਸਕਦਾ ਹੈ। ਇਹ ਸੁਣ ਕੇ ਗੁਰੂ ਜੀ ਬੜੇ ਖੁਸ਼ ਹੋਏ ਤੇ ਪੰਡਤਾਂ ਨੂੰ ਕਿਹਾ ਕਿ ਗਵਰਨਰ ਨੂੰ ਕਹਿ ਦੇਵੋ ਕਿ ਜੇ ਗੁਰੂ ਤੇਗ਼ ਬਹਾਦਰ ਮੁਸਲਮਾਣ ਬਣ ਜਾਣ ਤਾਂ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ। ਪੰਡਤਾਂ ਨੇ ਵਾਪਸ ਜਾ ਕੇ ਗਵਰਨਰ ਨੂੰ ਇਹ ਗੱਲ ਦਸ ਦਿਤੀ ਤੇ ਗਵਰਨਰ ਨੇ ਸਾਰਾ ਹਾਲ ਲਿਖ ਕੇ ਔਰੰਗਜ਼ੇਬ ਨੂੰ ਭੇਜ ਦਿੱਤਾ।
ਔਰੰਗਜ਼ੇਬ ਨੂੰ ਪਹਿਲੇ ਵੀ ਗੁਰੂ ਜੀ ਦੇ ਵਿਰੁਧ ਖਬਰਾਂ ਮਿਲ ਚੁਕੀਆਂ ਸਨ। ਉਸ ਨੇ ਤੁਰੰਤ ਗਵਰਨਰ ਲਾਹੌਰ ਨੂੰ ਲਿਖ ਦਿੱਤਾ ਕਿ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਭੇਜਿਆ ਜਾਵੇ। ਜਦੋਂ ਗੁਰੂ ਜੀ ਨੂੰ ਇਹ ਖਬਰ ਪੁਜੀ ਤਾਂ ਆਪ ਨੇ ਗੋਬਿੰਦ ਰਾਏ ਜੀ ਨੂੰ ਗੁਰ ਗੱਦੀ ਤੇ ਬਿਠਾਇਆ ਤੇ ਤਿੰਨ ਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ) ਨੂੰ ਨਾਲ ਲੈ ਕੇ ਜੁਲਾਈ ੧੬੭੫ ਵਿੱਚ ਦਿੱਲੀ ਵੱਲ ਚਲ ਪਏ। ਅਨੰਦਪੁਰ ਤੋਂ ੨੫ ਮੀਲ ਦੂਰ ਰੋਪੜ ਦੇ ਥਾਣੇਦਾਰ ਨੇ ਆਪ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਤੇ ਸਰਹਿੰਦ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ। ਨਵੰਬਰ ਵਿੱਚ ਆਪ ਨੂੰ ਸਾਥੀਆਂ ਸਮੇਤ ਲੋਹੇ ਦੇ ਪਿੰਜਰਿਆਂ ਵਿੱਚ ਕੈਦ ਕਰਕੇ ਕਰੜੇ ਪਹਿਰੇ ਹੇਠ ਦਿੱਲੀ ਦੇ ਥਾਣਾ ਚਾਂਦਨੀ ਚੌਕ ਪਹੁੰਚਾ ਦਿੱਤਾ ਗਿਆ। ਔਰੰਗਜ਼ੇਬ ਜੋ ਉਸ ਸਮੇਂ ਦਿੱਲੀ ਤੋਂ ਬਾਹਰ ਸੀ ਨੇ ਹੁਕਮ ਭੇਜਿਆ ਕਿ ਜੇ ਇਹ ਚਾਰੇ ਇਸਲਾਮ ਕਬੂਲ ਨਾ ਕਰਣ ਤਾਂ ਇਨ੍ਹਾਂ ਨੂੰ ਤਸੀਹੇ ਦੇਕੇ ਮਾਰ ਦਿੱਤਾ ਜਾਵੇ।
