ਕਿੱਥੇ ਉਹ ਤੇ ਕਿੱਥੇ ਇਹ
ਫੱਗਣ ਦੇ ਮਹੀਨੇ ਵਿੱਚ ਚਾਰ ਚੁਫੇਰੇ ਬਨਸਪਤੀ ਖਿੜੀ ਹੁੰਦੀ ਹੈ। ਨਵੀਆਂ ਕਰੂੰਬਲ਼ਾਂ, ਨਵੀਆਂ ਟਾਹਣੀਆਂ, ਨਵੇਂ ਪੱਤਿਆਂ ਨਾਲ ਹਰ ਪਾਸੇ ਕੁਦਰਤ ਖੁਸ਼ਹਾਲੀ ਦਾ ਨਜ਼ਾਰਾ ਪੇਸ਼ ਕਰਦੀ ਹੋਈ ਦਿਸਦੀ ਹੈ। ਜਿਸ ਤਰ੍ਹਾਂ ਬਸੰਤ ਰੁੱਤ ਵਿੱਚ ਸਾਰਾ ਵਾਤਾਵਰਨ ਖਿੜਿਆ ਹੁੰਦਾ ਹੈ ਏਸੇ ਤਰ੍ਹਾਂ ਉਹ ਮਨੁਖੀ ਹਿਰਦਾ ਵੀ ਰੱਬੀ ਰੰਗ ਵਿੱਚ ਰੰਗਿਆ ਜਾਂਦਾ ਹੈ ਜਿਹੜਾ ਗੁਰੂ ਦੀ ਮਤ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ-- ਕਬੀਰ ਸਾਹਿਬ ਜੀ ਫਰਮਾਉਂਦੇ ਹਨ—
ਮਉਲੀ ਧਰਤੀ ਮਉਲਿਆ ਅਕਾਸ।। ਘਟਿ ਘਟਿ ਮਉਲਿਆ ਆਤਮ ਪਰਗਾਸੁ।।ਰਾਗ ਬਸੰਤ ਬਾਣੀ ਕਬੀਰ ਜੀ ਕੀ ਪੰਨਾ ੧੧੯੩
ਰਾਗ ਸੂਹੀ ਵਿੱਚ ਗੁਰੂ ਅਗੰਦ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਬਸੰਤ ਰੁੱਤ ਵਾਂਗ ਉਹ ਹੀ ਹਿਰਦਾ ਖਿੜੇਗਾ ਜਿਸ ਹਿਰਦੇ ਵਿੱਚ ਗੁਣਾਂ ਪ੍ਰਭੂ ਆਪ ਬੈਠਾ ਹੋਵੇ—
ਨਾਨਕ ਤਿਨਾ ਬਸੰਤੁ ਹੈ ਜਿਨ ਘਰਿ ਵਸਿਆ ਕੰਤੁ।।
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸ ਫਿਰਹਿ ਜਲੰਤ।।ਰਾਗ ਸੂਹੀ ਮ: ੨ ਪੰਨਾ ੭੯੧
ਬਸੰਤ ਰੁੱਤ ਨਵਾਂ ਖੇੜਾ, ਨਵਾਂ ਜੋਸ਼ ਹਰ ਸਾਲ ਲੈ ਕੇ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੌਮ ਵਿੱਚ ਨਵਾਂ ਜੋਸ਼ ਭਰਨ ਲਈ ਸਦੀਆਂ ਤੋਂ ਚਲੀ ਆ ਰਹੀ ਹੌਲੀ ਦੀ ਰੀਤ ਨੂੰ ਨਿਕਾਰਦਿਆਂ ਹੋਇਆਂ ਹੌਲੇ ਮਹੱਲੇ ਦੇ ਰੂਪ ਵਿੱਚ ਪ੍ਰਗਟ ਕੀਤਾ। ਮਹਾਨ ਕੋਸ਼ ਵਿੱਚ ਹੋਲੇ ਮਹੱਲੇ ਦੇ ਅਰਥ ਇਸ ਤਰ੍ਹਾਂ ਆਏ ਹਨ—ਸੰਗਯਾ—ਹਮਲਾ ਅਤੇ ਜਾਯ ਹਮਲਾ, ਹੱਲਾ ਅਤੇ ਹੱਲੇ ਦੀ ਥਾਂ, ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤ੍ਰ ਅਤੇ ਯੁੱਧ ਵਿਦਿਆ ਵਿੱਚ ਨਿਪੁੰਨ ਕਰਨ ਲਈ ਚੇਤ ਬਦੀ ੧ ਸੰਮਤ ੧੭੫੭ ਨੂੰ ਮਸਨੂਈ ਜੰਗ ਦੇ ਅਭਿਆਸ ਦਾ ਦਿਨ ਠਹਿਰਾਇਆ ਤੇ ਇਹ ਰੀਤੀ ਚਲਾਈ ਸੀ।
ਇਸ ਦਿਨ ਇੱਕ ਥਾਂ ਹਮਲੇ ਲਈ ਨਿਯਤ ਕਰਕੇ ਦੋ ਦਲ਼ ਬਣਾਏ ਜਾਂਦੇ ਸਨ, ਜਿੰਨ੍ਹਾਂ ਦੇ ਸਰਦਾਰ ਚੁਣਵੇਂ ਸਿੰਘ ਹੋਇਆ ਕਰਦੇ, ਜੋ ਇੱਕ ਦਲ ਦਾ ਵਾਰ ਰੋਕ ਕੇ ਨੀਤੀ ਨਾਲ ਖ਼ਾਸ ਥਾਂ ਪੁਰ ਕਬਜ਼ਾ ਕਰ ਲੈਂਦਾ, ਉਹ ਜਿੱਤਿਆ ਸਮਝੀਦਾ ਸੀ।
ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤਬ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖਿਆ ਦੇਂਦੇ, ਅਰ ਜੋ ਦਲ਼ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰਪਾਂਉ ਬਖਸ਼ਦੇ ਸਨ। ਇੰਜ ਸਿੰਘਾਂ ਵਿੱਚ ਜੋਸ਼ ਭਰਨ ਅਤੇ ਜੰਗੀ ਅਭਿਆਸ ਲਈ ਇੱਕ ਤਿਆਰੀ ਕਰਾਈ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਦੇਖ ਲਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖਤਾ ਨੂੰ ਮਨੁੱਖਤਾ ਵਾਲਾ ਰਾਜ ਦੇਣ ਲਈ ਇੱਕ ਨੀਤੀ ਤਹਿਤ ਕੌਮ ਨੂੰ ਜੱਥੇਬੰਦ ਕਰਨਾ ਪੈਣਾ ਹੈ।
ਸਮੇਂ ਦੀ ਹਕੂਮਤ ਅਨੰਦਪੁਰ ਦੀਆਂ ਸਰਗਮੀਆਂ ਤੋਂ ਔਖ ਮਹਿਸੂਸ ਕਰ ਰਹੀ ਸੀ।
ਹਰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਨੀਤੀ ਹੁੰਦੀ ਹੈ ਕਿ ਸਾਡੇ ਮੁਕਾਬਲੇ ਦੀ ਕੋਈ ਹੋਰ ਦੂਜੀ ਰਾਜਸੀ ਧਿਰ ਨਹੀਂ ਹੋਣੀ ਚਾਹੀਦੀ। ਰਾਜ ਭਾਗ ਦਾ ਅਨੰਦ ਮਾਣ ਰਹੇ ਹਾਕਮ ਹਮੇਸ਼ਾਂ ਇਹ ਚਾਹੁੰਦੇ ਹਨ ਕਿ ਜਿਹੜਾ ਸਾਡੇ ਰਾਜ ਲਈ ਖਤਰਾ ਪੈਦਾ ਕਰਦਾ ਹੈ ਉਸ ਨੂੰ ਸਦਾ ਲਈ ਦਬਾ ਦੇਣ ਵਿੱਚ ਹੀ ਭਲਾ ਹੈ।
ਗੁਰੂ ਨਾਨਕ ਸਾਹਿਬ ਦੇ ਫਲਸਫੇ ਦੁਆਰਾ ਜਿੱਥੇ ਪੁਜਾਰੀ ਜਮਾਤ ਦੀਆਂ ਚੂਲ਼ਾਂ ਹਿੱਲ ਰਹੀਆਂ ਸਨ ਓੱਥੇ ਆਮ ਜਨਤਾ ਨੂੰ ਰਾਹਤ ਮਹਿਸੂਸ ਹੋਰ ਹੀ ਸੀ। ਗੁਰਬਾਣੀ ਦੇ ਅਧਾਰ ਸ਼ਿਲੇ ਨੂੰ ਇੱਕ ਵਾਕ ਵਿੱਚ ਦੱਸਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਸਮੁੱਚੀ ਮਾਨਵਤਾ ਦੇ ਭਲੇ ਲਈ ਇਹ ਪੈਗਾਮ ਰੱਖਿਆ—
ਸਰਬ ਧਰਮ ਮਹਿ ਸ੍ਰੇਸਟ ਧਰਮੁ।।
ਹਰਿ ਕੋ ਨਾਮੁ ਜਪਿ ਨਿਰਮਲ ਕਰਮ।।ਰਾਗ ਗਉੜੀ ਮਹਲਾ ੫ ਪੰਨਾ ੨੬੬
ਹੋਲਾ-ਮਹੱਲਾ ਹਰ ਸਾਲ ਮਾਨਵਤਾ ਨੂੰ ਸੁਨੇਹਾਂ ਦੇਣ ਲਈ ਆਉਂਦਾ ਹੈ ਪਰ ਸਾਡੇ ਰਾਜਨੀਤਿਕ ਲੋਕਾਂ ਨੇ ਹੋਲੇ ਮਹੱਲੇ ਦੀਆਂ ਰਵਾਇਤਾਂ ਨੂੰ ਪਵਿੱਤਰ ਨਹੀਂ ਰਹਿਣ ਦਿੱਤਾ। ਬਾਕੀ ਰਾਜਨੀਤਿਕ ਪਾਰਟੀਆਂ ਦੀ ਗੱਲ ਛੱਡ ਦਈਏ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਉਂਦੀ ਹੈ ਜੋ ਕਿ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੀ ਹੈ। ਇਸ ਧਿਰ ਨੇ ਗੁਰਬਾਣੀ ਦੇ ਫਲਸਫੇ ਨੂੰ ਦੁਨੀਆਂ ਤੀਕ ਪਹੁੰਚਾਉਣਾ ਸੀ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਿਆਂ ਹਿੱਤਾਂ ਦੀ ਪੂਰਤੀ ਲਈ ਅਕਾਲ ਤੱਖਤ ਦੇ ਨਾਂ ਨੂੰ ਵਰਤ ਕੇ ਆਪਣੇ ਸੌੜੇ ਹਿੱਤਾਂ ਦੀ ਰੱਖਿਆ ਹੀ ਕੀਤੀ ਹੈ।
