ਸੰਵਿਧਾਨਿਕ ਸੋਧ ਨਾਲ ਚੀਨ ‘ਚ ਤਾਕਤਵਰ ਏਕਾਧਿਕਾਰਵਾਦੀ ਯੁੱਗ ਦੀ ਸ਼ੁਰੂਆਤ
ਇੱਕੀਵੀਂ ਸਦੀ ਦੇ ਇਸ ਦੌਰ ਵਿਚ ਗਲੋਬਲ ਪੱਧਰ 'ਤੇ ਭੂਗੋਲਿਕ, ਰਾਜਨੀਤਕ, ਆਰਥਿਕ ਅਤੇ ਯੁੱਧਨੀਤਕ ਪਰਿਖੇਪ ਵਿਚ ਬੜੀ ਤੇਜ਼ੀ ਨਾਲ ਭਾਰੀ ਤਬਦੀਲੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ। ਦੂਸਰੇ ਵਿਸ਼ਵ ਯੁੱਧ ਬਾਅਦ ਉੱਭਰੀ ਮਹਾਂ ਸ਼ਕਤੀ ਅਮਰੀਕਾ ਅਤੇ ਸੋਵੀਅਤ ਰੂਸ ਦਰਮਿਆਨ ਠੰਡੀ ਜੰਗ ਦੇ ਬਾਵਜੂਦ ਅਮਰੀਕਾ ਨੇ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਅਤੇ ਦੇਸ਼ਾਂ ਅੰਦਰ ਮਾਰੂ ਉੱਥਲ-ਪੁੱਥਲ ਜਾਰੀ ਰਖੀ। ਸੋਵੀਅਤ ਰੂਸ ਦੀ ਅੰਦਰੂਨੀ ਰਾਜਨੀਤੀ ਭਾਵੇਂ ਏਕਾਧਿਕਾਰਵਾਦੀ ਅਤੇ ਟਕਰਾਅਵਾਦੀ ਰਹੀ ਹੋਵੇ ਪਰ ਉਸ ਨੇ ਇਸ ਵਿਸ਼ਵ ਦੇ 67 ਰਾਜਾਂ ਨੂੰ ਅਜ਼ਾਦੀ ਪ੍ਰਾਪਤ ਕਰਨ ਅਤੇ ਤਰੱਕੀ ਦੀ ਰਾਹ 'ਤੇ ਤੋਰਨ ਵਿਚ ਅਹਿਮ ਭੁਮਿਕਾ ਨਿਭਾਈ। ਵੀਹਵੀਂ ਸਦੀ ਦੇ 90ਵੇਂ ਦਹਾਕੇ ਦੀ ਸ਼ੁਰੂਆਤ ਵਿਚ ਉਸ ਦੇ ਪਤਨ ਬਾਅਦ ਅਮਰੀਕੀ ਸੁਪਰ-ਸ਼ਕਤੀ ਦਾ ਏਕਾਧਿਕਾਰ ਸਾਰੇ ਵਿਸ਼ਵ ਵਿਚ ਫੈਲਿਆ ਨਜ਼ਰ ਆਇਆ। ਤਾਲਿਬਾਨੀ ਅਫਗਾਨਿਸਤਾਨ, ਸਦਾਮ ਹੁਸੈਨੀ ਇਰਾਕ 'ਤੇ ਇਸਦੇ ਸਿੱਧੇ ਫੌਜੀ ਹਮਲਿਆਂ, ਕਰਨਲ ਗਦਾਫ਼ੀ ਦੇ ਲਿਬਿਆ ਤੇ ਲੁੱਕਵੇਂ, ਆਈ.ਐੱਸ.ਆਈ.ਐਸ. ਵਿਰੁੱਧ ਕਾਰਵਾਈ ਦੇ ਇਲਾਵਾ ਵਿਸ਼ਵ ਦੇ ਕਈ ਦੇਸ਼² ਅੰਦਰ ਦਖ਼ਲ ਅੰਦਾਜ਼ੀ ਇਸ ਦੀਆਂ ਮਿਸਾਲਾਂ ਹਨ। ਯੂ.ਐੱਨ.ਸੰਸਥਾ ਨੂੰ ਕਮਜ਼ੋਰ ਅਤੇ ਹਾਸੋ ਹੀਣੀ ਬਣਾਉਣ ਵਿਚ ਇਸਦਾ ਵੱਡਾ ਰੋਲ ਰਿਹਾ ਹੈ।
ਇਸ ਸਮੇਂ ਦੌਰਾਨ ਆਪਣੇ ਵੱਖ-ਵੱਖ ਆਗੂਆਂ ਦੀ ਅਗਵਾਈ ਵਿਚ ਚੀਨ ਲਾਮਿਸਾਲ ਤਰੱਕੀ ਕਰਦਾ ਇਕ ਨਵੀਂ ਵਿਸ਼ਵ ਮਹਾਂਸ਼ਕਤੀ ਵਜੋਂ ਉੱਭਰਦਾ ਨਜ਼ਰ ਆਇਆ। ਅਜ ਹਾਲਤ ਇਹ ਹੈ ਕਿ ਚੀਨ ਤੇਜ਼ੀ ਨਾਲ ਗਲੋਬਲ ਪੱਧਰ 'ਤੇ ਅਮਰੀਕਾ ਦੀ ਥਾਂ ਏਕਾਧਿਕਾਰਵਾਦੀ ਮਹਾਂਸ਼ਕਤੀ ਵਜੋਂ ਸਥਾਪਿਤ ਹੋ ਰਿਹਾ ਹੈ ਜਦ ਕਿ ਅਮਰੀਕੀ ਮਹਾਂਸ਼ਕਤੀ ਪਤਨ ਦੇ ਦੌਰ ਵਿਚੋਂ ਗੁਜ਼ਰ ਰਹੀ ਨਜ਼ਰ ਆ ਰਹੀ ਹੈ। ਕੀ ਚੀਨ ਭਵਿੱਖ ਵਿਚ ਅਮਰੀਕਾ ਵਾਂਗ ਵੱਖ-ਵੱਖ ਖਿੱਤਿਆਂ ਅਤੇ ਦੇਸ਼ਾਂ ਵਿਚ ਉਥਲ-ਪੁਥਲ ਮਚਾਏਗਾ ਜਾਂ ਸਭ ਨਾਲ ਸੋਵੀਅਤ ਰੂਸ ਵਾਂਗ ਮਿਲ ਕੇ ਚਲੇਗਾ ਇਹ ਤਾਂ ਸਮਾਂ ਦਸੇਗਾ? ਠੰਡੀ ਜੰਗ ਕਰਕੇ ਸੋਵੀਅਤ ਰੂਸ ਦਾ ਸਰਮਾਏਦਾਰ ਦੇਸ਼ਾਂ ਨਾਲ ਸਮੇਤ ਅਮਰੀਕਾ ਦੇ ਟਕਰਾਅ ਕਾਇਮ ਰਿਹਾ ਸੀ, ਚੀਨ ਦੀ ਉਨ•ਾਂ ਪ੍ਰਤੀ ਨੀਤੀ ਕੀ ਹੋਵੇਗੀ, ਇਹ ਵੀ ਭਵਿੱਖ ਹੀ ਦੱਸੇਗਾ।
17 ਮਾਰਚ, 2018 ਨੂੰ ਚੀਨੀ ਸੰਵਿਧਾਨ 1982 ਵਿਚ ਨਵੀਂ ਸੋਧ ਬਾਅਦ ਆਪਣੇ ਹਰਮਨ ਪਿਆਰੇ ਆਗੂ ਸ਼ੀ ਜਿੰਨ ਪਿੰਗ ਨੂੰ ਦੂਸਰੀ ਵਾਰ ਚੀਨੀ ਪਾਰਲੀਮੈਂਟ ਨੇ ਆਪਣਾ ਪ੍ਰਧਾਨ ਚੁਣ ਲਿਆ। ਇਸ ਤੋਂ ਪਹਿਲਾਂ 2980 ਮੈਂਬਰੀ ਨੈਸ਼ਨਲ ਪੀਪਲਜ਼ ਕਾਂਗਰਸ ਨੇ ਇਕ ਸੰਵਿਧਾਨਿਕ ਸੋਧ ਤੇ ਆਪਣੀ ਮੁਹਰ ਲਗਾ ਕੇ ਸ਼ੀ ਜਿੰਨ ਪਿੰਗ ਨੂੰ ਪੂਰੇ ਜੀਵਨ ਕਾਲ ਲਈ ਪ੍ਰਧਾਨ ਬਣੇ ਰਹਿਣ ਦਾ ਰਸਤਾ ਸਾਫ਼ ਕਰ ਦਿਤਾ। ਸੰਵਿਧਾਨ ਅਨੁਸਾਰ ਇਸ ਪਦ 'ਤੇ ਕਿਸੇ ਵੀ ਆਗੂ ਵਲੋਂ ਸਿਰਫ ਦੋ ਵਾਰ ਪ੍ਰਧਾਨ ਬਣ ਸਕਣ ਦੀ ਧਾਰਾ ਸਮਾਪਿਤ ਕਰ ਦਿਤੀ।
ਚੀਨ ਵਿਚ ਸੰਨ 1949 ਵਿਚ ਇਨਕਲਾਬ ਲਿਆਉਣ ਵਾਲੇ ਚੇਅਰਮੈਨ ਮਾਊ ਜੇ ਤੁੰਗ ਸੰਨ1976 ਨੂੰ ਆਪਣੀ ਮੌਤ ਤਕ ਪ੍ਰਧਾਨ ਬਣੇ ਰਹੇ। ਹੁਣ ਸ਼ੀ ਜਿੰਨ ਪਿੰਗ ਦੂਸਰੇ ਐਸੇ ਆਗੂ ਹੋਣਗੇ ਜੋ ਆਪਣੀ ਸਾਰੀ ਉਮਰ ਪ੍ਰਧਾਨਗੀ ਪਦ 'ਤੇ ਬਣੇ ਰਹਿ ਸਕਣਗੇ।
ਇਸ ਦੇ ਨਾਲ ਹੀ ਸ਼ੀ ਨੂੰ ਚੀਨ ਦਾ ਏਕਾਧਿਕਾਰਵਾਦੀ ਤਾਕਤਵਰ ਆਗੂ ਸਥਾਪਿਤ ਕਰਦੇ ਕੇਂਦਰੀ ਮਿਲਟਰੀ ਕਮਿਸ਼ਨ ਦਾ ਮੁਖੀ ਚੁਣਿਆ ਗਿਆ ਹੈ ਜੋ 20 ਲੱਖ ਤਾਕਤਵਰ ਚੀਨੀ ਫ਼ੌਜ ਦਾ ਕਮਾਂਡਰ ਇਨ ਚੀਫ ਹੋਵੇਗਾ। ਪਿਛਲੇ ਸਾਲ 17 ਅਕਤੂਬਰ, 2017 ਨੂੰ 90 ਮਿਲੀਅਨ ਮੈਂਬਰਸ਼ਿਪ ਵਾਲੀ ਤਾਕਤਵਰ ਕਮਿਊਨਿਸਟ ਪਾਰਟੀ ਦੇ ਨੁਮਾਇੰਦਿਆਂ ਨੇ ਉਸ ਨੂੰ ਪੰਜ ਸਾਲ ਲਈ ਜਨਰਲ ਸਕੱਤਰ ਚੁਣਿਆ ਸੀ।
ਇਵੇਂ ਪਾਰਟੀ ਜਨਰਲ ਸਕੱਤਰ, ਦੇਸ਼ ਦਾ ਪ੍ਰਧਾਨ, ਕੇਂਦਰੀ ਮਿਲਟਰੀ ਕਮਿਸ਼ਨ ਦਾ ਮੁਖੀ ਹੋਣ ਕਰਕੇ ਸ਼ੀ ਚੀਨ ਦਾ ਸਭ ਤੋਂ ਤਾਕਤਵਰ, ਏਕਾਧਿਕਾਰਵਾਦੀ ਅਤੇ ਚੁਣੌਤੀ ਰਹਿਤ ਮਹਾਨ ਆਗੂ ਬਣ ਗਿਆ ਹੈ ਜਿਸ ਨੂੰ ਜਿਵੇਂ ਭਾਰਤ ਅੰਦਰ ਪਿਆਰ ਨਾਲ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਨੂੰ 'ਚਾਚਾ ਨਹਿਰੂ' ਕਹਿੰਦੇ ਸਨ, ਚੀਨ ਅੰਦਰ ਲੋਕ 'ਪਾਪਾ ਸ਼ੀ' ਕਹਿ ਕੇ ਬੁਲਾਉਂਦੇ ਹਨ।