ਕਈ ਮੌਲਵੀਆਂ ਨੇ ਗੁਰੂ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਮਝਾਇਆ, ਧਮਕੀਆਂ ਤੇ ਲਾਲਚ ਵੀ ਦਿੱਤੇ ਕਿ ਇਸਲਾਮ ਕਬੂਲ ਕਰ ਲਵੋ, ਪਰ ਕਿਸੇ ਨੇ ਆਪਣਾ ਧਰਮ ਤਿਆਗਣਾ ਪਰਵਾਨ ਨਾ ਕੀਤਾ। ਆਖਰ ਇਹ ਫੈਸਲਾ ਕੀਤਾ ਗਿਆ ਕਿ ਗੁਰੂ ਜੀ ਦੇ ਸਾਹਮਣੇ ਵਾਰੀ ਵਾਰੀ ਤਿੰਨਾਂ ਨੂੰ ਸਜ਼ਾ ਦੇ ਕੇ ਮਾਰਿਆ ਜਾਵੇ ਤਾਂ ਜੋ ਸ਼ਾਇਦ ਗੁਰੂ ਜੀ ਵੇਖ ਕੇ ਡਰ ਨਾਲ ਮੰਨ ਜਾਣ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਣ ਲਗੇ ਤਾਂ ਜਲਾਦਾਂ ਨੇ ਭਾਈ ਜੀ ਕੋਲੋਂ ਆਖਰੀ ਮੰਗ ਪੁੱਛੀ। ਉਨ੍ਹਾਂ ਕਿਹਾ ਕਿ ਜਦ ਆਰੇ ਨਾਲ ਚੀਰਿਆ ਜਾਵੇ ਤਾਂ ਉਨ੍ਹਾਂ ਦਾ ਮੂੰਹ ਗੁਰੂ ਤੇਗ਼ ਬਹਾਦਰ ਜੀ ਵੱਲ ਹੋਵੇ। ਉਨ੍ਹਾਂ ਦੇ ਸੀਸ ਦੇ ਦੋ ਟੁਕੜੇ ਕਰ ਦਿੱਤੇ ਗਏ ਪਰ ਆਪ ਆਖਰੀ ਸੁਆਸ ਤਕ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ। ਭਾਈ ਦਿਆਲ ਦਾਸ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ, ਪਰ ਆਪ ਨੇ ਖੁਸ਼ੀ ਖੁਸ਼ੀ ਭਾਣਾ ਮੰਨਿਆ ਤੇ ਸੀ ਤਕ ਨਾ ਕੀਤੀ। ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਆਪ ਨੇ ਵੀ ਬਾਕੀ ਦੋਹਾਂ ਸਿੱਖਾਂ ਵਾਂਗ ਹੱਸ ਕੇ ਸ਼ਹੀਦੀ ਪਾ ਕੇ ਇਤਿਹਾਸ ਵਿੱਚ ਨਵੇਂ ਪੂਰਨੇ ਪਾਏ।
