ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ
ਸੱਚੇ ਧਰਮੀ ਬਣਨ ਦਾ ਰਾਹ ਸਿਰਫ ਗੁਰਬਾਣੀ ਦਾ ਸੱਚਾ ਉਪਦੇਸ਼ ਹੀ ਦੱਸ ਸਕਦਾ ਹੈ। ਜੇ ਤਾਂ ਅਸੀਂ ਸਿਆਣੇ ਹੋਵਾਂਗੇ ਤਾਂ ਜ਼ਰੂਰ ਇਸਦੇ ਦੱਸੇ ਰਾਹ ਤੇ ਚੱਲਾਂਗੇ। ਇਹ ਹੀ ਸਫਲਤਾ ਦਾ ਪੱਕਾ ਸਾਧਨ ਹੈ। ਪਰ ਜੇ ਅਸੀਂ ਇਸਦੇ ਨਾਲ ਹੋਰ ਥਾਵਾਂ ਤੋਂ ਲਈ ਜਾਣਕਾਰੀ ਸ਼ਾਮਲ ਕਰ ਲਈ ਤਾਂ ਪੱਕੀ ਗੱਲ ਹੈ ਕਿ ਅਸਲੀ ਰਾਹ ਤੋਂ ਉੱਕ ਕੇ ਕਿਸੇ ਪਗਡੰਡੀ ਤੇ ਭਟਕ ਜਾਵਾਂਗੇ। ਪਗਡੰਡੀਆਂ ਸਦਾ ਹੀ ਹਨੇਰੇ ਕੋਨਿਆਂ ਵਿੱਚ ਧੱਕ ਦਿੰਦੀਆਂ ਹਨ। ਗੁਰਬਾਣੀ ਦੀ ਮਤਿ ਦੀ ਚੌੜੀ ਅਤੇ ਖੁੱਲੀ ਸੜਕ ਹੀ ਸਾਨੂੰ ਰੱਬੀ ਮਿਲਾਪ ਵੱਲ ਲੈ ਕੇ ਜਾਵੇਗੀ।
ਗੁਰਬਾਣੀ ਦੀ ਥੋੜੀ ਹੀ ਖੋਜ ਕਰਨ ਨਾਲ ਭੀ ਇੱਕ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਿੰਨੇ ਭੀ ਵੱਖਰੇ ਵੱਖਰੇ ਨਾਵਾਂ ਵਾਲੇ ਫਿਰਕੇ ਸਨ, ਗੁਰਬਾਣੀ ਅਨੁਸਾਰ ਉਹ ਸਾਰੇ ਹੀ ਅਸਲ ਕੰਮ ਤੋਂ ਉੱਕੇ ਹੋਏ ਸਨ। ਉਨਾਂ ਦੇ ਕੀਤੇ ਕੰਮਾਂ ਨੂੰ ਬਾਣੀ ਆਪਣੀ ਕਸਵੱਟੀ ਤੇ ਲਾ ਕੇ ਉਨਾਂ ਨੂੰ ਸਹੀ ਰਾਹ ਤੇ ਤੁਰਨ ਲਈ ਸੇਧ ਪਰਦਾਨ ਕਰਦੀ ਹੈ। ਸੰਖੇਪ ਵਿੱਚ ਇਹ ਕਹਿ ਸਕਦੇ ਹਾਂ ਕਿ ਬਾਣੀ ਸੱਚੇ ਧਰਮੀ ਦੀ ਰੂਪ ਰੇਖਾ ਨੀਯਤ ਕਰਦੀ ਹੈ।
ਆਓ ਦੇਖਦੇ ਹਾਂ ਕਿ ਉਹ ਕਿਹੜੇ ਕੰਮ ਨੂੰ ਗ਼ਲਤ ਅਤੇ ਕਿਹੜੇ ਨੂੰ ਸਹੀ ਮੰਨਦੀ ਹੈ।