ਸਿੱਖਾਂ ਦੀ ਦੂਜੀ ਧਿਰ ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਰਾਜਭਾਗ ਦਾ ਅਨੰਦ ਮਾਣ ਰਹੀ ਹੈ। ਇਸ ਨੂੰ ਪੰਥਕ ਸਰਕਾਰ ਵੀ ਕਿਹਾ ਜਾਂਦਾ ਹੈ। ਦਰ ਅਸਲ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਭਾਗ ਦੀ ਪ੍ਰਾਪਤੀ ਲਈ ਆਪਣੀ ਅਸਲੀ ਜ਼ਿੰਮੇਵਾਰੀ ਨੂੰ ਦਰ ਕਿਨਾਰ ਕਰਦਿਆਂ ਪੰਜਾਬੀ ਪਾਰਟੀ ਬਣਾ ਲਈ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਪੰਥਕ ਮੁਦਿਆਂ ਦੀ ਓਦੋਂ ਹੀ ਗੱਲ ਕਰਦਾ ਹੈ ਜਦੋਂ ਇਸ ਨੂੰ ਵੋਟਾਂ ਦੀ ਲੋੜ ਹੁੰਦੀ ਹੈ। ਪੰਥਕ ਮੁੱਦਿਆਂ ਨੂੰ ਉਠਾਇਆ ਤਾਂ ਜ਼ਰੂਰ ਜਾਂਦਾ ਹੈ ਪਰ ਸੁਹਿਰਦਤਾ ਕਿਤੇ ਵੀ ਨਜ਼ਰ ਨਹੀਂ ਆਉਂਦੀ।
ਹੋਲੇ ਮਹੱਲੇ ਤੇ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਨੂੰ ਝੂਠਾ ਸਾਬਤ ਕਰਕੇ ਤੇ ਆਪਣੇ ਆਪ ਨੂੰ ਸੱਚੇ ਹੋਣ ਦਾ ਢੰਢੋਰਾ ਪਿੱਟ ਕੇ ਤੁਰਦੀਆਂ ਬਣਦੀਆਂ ਹਨ। ਸਮੇਤ ਸ਼੍ਰੋਮਣੀ ਆਕਲੀ ਦਲ ਦੇ ਕਿਸੇ ਵੀ ਪਾਰਟੀ ਨੇ ਕਦੇ ਕੋਈ ਚੱਜ-ਅਚਾਰ ਦਾ ਪ੍ਰੋਗਰਾਮ ਨਹੀਂ ਦਿੱਤਾ। ਜੇ ਕੋਈ ਪ੍ਰੋਗਰਾਮ ਦਿੱਤਾ ਵੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਹਿੱਤਾਂ ਨੂੰ ਸਾਹਮਣੇ ਰੱਖਿਆ ਹੈ। ਵਿਰੋਧੀ ਧਿਰ ਦਾ ਇਖ਼ਲਾਕੀ ਫ਼ਰਜ਼ ਹੁੰਦਾ ਹੈ ਕਿ ਰਾਜ ਕਰਨ ਵਾਲੀ ਧਿਰ ਦੀਆਂ ਲੋਕ ਮਾਰੂ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਏ। ਪਰ ਵਿਰੋਧੀ ਧਿਰ ਨੇ ਵੀ ਆਪਣਾ ਬਣਦਾ ਫ਼ਰਜ਼ ਨਹੀਂ ਨਿਭਾਇਆ।
ਸ਼੍ਰੋਮਣੀ ਅਕਾਲੀ ਦਲ ਹਰ ਸਾਲ ਹੋਲੇ ਮਹੱਲੇ `ਤੇ ਆਪਣਾ ਰਾਜਸੀ ਇਕੱਠ ਕਰਦੀ ਹੈ। ਇਹਨਾਂ ਇਕੱਠਾਂ ਵਿੱਚ ਏਹੀ ਸਮਝਾਇਆ ਜਾਂਦਾ ਹੈ ਕਿ ਕੇਵਲ ਸਿੱਖਾਂ ਦੇ ਹਿਤੂ ਅਸੀਂ ਹੀ ਹਾਂ। ਇਹਨਾਂ ਦੀਆਂ ਤਕਰੀਰਾਂ ਸੁਣ ਕੇ ਨੌਜਵਾਨਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ। ਇਹਨਾਂ ਸ਼ਹੀਦੀਆਂ ਦਾ ਪੂਰਾ ਪੂਰਾ ਲਾਭ ਉਠਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਰਾਜ ਭਾਗ ਦੇ ਮਾਲਕ ਬਣੇ। ਪਿੱਛਲਿਆਂ ਦਸਾਂ ਸਾਲਾਂ ਵਿੱਚ ਹਾਕਮ ਪਾਰਟੀ ਨੇ ਸੂਬੇ ਦੇ ਹਿੱਤਾਂ ਦੀ ਗੱਲ ਕਰਨੀ ਤਾਂ ਇੱਕ ਪਾਸੇ ਰਹੀ ਪੰਥਕ ਮੁੱਦਿਆਂ ਨੂੰ ਭੁੱਲ ਜਾਣ ਵਿੱਚ ਹੀ ਆਪਣਾ ਭਲਾ ਸਮਝਿਆ ਹੈ। ਹਾਂ ਜਦੋਂ ਵੀ ਵੋਟਾਂ ਨੇੜੇ ਆਉਂਦੀਆਂ ਹਨ ਤਾਂ ਇੱਕ ਵਾਰ ਫਿਰ ਪੁਰਾਣਾ ਰਾਗ ਆਲਪਿਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ ਜਮਾਤ ਹੈ। ਇਹ ਪੱਤਾ ਸਾਡੇ ਸਿੱਖ ਲੀਡਰਾਂ ਵਾਸਤੇ ਸੰਜੀਵਨੀ ਬੂਟੀ ਦਾ ਕੰਮ ਕਰਦਾ ਹੈ। ਪੰਥਕ ਸਰਕਾਰ ਨੇ ਕੋਈ ਅਜੇਹਾ ਕੰਮ ਨਹੀਂ ਦਸ ਸਕਦੀ ਕਿ ਜਿਸ ਨਾਲ ਸਿੱਖ ਕੌਮ ਦੇ ਹਿੱਤਾਂ, ਜਾਂ ਸੁਬੇ ਦੇ ਹਿੱਤਾਂ ਕੋਈ ਪ੍ਰਾਪਤੀ ਦੀ ਗੱਲ ਕੀਤੀ ਹੋਵੇ। ਇਸ ਵਿੱਚ ਦੋ ਰਾਏ ਨਹੀਂ ਹਨ ਕਿ ਕੇਂਦਰ ਵਿੱਚ ਕਾਂਗਰਸ ਪਾਰਟੀ ਨੇ ਲੰਮੇਰਾ ਰਾਜ ਕੀਤਾ ਹੈ ਪਰ ਪੰਜਾਬ ਨਾਲ ਧੱਕੇ `ਤੇ ਧੱਕਾ ਵੀ ਏਸੇ ਸਰਕਾਰ ਨੇ ਕੀਤਾ ਹੈ। ਦੂਜੇ ਪਾਸੇ ਸਾਡੇ ਸਿੱਖ ਨੇਤਾਵਾਂ ਨੇ ਵੀ ਕੋਈ ਪਾਏਦਾਰ ਭੁਮਕਾ ਨਹੀਂ ਨਿਭਾਈ। ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਵੀ ਰਾਜ ਰਿਹਾ ਹੈ ਪਰ ਉਹਨਾਂ ਨੇ ਕਾਂਗਰਸ ਨਾਲੋਂ ਵੀ ਵੱਧ ਕੇ ਪੰਜਾਬ ਦੀ ਅਣਦੇਖੀ ਕੀਤੀ ਹੈ। ਸਾਡੇ ਅਕਾਲੀ ਦਲ ਦੇ ਨੇਤਾਵਾਂ ਨੇ ਆਪਣੇ ਵਪਾਰਕ ਹਿੱਤਾਂ ਨੂੰ ਮੁੱਖ ਰੱਖਦਿਆਂ ਸੂਬੇ ਦੇ ਹੱਕਾਂ ਲਈ ਕਦੇ ਅਵਾਜ਼ ਬੁਲੰਦ ਨਹੀਂ ਕੀਤੀ।
ਸ਼ਤਾਬਦੀਆਂ `ਤੇ ਭੀੜਾਂ ਇਕੱਠੀਆਂ ਕਰਨ ਦਾ ਮਕਸਦ ਕੋਈ ਉਸਾਰੂ ਗੱਲ ਕਰਨ ਲਈ ਨਹੀਂ ਹੁੰਦਾ ਸਗੋਂ ਇਹ ਦੇਖਣ ਲਈ ਹੁੰਦੀ ਹੈ ਕਿ ਇਸ ਵਾਰ ਗੋਲਕ ਵਿੱਚ ਕਿੰਨਾ ਵਾਧਾ ਹੋਇਆ ਹੈ। ਸਾਡੀ ਪੰਥਕ ਸਰਕਾਰ ਨੇ ਇਹ ਦੇਖ ਲਿਆ ਕਿ ਲੋਕਾਂ ਨੂੰ ਕਿਹੋ ਜੇਹੀ ਦਵਾਈ ਦਿੱਤੀ ਜਾਏ ਤਾਂ ਕਿ ਸਾਡਾ ਰਾਜ ਹੀ ਸਥਾਪਤ ਰਹੇ। ਜਿਸ ਤਰ੍ਹਾਂ ਹੋਲੇ ਮਹੱਲੇ ਤੇ ਇਕੱਠ ਹੁੰਦਾ ਹੈ ਏਸੇ ਤਰ੍ਹਾਂ ਲਗ-ਪਗ ਸਾਰੇ ਹੀ ਧਾਰਮਕ ਅਸਥਾਨਾਂ `ਤੇ ਇਹ ਜੋੜ ਮੇਲੇ ਭਰਦੇ ਰਹਿੰਦੇ ਹਨ।
ਇਹਨਾਂ ਜੋੜ ਮੇਲਿਆਂ `ਤੇ ਦੱਸਿਆ ਕੀ ਜਾਂਦਾ ਹੈ ਕਿ ਅਸੀਂ ਧਾਰਮਕ ਅਸਥਾਨਾਂ ਦੀ ਯਾਤਰਾ ਲਈ ਮੁਫਤ ਗੱਡੀਆਂ ਦਾ ਇੰਤਜ਼ਾਮ ਕਰ ਦਿੱਤਾ ਹੈ। ਕਣਕ, ਦਾਲ, ਘਿਓ, ਬੱਚੀਆਂ ਨੂੰ ਸਾਇਕਲ, ਕਿਸਾਨਾਂ ਨੂੰ ਬਿਜਲੀ ਫਰੀ, ਬਿਜਲੀ ਦੇ ਏਨੇ ਯੁਨਿਟ ਫਰੀ, ਪੰਜ ਪੰਜ ਮਰਲਿਆਂ ਦੇ ਪਲਾਟ, ਪੀਲ਼ੇ ਨੀਲੇ ਕਾਰਡ ਬਣਾਉਣੇ, ਸ਼ਗਨ ਸਕੀਮ ਤਹਿਤ ਨਗਦ ਪੈਸੇ ਤੇ ਪਤਾ ਨਹੀਂ ਹੋਰ ਕਿੰਨੀਆਂ ਸਕੀਮਾਂ ਦੱਸੀਆਂ ਜਾਂਦੀਆਂ ਹਨ ਜਿਹੜੀਆਂ ਲੋਕਾਂ ਨੂੰ ਫਰੀ ਦਿੱਤੀਆਂ ਜਾਣੀਆਂ।
