ੴਸਤਿ ਗੁਰ ਪ੍ਰਸਾਦਿ ॥
ਗੁਰਬਾਣੀ ਦਰਸ਼ਨ
(ਗੁਰਬਾਣੀ ਦਾ ਫਲਸਫਾ)
ਗੁਰਮਤਿ ਵਿਆਖਿਆ-ਭਾਗ-ਤੀਜਾ
ਤੀਸਰੀ ਪਉੜੀ ਵਿਚ , ਗੁਰੂ ਸਾਹਿਬ ਉਸ ਪ੍ਰਭੂ ਦੇ ਗੁਣ ਗਾਉਣ ਵਾਲਿਆਂ ਦਾ ਜ਼ਿਕਰ ਕਰਦੇ , ਸਝਾਉਂਦੇ ਹਨ ਕਿ , ਉਸ ਦੇ ਗੁਣ ਤਾਂ ਬੇਅੰਤ ਹਨ , ਜਿਸ ਬੰਦੇ ਨੂੰ ਉਸ ਦੇ ਜਿਸ ਗੁਣ ਦੀ ਸੋਝੀ ਹੋ ਜਾਵੇ , ਉਹ ਓਸੇ ਗੁਣ ਤੇ ਆਧਾਰਿਤ ਹੀ , ਪਰਮਾਤਮਾ ਦੇ ਗੁਣ ਗਾਉਂਦਾ ਹੈ ।
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥
ਗਾਵੈ ਕੋ ਗੁਣ ਵਡਿਆਈ ਆਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥
ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥
ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥
ਕਥਨਾ ਕਥੀ ਨ ਆਵੈ ਤੋਟਿ ॥ ਕਥ ਕਥ ਕਥੀ ਕੋਟੀ ਕੋਟਿ ਕੋਟਿ ॥
ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥
ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥3॥
ਇਸ ਪਉੜੀ ਦੀ ਵਿਆਖਿਆ ਕਰਨ ਤੋਂ ਪਹਿਲਾਂ , “ ਗਾਵੈ ” ਨੂੰ ਸਮਝਣਾ ਜ਼ਰੂਰੀ ਹੈ , ਕਿਉਂਕਿ ਇਨ੍ਹਾਂ ਲਫਜ਼ਾਂ ਆਸਰੇ ਹੀ , ਪੁਜਾਰੀ ਲਾਣੇ ਨੇ , ਸਿੱਖਾਂ ਨੂੰ ਗੁਰਬਾਣੀ ਵਿਚਾਰ ਨਾਲੋਂ ਤੋੜ ਕੇ , ਰੱਟਿਆਂ ਨਾਲ ਜੋੜ ਦਿੱਤਾ ਹੈ । ਇਹ ਆਪਾਂ ਪਹਿਲੀ ਪਉੜੀ ਵਿਚ ਵੇਖਿਆ ਹੈ ਕਿ ਜਪ , ਮਨ ਦਾ ਵਿਸ਼ਾ ਹੈ । (ਜਦ ਕਿ ਅਗਿਆਨੀ ਲੋਕ , ਢੋਲਕੀਆਂ-ਚਿਮਟੇ ਕੁੱਟ-ਕੁੱਟ ਕੇ ਰੌਲਾ ਪਾਉਣ ਨੂੰ ਹੀ ਨਾਮ ਜਪਣਾ ਕਹੀ ਜਾਂਦੇ ਹਨ) ਇਵੇਂ ਹੀ ਗਾਉਣ ਬਾਰੇ ਵੀ , ਗੁਰੂ ਸਾਹਿਬ ਸੇਧ ਦਿੰਦੇ ਹਨ ,
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥1॥
ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥
ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ਰਹਾਉ॥ (669)
॥ਰਹਾਉ॥ ਹੇ ਭਾਈ ਹਰੀ ਦੀ ਕੀਰਤੀ , ਵਡਿਆਈ ਕਰਿਆ ਕਰੋ । ਹਰੀ ਦੇ ਇਸ ਭਵਜਲ ਸੰਸਾਰ ਵਿਚ , ਹਰੀ ਦੀ ਵਡਿਆਈ ਕਰਨੀ ਹੀ ਤੀਰਥ ਇਸ਼ਨਾਨ ਹੈ । ਹਰੀ ਦੇ ਦਰ ਤੇ ਉਨ੍ਹਾਂ ਮਨੁੱਖਾਂ ਨੂੰ ਹੀ ਸੋਭਾ ਮਿਲਦੀ ਹੈ , ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫਤ-ਸਾਲਾਹ ਨਾਲ ਡੂੰਘੀ ਸਾਂਝ ਪਾਈ ਹੈ ।