ਸੱਭ ਤੋਂ ਵੱਡੇ ਫਿਰਕੇ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਉਨਾਂ ਨੇ ਆਪਣੇ ਲਈ ਕਈ ਤਰਾਂ ਦੇ ਪਹਿਰਾਵਿਆਂ, ਚਿੰਨਾਂ ਅਤੇ ਕਰਮ ਕਾਂਡਾਂ ਦੇ ਅਸੂਲ ਬਣਾ ਲਏ ਸਨ। ਇਨਾਂ ਦਾ ਇੱਕ ਪੂਰਾ ਵਿਸ਼ਾਲ ਤਾਣਾ ਬਾਣਾ ਸੀ। ਇਹ ਕਰਨ ਵਿੱਚ ਉਹ ਪੂਰੀ ਤਰਾਂ ਲੱਗੇ ਹੋਏ ਸਨ। ਉਨਾਂ ਦੇ ਹਿਸਾਬ ਨਾਲ ਬਰਾਹਮਣ ਹੋਣ ਲਈ ਬਹੁਤ ਸਾਰੀਆਂ ਨਜ਼ਰ ਆਉਣ ਵਾਲੀਆਂ ਚੀਜ਼ਾਂ ਨਾਲ ਜੁੜਨਾ ਜ਼ਰੂਰੀ ਸੀ। ਇਨਾਂ ਵਿੱਚੋਂ ਮੋਹਰੀ, ਜਨੇਊ ਧੋਤੀ ਟਿੱਕਾ ਮਾਲਾ ਤਿਲਕ ਆਦਿਕ ਸਨ।ਅਤੇ ਖਾਸ ਸਮਿਆਂ ਤੇ ਕਿਸੇ ਦਰਿਆ ਦੇ ਪਾਣੀ ਵਿੱਚ ਨਹਾਉਣਾ ਵੀ ਧਰਮੀ ਹੋਣ ਲਈ ਜ਼ਰੂਰੀ ਕਰਾਰ ਦੇ ਦਿੱਤਾ ਸੀ। ਇਹ ਨਹੀਂ ਦੱਸਿਆ ਜਾਂਦਾ ਸੀ ਕਿ ਇਹ ਕੰਮ ਕਰਨ ਨਾਲ ਅੰਦਰ ਕੋਈ ਬਦਲੀ ਭੀ ਆਉਣੀ ਚਾਹੀਦੀ ਹੈ। ਪਰ ਬਾਣੀ ਜਦੋਂ ਬਰਾਹਮਣ ਦੀ ਵਿਆਖਿਆ ਕਰਦੀ ਹੈ ਤਾਂ ਉਹ ਇਨਾਂ ਕੰਮਾਂ ਦੀ ਵਡਿਆਈ ਸਵੀਕਾਰ ਨਹੀਂ ਕਰਦੀ। ਉਸ ਦਾ ਬੜਾ ਸਿੱਧਾ ਸਿਧਾਂਤ ਸੀ-
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ। ਸੋ ਬ੍ਰਾਹਮਣੁ ਕਹੀਅਤ ਹੈ ਹਮਾਰੈ-੩੨੪
ਬਾਣੀ ਕਹਿੰਦੀ ਹੈ ਕਿ ਬਰਾਹਮਣ ਬਣਨ ਲਈ ਕਿਸੇ ਰਸਮ ਕਰਨ ਦੀ ਜਾਂ ਜਨੇਊ ਆਦਿਕ ਬਾਹਰੋਂ ਨਜ਼ਰ ਆਉਣ ਵਾਲੀਆਂ ਚੀਜ਼ਾਂ ਦੀ ਕੋਈ ਲੋੜ ਨਹੀਂ। ਸਿਰਫ ਉਸ ਕਣ ਕਣ ਵਿੱਚ ਸਮਾਈ ਹਸਤੀ ਦਾ ਗਿਆਨ ਲੈਣਾ, ਉਸਦੇ ਨਾਲ ਪਿਆਰ ਪਾਉਣਾ ਅਤੇ ਅੰਦਰ ਗੁਣਾਂ ਨੂੰ ਧਾਰਨ ਕਰਨਾ ਹੀ ਜ਼ਰੂਰੀ ਹੈ-
ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ-੬੮
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ...