ਪੰਥਕ ਸਰਕਾਰ ਦਸ ਸਾਲ ਰਾਜ ਭਾਗ ਦੀ ਮਾਲਕ ਰਹੀ ਹੈ। ਅਖਬਾਰੀ ਖਬਰਾਂ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਨਿੱਕੇ ਨਿੱਕੇ ਕਾਰਖਾਨੇ ਬੰਦ ਹੋ ਗਏ ਹਨ ਅਗਾਂਹ ਨਵੇਂ ਖੁਲ੍ਹੇ ਨਹੀਂ ਹਨ। ਮੁਫਤ ਦੀਆਂ ਸਹੂਲਤਾਂ ਮਨੁੱਖਤਾ ਨੂੰ ਮੁਫਤ ਖੋਰੇ ਹੀ ਬਣਾ ਦੇਂਦੀਆਂ ਹਨ। ਜਿਹੜੀਆਂ ਕੌਮਾਂ ਨੂੰ ਤਬਾਹ ਕਰਨਾ ਹੋਵੇ ਓੱਥੇ ਏਦਾਂ ਦੀਆਂ ਮੁਫਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਉਹ ਸਦਾ ਲਈ ਹਾਕਮਾਂ ਦੀਆਂ ਗੁਲਾਮ ਬਣ ਕੇ ਰਹਿ ਜਾਂਦੀਆਂ ਹਨ। ਇਹ ਸਾਰੀ ਪਰਕਿਰਿਆ ਏਦਾਂ ਦੀ ਹੈ ਜਿਸ ਤਰ੍ਹਾਂ ਕੁਕੜ ਦਾ ਮਾਲਕ ਆਪਣੇ ਕੁਕੜ ਦੇ ਸਾਰੇ ਖੰਭ ਖਿੱਚ ਲਏ ਤੇ ਕੁਕੜ ਦਰਦਾਂ ਨਾਲ ਤੜਫਦਾ ਹੋਵੇ ਪਰ ਮਾਲਕ ਆਪਣੇ ਕੁਕੜ ਨੂੰ ਦਾਣੇ ਪਾ ਦਏ ਤਾਂ ਕੁਕੜ ਮਾਲਕ ਦੇ ਪੈਰਾਂ ਵਿੱਚ ਬੈਠਾ ਬੈਠਾ ਦਾਣੇ ਖਾਣ ਲੱਗ ਪਏਗਾ ਕਦੇ ਆਪਣੇ ਮਾਲਕ ਦਾ ਵਿਰੋਧ ਨਹੀਂ ਕਰੇਗਾ। ਇੰਜ ਹੀ ਹਾਕਮ ਸ਼੍ਰੇਣੀ ਮੁਫਤ ਦਾ ਕੋਈ ਨਾ ਕੋਈ ਚੋਗਾ ਪਾਈ ਰੱਖਦੀ ਹੈ ਨਾਲ ਖੰਭ ਵੀ ਖੋਹੀ ਜਾ ਰਹੀ ਹੈ। ਅੰਦਰੋ ਅੰਦਰੀ ਸਾਰੇ ਦੁਖੀ ਹਨ ਪਰ ਮੁਫਤ ਦੀਆਂ ਸਹੂਲਤਾਂ ਵੀ ਲੈ ਰਹੇ ਹਨ। ਲੋਕਾਂ ਨੂੰ ਇਹ ਸਹੂਲਤਾਂ ਚੰਗੀਆਂ ਲਗਦੀਆਂ ਹਨ ਭਾਂਵੇ ਥੋੜ ਚਿਰ ਦੀਆਂ ਹੀ ਕਿਉਂ ਨਾ ਹੋਣ। ਮਨੁੱਖ ਦੀ ਇਹ ਮਾਨਸਕ ਕੰਮਜ਼ੋਰੀ ਹੈ ਕਿ ਮੁਫਤ ਵਿੱਚ ਜੋ ਆਉਂਦਾ ਹੈ ਆਉਣ ਦਿਓ ਭਾਂਵੇ ਬੇ ਇਨਸਾਫ਼ੀ ਬਦ ਇੰਤਜ਼ਾਮ ਕਿੰਨਾ ਵੀ ਕਿਉਂ ਨਾ ਹੋਵੇ ਪਰ ਲੋਕ ਬੋਲਣਗੇ ਨਹੀਂ ਕਿਉਂ ਮੁਫਤ ਦੀਆਂ ਸਹੂਲਤਾਂ ਲੈ ਰਹੇ ਹਨ।
ਅੱਜ ਪੰਜਾਬ ਸੰਕਟਮਈ ਸਥਿਤੀ ਵਿੱਚ ਵਿਚਰ ਰਿਹਾ ਹੈ। ਬਹੁਤ ਹੀ ਸੂਝ ਬੂਝ ਨਾਲ ਜਿੰਨੇ ਵੀ ਵਪਾਰਕ ਅਦਾਰੇ ਹਨ ਉਹ ਸਾਰਿਆਂ `ਤੇ ਆਜ਼ਾਰੇਦਾਰੀ ਸਰਾਕਰ ਨੇ ਆਪਣੇ ਪਰਵਾਰਾਂ ਦੀ ਕਰਾ ਦਿੱਤੀ ਹੈ। ਸਰਕਾਰ ਦੀ ਮੰਨਸ਼ਾ ਹੈ ਕਿ ਲੋਕਾਂ ਨੂੰ ਕੁੱਝ ਮੁਫਤ ਦੀਆਂ ਸਹੂਲਤਾਂ ਦੇ ਦਿਓ ਤੇ ਬਾਕੀ ਵਪਾਰਕ ਆਦਾਰਿਆਂ `ਤੇ ਕਬਜ਼ਾ ਕਰ ਲਓ ਲਾਹੇ ਵੰਦਾ ਧੰਦਾ ਹੈ। ਮੁਫਤ-ਖੋਰੀ ਦੀ ਅਵਸਥਾ ਬੇ-ਰੋਜ਼ਗਾਰੀ. ਭ੍ਰਿਸ਼ਟਚਾਰੀ, ਨਸ਼ਾ-ਖੋਰੀ, ਗਰੀਬੀ, ਬੇ ਇਨਸਾਫੀ, ਜੁਰਮਾਂ ਤੇ ਖੁਦ ਕੁਸ਼ੀਆਂ ਨੂੰ ਜਨਮ ਦੇਂਦੀ ਹੈ।