ਗੱਲ ਡੂੰਘੀ ਸਾਂਝ ਪਾਉਣ ਦੀ ਹੈ , ਜੋ ਵਿਚਾਰ ਤੋਂ ਬਗੈਰ , ਖਾਲੀ ਵਿਖਾਵੇ ਨਾਲ ਨਹੀਂ ਪੈ ਸਕਦੀ ।
॥1॥ ਹੇ ਭਾਈ ਆਪਣੇ ਆਪ ਨੂੰ ਸੇਵਕ ਅਖਵਾਉਣ ਵਾਲੇ , ਸਿੱਖ ਅਖਵਾਉਣ ਵਾਲੇ (ਸੰਤ-ਮਹਾਂਪੁਰਸ਼-ਬ੍ਰਹਮਗਿਆਨੀ ਅਖਵਾਉਣ ਵਾਲੇ ਨਹੀਂ) ਗੁਰੂ ਦੇ ਦਰ ਤੇ ਪ੍ਰਭੂ ਦੀ ਭਗਤੀ ਕਰਨ ਆਉਂਦੇ ਹਨ । ਸਾਰੇ ਹੀ ਪ੍ਰਭੂ ਦੀ ਸਿਫਤ-ਸਾਲਾਹ ਨਾਲ ਭਰਪੂਰ , ਸ੍ਰੇਸ਼ਟ ਗੁਰਿਬਾਣੀ ਗਾਉਂਦੇ ਹਨ । ਪਰ ਪਰਮਾਤਮਾ , ਉਨ੍ਹਾਂ ਸੇਵਕਾਂ , ਉਨ੍ਹਾਂ ਸਿੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ , ਜਿਨ੍ਹਾਂ ਨੇ ਸਤਿਗੁਰ , ਸ਼ਬਦ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਮੰਨ ਕੇ , ਉਸ ਤੇ ਅਮਲ ਕੀਤਾ ਹੈ , ਉਸ ਤੋਂ ਮਿਲੀ ਸਿਖਿਆ ਅਨੁਸਾਰ ਭਗਤੀ ਕੀਤੀ ਹੈ ।
ਏਥੇ ਗੱਲ ਨਿਰੇ ਗਾਉਣ ਦੀ ਨਹੀਂ , ਵਿਚਾਰਨ ਅਤੇ ਵਿਚਾਰੇ ਤੇ ਅਮਲ ਕਰਨ ਦੀ ਹੈ । ਮੁੜਦੇ ਹਾਂ ਵਿਸ਼ੇ ਵੱਲ ।
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥
ਗਾਵੈ ਕੋ ਗੁਣ ਵਡਿਆਈ ਆਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥
ਕੋਈ ਬੰਦਾ , ਜਿਸ ਵਿਚ ਤਾਣ , ਬਲ , ਤਾਕਤ ਹੋਵੇ , ਤਾਂ ਉਹ ਪਰਮਾਤਮਾ ਦੇ ਤਾਣ ਨੂੰ ਹੀ ਉਸ ਦੀ ਨਿਸ਼ਾਨੀ ਸਮਝ ਕੇ , ਉਸ ਅਨੁਸਾਰ ਹੀ ਉਸ ਦੀ ਸਮਰਥਾ ਬਾਰੇ ਵਿਚਾਰ ਕਰਦਾ ਹੈ । ਉਸ ਦੇ ਗੁਣ ਗਾਉਂਦਾ ਹੈ । ਜੇ ਕਿਸੇ ਬੰਦੇ ਕੋਲ ਪ੍ਰਭੂ ਦੀ ਬਖਸ਼ਿਸ਼ ਆਸਰੇ , ਉਸ ਦੀਆਂ ਦਾਤਾਂ ਹਨ , ਤਾਂ ਉਹ ਪ੍ਰਭੂ ਦੀਆਂ ਦਾਤਾਂ ਨੂੰ ਹੀ , ਉਸ ਪ੍ਰਭੂ ਦੀ ਨਿਸ਼ਾਨੀ ਸਮਝ ਕੇ , ਉਸ ਅਨੁਸਾਰ ਹੀ ਉਸ ਦੀ ਸਮਰਥਾ ਬਾਰੇ ਵਿਚਾਰ ਕਰਦਾ ਹੈ , ਉਸ ਦੇ ਗੁਣ ਗਾਉਂਦਾ ਹੈ ।
ਇਵੇਂ ਹੀ ਕੋਈ ਬੰਦਾ , ਉੱਚੇ ਆਚਰਣ ਨੂੰ ਮੁੱਖ ਰੱਖ ਕੇ , ਉਸ ਅਨੁਸਾਰ ਹੀ ਉਸ ਦੀ ਸਮਰਥਾ ਬਾਰੇ ਵਿਚਾਰ ਕਰਦਾ ਹੈ , ਉਸ ਦੇ ਗੁਣ ਗਾਉਂਦਾ ਹੈ । ਕੋਈ ਬੰਦਾ , ਜਿਸ ਨੇ ਉੱਚ ਵਿਦਿਆ ਲਈ ਹੋਵੇ , ਉਹ ਉਸ ਕਠਨ ਵਿਦਿਆ ਨੂੰ ਹੀ ਮੁੱਖ ਰੱਖ ਕੇ , ਉਸ ਅਨੁਸਾਰ ਹੀ ਉਸ ਦੀ ਸਮਰਥਾ ਬਾਰੇ ਵਿਚਾਰ ਕਰਦਾ ਹੈ , ਉਸ ਦੇ ਗੁਣ ਗਾਉਂਦਾ ਹੈ ।
ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥
ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥
ਕੋਈ ਬੰਦਾ ਉਸ ਪ੍ਰਭੂ ਦੀ ਸਮਰਥਾ ਬਾਰੇ ਇਸ ਆਧਾਰ ਤੇ ਵਿਚਾਰ ਕਰਦਾ ਹੈ ਕਿ , ਉਹ ਪ੍ਰਭੂ ਆਪ ਹੀ ਸਾਰੇ ਜੀਵਾਂ ਨੂੰ ਸਾਜਦਾ , ਪੈਦਾ ਕਰਦਾ ਹੈ ਅਤੇ ਫਿਰ ਆਪਹੀ ਉਨ੍ਹਾਂ ਨੂੰ ਖਤਮ ਕਰ ਕੇ , ਉਨ੍ਹਾਂ ਦਾ ਸਰੀਰ ਮਿੱਟੀ ਵਿਚ ਬਦਲ ਦਿੰਦਾ ਹੈ । ਕੋਈ ਬੰਦਾ ਉਸ ਦੀ ਸਮਰਥਾ ਬਾਰੇ , ਇਸ ਆਧਾਰ ਤੇ ਹੀ ਵਿਚਾਰ ਕਰਦਾ ਹੈ ਕਿ , ਉਹ ਪ੍ਰਭੂ ਆਪ ਹੀ ਸਰੀਰਾਂ ਵਿਚੋਂ ਆਪਣੀ ਸੱਤਾ , ਜੀਅ , ਜਿੰਦ ਕੱਢ ਲੈਂਦਾ ਹੈ । ਫਿਰ ਆਪ ਹੀ ਉਹ ਜਿੰਦ , ਦੂਸਰਾ ਸਰੀਰ ਸਾਜ ਕੇ , ਉਸ ਵਿਚ ਪਾ ਦਿੰਦਾ ਹੈ ।
ਕੋਈ ਬੰਦਾ ਇਸ ਆਧਾਰ ਤੇ ਹੀ ਉਸ ਪ੍ਰਭੂ ਦੀ ਹਸਤੀ ਬਾਰੇ ਵਿਚਾਰ ਕਰਦਾ ਹੈ ਕਿ , ਪ੍ਰਭੂ ਕਿਤੇ ਬਹੁਤ ਦੂਰ ਜਾਪਦਾ ਹੈ , ਉਹ ਕਿਹੋ ਜਿਹਾ ਹੋਵੇਗਾ ? ਕੋਈ ਇਸ ਆਧਾਰ ਤੇ ਵਿਚਾਰ ਕਰਦਾ ਹੈ ਕਿ , ਪਰਮਾਤਮਾ ਤਾਂ ਹਰ ਵੇਲੇ , ਹਰ ਥਾਂ ਤੇ ਮੌਜੂਦ ਹੈ , ਉਹ ਕਿਹੋ ਜਿਹਾ ਹੋਵੇਗਾ ?
ਕਥਨਾ ਕਥੀ ਨ ਆਵੈ ਤੋਟਿ ॥ ਕਥ ਕਥ ਕਥੀ ਕੋਟੀ ਕੋਟਿ ਕੋਟਿ ॥
ਕ੍ਰੋੜਾਂ ਜੀਵਾਂ ਨੇ ਆਪਣੀ ਸੋਚ ਮੁਤਾਬਕ , ਆਪਣੇ ਵਿਚਾਰਾਂ ਦੇ ਆਧਾਰ ਤੇ , ਕ੍ਰੋੜਾਂ ਵਾਰੀ ਉਸ ਕਰਤਾ ਪੁਰਖ ਬਾਰੇ ਵਰਣਨ ਕੀਤਾ ਹੈ , ਪਰ ਇਸ ਨਾਲ ਅਕਾਲ-ਪੁਰਖ ਬਾਰੇ ਪੂਰਾ ਵਰਣਨ ਨਹੀਂ ਕੀਤਾ ਜਾ ਸਕਿਆ । ਉਸ ਬਾਰੇ ਜਿੰਨਾ ਵਿਚਾਰ ਕਰਦੇ ਜਾਉ , ਉਸ ਦੀ ਹੱਦ ਉਸ ਤੋਂ ਅੱਗੇ ਹੀ ਅੱਗੇ ਨਜ਼ਰ ਆਉਂਦੀ ਹੈ । ਅਰਥਾਤ ਉਸ ਦੀ ਹਸਤੀ ਦਾ ਪੂਰਾ ਵਰਣਨ ਕਰਨਾ ਸੰਭਵ ਨਹੀਂ ਹੈ ।
ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥
ਇਸ ਵਿਚ ਗੁਰੂ ਸਾਹਿਬ ਨੇ , ਉਸ ਪਰਮੇਸ਼ਰ ਦੀ ਸਮਰਥਾ ਦੀ ਇਕ ਝਲਕ ਮਾਤ੍ਰ ਪੇਸ਼ ਕੀਤੀ ਹੈ ਕਿ , ਜੁਗਾਂ-ਜੁਗਾਂ ਤੋਂ ਬੇਅੰਤ ਲੋਕ , ਉਸ ਦਾ ਦਿੱਤਾ ਖਾ ਰਹੇ ਹਨ । ਉਹ ਖਾਣ ਵਾਲੇ ਖਾ-ਖਾ ਕੇ ਥੱਕ ਜਾਂਦੇ ਹਨ । (ਖਤਮ ਹੋ ਜਾਂਦੇ ਹਨ) ਪਰ ਦੇਣ ਵਾਲਾ ਪ੍ਰਭੂ ਦਿੰਦਾ ਹੀ ਰਹਿੰਦਾ ਹੈ , ਉਸ ਦੇ ਭੰਡਾਰਿਆਂ ਵਿਚ , ਰੱਤੀ ਭਰ ਦਾ ਵੀ ਘਾਟਾ ਨਹੀਂ ਪਿਆ ।
ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥3॥