ਗੁਰੂ ਜੀ ਆਪਣੇ ਤਿੰਨਾਂ ਸਾਥੀਆਂ ਨੂੰ ਆਪਣੇ ਸਾਮ੍ਹਣੇ ਸ਼ਹੀਦ ਹੁੰਦਾ ਦੇਖ ਕੇ ਵੀ ਅਡੋਲ ਰਹੇ। ਕਾਜ਼ੀ ਅਬਦੁਲ ਵਹਾਬ ਨੇ ਇੱਕ ਵਾਰ ਫਿਰ ਗੁਰੂ ਜੀ ਨੂੰ ਕਿਹਾ ਕਿ ਚੰਗਾ ਹੈ ਕਿ ਤੁਸੀਂ ਵੀ ਕਲਮਾ ਪੜ੍ਹ ਕੇ ਬਾਦਸ਼ਾਹ ਵਲੋਂ ਦਿੱਤੇ ਜਾਣ ਵਾਲੇ ਸੁਖਾਂ ਨੂੰ ਭੋਗੋ ਜਾਂ ਕੋਈ ਕਰਾਮਾਤ ਕਰਕੇ ਦਿਖਾ ਦੇਵੋ। ਜੇ ਤੁਸੀਂ ਇਹ ਦੋਵੇਂ ਸ਼ਰਤਾਂ ਨਹੀਂ ਮੰਨਦੇ ਤਾਂ ਮਰਨ ਲਈ ਤਿਆਰ ਹੋ ਜਾਵੋ। ਗੁਰੂ ਜੀ ਨੇ ਉੱਤਰ ਦਿੱਤਾ ਕਿ ਧਰਮ ਤਿਆਗਣ ਦਾ ਕੋਈ ਇਰਾਦਾ ਨਹੀਂ ਹੈ ਤੇ ਨਾ ਹੀ ਕਿਸੇ ਪਦਾਰਥ ਦੀ ਲੋੜ ਹੈ। ਕਰਾਮਾਤ ਬਾਰੇ ਆਪ ਜੀ ਨੇ ਕਿਹਾ ਕਿ ਕਰਾਮਾਤ ਕਹਿਰ ਕਰਨ ਨੂੰ ਕਹਿੰਦੇ ਹਨ ਤੇ ਵਾਹਿਗੁਰੂ ਦੇ ਪਿਆਰੇ ਇਹ ਕਹਿਰ ਕਦੇ ਨਹੀਂ ਕਰਦੇ। ਸਾਨੂੰ ਦੋਵੇਂ ਗੱਲਾਂ ਪ੍ਰਵਾਨ ਨਹੀਂ। ਸ਼ਹੀਦੀ ਲਈ ਮੈਂ ਤਿਆਰ ਹਾਂ। ਕਾਜ਼ੀ ਦੇ ਫਤਵੇ ਅਨੁਸਾਰ ਜਲਾਦ ਜਲਾਲ ਉਦ- ਦੀਨ ਨੇ ਤਲਵਾਰ ਚਲਾਈ ਤੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਸਾਕਾ ਹੁੰਦਿਆਂ ਹੀ ਐਸਾ ਤੁਫਾਨ ਆਇਆ ਕਿ ਕਿਸੇ ਨੂੰ ਕੁੱਝ ਦਿਖਾਈ ਨਹੀਂ ਸੀ ਦਿੰਦਾ। ਸਾਰਿਆਂ ਪਾਸੇ ਹਾਹਾਕਾਰ ਮੱਚ ਗਈ।
ਭਾਈ ਜੈਤਾ ਰੰਗਰੇਟਾ ਨੇ ਅੱਧੀ ਰਾਤ ਵੇਲੇ ਆ ਕੇ ਗੁਰੂ ਜੀ ਦੇ ਸੀਸ ਨੂੰ ਉਠਾ ਲਿਆ ਤੇ ਲੁਕ ਛਿਪ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚਾ ਦਿੱਤਾ। ਗੁਰੂ ਜੀ ਨੇ ਸਤਿਕਾਰ ਨਾਲ ਸੀਸ ਦਾ ਸਸਕਾਰ ਕੀਤਾ ਅਤੇ ਭਾਈ ਜੈਤੇ ਨੂੰ ਛਾਤੀ ਨਾਲ ਲਗਾਇਆ ਤੇ ਕਿਹਾ:- ਰੰਗਰੇਟੇ ਗੁਰੂ ਕੇ ਬੇਟੇ। ਜਿਸ ਥਾਂ ਤੇ ਸਸਕਾਰ ਕੀਤਾ ਗਿਆ ਸੀ ਉਥੇ ਸਰਦਾਰ ਬਘੇਲ ਸਿੰਘ ਜੀ ਨੇ ਦਿੱਲੀ ਫਤਹ ਕਰਨ ਉਪਰੰਤ ਗੁਰਦੁਆਰਾ ਸੀਸ ਗੰਜ ਬਣਵਾਇਆ। ਇੱਕ ਵਪਾਰੀ ਲੱਖੀ ਸ਼ਾਹ ਨੇ ਤੁਫਾਨ ਦਾ ਲਾਭ ਉਠਾਇਆ ਤੇ ਹਨੇਰੇ ਵਿੱਚ ਗੁਰੂ ਤੇਗ਼ ਬਹਾਦਰ ਦੇ ਬਿਨਾਂ ਸਿਰ ਦੇ ਧੜ ਨੂੰ ਆਪਣੇ ਕਪਾਹ ਨਾਲ ਭਰੇ ਗੱਡੇ ਵਿੱਚ ਛੁਪਾ ਕੇ ਸ਼ਹਿਰੋਂ ਬਾਹਰ ਅਪਣੇ ਘਰ ਲੈ ਗਿਆ। ਉਸ ਨੇ ਇਸ ਨੂੰ ਆਪਣੇ ਇੱਕ ਕਮਰੇ ਵਿੱਚ ਰਖ ਕੇ ਕਮਰੇ ਨੂੰ ਹੀ ਅੱਗ ਲਾ ਦਿੱਤੀ ਤਾਂ ਜੋ ਕੋਈ ਸਬੂਤ ਨ ਰਹੇ। ਉਸ ਥਾਂ ਤੇ ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ ਨਜ਼ਰ ਆਂਦਾ ਹੈ।
ਇੰਦੂ ਭੂਸ਼ਨ ਬੈਨਰਜੀ ਨੇ ਆਪਣੀ ਪੁਸਤਕ, Evolution of the Khalsa, ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਆਪ- ਅਪਣਾਈ ਸ਼ਹਾਦਤ (self sought martyrdom) ਕਿਹਾ ਹੈ। ਡਾਕਟਰ ਗੋਕਲ ਚੰਦ ਨਾਰੰਗ ਨੇ ਅਪਣੀ ਪੁਸਤਕ Transformation of Sikhism (1992) page 70 ਤੇ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਉਨ੍ਹਾਂ ਦੀ ਜ਼ਿੰਦਗੀ ਨਾਲੋਂ ਵੀ ਵੱਧ ਅਸਰ ਪਿਆ। ਉੱਤਰੀ ਭਾਰਤ ਵਿੱਚ ਗੁਰੂ ਜੀ ਨੂੰ ਹਰ ਕੋਈ ਪਿਆਰ ਕਰਦਾ ਤੇ ਆਦਰ ਕਰਦਾ ਸੀ। ਰਾਜਪੂਤ ਰਾਜੇ ਸਨਮਾਨ ਦੇਂਦੇ ਸਨ ਤੇ ਪੰਜਾਬ ਦੇ ਵਸਨੀਕ ਤਾਂ ਆਪ ਦੀ ਪੂਜਾ ਕਰਦੇ ਸਨ। ਪੰਨਾ ੭੧ ਤੇ ਆਪ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਸ਼ਹਾਦਤ ਨੂੰ ਹਿੰਦੂ ਜਗਤ ਨੇ ਉਨ੍ਹਾਂ ਦੇ ਧਰਮ ਦੀ ਰੱਖਿਆ ਲਈ ਕੀਤੀ ਕੁਰਬਾਨੀ ਜਾਣਿਆ ਹੈ। ਇਸ ਨਾਲ ਪੰਜਾਬ ਵਿੱਚ ਰੋਸ ਅਤੇ ਜੋਸ਼ ਦੀ ਜਵਾਲਾ ਭੜਕ ਉੱਠੀ।