ਕੁਦਰਤੀ ਸਰੋਤਾਂ ਨੂੰ ਸਾਂਭਣਾ ਸੂਬਾ ਸਰਕਾਰ ਦਾ ਕੰਮ ਹੁੰਦਾ ਹੈ। ਅੱਜ ਕੁਦਰਤੀ ਸਰੋਤ ਪਾਣੀ ਨੂੰ ਬਚਾਉਣ ਦਾ ਬਹੁਤ ਵੱਡਾ ਹੇਤ ਜਗਾਇਆ ਜਾ ਰਿਹਾ ਹੈ ਪਰ ਕੋਣ ਨਹੀਂ ਜਾਣਦਾ ਕਿ ਅੱਜ ਦੇ ਹਾਕਮਾਂ ਨੇ ਆਪ ਪੈਸੇ ਲਏ ਤੇ ਦੁਜੇ ਹਾਕਮਾਂ ਨੇ ਓਸੇ ਨਹਿਰ ਦਾ ਟੱਕ ਲਗਾਇਆ ਪਰ ਦੋਸ਼ ਦੋਵੇਂ ਹੀ ਇੱਕ ਦੂਜੇ ਨੂੰ ਦੇ ਰਹੇ ਹਨ। ਜਨਤਾ ਦਾ ਹਾਲ ਹੈ ਕਿ ਇਹਨਾਂ ਦੇ ਚੁਟਕਲਿਆਂ ਨੂੰ ਬੜੀ ਉਤਸੁਕਤਾ ਨਾਲ ਸੁਣਨ ਲਈ ਹੁਮ- ਹਮਾ ਕੇ ਪਹੁੰਚਦੇ ਹਨ।
ਰੇਤ, ਜਲ, ਸਿੱਖਿਆ, ਖੇਤੀਬਾੜੀ, ਸਿਹਤ, ਆਵਾਜਾਈ, ਸੜਕੀ ਟੈਕਸ, ਗਊ ਕਰ ਤੇ ਹੋਰ ਪਤਾ ਨਹੀਂ ਕਿੰਨੇ ਅਜੇਹੇ ਮਹਿਕਮੇ ਹਨ ਜਿਹੜੇ ਪੂਰੇ ਬਦ-ਇਮਤਜ਼ਾਮ ਦਾ ਸ਼ਿਕਾਰ ਹੋ ਕੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ। ਗੁਲਾਬ ਦੇ ਫੁੱਲ ਨਾਲ ਪੰਜਾਬ ਦੀ ਤੁਲਣਾ ਕੀਤੀ ਜਾਂਦੀ ਸੀ ਪਰ ਅੱਜ ਜਿਸ ਮੁਕਾਮ ਤੇ ਪਹੁੰਚ ਚੁੱਕਾ ਹੈ ਉਹ ਬੁੱਧੀ ਜੀਵੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿੱਚ ਨਿਘਰਦੀ ਸਿੱਖਿਆ ਪ੍ਰਣਾਲ਼ੀ, ਸਿਹਤ ਸਹੂਲਤਾਂ ਦੀਆਂ ਕਮੀਆਂ, ਪ੍ਰਾਈ ਵੇਟ ਮਹਿੰਗੇ ਇਲਾਜ, ਧਰਤੀ ਦੇ ਪਾਣੀ ਦਾ ਡਿੱਗ ਚੁੱਕਾ ਪੱਧਰ, ਖਜ਼ਾਨੇ ਵਿੱਚ ਘਾਟਾ, ਕਰਜ਼ਿਆਂ ਦੀ ਪੰਡ ਦਾ ਵਾਧਾ ਹੋਣਾ, ਗੰਧਲ਼ਾ ਵਾਤਾਵਰਣ ਆਦ ਪੰਜਾਬ ਦੇ ਮੰਦਹਾਲੀ ਦੀ ਪੂਰੀ ਤਸਵੀਰ ਪੇਸ਼ ਕਰ ਰਹੇ ਹਨ।
ਹੋਲੇ ਮਹੱਲੇ ਤੇ ਬੜੀਆਂ ਜ਼ਜਬਾਤੀ ਤਕਰੀਰਾਂ ਹੋਣਗੀਆਂ। ਸੁਬੇ ਦੇ ਹਿੱਤ ਜਾਂ ਪੰਥਕ ਮੁਦਿਆਂ ਨੂੰ ਬੜੇ ਜ਼ੋਰ ਸ਼ੋਰ ਨਾਲ ਉਭਾਰਿਆ ਜਾਏਗਾ। ਜੈਕਾਰਿਆਂ ਦੀ ਗੂੰਜ ਵਿੱਚ ਇੱਕ ਦੁਜੇ ਨੂੰ ਸਿਰਪਾਉ ਦਿੱਤੇ ਜਾਣਗੇ। ਮੁਫਤ ਦੀਆਂ ਸਹੂਲਤਾਂ ਨੇ ਸੂਰਬੀਰ ਪੰਜਾਬੀਆਂ ਨੂੰ ਸ਼ੰਘਰਸ਼ ਹੀਣ ਚਿੰਤਨਹੀਣ ਤੇ ਵਿਹਲੜ ਕਿਸਮ ਦਾ ਸੁਭਾ ਬਣਾ ਦਿੱਤਾ ਗਿਆ ਹੈ। ਖਿਆਲ ਕਰੋ ਏਨੀਆਂ ਸਹੂਲਤਾਂ ਕਿੱਥੋਂ ਦਿੱਤੀਆਂ ਜਣਗੀਆਂ ਅਕਸਰ ਕਿਤੇ ਨਾ ਕਿਤੇ ਕੋਈ ਆਮਦਨ ਦਾ ਸਾਧਨ ਪੈਦਾ ਤਾਂ ਕਰਨਾ ਹੀ ਪਏਗਾ। ਮੁਫਤ ਦੀਆਂ ਸਹੂਲਤਾਂ ਦੇਣ ਲਈ ਲੋਕਾਂ ਤੇ ਹੋਰ ਟੈਕਸ ਲਗਾ ਕੇ ਜਾਂ ਸਰਕਾਰੀ ਜ਼ਮੀਨਾਂ ਵੇਚ ਕੇ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।