ਹੇ ਨਾਨਕ , ਪਰਮਾਤਮਾ ਆਪ ਹਮੇਸ਼ਾ ਕਿਸੇ ਫਿਕਰ ਤੋਂ ਬਗੈਰ , ਖੇੜੇ ਖੁਸ਼ੀ ਦੀ ਹਾਲਤ ਵਿਚ ਰਹਿੰਦਾ ਹੈ । ਬੰਦਾ ਉਸ ਦੇ ਏਨੇ ਲੰਮੇ-ਚੌੜੇ ਪਸਾਰੇ ਨੂੰ ਵੇਖ ਕੇ , ਹਰ ਚੀਜ਼ ਵਿਚ ਉਸ ਦੀ ਹੋਂਦ ਨੂੰ ਮਹਿਸੂਸ ਕਰ ਕੇ , ਉਸ ਬਾਰੇ ਜੋ ਮਰਜ਼ੀ ਵਿਚਾਰ ਕਰਦਾ ਰਹੇ , ਪਰ ਅਸਲੀਅਤ ਇਹ ਹੈ ਕਿ , ਇਨ੍ਹਾਂ ਰੁਝੇਵਿਆਂ ਦਾ , ਉਸ ਤੇ ਕੋਈ ਅਸਰ ਨਹੀਂ ਪੈਂਦਾ । ਕਿਉਂਕਿ ਇਹ ਸਾਰਾ ਕਾਰ-ਵਿਹਾਰ , ਜੋ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ , ਇਹ ਸਾਰਾ ਕੁਝ ਉਸ ਦੇ ਬਣਾਏ ਅਟੱਲ ਨਿਯਮ-ਕਾਨੂਨ ਅਨੁਸਾਰ ਆਪਣੇ ਆਪ ਹੁੰਦਾ ਰਹਿੰਦਾ ਹੈ ।
(ਇਸ ਨਿਯਮ-ਕਾਨੂਨ ਨੂੰ ਬਦਲਣ , ਉਸ ਵਿਚ ਹੇਰਾ-ਫੇਰੀ ਕਰਨ ਦੀ ਸਮਰਥਾ ਕਿਸੇ ਵਿਚ ਨਹੀਂ । ਜੇ ਬੰਦਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੇ , ਤਾਂ ਇਹ ਸੰਭਵ ਹੀ ਨਹੀਂ ਕਿ , ਦੁਨੀਆ ਦਾ ਚਤਰ ਤੋਂ ਚਤਰ ਬੰਦਾ ਵੀ , ਉਸ ਨੂੰ ਕੁਰਾਹੇ ਪਾ ਸਕੇ , ਉਸ ਨਾਲ ਠੱਗੀ ਕਰ ਸਕੇ )
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥4॥
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਸ੍ਰਿਸ਼ਟੀ ਦੀ ਇਕੋ-ਇਕ ਸਚਾਈ , ਸਦਾ ਕਾਇਮ ਰਹਣ ਵਾਲੀ ਹਸਤੀ , ਅਕਾਲ-ਪੁਰਖ ਹੀ ਹੈ । ਉਸ ਨੂੰ ਹੀ ਸਾਚਾ ਸਾਹਿਬੁ ਕਰ ਕੇ ਬਿਆਨਿਆ ਹੈ , ਮਤਲਬ ਹੈ , ਹਮੇਸ਼ਾ ਕਾਇਮ ਰਹਣ ਵਾਲਾ ਮਾਲਕ , ਸਾਈਂ , ਖਸਮ । ਉਸ ਸੱਚੇ ਦਾ ਨਿਆਂ , ਇਨਸਾਫ ਵੀ ਬਿਲਕੁਲ ਸੱਚਾ ਹੈ , ਉਸ ਵਿਚ ਕਿਸੇ ਦਾ ਲਿਹਾਜ਼ ਨਹੀਂ ਹੁੰਦਾ , ਕਿਸੇ ਦਾ ਪੱਖ ਨਹੀਂ ਪੂਰਿਆ ਜਾਂਦਾ , ਕਿਸੇ ਨਾਲ ਵਿਤਕਰਾ ਨਹੀਂ ਹੁੰਦਾ , ਕਿਸੇ ਨਾਲ ਵੈਰ ਜਾਂ ਅਨਿਆਇ ਨਹੀਂ ਕੀਤਾ ਜਾਂਦਾ ।
ਇਨਸਾਫ ਦੇ ਉਸ ਰਾਹ ਤੋਂ , ਬਾਦਸ਼ਾਹ ਅਤੇ ਫਕੀਰ , ਧਨੀ ਅਤੇ ਕੰਗਾਲ , ਵਿਦਵਾਨ ਅਤੇ ਮੂਰਖ , ਜਨਾਨੀ ਅਤੇ ਬੰਦੇ ਨੂੰ ਇਕ ਸਮਾਨ ਨਿਕਲਣਾ ਪੈਂਦਾ ਹੈ । ਉਸ ਕਰਤਾਰ ਦੀ ਬੋਲੀ ਬੜੀ ਮਿੱਠੀ ਅਤੇ ਉਸ ਦਾ ਪਿਆਰ ਅਪਾਰ ਹੈ , ਉਸ ਦੇ ਪਿਆਰ ਦਾ ਕੋਈ , ਹੱਦ-ਬੰਨਾ ਨਹੀਂ ਹੈ । ਉਹ ਕਦੇ ਕਿਸੇ ਨਾਲ , ਕਰੱਖਤ ਲਹਿਜੇ ਵਿਚ ਗੱਲ ਨਹੀਂ ਕਰਦਾ , ਕਦੇ ਆਪਣੇ ਅੰਦਰ ਝਾਤ ਮਾਰ ਕੇ ਵੇਖੋ , ਉਹ ਬੜੇ ਪਿਆਰ ਨਾਲ ਸਮਝਾਉਂਦਾ ਨਜ਼ਰ ਆ ਜਾਵੇਗਾ ।
ਬੰਦਾ ਕਿੰਨਾ ਵੀ ਬੁਰਾ ਕੰਮ ਚਿਤਵ ਚੁੱਕਾ ਹੋਵੇ , ਉਸ ਨੂੰ ਪੂਰਾ ਕਰਨ ਜਾ ਰਿਹਾ ਹੋਵੇ , ਪੂਰੀ ਸਮਰਥਾ ਦੇ ਹੁੰਦਿਆਂ ਵੀ , ਅੰਦਰ ਬੈਠਾ ਪ੍ਰਭੂ , ਬੜੇ ਪਿਆਰ ਨਾਲ ਸਮਝਾ ਰਿਹਾ ਹੁੰਦਾ ਹੈ “ ਇਹ ਕੰਮ ਨਾ ਕਰ ”
ਸੰਸਾਰ ਦੇ ਸਾਰੇ ਜੀਵ , ਮੰਗਤੇ ਤੋਂ ਲੈ ਕੇ ਬਾਦਸ਼ਾਹ ਤਕ , ਉਸ ਕੋਲੋਂ ਦਾਤਾਂ ਮੰਗਦੇ ਹਾਂ । ਇਸ ਕਰ ਕੇ ਹੀ ਉਸ ਨੂੰ “ ਦਾਤਾਰੁ ” ਦਾਤਾਂ ਦੇਣ ਵਾਲਾ ਕਿਹਾ ਜਾਂਦਾ ਹੈ । ਸਾਰੇ ਹੀ ਉਸ ਨੂੰ ਆਖਦੇ ਹਾਂ , “ ਹੇ ਪ੍ਰਭੂ , ਸਾਨੂੰ ਆਹ ਦੇਹ , ਸਾਨੂੰ ਔਹ ਦੇਹ ” ਸਾਰੀ ਉਮਰ ਸਾਡਾ ਇਹੀ ਕਰਮ ਚਲਦਾ ਰਹਿੰਦਾ ਹੈ , ਅਸੀਂ ਮੰਗਦੇ ਥੱਕ ਜਾਂਦੇ ਹਾਂ , ਖਤਮ ਹੋ ਜਾਂਦੇ ਹਾਂ , ਪਰ ਦਾਤਾਰ ਕਦੇ ਥੱਕਦਾ ਨਹੀਂ , ਕਦੇ ਅੱਕਦਾ ਨਹੀਂ । ਬੜੇ ਸਹਿਜ-ਸੁਭਾਅ ਸ਼ਾਂਤੀ ਪੂਰਵਕ , ਸਾਡੀਆਂ ਝੋਲੀਆਂ ਭਰਦਾ ਰਹਿੰਦਾ ਹੈ , ਕਿਸੇ ਨਾਲ ਕੋਈ ਵਿਤਕਰਾ ਨਹੀਂ । ਇਹ ਸਾਰੇ ਵਿਤਕਰੇ ਬੰਦੇ ਦੀ ਤ੍ਰਿਸ਼ਨਾ ਦੀ ਹੀ ਉਪਜ ਹਨ ।
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਗੁਰੂ ਸਾਹਿਬ , ਸਵਾਲ ਖੜਾ ਕਰਦੇ ਹਨ ਕਿ , ਜਦ ਸਾਰੀਆਂ ਦਾਤਾਂ , ਉਸ ਦਾਤਾਰ ਦੀਆਂ ਹੀ ਦਿੱਤੀਆਂ ਹੋਈਆਂ ਹਨ , ਫਿਰ ਅਸੀਂ , ਐਸੀ ਕਿਹੜੀ ਵਸਤ ਉਸ ਨੂੰ ਭੇਂਟ ਕਰੀਏ , ਉਸ ਨੂੰ ਅਰਪਣ ਕਰੀਏ ? ਜੋ ਸਾਡੀ ਆਪਣੀ ਹੋਵੇ , ਜਿਸ ਭੇਟਾ ਨੂੰ ਕਬੂਲ ਕਰ ਕੇ , ਉਹ ਸਾਨੂੰ ਆਪਣੇ ਦਰ , ਆਪਣੇ ਦਰਬਾਰ ਬਾਰੇ ਸੋਝੀ ਬਖਸ਼ੇ । ਅਸੀਂ ਮੂੰਹ ਨਾਲ ਕਿਹੜੀ ਅਜਿਹੀ ਬੋਲੀ ਬੋਲੀਏ ? ਜੋ ਉਸ ਨੂੰ ਪਿਆਰੀ ਲੱਗੇ , ਜਿਸ ਨੂੰ ਸੁਣ ਕੇ ਉਹ ਸਾਨੂੰ ਪਿਆਰ ਕਰਨ ਲਗ ਜਾਵੇ ।
(ਜਦੋਂ ਅਸੀਂ ਇਸ ਬਾਰੇ ਵਿਚਾਰ ਕਰਦੇ ਹਾਂ ਤਾਂ ਸਾਨੂੰ ਆਪਣੇ ਆਸੇ-ਪਾਸੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ । ਜਿਵੇਂ ਅਕਾਲ ਪੁਰਖ ਦੇ ਬੇਸ਼ੁਮਾਰ ਬੱਚੇ ਹਨ ,
ਓਵੇਂ ਹੀ ਘਰ ਵਾਲੇ ਬਾਪੂ ਦੇ ਵੀ ਦੋ-ਚਾਰ ਬੱਚੇ ਹੁੰਦੇ ਹਨ। ਜਿਵੇਂ ਅਕਾਲ-ਪੁਰਖ ਸਾਨੂੰ ਸਾਰਿਆਂ ਨੂੰ ਦਾਤਾਂ ਦਿੰਦਾ ਹੈ , ਓਵੇਂ ਹੀ ਘਰ ਵਾਲਾ ਬਾਪੂ ਵੀ ਆਪਣੀ ਕਮਾਈ ਵਿਚੋਂ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ । ਜਿਵੇਂ ਪਰਮਾਤਮਾ ਲਈ ਸਭ ਬੰਦੇ ਬਰਾਬਰ ਹਨ , ਓਵੇਂ ਹੀ ਘਰ ਵਾਲੇ ਬਾਪੂ ਲਈ ਵੀ , ਉਸ ਦੇ ਸਾਰੇ ਬੱਚੇ ਬਰਾਬਰ ਹੁੰਦੇ ਹਨ । ਪਰ ਘਰ ਦਾ ਬਾਪੂ ਸਾਰਿਆਂ ਨਾਲ ਇਕੋ ਜਿਹਾ ਪਿਆਰ ਨਹੀਂ ਕਰਦਾ । ਕਿਉਂ ?