15 ਜੂਨ, ਸੰਨ 1953 ਵਿਚ ਜਨਮੇਂ ਸ਼ੀ ਨੂੰ ਇਸ ਮੁਕਾਮ 'ਤੇ ਪੁੱਜਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਉਸ ਦਾ ਪਿਤਾ ਮਾਉ ਜੇ ਤੁੰਗ ਦੀ ਇਨਕਲਾਬੀ ਸੈਨਾ ਵਿਚ ਇਨਕਲਾਬ ਲਈ ਲੜਿਆ। ਪਾਰਟੀ ਸ਼ੁੱਧੀ ਅਭਿਯਾਨ ਵਿਚ ਜੇਲ• ਸੁੱਟਿਆ ਗਿਆ। ਸ਼ੀ ਨੇ ਕੈਮੀਕਲ ਇੰਜੀਨੀਅਰਿੰਗ ਕੀਤੀ। ਸੰਨ 1974 ਵਿਚ ਪਾਰਟੀ ਦੀ ਮੈਂਬਰਸ਼ਿਪ ਲਈ ਅਤੇ ਫਿਰ ਪਿੱਛੇ ਮੁੜ• ਕੇ ਨਹੀਂ ਵੇਖਿਆ।
ਪਾਰਟੀ 'ਤੇ ਆਪਣਾ ਪੂਰਾ ਪ੍ਰਭਾਵ ਬਣਾਉਣ ਅਤੇ ਪੂਰੇ ਜੀਵਨ ਲਈ ਪਾਰਟੀ ਅਤੇ ਦੇਸ਼ ਦੀ ਅਗਵਾਈ ਦਾ ਸਥਾਨ ਪ੍ਰਾਪਤ ਕਰਨ ਲਈ ਯੁੱਧਨੀਤਕ ਰਣਨੀਤੀ ਨੂੰ ਸਖਤ ਮਿਹਨਤ ਅਤੇ ਵਿਸ਼ਵਾਸ ਨਾਲ ਕੰਮ ਕੀਤਾ। ਵਿਰੋਧੀਆਂ, ਭ੍ਰਿਸ਼ਟਾਚਾਰੀਆਂ ਅਤੇ ਦੁਰਾਚਾਰੀ ਜੁੰਡਲੀਆਂ ਵਿਰੁੱਧ ਸਖ਼ਤ ਦੋ ਧਾਰੀ ਮੁਹਿੰਮ ਚਲਾਈ। ਇਕ ਪਾਸੇ ਭ੍ਰਿਸ਼ਟਾਚਾਰੀ ਆਗੂਆਂ ਨੂੰ ਮਾਰ ਮੁਕਾਇਆ ਜਾਂ ਜੇਲ•ੀਂ ਸੁੱਟਿਆ ਜਾਂ ਪਾਰਟੀ ਅਤੇ ਸ਼ਾਸਨ ਤੋਂ ਲਾਂਭੇ ਕਰ ਦਿਤਾ। ਦੂਸਰੇ ਪਾਸੇ ਅਨੁਸਾਸ਼ਨ ਤੋੜਨ ਵਾਲੇ ਪਾਰਟੀ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ।
ਰਿਕਾਰਡ ਦਰਸਾਉਂਦਾ ਹੈ ਕਿ ਅਕਤੂਬਰ, 2017 'ਚ ਨੈਸ਼ਨਲ ਕਾਂਗਰਸ ਦੇ ਵਿਚ ਸ਼ੀ ਨੇ ਆਪਣੇ ਆਪ ਨੂੰ ਪੂਰੀ ਜ਼ਿੰਦਗੀ ਲਈ ਦੇਸ਼ ਦਾ ਪ੍ਰਧਾਨ ਬਣੇ ਰਹਿਣ ਦੀ ਰਾਹ ਵਿਚ ਆਉਣ ਵਾਲੀਆਂ ਔਕੜਾਂ ਦੂਰ ਕਰਨ ਲਈ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਜਦੋਂ ਮਾਰਚ, 2018 ਵਿਚ ਸੋਧ ਪ੍ਰਸਤਾਵ ਰਖਿਆ ਤਾਂ ਸੰਨ 1999 ਅਤੇ 2004 ਵਿਚ ਲਿਆਂਦੀਆਂ ਸੰਵਿਧਾਨਿਕ ਸੋਧਾਂ ਦੇ ਉਲਟ ਬਗੈਰ ਸਿਕੇ ਬਹਿਸ-ਮੁਬਹਿਸੇ ਦੇ ਇਸ ਨੂੰ ਪਾਸ ਕਰ ਦਿਤਾ ਗਿਆ। ਸਿਰਫ ਦੋ ਪ੍ਰਤੀਨਿਧਾਂ ਨੇ ਵਿਰੋਧ ਵਿਚ ਵੋਟ ਪਾਏ। ਸ਼ੀ ਨੇ ਅਜਿਹਾ ਕਰਨ ਲਈ 'ਇਕ ਤਾਕਤਵਰ ਚੀਨ ਅਤੇ ਜਨਤਕ ਭਲਾਈ' ਦੇ ਬੈਨਰ ਹੇਠ ਸਾਰੀ ਖੇਡ ਖੇਡੀ। ਭਾਵੇਂ ਸਾਬਕਾ ਐਡੀਟਰ 'ਚੀਨੀ ਨੌਜਵਾਨ ਡੇਲੀ' ਲੀ ਡਾਟੌਂਗ ਨੇ ਨੈਸ਼ਨਲ ਕਾਂਗਰਸ ਦੇ ਡਿਪਟੀਆਂ ਨੂੰ ਦੋ ਕਾਰਜਕਾਲ ਕਾਇਮ ਰਖਣ ਲਈ ਬੇਨਤੀ ਕੀਤੀ ਪਰ ਉਸ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ।
ਚੇਅਰਮੈਨ ਮਾਉ ਜੇ ਤੁੰਗ ਬਾਅਦ ਡੈਂਗ ਸ਼ੀਆਓ ਪਿੰਗ ਨੇ ਚੀਨ ਅੰਦਰ ਰਾਜਨੀਤਕ, ਆਰਥਿਕ ਅਤੇ ਸਮਾਜਿਕ ਸੁਧਾਰਾਂ ਦੀ ਗਤੀ ਤੇਜ਼ ਕਰਨ, ਦੋ ਕਾਰਜਕਾਲਾਂ ਤਕ ਪ੍ਰਧਾਨਗੀ ਪਦ ਸੀਮਤ ਰਖਣ, ਖੁੱਲ•ਾ ਬਜ਼ਾਰ ਵਿਵਸਥਾ ਅਪਣਾਉਣ ਨੂੰ ਯਕੀਨੀ ਰਖਿਆ। ਸ਼ੀ ਨੇ ਆਪਣੇ ਸਮਾਜਵਾਦੀ ਵਿਚਾਰਾਂ ਨਾਲ ਇੰਨਾ ਪ੍ਰੋਗਰਾਮਾਂ ਨੂੰ ਹੋਰ ਗਤੀ ਦੇਣ ਦਾ ਯਤਨ ਜਾਰੀ ਰਖਿਆ। ਲੇਕਿਨ ਸਮੂਹਿਕ ਜ਼ੁਮੇਵਾਰੀ ਅਧੀਨ ਦੇਸ਼ ਦਾ ਸ਼ਾਸ਼ਨ, ਪਾਰਟੀ ਸਬੰਧੀ ਕਾਰਜ 50 ਤੋਂ 300 ਆਗੂ ਚਲਾਉਂਦੇ ਸੀ। ਲੇਕਿਨ ਨਵੀਂ ਸੰਵਿਧਾਨਿਕ ਸੋਧ ਨੇ ਸਾਰੀ ਰਾਜਕੀ ਸ਼ਕਤੀ ਸ਼ੀ ਦੇ ਹੱਥਾਂ ਵਿਚ ਕੇਂਦਰਿਤ ਕਰ ਦਿਤੀ ਹੈ।