ਸਰਕਾਰ ਨਾਲ ਆਢਾ ਲੈਣ ਲਈ ਬਹੁਤ ਸਾਰੀਆਂ ਜੱਥੇਬੰਦੀਆਂ ਹਨ। ਜਿਸ ਤਰ੍ਹਾਂ ਵਪਾਰੀਆਂ, ਕਿਰਤੀਆਂ, ਕਿਸਾਨਾਂ, ਅਧਿਆਪਕਾਂ, ਵਿਦਿਆਰਥੀਆਂ, ਔਰਤਾਂ ਦਲਤਾਂ, ਮੁਲਾਜ਼ਮਾਂ ਦੀਆਂ ਅਨੇਕਾਂ ਜੱਥੇਬੰਦੀਆਂ ਹਨ। ਏਸੇ ਤਰ੍ਹਾਂ ਸਿੱਖ ਮੁਦਿਆਂ ਦੀਆਂ ਗੱਲਾਂ ਕਰਨ ਵਾਲੀਆਂ ਵੀ ਬਹੁਤ ਸਾਰੀਆਂ ਜੱਥੇਬੰਦੀਆਂ ਹਨ। ਇਹ ਸਾਰੀ ਇਕਵੱਢਿਓਂ ਸੂਬੇ ਜਾਂ ਪੰਥ ਦੇ ਹਿੱਤਾਂ ਦੀ ਗੱਲ ਨਹੀਂ ਕਰਦੀਆਂ ਸਗੋਂ ਇਹਨਾਂ ਸਾਰਿਆਂ ਦੀਆਂ ਆਪਣੀਆਂ ਗਰਜ਼ਾਂ ਹਨ ਜਾਂ ਇਹ ਕੇਵਲ ਆਪਣੇ ਹਿੱਤ ਹੀ ਪੂਰਦੀਆਂ ਹਨ। ਇਹਨਾਂ ਵਿੱਚ ਉਹ ਜੱਥੇਬੰਦੀਆਂ ਵੀ ਹੈਣ ਜਿਹੜੀਆਂ ਹਾਕਮਾਂ ਨੂੰ ਔਖੇ ਸਮੇਂ ਤੇ ਜੀਵਨ ਦਾਨ ਕਰਦੀਆਂ ਦਿਖਾਈ ਦੇਂਦੀਆਂ ਹਨ।
ਇਹ ਇੱਕ ਸਾਂਝਾ ਜੇਹਾ ਦਰਦ ਹੈ ਜਿਹੜਾ ਅੱਧ-ਪਚੱਧ ਦੱਸਣ ਦਾ ਯਤਨ ਕੀਤਾ ਹੈ।
ਕਰਨਾ ਕੀ ਹੈ।
ਰਾਜਨੀਤੀ ਵਿੱਚ ਕਦੇ ਵੀ ਪੱਕਾ ਕੋਈ ਦੁਸ਼ਮਣ ਤੇ ਮਿੱਤਰ ਨਹੀਂ ਹੈ। ਦੂਰ ਅੰਦੇਸ਼ੀ ਆਗੂ ਆਪਣੀ ਕੌਮ ਲਈ ਭਵਿੱਖਤ ਦੀਆਂ ਨੀਤੀਆਂ ਬਣਾਉਂਦੇ ਹਨ। ਨੀਤੀ ਅਨੁਸਾਰ ਕੌਮ ਲਈ ਹਮੇਸ਼ਾਂ ਲਾਭਦਾਇਕ ਫੈਸਲੇ ਲੈਂਦੇ ਹਨ। ਅੱਜ ਦੀ ਸਿੱਖ ਰਾਜਨੀਤੀ ਵਿੱਚ ਬਹੁਤ ਵੱਡੀ ਘਾਟ ਨਜ਼ਰ ਆ ਰਹੀ ਹੈ ਕਿ ਇਹਨਾਂ ਨੇ ਕੇਵਲ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਪੰਥਕ ਹਿੱਤਾਂ ਨੂੰ ਪੂਰੀ ਤਰ੍ਹਾਂ ਦਾਅ ਤੇ ਲਗਾ ਆਪਣੇ ਲਈ ਲਾਭ ਪ੍ਰਾਪਤ ਕੀਤੇ ਹਨ।
ਅਮਰੀਕਾ ਨੇ ਹੀਰੋਸ਼ੀਮਾ ਤੇ ਨਾਗਾਸਾਕੀ `ਤੇ ਦੋ ਐਟਮ ਬੰਬ ਮਾਰ ਕੇ ਜਪਾਨ ਨੂੰ ਤਬਾਹੀ ਦੇ ਕੰਢੇ `ਤੇ ਖੜਾ ਕਰ ਦਿੱਤਾ ਸੀ। ਜਪਾਨੀਆਂ ਦੇ ਰਾਜਨੀਤਿਕ ਆਗੂਆਂ ਨੇ ਇਹ ਸਮਝ ਲਿਆ ਸੀ ਕਿ ਜੇ ਅਸੀਂ ਆਪਣੇ ਮੁਲਕ ਦਾ ਵਿਕਾਸ ਕਰਨਾ ਹੈ ਤਾਂ ਸਾਨੂੰ ਅਮਰੀਕਾ ਵਰਗੇ ਮੁਲਕ ਦਾ ਸਹਿਯੋਗ ਹਾਸਲ ਕਰਨਾ ਹੋਵੇਗਾ। ਯਹੂਦੀਆਂ ਨੂੰ ਹਿਟਲਰ ਨੇ ਲੱਖਾਂ ਦੀ ਗਿਣਤੀ ਵਿੱਚ ਮੌਤ ਦੇ ਘਾਟ ਉਤਾਰਿਆ ਸੀ ਪਰ ਯਹੂਦੀਆਂ ਨੇ ਨੀਤੀ ਨਾਲ ਆਪਣਾ ਮੁਲਕ ਸਥਾਪਤ ਕਰ ਲਿਆ। ਗੁਰੂ ਹਰਿ ਗੋਬਿੰਦ ਸਾਹਿਬ ਜੀ ਸਾਹ ਜਹਾਨ ਨਾਲ ਸ਼ਿਕਾਰ ਵੀ ਇਕੱਠਿਆਂ ਖੇਡਿਆ। ਸਾਰਦਾਰ ਬਘੇਲ ਸਿੰਘ ਨੇ ਦਿੱਲੀ ਨੂੰ ਜਿੱਤੇ ਮੁੜ ਵਾਪਸ ਕਰ ਦਿੱਤੀ। ਸਮੇਂ ਦੀ ਨੀਤੀ ਨੂੰ ਮੁੱਖ ਰੱਖ ਦਿਆ ਸਾਡਿਆਂ ਪੁਰਖਿਆਂ ਨੇ ਨਵਾਬੀਆਂ ਪਰਵਾਨ ਕੀਤੀਆਂ ਤੇ ਲੋੜ ਪੇਣ `ਤੇ ਉਹ ਨਵਾਬੀਆਂ ਵਾਪਸ ਵੀ ਕੀਤੀਆਂ। ਅੱਜ ਦੀ ਸਿੱਖ ਰਾਜਨੀਤੀ ਕੇਵਲ ਗੁਦੁਆਰਿਆਂ ਦੀ ਪ੍ਰਧਾਨਗੀ ਲਈ ਹੀ ਡਾਂਗ ਸੋਟਾ ਖੜਕਾ ਰਹੀ ਹੈ। ਅੱਜ ਸਿੱਖ ਨੇਤਾਵਾਂ ਦੀ ਭਰਮਾਰ ਤਾਂ ਬਹੁਤ ਹੈ ਪਰ ਨੀਤੀਵਾਨ ਕੋਈ ਵੀ ਨੇਤਾ ਨਜ਼ਰ ਨਹੀਂ ਆ ਰਿਹਾ। ਹਾਂ ਅੱਜ ਦੇ ਨੇਤਾਵਾਂ ਦੀ ਨੀਤੀ ਆਪਣੇ ਪਰਵਾਰਾਂ ਤੀਕ ਹੀ ਸੀਮਤ ਹੋ ਕੇ ਰਹਿ ਗਈ ਹੈ।