ਸੁਭਾਵਕ ਹੀ , ਨਾ ਚਾਹੁੰਦੇ ਹੋਏ ਵੀ , ਕਿਸੇ ਨਾਲ ਵੱਧ ਪਿਆਰ ਹੋ ਜਾਂਦਾ ਹੈ , ਕਿਸੇ ਨਾਲ ਘੱਟ ਹੁੰਦਾ ਹੈ । ਕਾਰਨ ਕੀ ਹੈ ? ਇਹੀ ਸਮਝ ਕੇ ਅਸੀਂ , ਅਗਲੀ ਤੁਕ ਦੇ ਸਹੀ ਅਰਥ ਕਰ ਸਕਾਂਗੇ ।
ਜੇ ਇਕ ਬੰਦੇ ਦੇ ਚਾਰ ਬੱਚੇ ਹਨ , ਉਨ੍ਹਾਂ ਵਿਚੋਂ ਇਕ ਤਾਂ ਬਾਪੂ ਨੂੰ ਉੱਕਾ ਹੀ ਮਾਨਤਾ ਨਹੀਂ ਦਿੰਦਾ , ਜਿਵੇਂ ਬਹੁਤ ਸਾਰੇ ਮਨੁੱਖ , ਪਰਮਾਤਮਾ ਦੀ ਹਸਤੀ ਤੋਂ ਹੀ ਮੁਨਕਿਰ ਹਨ । ਦੂਸਰਾ ਬੱਚਾ ਵੇਲੇ-ਕੁਵੇਲੇ , ਬਾਪੂ-ਬਾਪੂ ਤਾਂ ਕਰਦਾ ਹੈ , ਪਰ ਨਾ ਬਾਪੂ ਦੀ ਗੱਲ ਸੁਣਦਾ ਹੈ ਅਤੇ ਨਾ ਹੀ ਮੰਨਦਾ ਹੈ , ਜਿਵੇਂ ਅੱਜ-ਕਲ ਬਹੁਤ ਸਾਰੇ ਮਨੁੱਖ , ਸਿਮਰਨ ਦੇ ਨਾਮ ਤੇ ਕਰ ਰਹੇ ਹਨ ।
ਤੀਸਰਾ ਬੱਚਾ , ਬਾਪੂ ਦੀ ਗੱਲ ਕਦੇ-ਕਦੇ ਸੁਣਦਾ ਤਾਂ ਹੈ , ਵਿਚਾਰਦਾ ਵੀ ਹੈ , ਪਰ ਬਾਪੂ ਦੇ ਕਹੇ ਨਹੀਂ ਲਗਦਾ , ਜਿਵੇਂ ਅੱਜ-ਕਲ ਦੇ ਬਹੁਤੇ ਵਿਦਵਾਨ , ਪਰਮਾਤਮਾ ਬਾਰੇ ਕਰਦੇ ਹਨ । ਚੌਥਾ , ਉਹ ਬੱਚਾ ਹੈ , ਜੋ ਬਾਪੂ ਦੀ ਗੱਲ ਸੁਣਦਾ ਵੀ ਹੈ , ਉਸ ਨੂੰ ਵਿਚਾਰਦਾ ਵੀ ਹੈ , ਅਤੇ ਬਾਪੂ ਦੇ ਕਹੇ ਅਨੁਸਾਰ , ਕੰਮ ਵੀ ਕਰਦਾ ਹੈ । ਬਾਪੂ ਨਾਲ ਦਿਲੋਂ ਪਿਆਰ ਵੀ ਕਰਦਾ ਹੈ , ਜਿਵੇਂ ਕ੍ਰੋੜਾਂ ਵਿਚੋਂ , ਕੋਈ ਵਿਰਲਾ ਬੰਦਾ , ਅਕਾਲ ਪੁਰਖ ਨਾਲ ਕਰਦਾ ਹੈ । ਹੁਣ ਸੋਚਣਾ ਬੜਾ ਸੌਖਾ ਹੈ ਕਿ , ਬਾਪੂ ਦਾ ਆਪਣੇ ਬੱਚਿਆਂ ਨਾਲ ਵੱਧ-ਘਟ ਪਿਆਰ ਕਿਉਂ ਹੁੰਦਾ ਹੈ ? ਆਉ ਹੁਣ ਅਸੀਂ ਅਗਲੀ ਤੁਕ ਵਿਚਾਰਦੇ ਹਾਂ । ਅਗਲੀ ਤੁਕ ਹੈ ,
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਉਸ ਪਰਮਾਤਮਾ ਦੇ ਅੱਗੇ , ਅਸੀਂ ਇਕੋ ਚੀਜ਼ ਭੇਂਟ ਕਰ ਸਕਦੇ ਹਾਂ । ਅੰਮ੍ਰਿਤ ਵੇਲਾ , ਸਾਡੀ ਜ਼ਿੰਦਗੀ ਦਾ ਉਹ ਸਮਾ , ਜਦੋਂ ਅਸੀਂ ਹਮੇਸ਼ਾ ਕਾਇਮ ਰਹਣ ਵਾਲੇ ਅੰਮ੍ਰਿਤ , (ਪਰਮਾਤਮਾ) ਦੇ ਨਾਲ ਜੁੜ ਕੇ , ਉਸ ਦੀ ਵਡਿਆਈ , ਉਸ ਦੇ ਨਾਮ , ਉਸ ਦੀ ਰਜ਼ਾ , ਉਸ ਦੇ ਹੁਕਮ ਬਾਰੇ , ਵਿਚਾਰਿਆ ਹੋਵੇ । ਉਸ ਵਲੋਂ ਸ੍ਰਿਸ਼ਟੀ ਦੇ ਕਾਰ-ਵਹਾਰ ਨੂੰ , ਨਿਰ-ਵਿਘਨ ਚਲਦਾ ਰੱਖਣ ਲਈ ਬਣਾਏ , ਨਿਯਮ-ਕਾਨੂਨ (ਜਿਨ੍ਹਾਂ ਆਸਰੇ ਇਸ ਬ੍ਰਹਮੰਡ ਦਾ , ਸਾਰਾ ਕਾਰ-ਵਿਹਾਰ , ਨਿਰ ਵਿਘਨ ਚਲਦਾ ਪਿਆ ਹੈ ) ਨਾਲ ਇਕ ਸੁਰ ਹੁੰਦੇ ਹੋਏ , ਪਰਮਾਤਮਾ ਦੇ ਹੁਕਮ ਵਿਚ ਚਲੇ ਹੋਈਏ । ਅੰਮ੍ਰਿਤ ਬਾਰੇ ਗੁਰਬਾਣੀ ਫੁਰਮਾਨ ਹੈ ,
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ । (421)
ਇਕ ਪਰਮਾਤਮਾ ਹੀ , ਆਤਮਕ ਜੀਵਨ ਰੂਪੀ ਅੰਮ੍ਰਿਤ-ਫਲ ਦੇਣ ਵਾਲਾ , ਅੰਮ੍ਰਿਤ ਦਾ ਬੂਟਾ ਹੈ । ਜਦੋਂ ਅਸੀਂ ਅੰਮ੍ਰਿਤ ਰੂਪੀ ਫਲ ਦੇਣ ਵਾਲੇ , ਅੰਮ੍ਰਿਤ ਦੇ ਬੂਟੇ ਨਾਲ ਜੁੜੇ ਹੋਈਏ , ਜ਼ਿੰਦਗੀ ਦੇ ਇਸ ਸਮੇ ਨੂੰ ਹੀ “ਅੰਮ੍ਰਿਤ ਵੇਲਾ ਕਿਹਾ ਗਿਆ ਹੈ ।
ਗੁਰਬਾਣੀ ਵਿਚ ਸਮੇ ਲਈ . “ਕਾਲ” ਲਫਜ਼ ਦੀ ਹੀ ਵਰਤੋਂ ਹੋਈ ਹੈ , ਕਿਸੇ ਸਮੇ ਬਾਰੇ , ਬ੍ਰਾਹਮਣਾਂ ਵਾਙ , ਚੰਗਾ ਜਾਂ ਮਾੜਾ ਹੋਣ ਦੀ ਕੋਈ ਵਿਚਾਰ , ਗੁਰਬਾਣੀ ਵਿਚ ਨਹੀਂ ਹੈ ।
ਇਸ ਨੂੰ ਚੰਗਾ ਜਾਂ ਮਾੜਾ , ਬੰਦੇ ਨੇ ਆਪਣੇ ਕਰਮਾਂ ਨਾਲ ਬਨਾਉਣਾ ਹੈ । ਗੁਰਬਾਣੀ ਵਿਚ , ਇਸ ਆਧਾਰ ਤੇ ਚੰਗੇ ਅਤੇ ਮਾੜੇ ਸਮੇ ਬਾਰੇ ਦੋ ਲਫਜ਼ ਵਰਤੇ ਗਏ ਹਨ । ਜਿਸ ਸਮੇ ਬੰਦਾ , ਪਰਮਾਤਮਾ ਨਾਲ ਜੁੜਿਆ ਹੁੰਦਾ ਹੈ , ਉਸ ਨੂੰ “ ਅੰਮ੍ਰਿਤ ਵੇਲਾ ” ਕਿਹਾ ਗਿਆ ਹੈ । ਅਰਥਾਤ ਅੰਮ੍ਰਿਤ ਨਾਲ ਜੁੜੇ ਹੋਣ ਦਾ ਵੇਲਾ । ਜਿਸ ਸਮੇ ਬੰਦਾ , ਅੰਮ੍ਰਿਤ ਨਾਲੋਂ ਟੁੱਟ ਕੇ , ਮਾਇਆ ਮੋਹ ਵਿਚ ਜੁੜਿਆ ਹੁੰਦਾ ਹੈ , ਉਸ ਸਮੇ ਨੂੰ “ ਮਹਾ ਕਾਲੁ ” (886) , ਭਿਆਨਕ ਸਮਾ , ਕਿਹਾ ਗਿਆ ਹੈ । ਕਿਉਕਿ ਉਸ ਸਮੇ ਵਿਚ ਬੰਦਾ , ਆਤਮਕ ਮੌਤ ਵੱਲ ਵਧ ਰਿਹਾ ਹੁੰਦਾ ਹੈ , ਇਸ ਲਈ ਉਸ ਸਮੇ ਨੂੰ ਬੰਦੇ ਦੀ ਜ਼ਿੰਦਗੀ ਦਾ ਭਿਆਨਕ ਸਮਾ ਕਿਹਾ ਹੇ ।
ਜੇ ਅਸੀਂ ਸਿਰਫ ਸਰਘੀ ਵੇਲੇ ਨੂੰ ਹੀ ਅੰਮ੍ਰਿਤ ਵੇਲਾ ਕਹਾਂਗੇ ਤਾਂ , ਗੁਰੂ ਸਾਹਿਬ ਦੇ ਇਸ ਹੁਕਮ ਦਾ ਕੀ ਹੋਵੇਗਾ ?
ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ ਚਲਤ ਹਰੇ ਹਰਿ ਗਾਈਐ ॥1॥ (386)
ਹੇ ਭਾਈ ! ਉਠਦਿਆਂ-ਬਹੰਂਦਿਆਂ , ਸੌਂਦਿਆਂ-ਜਾਗਦਿਆਂ ਹਰ ਵੇਲੇ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ , ਧਿਆਨ ਵਿਚ ਰੱਖਣਾ ਚਾਹੀਦਾ ਹੈ । ਰਸਤੇ ਚਲਦਿਆਂ ਵੀ ਹਰੀ ਦੀ ਸਿਫਤ-ਸਾਲਾਹ ਕਰਨੀ ਚਾਹੀਦੀ ਹੈ , ਉਸ ਦੇ ਗੁਣਾਂ ਦੀ ਵਿਚਾਰ ਕਰਦੇ ਰਹਣਾ ਚਾਹੀਦਾ ਹੈ ।
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਏਵੇਂ ਕਰਨ ਨਾਲ ਬੰਦੇ ਨੂੰ ਦੁਨੀਆਂ ਵਿਚ ਵੀ ਅਤੇ ਪ੍ਰਭੂ ਦੇ ਦਰਬਾਰ ਵਿਚ ਵੀ ਇੱਜ਼ਤ ਮਿਲਦੀ ਹੈ । ਪਰ ਇਹ ਗੱਲ ਵੀ ਸਮਝਣ ਦੀ ਹੈ ਕਿ , ਇਸ ਤਰ੍ਹਾਂ ਬੰਦੇ ਨੂੰ ਵਿਕਾਰਾਂ ਤੋਂ ਤਾਂ ਮੁਕਤੀ ਮਿਲ ਸਕਦੀ ਹੈ , ਪਰ ਆਵਾ-ਗਵਣ ਤੋਂ ਮੁਕਤੀ , ਪਰਮਾਤਮਾ ਦੇ ਕਰਮ (ਬਖਸ਼ਿਸ਼) ਨਾਲ ਹੀ ਮਿਲ ਸਕਦ ਹੈ , ਚੰਗੇ ਕਰਮਾਂ ਨਾਲ ਇੱਜ਼ਤ ਤਾਂ ਮਿਲ ਸਕਦੀ ਹੈ , ਪਰ ਮੁਕਤੀ ਨਹੀਂ , ਕਿਉਂਕਿ ,
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥1॥ (261)
ਹੇ ਨਾਨਕ , ਆਖ , ਹੇ ਪ੍ਰਭੂ ਅਸੀਂ ਜੀਵ ਤਾਂ ਖਿਨ-ਖਿਨ , ਛਿਨ-ਛਿਨ ਭੁੱਲਾਂ ਕਰਦੇ ਹਾਂ , ਜੇ ਸਾਡੀਆਂ ਭੁੱਲਾਂ ਦਾ ਲੇਖਾ-ਜੋਖਾ ਹੋਵੇ ਤਾਂ , ਅਸੀਂ ਕਿਸੇ ਤਰ੍ਹਾਂ ਵੀ ਇਸ ਭਾਰ ਤੋਂ ਮੁਕਤ ਨਹੀਂ ਹੋ ਸਕਦੇ । ਹੇ ਬਖਸ਼ਿੰਦ ਕਰਤਾਰ , ਤੂੰ ਆਪ ਹੀ ਸਾਡੀਆਂ ਭੁੱਲਾਂ ਬਖਸ਼ , ਤੇ ਸਾਨੂੰ ਇਸ ਭਵਜਲ ਸੰਸਾਰ ਤੋਂ ਪਾਰ ਲੰਘਾ ।
(ਆਵਾ-ਗਵਣ ਤੋਂ ਮੁਕਤੀ , ਸਿਰਫ ਪਰਮਾਤਮਾ ਦੀ ਨਦਰ , ਰਹਿਮਤ , ਕਰਮ , ਬਖਸ਼ਿਸ਼ ਆਸਰੇ ਹੀ ਮਿਲਣੀ ਹੈ , ਸਿਰਫ ਕਰਮਾਂ ਦੇ ਆਧਾਰ ਤੇ ਇਹ ਮੁਕਤੀ ਨਹੀਂ ਮਿਲ ਸਕਦੀ ।)
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥4॥
ਹੇ ਨਾਨਕ , ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ , ਉਹ ਹਮੇਸ਼ਾ ਕਾਇਮ ਰਹਣ ਵਾਲਾ , ਅਕਾਲ ਪੁਰਖ , ਹਰ ਵੇਲੇ , ਹਰ ਥਾਂ , ਸਭ ਕਾਸੇ ਵਿਚ ਆਪ ਹੀ ਭਰਪੂਰ ਰੂਪ ਵਿਚ ਹੈ ।
ਅਮਰ ਜੀਤ ਸਿੰਘ ਚੰਦੀ
ਫੋਨ:- 91 95685 41414