ਹਰਿ ਗੁਣ ਗਾਵੈ ਗੁਣ ਸੰਗ੍ਹੈ ਜੋਤੀ ਜੋਤਿ ਮਿਲਾਏ-੫੧੨
ਆਮ ਤੌਰ ਤੇ ਜੀਵ ਦੇ ਅੰਦਰ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਬਹੁਤ ਸਾਰੇ ਵਿਚਾਰ ਬਣ ਜਾਂਦੇ ਹਨ। ਇਨਾਂ ਦੇ ਆਧਾਰ ਤੇ ਹੀ ਉਹ ਬਹੁਤ ਸਾਰੀਆਂ ਗੱਲਾਂ ਨੂੰ ਮੰਨਣ ਲੱਗ ਪੈਂਦਾ ਹੈ। ਦੁਨਿਆਵੀ ਕੰਮਾਂ ਲਈ ਤਾਂ ਬਹੁਤ ਸੋਚ ਵਿਚਾਰ ਅਤੇ ਪੁੱਛ ਗਿੱਛ ਕਰਦਾ ਹੈ ਪਰ ਧਰਮ ਦੇ ਖੇਤਰ ਵਿੱਚ ਜੋ ਹੋਰ ਲੋਕ ਕਰਦੇ ਹਨ ਉਹ ਬਿਨਾਂ ਵਿਚਾਰੇ ਕਰਨ ਲੱਗ ਪੈਂਦਾ ਹੈ। ਪਰ ਧਰਮ ਦੇ ਮਾਮਲੇ ਵਿੱਚ ਇਹ ਬਹੁਤ ਹੀ ਜ਼ਰੂਰੀ ਹੈ ਕਿ ਸਾਡਾ ਮਨ ਉਸ ਘਟ ਘਟ ਵਿੱਚ ਸਮਾਈ ਹਸਤੀ ਦੇ ਸੱਚੇ ਗਿਆਨ ਨਾਲ ਰੌਸ਼ਨ ਹੋਵੇ। ਮਨ ਨੂੰ ਇਸ ਰਾਹ ਤੇ ਤੋਰਨ ਵਾਲਾ ਹੀ ਅਸਲੀ ਧਰਮੀ ਹੈ।ਇਹ ਗਿਆਨ ਲੈ ਕੇ ਹੀ ਉਹ ਸਰਬ ਵਿਆਪੀ ਸੱਚ ਨਾਲ ਜੁੜ ਸਕੇਗਾ। ਜੇ ਬਾਣੀ ਦੀ ਸਿੱਖਿਆ ਨਾਲ ਮਨ ਨੂੰ ਸੁਚੇਤ ਨਾ ਕੀਤਾ ਤਾਂ ਜ਼ਿੰਦਗੀ ਦੀ ਰਾਤ ਅਗਿਆਨਤਾ ਦੀ ਨੀਂਦ ਵਿੱਚ ਸੁੱਤਿਆਂ ਹੀ ਅਜਾਈਂ ਬੀਤ ਜਾਵੇਗੀ-
ਸੋ ਪੰਡਿਤੁ ਜੋ ਮਨੁ ਪਰਬੋਧੈ।ਰਾਮ ਨਾਮੁ ਆਤਮ ਮਹਿ ਸੋਧੈ-੨੭੪
ਮਨ ਨੂੰ ਗਿਆਨ ਰੂਪੀ ਚਾਨਣ ਨਾਲ ਜਗਾਉਣ ਵਾਲੇ ਨੂੰ ਹੀ ਇਹ ਸਮਝ ਲੱਗੇਗੀ ਕਿ ਉਹ ਸਰਬ ਵਿਆਪੀ ਰੱਬ ਸਦਾ ਹੀ ਨਿਰਮਲ ਹੈ ਤੇ ਸਾਰੇ ਹੀ ਗੁਣ ਉਸ ਵਿੱਚ ਹਨ।ਉਸ ਨਾਲ ਜੁੜਨ ਦੇ ਰਾਹ ਤੁਰਿਆ ਜੀਵ ਫਿਰ ਆਪ ਗੁਣੀ ਅਤੇ ਨਿਰਮਲ ਮਨ ਵਾਲਾ ਬਣੇਗਾ ਕਿਉਂਕਿ ਉਸ ਨੂੰ ਇਹ ਸਮਝ ਲੱਗ ਚੁੱਕੀ ਹੁੰਦੀ ਹੈ ਕਿ ਇਹ ਕੰਮ ਕੀਤੇ ਤੋਂ ਬਿਨਾਂ ਮਿਲਾਪ ਅਸੰਭਵ ਹੈ-
ਪ੍ਭੁ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ-੬੯