੧ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨੌਜਵਾਨ ਨੂੰ ਰੋਜ਼ਗਾਰ ਦੇਣ ਦੀ ਹੈ ਜਿਹੜੀ ਕਿ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਈ ਹੈ।
੨ ਨਸ਼ਿਆਂ ਦੀ ਝੁੱਲੀ ਹਨ੍ਹੇਰੀ ਜਿਹੜੀ ਮੌਜੂਦਾ ਹਾਕਮਾ ਦੇ ਖਾਤੇ ਵਿੱਚ ਪੈਂਦੀ ਹੈ ਉਸ ਨੂੰ ਠੱਲ ਪਾਈ ਜਾਏ।
੩ ਮੁਫਤ ਸਹੂਲਤਾਂ ਦੇਣ ਦੀ ਬਜਾਏ ਰੋਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਜਾਏ।
੪ ਪਿੰਡਾਂ ਵਿੱਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜੳਣਾ ਚਾਹੀਦਾ ਹੈ।
ਜਦੋਂ ਅਸੀਂ ਪਿੱਛਲੇਰੇ ਇਤਿਹਾਸ ਨੂੰ ਦੇਖਦੇ ਹਾਂ ਤਾਂ ੫ ਫਰਵਰੀ ੧੭੬੨ ਨੂੰ ੩੦੦੦੦ ਦੇ ਕਰੀਬ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। ੨੧ ਫਰਵਰੀ ੧੯੨੧ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ੧੫੦ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਗੁਰਦੁਆਰੇ ਆਜ਼ਾਦ ਕਰਾਏ। ਇਹਨਾਂ ਮਰਜੀਵੜਿਆਂ ਨੇ ਸਿੱਖ ਸਿਧਾਂਤ ਨੂੰ ਕਾਇਮ ਰੱਖਿਆ ਪਰ ਆਪਣੇ ਸਿਧਾਂਤ ਨੂੰ ਨਹੀਂ ਛੱਡਿਆ। ਬਾਬਾ ਬੰਦਾ ਸਿੰਘ ਜੀ ਬਹਾਦਰ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ, ਸਰਦਾਰ ਹਰੀ ਸਿੰਘ ਨਲ੍ਹਵਾ, ਅਕਾਲੀ ਫੂਲਾ ਸਿੰਘ ਵਰਗੇ ਮਹਾਨ ਸੂਰਬੀਰ ਯੋਧੇ ਹੋਏ ਹਨ ਜਿੰਨ੍ਹਾ ਨੇ ਸ਼ਹੀਦੀਆਂ ਦੇ ਕੇ ਇਤਿਹਾਸ ਨੂੰ ਲਿਖਿਆ ਹੈ।
ਅਜੋਕੀ ਅਕਾਲੀ ਲੀਡਰਸ਼ਿੱਪ ਦੇ ਕੰਮਾਂ ਨੂੰ ਦੇਖ ਕੇ ਹਰ ਸਿੱਖ ਦਰਦ ਮਹਿਸੂਸ ਕਰਦਾ ਹੈ ਕਿ ਕਿੱਥੇ ਉਹ ਸਿੱਖ ਤੇ ਕਿੱਥੇ ਇਹ ਸਿੱਖ।
ਅਫ਼ਗਾਨ ਮਾਏਂ ਬੱਚੋਂ ਕੋ ਸੁਲਾਤੀ ਹੈ,
ਯਾ ਰੋਨੇ ਧੋਨੇ ਸੇ, ਉਨਹੇਂ ਵੁਹ ਚੁੱਪ ਕਰਾਤੀ ਹੈ।
ਤੋ ਕਹਿਤੀ ਹੈ--
ਬੱਚਾ ਖ਼ਾਮੋਸ਼ ਸੌਂ, ਕਿ ਹਰੀਆ ਬਿਆਮਦਾ,
ਬੱਚਾ ਖ਼ਾਮੋਸ਼ ਬਾਸ਼, ਕਿ ਨਲੂਆ ਬਿਆਮਦਾ।
ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਪ੍ਰਿੰ: ਗੁਰਬਚਨ ਸਿੰਘ ਪੰਨਵਾਂ
ਕਿੱਥੇ ਉਹ ਤੇ ਕਿੱਥੇ ਇਹ
Page Visitors: 2542