ਇਨਸਾਫ.. (Justice)
(ਗੁਰਦੇਵ ਸਿੰਘ ਸੱਧੇਵਾਲੀਆ)
ਸੱਜਣ ਕੁਮਾਰ ਬਰੀ ਹੋ ਗਿਆ? ਹੋ ਹੀ ਜਾਣਾ ਸੀ! ਕਿਉਂਕਿ ਉਸ ਨਾਲ ਇਕ ਲਫਜ ਜੁੜਿਆ ਹੈ ਤੇ ਉਹ ਹੈ ਹਿੰਦੂ! ਸਾਰਾ ਲਫਜਾਂ ਦਾ ਹੀ ਹੇਰ ਫੇਰ ਹੈ ਨਹੀ ਤਾਂ ਕੌਣ ਸੱਜਣ ਤੇ ਕੌਣ ਦੁਸ਼ਮਣ! ਬਾਕੀ ਵੀ ਜੋ ਬਚੇ ਹਨ ਬਰੀ ਹੋ ਜਾਣੇ ਕੁਝ ਹੋ ਗਏ ਹਨ। ਇਹ ਤਾਂ ਐਵੇਂ ਲਮਕਾਇਆ ਜਾਂਦਾ ਹੈ। ਲੰਮਾ ਸਮਾ ਪੈ ਕੇ ਕੁਝ ਗਵਾਹ ਡਰ ਜਾਂਦੇ ਹਨ, ਕੁਝ ਮਰ ਜਾਂਦੇ ਹਨ, ਕੁਝ ਖਰੀਦ ਲਏ ਜਾਂਦੇ ਹਨ ਤੇ ਗੱਲ ਖਤਮ। 26 ਸਾਲ ਹੋ ਗਏ ਤੇ ਫੈਸਲੇ ਹੁਣ ਹੋ ਰਹੇ ਹਨ ਤੇ ਉਹ ਵੀ ਬਰੀ? ਬਰੀ, ਸੱਜਣ ਵਰਗੇ ਕਾਤਲ ਪਹਿਲਾਂ ਹੀ ਸਨ ਪਰ ਇਹ ਤਰੀਕਾ ਹੁੰਦਾ ਸਮਾ ਟਪਾਉਂਣ ਦਾ। ਲੰਮੇ ਸਮੇ ਬਾਅਦ ਲੋਕ ਭੜਕਦੇ ਘੱਟ ਹਨ।
ਉਧਰ ਪ੍ਰੌ ਭੁੱਲਰ ਫਾਂਸੀ ਵਾਲੀ ਕਤਾਰ ਵਿਚ ਹੈ। ਭਾਈ ਰਾਜੋਆਣਾ ਦੀ ਵਾਰੀ ਕਦੇ ਵੀ ਆ ਸਕਦੀ ਹੈ। ਗੁਜਰਾਤ ਵਿਚ ਮੁਸਲਮਾਨਾਂ ਦੇ ਲਹੂ ਵਿਚ ਨਹਾਉਣ ਵਾਲੇ ਨਰਿੰਦਰ ਮੋਦੀ ਦੀ ਕੋਈ ਵਾਅ ਵਲ ਨਹੀ ਦੇਖ ਸਕਦਾ। ਉਹ ਤਾਂ ਸ਼ਾਇਦ ਬੀ.ਜੇ.ਪੀ ਵਲੋਂ ਪ੍ਰਧਾਨ ਮੰਤਰੀ ਵੀ ਬਣ ਜਾਏ। ਇਸਾਈ ਮਿਸ਼ਨਰੀਆਂ ਨੂੰ ਜਿੰਦਾ ਫੂਕਣ ਵਾਲਾ ਦਾਰਾ ਸਿੰਘ ਨਾਂ ਦਾ ਬੰਦਾ ਜਿਹਲ ਵਿਚ ਹੈ। ਫਾਸੀਂ ਤੋਂ ਉਮਰ ਕੈਦ ਤੇ ਹੁਣ ਸ਼ਾਇਦ ਛੇਤੀ ਛੱਡ ਵੀ ਦੇਣ? ਕਿਉਂਕਿ ਉਸ ਦਾ ਅੰਦਰ ਵਿਹਾਰ ਚੰਗਾ ਹੈ!! ਵਿਹਾਰ ਚੰਗਾ ਹੈ? ਤੁਹਾਨੂੰ ਮੰਨਣਾ ਪੈਣਾ ਕਿ ਉਹ ਚੰਗਾ ਹੈ! ਕਿਉਂਕਿ ਉਹ ਹਿੰਦੂ ਹੈ! ਨਹੀ?