ਇੱਕ ਪਰਸਿੱਧ ਇਤਿਹਾਸਕਾਰ ਸਯਦ ਮੁਹੰਮਦ ਲਤੀਫ ਨੇ ਅਪਣੀ ਪੁਸਤਕ, ਹਿਸਟਰੀ ਆਫ ਦੀ ਪੰਜਾਬ (੧੯੮੯), ਵਿੱਚ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖਾਂ ਸਾਮ੍ਹਣੇ ਇਕੋ ਹੀ ਰਾਹ ਰਹਿਣ ਦਿਤਾ ਕਿ ਉਹ ਸ਼ਸਤ੍ਰਧਾਰੀ ਹੋਣ। ਸੂਰਜ ਪ੍ਰਕਾਸ਼ ਦੇ ਪੰਨਾ੪੫੨੬ ਤੇ ਲਿਖਿਆ ਹੈ ਕਿ ਜਦੋਂ ਭਾਈ ਜੈਤਾ ਨੇ ਗੁਰੂ ਗੋਬਿੰਦ ਸਿੰਘ ਨੂੰ ਦਸਿਆ ਕਿ ਗੁਰੂ ਜੀ ਦੀ ਸ਼ਹੀਦੀ ਵੇਲੇ ਲੋਕ ਡਰ ਕੇ ਬਹੁਤ ਘਬਰਾ ਗਏ ਸਨ ਤਾਂ ਗੁਰੂ ਜੀ ਨੇ ਕਿਹਾ ਕਿ ਹੁਣ ਐਸਾ ਖਾਲਸਾ ਰਚਾਂਗਾ ਜੋ ਕਿਸੇ ਵੇਲੇ ਵੀ ਪਿੱਛੇ ਨਹੀਂ ਹਟੇਗਾ ਤੇ ਸ਼ੇਰਾਂ ਵਾਂਗੂ ਗਰਜੇ ਗਾ।
ਪ੍ਰਸਿੱਧ ਇਤਿਹਾਸਕਾਰ ਗਾਰਡਨ ਨੇ ਵੀ ਲਿਖਿਆ ਹੈ ਕਿ ਇਸ ਸ਼ਹਾਦਤ ਨਾਲ ਤਿਖੀਆਂ ਸੂਲਾਂ ਬੀਜੀਆਂ ਗਈਆਂ ਜੋ ਛੇਤੀ ਹੀ ਖਾਲਸਾ ਰੂਪ ਵਿੱਚ ਵੱਡੀਆਂ ਹੋ ਪ੍ਰਗਟ ਹੋ ਆਈਆਂ।
ਪ੍ਰਸਿੱਧ ਇਤਿਹਾਸਕਾਰ ਟਾਨਿਬੀ ਲਿਖਦਾ ਹੈ ਕਿ ਇਸ ਤੋਂ ਉਚੇਰੀ ਸਚਾਈ (higher truth) ਕਿਹੜੀ ਹੋ ਸਕਦੀ ਹੈ ਦੂਜਿਆਂ ਲਈ ਜਿਨ੍ਹਾਂ ਦੇ ਅਕੀਦਿਆਂ ਤੇ ਯਕੀਨ ਤਕ ਨ ਹੋਵੇ ਕੁਰਬਾਨ ਹੋ ਜਾਣਾ ਤਾਂ ਕਿ ਕਿਸੇ ਦਾ ਜਬਰੀ ਹੱਕ ਨ ਖੋਹਿਆ ਜਾਵੇ।
ਅਨਿਲ ਚੰਦਰ ਬੈਨਰਜੀ ਨੇ ਅਪਣੀ ਪੁਸਤਕ The Sikh Gurus and the Sikh Religion (1983) ਦੇ ਪੰਨਾ੨੭੭ ਤੇ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਸ਼ਹਾਦਤ ਅਸਲ ਵਿੱਚ ਕੇਵਲ ਕਸ਼ਮੀਰੀਆਂ ਦੀ ਨਹੀਂ ਸਗੋਂ ਸਾਰੇ ਮਨੁੱਖਾਂ ਦੀ ਧਾਰਮਕ ਆਜ਼ਾਦੀ ਦੀ ਲੜਾਈ ਸੀ। ਗੁਰੂ ਜੀ ਚਾਹੁੰਦੇ ਸੀ ਕਿ ਹਰ ਮਨੁੱਖ ਭਾਵੇਂ ਉਹ ਕਿਸੇ ਧਰਮ ਨਾਲ ਸੰਬੰਧ ਰਖਦਾ ਹੋਵੇ ਅਪਣੇ ਧਰਮ ਅਨੁਸਾਰ ਆਪਣਾਂ ਜੀਵਨ ਬਿਤੀਤ ਕਰੇ।
ਹਰੀ ਰਾਮ ਗੁਪਤਾ ਆਪਣਿ ਪੁਸਤਕ੍ਹ istpry of the Sikhs Vol. 1 (੧੯੮੪) ਦੇ ਪੰਨਾ ੨੧੮ ਤੇ ਲਿਖਦਾ ਹੈ ਕਿ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਨੇ ਪੰਜਾਬ ਦੇ ਇਤਿਹਾਸ ਤੇ ਸਿੱਖਾਂ ਨੂੰ ਇੱਕ ਨਵੀਂ ਸੇਧ ਦਿਤੀ। Duncan Greenlees AwpxI pusqk The Gospel of the Guru Granth Sahib (1975) page PXCVi ਤੇ ਲਿਖਦਾ ਹੈ ਕਿ ਗੁਰੂ ਤੇਗ਼ ਬਹਾਦਰ ਦੇ ਬੇਰਹਿਮੀ ਨਾਲ ਕੀਤੇ ਕਤਲ ਨੇ ਔਰੰਗਜ਼ੇਬ ਨੂੰ ਇਤਣਾ ਪ੍ਰਭਾਵਤ ਕੀਤਾ ਕਿ ਉਹ ਜਲਦੀ ਪਛਤਾਉਣ ਲਗ ਪਿਆ ਅਤੇ ਉਹ ਹਮੇਸ਼ਾ ਲਈ ਆਪਣੇ ਮਨ ਦੀ ਸ਼ਾਂਤੀ ਗਵਾ ਬੈਠਾ। ਗੁਰੂ ਜੀ ਦੀ ਸ਼ਹਾਦਤ ਨੇ ਉੱਤਰੀ ਭਾਰਤ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਲ਼ਾਲਾ ਦੌਲਤ ਰਾਇ ਨੇ ਅਪਣੀ ਪੁਸਤਕ, ਸਾਹਿਬ-ਇ- ਕਮਾਲ, ਵਿੱਚ ਲਿਖਿਆ ਹੈ ਕਿ ਗੁਰੂ ਤੇਗ਼ ਬਗਾਦਰ ਨੇ ਉਲਟੀ ਗੰਗਾ ਵਹਾ ਦਿੱਤੀ ਜਦੋਂ ਆਪ ਚਲ ਕੇ ਸ਼ਹੀਦੀ ਦੇਣ ਚਲ ਪਏ। ਇਸ ਅਖਾਣ ਦੇ ਅਰਥ ਗੁਰੂ ਜੀ ਨੇ ਹੀ ਸਮਝਾਏ।
ਸੂਰਜ ਪ੍ਰਕਾਸ਼ ਦੇ ਕਰਤਾ ਨੇ ਵੀ ਲਿਖਿਆ ਹੈ ਕਿ ਗੁਰੂ ਜੀ ਨੇ ਕਿਹਾ ਸੀ ਕਿ ਅਸੀਂ ਆਪੂੰ ਆਪਣੀ ਮਰਜ਼ੀ ਨਾਲ ਇਹ ਸ਼ਹਾਦਤ ਸਵੀਕਾਰ ਕੀਤੀ ਹੈ:- ਕਾਰਾ ਗ੍ਰਿਹ ਆਪੇ ਹਮ ਲਹਯੋ।। ਭਾਈ ਨੰਦ ਲਾਲ ਜੀ ਨੇ ਫਾਰਸੀ ਬੋਲੀ ਵਿੱਚ ਲਿਖਿਆ ਹੈ ਕਿ ਸੱਚ ਦੀ ਕਿਰਨਾਂ ਨੌਵੇਂ ਪਾਤਸ਼ਾਹ ਦੇ ਪਵਿਤ੍ਰ ਵਜੂਦ ਸਦਕਾ ਸਨ (ਅਨਵਾਰਿ ਹੱਕ ਅਜ਼ ਵਜੂਦਿ ਪਾਕ ਰੋਸ਼ਨ ਅਸਤ)। ਇਸ ਤੋਂ ਉਚੇਰੀ ਸਚਾਈ ਕੀ ਹੋ ਸਕਦੀ ਹੈ ਕਿ ਗੁਰੂ ਜੀ ਉਸ ਧਰਮ ਦੀ ਰਖਿਆ ਲਈ ਸ਼ਹੀਦ ਹੋਏ ਜਿਸ ਵਿੱਚ ਉਨ੍ਹਾਂ ਦਾ ਵਿਸ਼ਵਾਸ ਹੀ ਨਹੀਂ ਸੀ। ਉਹ ਜੰਞੂ ਨਹੀਂ ਪਹਿਨਦੇ ਸਨ ਤੇ ਨਾ ਹੀ ਤਿਲਕ ਲਗਾਂਦੇ ਸਨ। ਉਹ ਹਿੰਦੂ ਰਹੁ ਰੀਤੀਆਂ ਨੂੰ ਨਹੀਂ ਮੰਨਦੇ ਸਨ। ਇਹ ਔਰੰਗਜ਼ੇਬ ਦੀ ਤੁਅਸਬੀ ਨੀਤੀ ਦਾ ਉੱਤਰ ਸੀ।
ਇਸੇ ਲਈ ਮੈਕਾਲਫ ਲਿਖਦਾ ਹੈ ਕਿ ਉਨ੍ਹਾਂ ਦੀ ਕੁਰਬਾਨੀ ਦੀ ਤੁਲਣਾ ਸੰਸਾਰ ਦੀ ਕਿਸੇ ਵੀ ਘਟਨਾ ਨਾਲ ਨਹੀਂ ਕੀਤੀ ਜਾ ਸਕਦੀ। ` ਇਹ ਸ਼ਹਾਦਤ ਆਪਣੇ ਆਪ ਵਿੱਚ ਇੱਕ ਅਨੋਖੀ, ਨਵੇਕਲੀ ਤੇ ਅਲੌਕਿਕ ਘਟਨਾ ਹੈ। ਇਹ ਸ਼ਹਾਦਤ ਨਿਜ ਲਈ ਜਾਂ ਆਪਣੇ ਅਨੁਆਈਆਂ ਲਈ ਨਹੀਂ ਸੀ ਸਗੋਂ ਹੋਰਨਾਂ ਲਈ ਸੀ। ਗੁਰੂ ਜੀ ਦੀ ਸ਼ਹਾਦਤ ਦੀ ਤੁਲਣਾ ਇੱਕ ਮਿਥਿਹਾਸਕ ਪੰਛੀ ਫੀਨਕਸ ਨਾਲ ਕੀਤੀ ਜਾ ਸਕਦੀ ਹੈ। ਇਸ ਪੰਛੀ ਦੇ ਅੱਗ ਵਿੱਚ ਸੜ ਮਰਨ ਉਪਰੰਤ ਅੱਗ ਵਿਚੋਂ ਇੱਕ ਅੰਡਾ ਨਿਕਲਦਾ ਹੈ। ਉਸ ਅੰਡੇ ਵਿਚੋਂ ਉਸੇ ਹੀ ਕਿਸਮ ਦਾ ਇੱਕ ਹੋਰ ਪੰਛੀ ਨਿਕਲ ਅਕਾਸ਼ ਵੱਲ ਉੱਡ ਜਾਂਦਾ ਹੈ। ਕਈਆਂ ਖਿਆਲ ਕੀਤਾ ਸੀ ਕਿ ਜ਼ੁਲਮ ਜਿੱਤ ਗਿਆ, ਪਰ ਦੇਖਦੇ ਹੀ ਦੇਖਦੇ ਗੁਰੂ ਰੂਪ ਖਾਲਸੇ ਨੇ ਜਨਮ ਲਿਆ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ।
ਗੁਰੂ ਜੀ ਨੇ ਖੁਸ਼ੀ ਖੁਸ਼ੀ ਧਰਮ ਵਾਸਤੇ ਕੁਰਬਾਨੀ ਦਿੱਤੀ ਪਰ ਕੋਈ ਕਰਾਮਾਤ ਨਹੀਂ ਦਿਖਾਈ। ਆਪ ਜੀ ਅਨੁਸਾਰ ਕਰਾਮਾਤਾਂ ਤੇ ਬੁਰੇ ਕੰਮ ਕਰਦਿਆ ਰੱਬ ਦੇ ਭਗਤਾਂ ਨੂੰ ਸ਼ਰਮ ਆਉਂਦੀ ਹੈ।