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ-੨੭
ਇਹ ਸਦਾ ਯਾਦ ਰਹਿਣਾ ਚਾਹੀਦਾ ਹੈ ਕਿ ਮਨੁੱਖਾ ਜਨਮ ਦਾ ਮਕਸਦ ਗੋਬਿੰਦ ਮਿਲਾਪ ਹੀ ਹੈ। ਜੇ ਇਹ ਨਾ ਹੋਇਆ ਤਾਂ ਜੀਵਨ ਫਿਟਕਾਰ ਯੋਗ ਹੀ ਰਹੇਗਾ-
ਧਿ੍ਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾਇ-੪੯੦
ਬਾਣੀ ਅਨੁਸਾਰ ਨਜ਼ਰ ਆਉਣ ਵਾਲੀ ਕਿਸੇ ਵੀ ਚੀਜ਼ ਦੀ ਸੱਚੇ ਧਰਮ ਵਿੱਚ ਕੋਈ ਮਹੱਤਾ ਨਹੀਂ।ਇਹ ਚਮਕਦੇ ਬਾਣਿਆਂ ਅਤੇ ਅਡੰਬਰੀ ਚਿੰਨ ਰੂਪੀ ਵੇਸਾਂ ਨੂੰ ਨਕਾਰਦੀ ਹੈ ਕਿਉਂਕਿ ਇਹ ਰੱਬੀ ਮਿਲਾਪ ਵਿੱਚ ਕੋਈ ਹਿੱਸਾ ਨਹੀਂ ਪਾਉਂਦੇ।ਕਾਰਨ ਇਹ ਹੈ ਕਿ ਧਿਆਨ ਬਾਹਰ ਰਹਿਣ ਨਾਲ ਅੰਦਰ ਹੋਰ ਔਗੁਣਾਂ ਨਾਲ ਭਰਦਾ ਰਹਿੰਦਾ ਹੈ--
ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ-੭੮੫
ਭੇਖ ਕਰੈ ਬਹੁਤ ਚਿਤੁ ਡੋਲੈ ਅੰਤਰਿ ਕਾਮੁ ਕ੍ਰੋਧੁ ਅਹੰਕਾਰ-੧੧੩੨
ਬਹੁ ਭੇਖ ਕਰਹਿ ਮਨਿ ਸਾਂਤਿ ਨ ਹੋਇ
ਬਹੁ ਅਭਿਮਾਨਿ ਅਪਣੀ ਪਤਿ ਖੋਇ-੧੧੭੫
ਇਹ ਵੀ ਸਦਾ ਯਾਦ ਰੱਖਣ ਵਾਲੀ ਗੱਲ ਹੈ ਕਿ ਬਾਣੀ ਦਾ ਕੇਂਦਰ ਮਨ ਹੈ।ਜੇ ਮਨ ਮੈਲਾ ਹੈ ਤਾਂ ਜੀਵ ਪਤਿਤ ਹੈ ਅਤੇ ਜੇ ਇਹ ਨਿਰਮਲ ਹੈ ਤਾਂ ਜੀਵ ਪੂਰਨ ਹੈ। ਅੰਦਰ ਮੈਲ ਵਾਲੀ ਜੀਵ ਇਸਤਰੀ ਬਾਹਰਲੀ ਚਮਕ ਵਧਾ ਕੇ ਆਪਣੇ ਆਪ ਨੂੰ ਜਿੰਨੀ ਮਰਜ਼ੀ ਵਧੀਆ ਸਰੂਪ ਵਾਲੀ ਮੰਨ ਲਵੇ ਤਾਂ ਵੀ ਉਸਨੂੰ ਅੰਦਰ ਟਿਕੇ ਔਗੁਣਾਂ ਕਰਕੇ ਝੂਠੀ, ਨੀਚ ਤੇ ਬਦਸੂਰਤ ਹੀ ਗਿਣਿਆ ਜਾਣਾ ਹੈ-
ਬਾਹਰਿ ਭੇਖ ਕਰਹਿ ਘਨੇਰੇ।ਅੰਤਰਿ ਬਿਖਿਆ ਉਤਰੀ ਘੇਰੇ-੩੭੨
ਵੇਸ ਕਰੇ ਕਰੂਪਿ ਕੁਲਖਣੀ ਮਨਿ ਖੋਟੈ ਕੂੜਿਆਰ-੮੯
ਕਾਪੜ ਪਹਿਰਿ ਕਰੇ ਚਤੁਰਾਈ।ਮਾਇਆ ਮੋਹਿ ਅਤਿ ਭਰਮਿ ਭੁਲਾਈ-੨੩੦
ਰੱਬੀ ਮਿਲਾਪ ਲਈ ਜੀਵ ਜਿੰਨਾ ਚਿਰ ਬਾਹਰੋਂ ਨਜ਼ਰ ਆਉਣ ਵਾਲੇ ਸਿੰਗਾਰਾਂ ਨਾਲ ਜੁੜਿਆ ਰਹਿੰਦਾ ਹੈ ਤਾਂ ਉਸ ਦੇ ਹੱਥ ਅਸਫਲਤਾ ਹੀ ਆਉਂਦੀ ਹੈ।ਪਰ ਜਦੋਂ ਇਨਾਂ ਨੂੰ ਤਿਆਗ ਕੇ ਆਪਣੇ ਆਪ ਨੂੰ ਗੁਣਾ ਨਾਲ ਸਿੰਗਾਰਦਾ ਹੈ ਤਾਂ ਉਸਨੂੰ ਰੱਬੀ ਮਿਲਾਪ ਵਾਲਾ ਸੁਖ ਹਾਸਲ ਹੋ ਜਾਂਦਾ ਹੈ-
ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ
ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰ-੯੩੭
ਬਾਹਰਲੇ ਸਿੰਗਾਰਾਂ ਨਾਲ ਸਿਰਫ ਥਕਾਵਟ ਹੀ ਪੱਲੇ ਪੈਣੀ ਹੈ।ਇਹ ਸਮਝ ਲੈਣ ਵਾਲਾ ਫਿਰ ਮਨ ਨੂੰ ਨਿਰਮਲ ਕਰਨ ਦੇ ਔਖੇ ਕੰਮ ਵਿੱਚ ਜੁਟਦਾ ਹੈ ਕਿਉਂਕਿ ਬਾਣੀ ਅੰਦਰਲੀ ਬਦਲੀ ਨੂੰ ਹੀ ਸਹੀ ਕੰਮ ਮੰਨਦੀ ਹੈ-
ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ
ਨਾਨਕ ਗੁਰਮੁਖਿ ਮਨ ਸਿਉ ਲੁਝੈ-੪੧੮
ਬਾਹਰਲੇ ਕਪੜਿਆਂ ਨੂੰ ਰੰਗ ਦੇ ਆਧਾਰ ਤੇ ਚੰਗਾ ਮੰਦਾ ਮੰਨਣਾ ਕੋਈ ਸੱਚੇ ਧਰਮ ਦਾ ਅਸੂਲ ਨਹੀਂ ਪਰ ਫਿਰ ਵੀ ਹਰ ਇੱਕ ਫਿਰਕੇ ਵਾਲਿਆਂ ਨੇ ਕਿਸੇ ਨਾ ਕਿਸੇ ਰੰਗ ਨੂੰ ਖਾਸ ਹੋਣ ਦਾ ਦਰਜਾ ਦਿੱਤਾ ਹੋਇਆ ਹੈ।ਇਹ ਦੁਨੀਆਂਦਾਰੀ ਹੀ ਹੈ।ਸੱਚਾ ਧਰਮ ਸਿਰਫ ਮਨ ਉਤੇ ਰੱਬੀ ਪਿਆਰ ਦੇ ਰੰਗ ਦਾ ਹੀ ਚਾਹਵਾਨ ਹੈ-
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ-੪੦੦
ਆਓ ਦੇਖਦੇ ਹਾਂ ਕਿ ਬਾਣੀ ਨੂੰ ਕਿਹੜੇ ਸਿੰਗਾਰ ਪਰਵਾਨ ਹਨ-
ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ
ਦੁਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ
ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਵਿਛਾਇ ਰੀ
ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ-੪੦੦
ਬਾਣੀ ਨੂੰ ਰੱਬ ਦਾ ਹੁਕਮ ਮੰਨਣਾ ਵਧੀਆ ਸਿੰਗਾਰ ਲੱਗਦਾ ਹੈ, ਪਰਮਾਤਮਾ ਤੋਂ ਬਿਨਾਂ ਹੋਰ ਸਾਰੇ ਪਿਆਰ ਤਿਆਗਣ ਦਾ ਸਿੰਗਾਰ ਸੁਹਣਾ ਲੱਗਦਾ ਹੈ। ਗੁਰੂ ਦੇ ਗਿਆਨ ਨਾਲ ਰੌਸ਼ਨ ਹੋਏ ਹਿਰਦੇ ਦੀ ਸੇਜ ਪਿਆਰੀ ਲੱਗਦੀ ਹੈ।ਹਰ ਵੇਲੇ ਹੰਕਾਰ ਰਹਿਤ, ਨਿਮਰਤਾ ਅਤੇ ਮਿਠਾਸ ਵਾਲਾ ਸੁਭਾਅ ਹੀ ਬਾਣੀ ਅਨੁਸਾਰ ਸਹੀ ਸਿੰਗਾਰ ਹੈ।ਜੇ ਤਾਂ ਸਾਨੂੰ ਵੀ ਇਸ ਤਰਾਂ ਦੇ ਅਦਿੱਖ ਸਿੰਗਾਰ ਚੰਗੇ ਲੱਗਦੇ ਹਨ ਤਾਂ ਅਸੀਂ ਸੱਚੇ ਧਰਮ ਦੀ ਸੜਕ ਤੇ ਤੁਰ ਰਹੇ ਹਾਂ। ਪਰ ਜੇ ਸਾਡੀ ਰੁਚੀ ਨਜ਼ਰ ਆਉਣ ਵਾਲੇ ਸਿੰਗਾਰਾਂ ਵਿੱਚ ਹੈ ਤਾਂ ਬਾਣੀ ਦੀ ਸੇਧ ਤੋਂ ਮੁਨਕਰ ਹਾਂ-
ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ
..... ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ
ਪ੍ਰੇਮ ਪਿਰਮਲੁ ਤਨਿ ਲਾਵਣਾ ਪਿਰੁ ਰਾਵੈ ਗੁਣ ਨਾਲਿ-੫੬
ਸਭ ਸਿੰਗਾਰ ਬਣੇ ਤਿਸੁ ਗਿਆਨੇ-੯੭
ਬਾਣੀ ਸਤਿਗੁਰੂ ਦਾ ਗਿਆਨ ਹਿਰਦੇ ਵਿੱਚ ਹੋਣ ਨੂੰ ਪੱਕਾ, ਨਾ ਖ਼ਤਮ ਹੋਣ ਵਾਲਾ ਪੂਰਨ ਅਤੇ ਸ਼ਿਰੋਮਣੀ ਸਿੰਗਾਰ ਮੰਨਦੀ ਹੈ। ਇਹ ਕਰਨ ਵਾਲੀਆਂ ਜੀਵ ਇਸਤਰੀਆਂ ਨੂੰ ਉਹ ਸੁਹਾਗਣਾਂ ਮੰਨਦੀ ਹੈ। ਇਹ ਸੁਹਾਗਣਾਂ ਸਿਰਫ ਗੁਣਾਂ ਦੇ ਗਹਿਣਿਆਂ ਦਾ ਸਿੰਗਾਰ ਹੀ ਕਰਦੀਆਂ ਹਨ ਨਾ ਕਿ ਚਮਕ ਦਮਕ ਵਾਲੇ ਨਜ਼ਰ ਆਉਣ ਵਾਲੇ ਚਿੰਨਾਂ ਦਾ-
ਸਬਦਿ ਸਵਾਰੀ ਸੋਹਣੀ ਪਿਰੁ ਰਾਵੈ ਗੁਣ ਨਾਲਿ-੫੬
ਗੁਣਾਂ ਨਾਲ ਸ਼ਿੰਗਾਰ ਕਰਨ ਵਾਲਿਆਂ ਵਿੱਚ ਹੀ ਆਤਮਿਕ ਅਡੋਲਤਾ ਹੋਵੇਗੀ।ਇਹ ਆਉਣ ਤੋਂ ਪਹਿਲਾਂ ਮਨ ਦਾ ਸੰਸਾਰ ਦੇ ਰਸਾਂ ਵਲੋਂ ਰੱਜ ਜਾਣਾ ਜ਼ਰੂਰੀ ਹੈ। ਇਹ ਕਰਨ ਵਾਲੇ ਉਸ ਮਾਲਕ ਨੂੰ ਭਾਅ ਜਾਂਦੇ ਹਨ-
ਸਹਜਿ ਸੀਗਾਰ ਕਾਮਣਿ ਕਰਿ ਆਵੈ
ਤਾ ਸੋਹਾਗਣਿ ਜਾ ਕੰਤੈ ਭਾਵੈ-੭੫੦
ਸਿਰਫ ਬਾਹਰਲੀ ਚਮਕ ਦਮਕ ਵਾਲਾ ਜੀਵ ਸੱਚਾ ਧਰਮੀ ਨਹੀਂ ਹੈ ਕਿਉਂਕਿ ਕਾਮ,ਕਰੋਧ,ਲੋਭ,ਮੋਹ ਅਤੇ ਹੰਕਾਰ ਦੇ ਔਗੁਣ ਉਸ ਦੇ ਅੰਦਰ ਖੌਰੂ ਪਾ ਪਾ ਕੇ ਉਸਨੂੰ ਆਤਮਿਕ ਅਡੋਲਤਾ ਤੋਂ ਬਾਂਝਾ ਰੱਖਦੇ ਹਨ।ਇਨਾਂ ਨੂੰ ਅੰਦਰੋਂ ਕੱਢਣਾ ਸੱਚੇ ਧਰਮੀ ਦੀ ਅਤਿਅੰਤ ਜ਼ਰੂਰੀ ਜਿੰਮੇਵਾਰੀ ਹੈ ਅਤੇ ਇਹ ਹੀ ਖੰਨਿਅਹੁ ਤਿੱਖੀ ਅਤੇ ਵਾਲਹੁ ਨਿੱਕੀ ਸੜਕ ਦੀ ਯਾਤਰਾ ਹੈ-
ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ-੪੮੦
ਪੰਚ ਮਾਰਿ ਚਿਤੁ ਰਖਹੁ ਥਾਇ।ਜੋਗ ਜੁਗਤਿ ਕੀ ਇਹੈ ਪਾਂਇ-੧੧੮੯
ਲੋਭੁ ਮੋਹੁ ਸਭੁ ਕੀਨੋ ਦੂਰਿ ।ਪਰਮ ਬੈਸਨੋ ਪ੍ਭ ਪੇਖਿ ਹਦੂਰਿ...
ਅਹੰਬੁਧਿ ਕਾ ਛੋਡਿਆ ਸੰਗੁ।ਕਾਮ ਕ੍ਰੋਧ ਕਾ ਉਤਰਿਆ ਰੰਗੁ-੧੧੪੭
ਪੰਚ ਪੂਤ ਜਣੇ ਇਕ ਮਾਇ...ਇਨ ਕਉ ਛੋਡਿ ਜਨ ਊਪਰਿ ਬਸੇ-੮੬੫
ਨਿਹਤੇ ਪੰਜਿ ਜੁਆਨ ਮੈ, ਗੁਰਿ ਥਾਪੀ ਦਿਤੀ ਕੰਡਿ ਜੀਉ-੭੪
ਮਾਰੇ ਪੰਚ ਬਿਖਾਦੀਆ। ਗੁਰ ਕਿਰਪਾ ਤੇ ਦਲੁ ਸਾਧਿਆ
ਬਖਸੀਸ ਵਜਹੁ ਮਿਲਿ ਏਕੁ ਨਾਮ।ਸੂਖ ਸਹਜ ਅਨੰਦ ਬਿਸ੍ਰਾਮ-੨੧੦
ਇਹ ਹੈ ਰਾਹ ਸੱਚੇ ਧਰਮੀ ਬਣਨ ਦਾ ਜੇ ਪਰ ਬਾਣੀ ਦੀ ਸੇਧ ਨੂੰ ਮੰਨਾਂਗੇ।ਇਹ ਕਰਦਿਆਂ ਨੇ ਹੰਕਾਰ ਵਿੱਚ ਨਹੀਂ ਆਉਣਾ। ਯਾਦ ਰਹੇ ਕਿ ਦੁਨੀਆਂ ਨੂੰ ਆਪਣੇ ਧਰਮੀ ਹੋਣ ਦਾ ਯਕੀਨ ਕਰਾਉਣ ਲਈ ਨਾਵਾਂ ਦੇ ਅੱਗੇ ਜਾਂ ਪਿੱਛੇ ਵਿਸ਼ੇਸ਼ਣ ਰੂਪੀ ਸ਼ਬਦ ਜੋੜ ਲੈਣੇ ਨਿਮਰਤਾ ਨਹੀਂ ਹੈ। ਬਾਣੀ ਅਨੁਸਾਰ ਸੱਚਾ ਧਰਮੀ ਅਭਿਮਾਨ ਰਹਿਤ ਹੁੰਦਾ ਹੈ।ਆਪਣੇ ਆਪ ਨੂੰ ਨੀਵਾਂ ਸਮਝਦਾ ਹੈ।ਮਨ ਵਿੱਚੋਂ ਬੁਰਿਆਈਆਂ ਤਾਂ ਕੱਢਦਾ ਹੈ ਪਰ ਸਾਰੀ ਖ਼ਲਕਤ ਨੂੰ ਆਪਣਾ ਮਿੱਤਰ ਸਮਝਦਾ ਹੈ-