ਉਹ ਠੀਕ ਹਨ। ਜਿੰਨਾ ਚਿਰ ਉਹ ਰਾਜ ਕਰਦੇ ਉਹ ਠੀਕ ਹੀ ਰਹਿਣਗੇ। ਗੁਰਦੁਆਰਾ, ਮੱਸਜਦ ਜੋ ਮਰਜੀ ਢਾਹ ਦੇਣ ਉਹ ਠੀਕ ਹੀ ਰਹਿਣੇ ਹਨ। ਲੋਕਾਂ ਨੂੰ ਅੱਗਾਂ ਲਾ ਕੇ ਫੂਕ ਦੇਣ, ਮੁਕਾਬਲੇ ਬਣਾ ਕੇ ਮਾਰ ਦੇਣ, ਵਹਿਸ਼ੀ ਪੁਣਾ ਕਰਨ ਉਹਨਾ ਨੂੰ ਠੀਕ ਹੋਣੋ ਕੋਈ ਨਹੀ ਰੋਕ ਸਕਦਾ। ਕਿਉਂਕਿ ਉਹ ਰਾਜ ਜੂ ਕਰ ਰਹੇ ਹਨ। ਵੈਸੇ ਉਨ੍ਹਾਂ ਨੂੰ 84 ਵਾਲੇ ਕੇਸ ਵਾਲੀਆਂ ਛੋਛੇਬਾਜੀਆਂ ਕਰਨ ਦੀ ਲੋੜ ਨਹੀ ਸੀ ਕਿਉਂਕਿ ਉਨ੍ਹੀ ਤਾਂ ਐਲਾਨੀਆਂ ਮਿਥਿਆ ਹੋਇਆ ਕਿ ਤੁਹਾਨੂੰ ਜਲੀਲ ਕਰਨਾ ਹੈ। ਤੁਸੀਂ ਜਦ ਕਹਿੰਨੇ ਸਾਨੂੰ ਇਸ ਮੁਲਖ ਵਿਚ ਇੱਜਤ ਨਾਲ ਰਹਿਣ ਦਿੱਤਾ ਜਾਵੇ ਤਾਂ ਉਨਂ੍ਹਾਂ ਦਾ ‘ਰੈਡੀ-ਮੇਡ’ ਜਵਾਬ ਹੁੰਦਾ ਕਿ ਇੱਜਤ ਨਾਲ ਰਹਿਣਾ ਤਾਂ ਪਾਕਿਸਤਾਨ ਚਲੇ ਜਾਵੋ!
ਉਝਂ ਬੜਾ ਅਜੀਬ ਜਿਹਾ ਜਾਪਦਾ ਜਦ ਕੋਈ ਸਿੱਖ ਕਹੇ ਕਿ ਅਸੀਂ ਇਸ ਮੁਲਖ ਵਿਚ ਇੱਜਤ ਨਾਲ ਰਹਿਣਾ ਚਾਹੁੰਦੇ ਹਾਂ। ਇੱਜਤ ਉਨ੍ਹੀ ਤੁਹਾਡੀ ਕਰ ਤਾਂ ਦਿੱਤੀ। ਥੋੜੀ ਇੱਜਤ ਕੀਤੀ 47 ਤੋਂ ਲੈ ਕੇ? ਇਨੀ ‘ਇੱਜਤ’ ਕਰਾ ਕੇ ਵੀ ਕੋਈ ਕਹੀ ਜਾਵੇ ਮੈਨੂੰ ਇੱਜਤ ਚਾਹੀਦੀ ਤਾਂ ਉਸ ਦੇ ਸਿਰ ਦਾ ਇਲਾਜ ਕਰਾਇਆ ਜਾਣਾ ਬਣਦਾ ਹੈ।
ਉਨ੍ਹਾਂ ਕੋਲੇ ਬਹਾਨਾ ਵੇਖੋ ਕਿਹੜਾ ਹੈ। ਅਖੇ ਹੋਰ ਇੱਜਤ ਤੁਹਾਨੂੰ ਕੀ ਚਾਹੀਦੀ, ਪ੍ਰਧਾਨ ਮੰਤਰੀ ਤੁਹਾਡਾ, ਫੌਜ ਵਿਚ ਸਭ ਤੋਂ ਉਪਰਲੀ ਪੁਜੀਸ਼ਨ ਉਪਰ ਬੰਦਾ ਤੁਹਾਡਾ, ਮੁਲਖ ਵਿਚ ਹੋਰ ਵੱਡੀਆਂ-ਵੱਡੀਆਂ ਪੋਸਟਾਂ ਤੁਹਾਡੀਆਂ ਹੋਰ ਇੱਜਤ ਤੁਹਾਡੀ ਦਾ ਕੀ ਕਰੀਏ।