ਇਹ ਸ਼ਹਾਦਤ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ ਤੇ ਹੀ ਇੱਕ ਕਦਮ ਸੀ। ਆਪ ਉਸੇ ਚਿਰਾਗ਼ ਦੀ ਰੋਸ਼ਨੀ ਸਨ ਜਿਸ ਨੂੰ ਗੁਰੂ ਨਾਨਕ ਦੇਵ ਜੀ ਆਪਣੀ ਜੋਤ ਬਖਸ਼ ਗਏ ਸਨ। ਗੁਰੂ ਨਾਨਕ ਦਾ ਘਰ ਸੱਚ, ਅਣਖ ਤੇ ਆਜ਼ਾਦੀ ਦਾ ਰਾਖਾ ਰਿਹਾ ਹੈ। ਗੁਰੂ ਨਾਨਕ  ਜੀ ਨੇ ਵੀ ਤਾਂ ਬਾਬਰ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ ਤੇ ਉਸ ਦੀ ਫੌਜ ਨੂੰ ਪਾਪ ਦੀ ਜੰਞ ਕਿਹਾ ਸੀ:
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।। ਪੰਨ ੭੨੨
ਰਾਜੇ ਸੀਹ ਮੁਕਦਮ ਕੁਤੇ।। ਪੰਨਾ ੧੨੮੮
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।। ਪੰਨਾ ੧੪੫
ਗੁਰੂ ਤੇਗ਼ ਬਹਾਦਰ ਜੀ ਦੇ ਦਾਦੇ (ਗੁਰੂ ਅਰਜਨ ਜੀ) ਨੇ ਔਰੰਗਜ਼ੇਬ ਦੇ ਦਾਦੇ (ਜਹਾਂਗੀਰ) ਨਾਲ ਟੱਕਰ ਲਈ ਤਾਂ ਪੋਤੇ (ਗੁਰੂ ਤੇਗ਼ ਬਹਾਦਰ) ਨੇ ਪੋਤੇ (ਔਰੰਗਜ਼ੇਬ) ਨਾਲ ਲੋਹਾ ਲਿਆ।
ਗੁਰੂ ਜੀ ਨੇ ਕੁਰਬਾਨੀ ਦੇ ਕੇ ਹਿੰਦੁਸਤਾਨ ਦੀ ਇੱਜ਼ਤ ਬਚਾ ਲਈ। ਇਸੇ ਵਾਸਤੇ ਆਪ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ।
ਨਿਰਸੰਦੇਹ ਕਹਿ ਸਕਦੇ ਹਾਂ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਇੱਕ ਅਦੁੱਤੀ ਕੁਰਬਾਨੀ ਹੈ।
ਸਾਵਣ ਸਿੰਘ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.