ਮਨ ਆਪੁਨੇ ਤੇ ਬੁਰਾ ਮਿਟਾਨਾ।ਪੇਖੈ ਸਗਲ ਸਿ੍ਸਟਿ ਸਾਜਨਾ-੨੬੬
ਦੂਜੇ ਪਾਸੇ ਧਰਮੀ ਹੋਣ ਲਈ ਕੋਈ ਕੰਮ ਕਰਦਾ ਜੀਵ ਜੇ ਹੰਕਾਰ ਵਿੱਚ ਆ ਜਾਵੇ ਤਾਂ ਉਸਦੀ ਸਾਰੀ ਮਿਹਨਤ ਬਿਅਰਥ ਚਲੇ ਜਾਂਦੀ ਹੈ-
ਕੋਟਿ ਕਰਮ ਕਰੈ ਹਉ ਧਾਰੇ।ਸ੍ਮੁ ਪਾਵੈ ਸਗਲੇ ਬਿਰਥਾਰੇ-੨੭੮
ਗੁਰਬਾਣੀ ਦੀ ਮੰਜ਼ਿਲ-
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ-੬੭੧
ਹੈ। ਸੱਚਾ ਧਰਮੀ ਉਹ ਹੀ ਹੈ ਜਿਹੜਾ-
ਸਭ ਮਹਿ ਰਵਿ ਰਹਿਆ ਪ੍ਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ-੧੨੯੯
ਦੀ ਸੇਧ ਪਰਵਾਨ ਕਰਦਾ ਹੋਇਆ ਸਭ ਨੂੰ ਦੇਖਕੇ ਖੁਸ਼ ਹੁੰਦਾ ਹੈ ਨਾ ਕਿ ਉਹ ਜਿਹੜਾ ਕਿਸੇ ਦੀ ਸ਼ਕਲ ਦੇਖਕੇ ਹੀ ਘਿਰਣਾ ਅਤੇ ਗੁੱਸੇ ਨਾਲ ਭਰ ਜਾਂਦਾ ਹੈ।
ਇਹ ਗੱਲ ਕਦੇ ਭੀ ਨਹੀਂ ਭੁੱਲਣੀ ਚਾਹੀਦੀ ਕਿ ਉਸ ਮਾਲਕ ਦੀ ਬੋਲੀ ਪਿਆਰ ਦੀ ਹੈ। ਸੱਚੇ ਧਰਮ ਦੇ ਰਾਹ ਤੇ ਤੁਰਨ ਵਾਲਿਆਂ ਨੂੰ ਇਹ ਬੋਲੀ ਸਿੱਖਣੀ ਬਹੁਤ ਹੀ ਜ਼ਰੂਰੀ ਹੈ।
ਪਿਆਰ ਦੀ ਬੋਲੀ ਨਿਮਰਤਾ ਦੀ ਸੂਚਕ ਹੈ। ਘਿਰਨਾ ਅਤੇ ਗੁੱਸੇ ਦੀ ਬੋਲੀ ਹੰਕਾਰ ਦੀ ਸੂਚਕ ਹੈ। ਨਿਮਰਤਾ ਅਤੇ ਮਿਠਾਸ ਗੁਣਾਂ ਦੇ ਵਿੱਚੋਂ ਸਭ ਤੋਂ ਉੱਤਮ ਗੁਣ ਹਨ-
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ-੪੭੦
ਮਨੋਹਰ ਸਿੰਘ ਪੁਰੇਵਾਲ
ਮਨੋਹਰ ਸਿੰਘ ਪੁਰੇਵਾਲ
ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ
Page Visitors: 2546