ਚਲੋ ਇਸ ਦਾ ਜਵਾਬ ਲਭਣ ਲਈ ਥੋੜਾ ਇਤਿਹਾਸ ਵਲ ਮੁੜਦੇ ਹਾਂ ਜਵਾਬ ਸੌਖਾ ਸਮਝ ਹੋ ਜੂ। ਮੁਲਸਮਾਨਾਂ ਦੇ ਰਾਜ ਵੇਲੇ ਹਿੰਦੂ ਦੀ ਇੱਜਤ ਕਿਸੇ ਤੋਂ ਭੁੱਲੀ ਨਹੀ। ਮੁਗਲ ਹਿੰਦੂ ਦੇ ਮੂੰਹ ਵਿਚ ਥੁੱਕਦਾ ਰਿਹਾ, ਘੋੜੇ ਤੇ ਚੜ੍ਹਨ ਤੋਂ ਮਨਾਹੀ ਸੀ, ਹਥਿਆਰ ਨਹੀ ਸੀ ਰੱਖ ਸਕਦਾ ਹਿੰਦੂ, ਸ਼ਿਕਾਰ ਨਹੀ ਸੀ ਖੇਡ ਸਕਦਾ। ਤੇ ਜੋ ਵਿਚਾਰੀਆਂ ਹਿੰਦਵਾਣੀਆਂ ਨਾਲ ਹੋਈ! ਪਰ ਇਤਿਹਾਸ ਦੇ ਜਾਨਣ ਵਾਲਿਆਂ ਨੂੰ ਪਤੈ ਕਿ ਵੱਡੇ ਵੱਡੇ ਔਹਦਿਆ ਉਪਰ ਮੁਗਲਾਂ ਵੇਲੇ ਵੀ ਹਿੰਦੂ ਸਨ। ਸੁੱਚਾ ਨੰਦ ਹਿੰਦੂ ਸੀ, ਬੀਰਬਲ ਹਿੰਦੂ ਵਜੀਰ ਸੀ ਅਕਬਰ ਦਾ, ਚੰਦੂ ਦੀਵਾਨ ਵੱਡੇ ਔਹਦੇ ਉਪਰ ਸੀ, ਲੱਖਪਤ ਰਾਇ, ਜੱਸਪਤ ਰਾਇ ਹਿੰਦੂ ਸਨ । ਹੋਰ ਕਿੰਨੇ ਪਰ ਚਲੋ ਸਮਝਣ ਲਈ ਕਾਫੀ ਹਨ। ਪਰ ਕੀ ਸੀ? ਇਨੇ ਉੱਚੇ ਅਹੁਦਿਆ ਉਪਰ ਹੁੰਦੇ ਹੋਏ ਹਿੰਦੂ ਦੀ ਕੀ ਇੱਜਤ ਸੀ ਮੁਲਖ ਵਿਚ, ਕੀ ਭੁੱਲੀ ਹੋਈ?
ਉੱਚੇ ਅਹੁਦਿਆਂ ਵਾਲੇ ‘ਸਿੱਖ’ ਚੰਦੂ-ਬੀਰਬਲ ਤੋਂ ਸਿਵਾਏ ਕੀ ਹਨ? ਗੱਲ ਸੱਜਣ ਕੁਮਾਰ ਤੋਂ ਚਲੀ ਸੀ। ਛੱਡ ਦਿੱਤਾ ਉਨ੍ਹੀ! ਛੱਡਣਾ ਸੀ। ਕੋਈ ਚੰਦੂ, ਲੱਖੂ, ਸੁੱਚਾ ਨੰਦ ਬੋਲਿਆ? ਇਹ ਉਦੋਂ ਵੀ ਨਹੀ ਸਨ ਬੋਲੇ ਜਦ ਹਿੰਦੂ ਨੂੰ ਜਲੀਲ ਕੀਤਾ ਜਾਂਦਾ ਸੀ। ਗੁਲਾਮ ਕੌਮ ਦੇ ਜੰਗਲਾਂ ਵਿਚ ਦਸਤੇ ਬਹੁਤ ਮਿਲ ਜਾਂਦੇ ਜਿੰਨਾ ਨੂੰ ਇਸਤੇਮਾਲ ਕਰਕੇ ਬਾਕੀ ਹਰਿਆਵਲ ਦਾ ਸਫਾਇਆ ਕੀਤਾ ਜਾਂਦਾ ਹੈ। ਨਹੀ?