ਸ਼ੀ ਦੇ ਰਾਜਨੀਤਕ ਵਿਚਾਰ ਅਤੇ ਆਰਥਿਕ ਸੁਧਾਰਵਾਦੀ ਪ੍ਰੋਗਰਾਮਾਂ ਨੂੰ ਪਾਰਟੀ ਸੰਵਿਧਾਨ ਵਿਚ ਸ਼ਾਮਲ ਕਰ ਲਿਆ ਗਿਆ ਹੈ। ਉਸ ਦੇ ਚਹੇਤੇ ਵਾਂਗ ਕੀ ਸ਼ਾਨ ਨੂੰ ਉੱਪ ਪ੍ਰਧਾਨ ਚੁਣ ਲਿਆ ਗਿਆ ਜਦਕਿ ਦੂਸਰੇ ਚਹੇਤੇ ਲੀ ਜਾਨ ²ਸ਼ੂ ਨੂੰ ਐੱਨ.ਪੀ.ਸੀ. ਦਾ ਚੇਅਰਮੈਨ ਥਾਪ ਦਿਤਾ ਹੈ। ਇਸ ਨਾਲ ਹੀ ਚੀਨ ਵਿਚ 'ਨਵਾਂ ਮਾਉ ਯੁੱਗ' ਸ਼ੀ ਦੀ ਅਗਵਾਈ ਵਿਚ ਸ਼ੁਰੂ ਹੋ ਗਿਆ ਹੈ।
ਹਾਂਗਕਾਂਗ, ਮਕਾਉ ਅਤੇ ਤਾਈਵਾਨ ਨੂੰ ਛੇਤੀ ਹੀ ਰਾਸ਼ਟਰੀ ਮੁੱਖ ਧਾਰਾ ਜਜ਼ਬ ਕਰ ਲਿਆ ਜਾਵੇਗਾ। ਦੇਸ਼ ਦੀ ਵਿਕਾਸ ਦਰ 6.5 ਪ੍ਰਤੀਸ਼ਤ ਜਾਂ ਵਧ ਰਖੀ ਜਾਵੇਗੀ। ਵਾਤਾਵਰਨ ਸੰਭਾਲ ਨੂੰ ਹਰ ਥਾਂ ਪਹਿਲ ਦਿਤੀ ਜਾਵੇਗੀ। ਪਾਰਟੀ ਦੀ ਇੱਛਾ ਸ਼ਕਤੀ ਅਤੇ ਜਨਤਕ ਇੱਛਾਵਾਂ ਨੂੰ ਮੂਲ ਕਾਨੂੰਨ ਵਜੋਂ ਮੰਨਿਆ ਜਾਵੇਗਾ। ਅਜੋਕੇ ਚੀਨ ਲਈ 'ਵਿਸ਼ਵਾਸ' ਵਿਕਾਸ, ਭਰਾਤਰੀ ਇਕਜੁਟਤਾ 'ਮੂਲ ਧੁਰਾ' ਸਮਝ ਜਾਣਗੇ। ਇਨ•ਾਂ ਬਲਬੂਤੇ ਸ਼ਾਸਨ ਸੁਧਾਰ, ਵਿਕਾਸ, ਜਨਤਕ ਸ਼ਮੂਲੀਅਤ ਅਤੇ ਸਮਾਜਿਕ ਇਕਜੁੱਟਤਾ ਨੂੰ ਮਜ਼ਬੂਤ ਕੀਤਾ ਜਾਵੇਗਾ।
ਚੀਨ ਅੰਦਰ 'ਨਵਾਂ ਮਾਉ ਯੁੱਗ' ਇਸ ਦੇ ਆਗੂ ਅਤੇ ਉਸ ਦੇ ਸਾਸ਼ਨ ਨੂੰ ਚੁਣੌਤੀਹੀਨ ਸਥਾਪਿਤ ਕਰਦਾ ਹੈ। ਸ਼ੀ ਜਿੰਨ ਪਿੰਗ ਨੂੰ ਕਾਨੂੰਨ ਤੋਂ ਉਪਰ ਸਥਾਪਿਤ ਕਰਦਾ ਹੈ। ਨੈਸ਼ਨਲ ਸੁਪਰਵਾਈਜ਼ਰੀ ਕਮਿਸ਼ਨ ਨੂੰ ਸੁਪਰੀਮ ਪੀਪਲਜ਼ ਕੋਰਟ ਦੇ ਉਪਰ ਸਥਾਪਿਤ ਕਰਦਾ ਹੈ। ਰਾਜਨੀਤਕ ਸੰਸਥਾਵਾਂ ਦਾ ਘਾਤ ਕਰਕੇ ਇਕ ਵਿਅਕਤੀ ਕੋਲ ਚੀਨੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ, ਚੇਅਰਮੈਨ ਕੇਂਦਰ ਮਿਲਟਰੀ ਕਮਿਸ਼ਨ ਅਤੇ ਦੇਸ਼ ਦਾ ਪ੍ਰਧਾਨਗੀ ਪਦ ਕੇਂਦਰ ਕਰਦਾ ਹੈ। ਉਸ ਨੂੰ ਦੇਸ਼ ਦੇ ਕਾਨੂੰਨ ਉਪਰ ਸਥਾਪਿਤ ਕਰਦਾ ਹੈ। ਇਵੇਂ ਆਗੂ ਅਤੇ ਉਸਦੇ ਸਾਸ਼ਨ ਨੂੰ ਚੁਣੌਤੀਹੀਨ ਅਤੇ ਜਵਾਬਦੇਹੀ ਹੀਨ ਸਥਾਪਿਤ ਕਰਦਾ ਹੈ। ਇਹ ਰੁਝਾਨ ਅਜੋਕੇ ਆਗੂ ਨੂੰ ਹੁਣ ਤਕ ਦੇ ਸਾਰੇ ਡਿਕਟੇਟਰਾਂ ਤੋਂ ਤਾਕਤਵਰ ਬਣਾਉਂਦਾ ਹੈ। ਇਹ ਅਤਿ ਘਾਤਿਕ ਰੁਝਾਨ ਹੈ।
ਇਹ ਪ੍ਰਵਿਰਤੀ ਚੀਨ ਵਿਚ ਹੀ ਨਹੀਂ ਇਸ ਸਮੇਂ ਰੂਸ, ਤੁਰਕੀ, ਸਾਉਦੀ ਅਰਬ ਦੇ ਸਾਸ਼ਨ ਪ੍ਰਮੁੱਖਾਂ ਵਿਚ ਵੀ ਪਾਈ ਜਾਂਦੀ ਹੈ। ਇਵੇਂ ਹੀ ਪੋਲੈਂਡ, ਹੰਗਰੀ, ਫਿਲਪਾਈਨਜ਼, ਇਥੋਂ ਤਕ ਕਿ ਅਮਰੀਕੀ ਪ੍ਰਧਾਨਾਂ ਅੰਦਰ ਪਾਈ ਜਾਂਦੀ ਹੈ। ਇਵੇਂ ਹੀ ਪੋਲੈਂਡ, ਹੰਗਰੀ, ਫਿਲਪਾਈਨਜ਼, ਇਥੋਂ ਤਕ ਕਿ ਅਮਰੀਕੀ ਪ੍ਰਧਾਨਾਂ ਅੰਦਰ ਪਾਈ ਜਾਂਦੀ ਹੈ। ਇਨਾਂ ਸਨਮੁੱਖ ਰਾਜਾਂ ਦੀਆਂ ਦੂਸਰੀਆਂ ਸੰਸਥਾਵਾਂ ਬੌਣੀਆਂ ਹੁੰਦੀਆਂ ਜਾ ਰਹੀਆਂ ਹਨ ਜੋ ਰਾਜਕੀ ਡਿਕਟੇਟਰਾਂ ਦੇ ਏਕਾਧਿਕਾਰ ਨੂੰ ਰੋਕਣ ਵਿਚ ਸਹਾਈ ਹੁੰਦੀਆਂ ਹਨ। ਐਸੇ ਡਿਕਟੇਟਰ ਅਤੇ ਏਕਾਧਿਕਾਰਵਾਦੀ ਆਗੂ ਵਿਸ਼ਵ ਸ਼ਾਂਤੀ ਅਤੇ ਮਾਨਵਤਾ ਨਾਲ ਕੀ ਗੁੱਲ ਖਿਲਾਉਣ ਇਹ ਤਾਂ ਭਵਿੱਖ ਦੱਸੇਗਾ। ਸ਼ੀ ਦੀ ਅਗਵਾਈ ਵਿਚ ਚੀਨ ਜਿਵੇਂ ਭਾਰਤ ਦੇ ਗੁਆਂਢੀ ਰਾਜਾਂ ਜਿਵੇਂ ਨੇਪਾਲ, ਮੀਆਂਮਾਰ, ਬੰਗਲਾਦੇਸ਼, ਸ਼੍ਰੀ ਲੰਕਾ, ਮਾਲਦੀਵ, ਪਾਕਿਸਤਾਨ, ਹਿੰਦ ਮਹਾਂਸਾਗਰ ਅੰਦਰ ਦਖ਼ਲ ਰਾਹੀਂ ਭਾਰਤ ਦੀ ਘੇਰਾਬੰਦੀ ਕਰ ਰਿਹਾ ਹੈ। ਉੱਤਰੀ ਕੋਰੀਆ, ਮੈਕਸੀਕੋ, ਪਾਕਿਸਤਾਨ ਨੂੰ ਸ਼ਹਿ ਦੇ ਰਿਹਾ ਹੈ, ਸਮੁੰਦਰੀ ਟਾਪੂਆਂ ਨੂੰ ਲੈ ਕੇ ਜਪਾਨ ਨਾਲ ਉਲਝ ਰਿਹਾ ਹੈ, ਇਹ ਵਿਸ਼ਵ ਸ਼ਾਂਤੀ ਲਈ ਸ਼ੁਭ ਸੰਕੇਤ ਨਹੀਂ ਹਨ।
ਇਹ ਸਮੇਂ ਖ਼ੁਦ ਚੀਨ ਘਰੇਲੂ ਇਸਲਾਮਿਕ ਅਤਿਵਾਦ, ਰਾਜ ਸਬੰਧੀ ਅਦਾਰਿਆਂ ਦੇ ਸੁਧਾਰਾਂ, ਬੋਝਲ ਕਰਜ਼ੇ, ਹਾਊਸਿੰਗ, ਢਾਂਚਾ ਗਤ ਬਦਲਾਅ ਸਬੰਧਿਤ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਤਿਹਾਸ ਦਰਸਾਉਂਦਾ ਹੈ ਕਿ ਸ਼ੀ ਦਾ ਉੱਤਰਾਧਿਕਾਰੀ ਨਿਸ਼ਚਿਤ ਤੌਰ 'ਤੇ ਕਮਜ਼ੋਰ, ਫਸਾਦੀ, ਨਲਾਇਕ ਅਤੇ ਪ੍ਰਭਾਵਹੀਨ ਹੋਵੇਗਾ ਜੋ ਅਜੋਕੀ ਚੀਨੀ ਵਿਵਸਥਾ ਦੀ ਦੇਣ ਹੋਵੇਗੀ। ਇਵੇਂ ਚੀਨ ਖ਼ੁਦ ਭਵਿੱਖ ਵਿਚ ਗ੍ਰਹਿ ਯੁੱਧ, ਲੀਡਰਸ਼ਿਪ ਖਿਚੋਤਾਣ ਅਤੇ ਬਦਹਾਲੀ ਦਾ ਸ਼ਿਕਾਰ ਹੋ ਸਕਦਾ ਹੈ। ਸੋ ਰਾਜਕੀ ਸ਼ਕਤੀ ਦੇ ਇਕੋ ਹੱਥ ਵਿਚ ਕੇਂਦਰੀਕਰਨ ਸਬੰਧੀ ਚੀਨੀ ਚਿੰਤਕਾਂ ਅਤੇ ਕਮਿਊਨਿਸਟ ਪਾਰਟੀ ਨੂੰ ਮੁੜ ਤੋਂ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਦਰਬਾਰਾ ਸਿੰਘ ਕਾਹਲੋਂ,
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
94170-94034
ਦਰਬਾਰਾ ਸਿੰਘ ਕਾਹਲੋਂ
ਸੰਵਿਧਾਨਿਕ ਸੋਧ ਨਾਲ ਚੀਨ ‘ਚ ਤਾਕਤਵਰ ਏਕਾਧਿਕਾਰਵਾਦੀ ਯੁੱਗ ਦੀ ਸ਼ੁਰੂਆਤ
Page Visitors: 2569