ਅਸੀਂ ਇਨਸਾਫ ਗਲਤ ਥਾਂ ਮੰਗ ਰਹੇ ਹਾਂ। ਮੇਰਾ ਕਾਤਲ ਵੀ ਉਹ ਤੇ ਮੈਨੂੰ ਇਨਸਾਫ ਵੀ ਉਹ ਦੇਵੇ? ਕਾਤਲ ਕਦੇ ਇਨਸਾਫ ਦਿੰਦਾ ਸੁਣਿਆ? ਅਸੀਂ ਇਨਸਾਫ ਮੰਗਣ ਦੀ ਬਜਾਇ ਧਿਆਨ ਇਸ ਗਲ ਵਲ ਲਾਈਏ ਕਿ ਇਨਸਾਫ ਲੈਣਾ ਕਿਵੇਂ ਤੇ ਦੂਜਾ ਦੁਨੀਆਂ ਨੂੰ ਦੱਸਣਾ ਕਿਵੇਂ ਕਿ ‘ਓ ਨਮੋ ਸ਼ਾਂਤੀ’ ਪੜਨ ਵਾਲੇ ਦਾ ਖੂਨੀ ਚਿਹਰਾ ਕਿੰਨਾ ਘਿਨਾਉਂਣਾ ਹੈ। ਇੱਕ ਕੰਮ ਹੋਰ ਜਿਹੜਾ ਹੈ ਥੋੜਾ ਔਖਾ ਪਰ ਜੇ ਕਿਤੇ ਅਸੀਂ ਉਸ ਵਲ ਧਿਆਨ ਦੇਣ ਲੱਗ ਜਾਈਏ ਤਾਂ ਸਾਡੀ ਦਿੱਲੀ ਨਾਲ ਲੜਾਈ ਬਹੁਤ ਸੌਖੀ ਹੋ ਸਕਦੀ ਹੈ। ਉਹ ਹੈ ਬ੍ਰਹਾਮਣ ਦੀਆਂ ਰੀਤਾਂ ਨੂੰ ਅਪਣੀ ਜੀਵਨ ਵਿਚੋਂ ਸਹਿਜੇ ਸਹਿਜੇ ਦਫਾ ਕਰਨਾ। ਜਦ ਅਸੀਂ ਉਸ ਨਾਲ ਰਿਸ਼ਤਾ ਹੀ ਨਹੀ ਰੱਖਣਾ ਤਾਂ ਉਸ ਦੇ ਰਾਮ-ਕ੍ਰਿਸ਼ਨ ਕਾਹਤੋਂ ਚੁੱਕੇ ਹੋਏ ਨੇ। ਉਹ ਮੈਨੂੰ ਫਾਹੇ ਲਾ ਰਿਹੈ, ਉਹ ਮੇਰੇ ਭਰਾਵਾਂ ਨੂੰ ਜਿੰਦਾ ਫੂਕਣ ਵਾਲੇ ਕਾਤਲਾਂ ਨੂੰ ਬਰੀ ਕਰ ਰਿਹੈ ਤੇ ਮੈਂ?
ਇਕੇ ਵਾਰ ਕੁਝ ਵੀ ਛੱਡ ਨਹੀ ਹੁੰਦਾ। ਇੱਕ ਇੱਕ ਕਰਕੇ, ਸਮਝ ਸਮਝ ਕੇ। ਜਦ ਅਸੀਂ ਉਸ ਨਾਲ ਰਹਿਣਾ ਹੀ ਨਹੀ ਚਾਹੁੰਦੇ ਤਾਂ ਉਸ ਦੀਆਂ ਰੀਤਾਂ ਕਿਉਂ? ਪਰ ਇੱਕ ਗੱਲ ਯਾਦ ਰੱਖਣਾ ਕਿ ਜੇ ਅਸੀਂ ਇਹ ਨਾ ਕੀਤਾ ਤਾਂ ਸਾਨੂੰ ਇਨਸਾਫ ਮੰਗਣ ਦੀ ਲੋੜ ਹੀ ਨਹੀ ਰਹਿਣੀ। ਜੁਲਮ ਹੀ ਨਹੀ ਹੋਣਾ ਤਾਂ ਇਨਸਾਫ ਵਾਲਾ ਝਗੜਾ ਕਾਹਦਾ? ਹਿੰਦੂ ਹੀ ਹਿੰਦੂ ਉਪਰ ਜੁਲਮ ਕਿਉਂ ਕਰੇਗਾ! ਕਿ ਕਰੇਗਾ?