ਕੈਟੇਗਰੀ

ਤੁਹਾਡੀ ਰਾਇ

New Directory Entries


ਸਾਵਣ ਸਿੰਘ
ਆਜ਼ਾਦ ਪੰਜਾਬ ਦਾ ਪਹਿਲਾ ਸਿੱਖ ਰਾਜਾ—ਬੰਦਾ ਸਿੰਘ ਬਹਾਦਰ
ਆਜ਼ਾਦ ਪੰਜਾਬ ਦਾ ਪਹਿਲਾ ਸਿੱਖ ਰਾਜਾ—ਬੰਦਾ ਸਿੰਘ ਬਹਾਦਰ
Page Visitors: 2854

ਆਜ਼ਾਦ ਪੰਜਾਬ ਦਾ ਪਹਿਲਾ ਸਿੱਖ ਰਾਜਾ—ਬੰਦਾ ਸਿੰਘ ਬਹਾਦਰ
ਨਿਰਸੰਦੇਹ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦਾ ਪਹਿਲਾ ਸਿੱਖ ਰਾਜਾ ਕਹਿ ਸਕਦੇ ਹਾਂ ਜਿਸ ਨੇ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਨੂੰ ਉਖੇੜ ਕੇ ਮਹਾਰਾਜਾ ਰਣਜੀਤ ਸਿੰਘ ਲਈ ਰਾਹ ਪਧਰਾ ਕਰ ਦਿਤਾ। ਉਹ ਕੇਵਲ ਇੱਕ ਬਹਾਦਰ ਫੌਜੀ ਜਰਨੈਲ ਹੀ ਨਹੀਂ ਸੀ ਸਗੋਂ ਇੱਕ ਚੰਗਾ ਪ੍ਰਬੰਧਕ, ਸੁਧਾਰਕ ਤੇ ਗੁਰਸਿੱਖ ਵੀ ਸੀ। ਉਸ ਨੇ ਤੁਰੰਤ ਇਹ ਭਾਂਪ ਲਿਆ ਸੀ ਕਿ ਜ਼ਾਲਮ ਮੁਗਲਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਹੀ ਦੇਣਾ ਬਣਦਾ ਹੈ। ਉਸ ਨੇ ਧਰਮ ਦੀ ਖਾਤਰ ਖੁਸ਼ੀ ਖੁਸ਼ੀ ਜਾਨ ਦੇ ਦਿਤੀ। ਉਸ ਨੇ ਲੋਕਾਂ ਵਿੱਚ ਜਾਗ੍ਰਤਾ ਲਿਆਂਦੀ ਤੇ ਉਨ੍ਹਾਂ ਨੂੰ ਜ਼ੁਲਮ ਦੇ ਟਾਕਰੇ ਲਈ ਤਿਆਰ ਕੀਤਾ। ਬਿਨਾਂ ਝਿਜਕ ਕਿਹਾ ਜਾ ਸਕਦਾ ਹੈ ਕਿ ਉਸ ਨੇ ਆਜ਼ਾਦ ਖਾਲਸਾ ਰਾਜ ਦੀ ਨੀਂਹ ਰਖੀ ਤੇ ਅਮੀਰ ਗਰੀਬ ਦਾ ਫਰਕ ਖਤਮ ਕਰਣ ਦੀ ਕੋਸ਼ਿਸ ਕੀਤੀ।
ਜਨਮ ਤੇ ਮੁਢਲਾ ਜੀਵਨ:-ਬੰਦਾ ਸਿੰਘ ਬਹਾਦਰ ਦਾ ਅਸਲੀ ਨਾਂ ਲਛਮਨ ਦਾਸ ਸੀ। ਆਪ ਦਾ ਜਨਮ ੧੬੭੦ ਵਿੱਚ ਰਿਆਸਤ ਜੰਮੂ ਦੇ ਪਿੰਡ ਰਾਜੌਰੀ ਵਿੱਚ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਰਾਮ ਦੇਵ ਰਾਜਪੂਤ ਸੀ ਜਿਸ ਨੇ ਆਪ ਨੂੰ ਬਚਪਨ ਵਿੱਚ ਹੀ ਘੋੜ ਸਵਾਰੀ, ਕੁਸ਼ਤੀ, ਤੀਰ ਅੰਦਾਜ਼ੀ ਤੇ ਸ਼ਿਕਾਰ ਖੇਡਣ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿਤੀ। ਜਵਾਨੀ ਵਿੱਚ ਆਪ ਨੇ ਇੱਕ ਗਰਭਵਤੀ ਹਿਰਨੀ ਨੂੰ ਤੀਰ ਮਾਰ ਕੇ ਮਾਰ ਦਿਤਾ। ਇਸ ਦੁਖਦਾਈ ਘਟਨਾ ਨੇ ਆਪ ਦੀ ਕਾਇਆ ਕਲਪ ਕਰ ਦਿਤੀ। ਆਪ ਉਦਾਸ ਰਹਿਣ ਲਗੇ, ਘਰਬਾਰ ਛੋੜ ਕੇ ਬੈਰਾਗੀ ਸਾਧੂ ਬਣ ਗਏ ਤੇ ਆਪਣਾ ਨਾਂ ਮਾਧੋ ਦਾਸ ਰਖ ਲਿਆ। ਆਪ ਨੇ ਜਾਦੂ ਟੂਣਾ ਸਿੱਖ ਲਿਆ ਤੇ ਫਿਰਦੇ ਫਿਰਾਂਦੇ ਨੰਦੇੜ (ਮਹਾਰਾਸ਼ਟਰ) ਪਹੁੰਚ ਕੇ ਡੇਰਾ ਸਥਾਪਤ ਕੀਤਾ।
ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿਚ:- ੧੭੦੮ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਡੇਰੇ ਤੇ ਪਹੁੰਚੇ ਤਾਂ ਮਾਧੋ ਦਾਸ ਨੇ ਗੁਰੂ ਜੀ ਤੇ ਜਾਦੂ ਟੂਣੇ ਕਰਣ ਦੀ ਨਿਸਫਲ ਕੋਸ਼ਿਸ਼ ਕੀਤੀ ਪਰ ਹਾਰ ਕੇ ਗੁਰੂ ਜੀ ਦਾ ਸੇਵਕ ਬਣ ਗਿਆ ਤੇ ਕਹਿਣ ਲਗਾ ਕਿ ਮੈਂ ਤੁਹਾਡਾ ਬੰਦਾ (ਦਾਸ) ਹਾਂ। ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿਤੀ ਤੇ ਅੰਮ੍ਰਿਤ ਪਾਨ ਕਰਾ ਕੇ ਉਸ ਦਾ ਨਾਂ ਬੰਦਾ ਸਿੰਘ ਰਖਿਆ। ਪੰਜਾਬ ਦੀ ਖਬਰਾਂ ਸੁਣ ਕੇ ਬੰਦਾ ਸਿੰਘ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਸ ਨੂੰ ਪੰਜਾਬ ਜਾਣ ਦੀ ਆਗਿਆ ਦਿਤੀ ਜਾਵੇ ਤਾਂ ਜੋ ਉਹ ਉਥੇ ਜਾ ਕੇ ਜ਼ਾਲਮਾਂ ਦਾ ਟਾਕਰੇ ਕਰੇ ਤੇ ਉਨ੍ਹਾਂ ਨੂੰ ਸਿੱਧੇ ਰਾਹ ਪਾਏ। ਗੁਰੂ ਜੀ ਨੇ ਉਸ ਦੀ ਬੇਨਤੀ ਸਵੀਕਾਰ ਕਰ ਲਈ ਅਤੇ ਉਸ ਨੂੰ ਇੱਕ ਨਗਾਰਾ, ਨਿਸ਼ਾਨ ਸਾਹਿਬ ਤੇ ਪੰਜ ਤੀਰ ਦਿਤੇ। ਉਸ ਨੂੰ ਖਾਲਸਾ ਫੋਜਾਂ ਦਾ ਮੁੱਖੀ ਸਥਾਪਤ ਕਰਕੇ ਪੰਜ ਸਿੰਘਾਂ ਨੂੰ ਉਸ ਦੇ ਸਲਾਹਕਾਰ ਵਜੋਂ ਉਸ ਦੇ ਨਾਲ ਜਾਣ ਦਾ ਹੁਕਮ ਦਿਤਾ। ੩੦੦ ਘੋੜ ਸਵਾਰ ਸਿੰਘ ਵੀ ਬੰਦਾ ਸਿੰਘ ਦੇ ਨਾਲ ਭੇਜੇ ਗਏ। ਗੁਰੂ ਜੀ ਨੇ ਪੰਜਾਬ ਦੇ ਪਤਵੰਤੇ ਸਰਦਾਰਾਂ ਦਾ ਨਾਂ ਇੱਕ ਪੱਤਰ ਵੀ ਲਿਖ ਕੇ ਭੇਜਿਆ ਕਿ ਉਹ ਜ਼ੁਲਮ ਦੇ ਟਾਕਰੇ ਲਈ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਕਰਣ। ਗੁਰੂ ਜੀ ਆਪ ਨਾਲ ਨਹੀਂ ਜਾ ਸਕੇ ਕਿਉਂਕਿ ਇੱਕ ਪਠਾਣ ਨੇ ਆਪ ਨੂੰ ਛੁਪ ਕੇ ਤੀਰ ਮਾਰ ਕੇ ਜ਼ਖਮੀ ਕਰ ਦਿਤਾ ਸੀ। ਕੁੱਝ ਦਿਨ ਬਾਦ ੮ਅਕਤੂਬਰ ੧੬੦੮ ਗੁਰੂ ਜੀ ਚਲਾਣਾ ਕਰ ਗਏ ਪਰ ਬੰਦਾ ਸਿੰਘ ਨੇ ਹੌਸਲਾ ਨਹੀਂ ਹਾਰਿਆ ਤੇ ਮਾਰਚ ਜਾਰੀ ਰਖਿਆ।
ਬੰਦਾ ਸਿੰਘ ਦੀਆਂ ਜਿੱਤਾਂ:- ਬੰਦਾ ਸਿੰਘ ੧੬੦੦ ਕਿਲੋ ਮੀਟਰ ਦਾ ਸਫਰ ਕਰਕੇ ੧੭੦੯ ਵਿੱਚ ਨਾਰਨੌਲ (ਹਰਿਆਣਾ) ਪਹੁੰਚ ਗਿਆ। ਭਵਾਨੀ ਪਹੁੰਚ ਕੇ ਸਰਕਾਰੀ ਖਜ਼ਾਨਾ ਲੁਟਿਆ ਤੇ ਗਰੀਬਾਂ ਵਿੱਚ ਵੰਡ ਦਿਤਾ। ਅਕਤੂਬਰ ਵਿੱਚ ਹਿਸਾਰ ਪੁਜਣ ਤੇ ਹਰਿਅਣਾ ਦੇ ਜਾਟਾਂ, ਗੁਜਰਾਂ ਤੇ ਰਾਜਪੂਤਾਂ ਨੇ ਬੰਦਾ ਸਿੰਘ ਦਾ ਸਵਾਗਤ ਕੀਤਾ। ਇਥੋਂ ਆਪ ਨੇ ਮਾਲਵਾ ਦੇ ਸਿੱਖਾਂ ਨੂੰ ਗੁਰੂ ਜੀ ਦਾ ਸੰਦੇਸ਼ ਭੇਜਿਆ ਤੇ ਉਨ੍ਹਾਂ ਨੂੰ ਤਿਆਰ ਰਹਿਣ ਲਈ ਕਿਹਾ। ਸੋਨੀਪਤ ਤੇ ਕੈਥਲ ਜਿੱਤ ਕੇ ਬੰਦਾ ਸਿੰਘ ਨੇ ੨੬ ਨਵੰਬਰ, ੧੭੦੯ ਸਮਾਣੇ ਨੂੰ ਜਾ ਘੇਰਿਆ। ਇਥੋਂ ਦੇ ਜਲਾਦ ਜਲਾਲ ਉਦ ਦੀਨ ਨੇ ਗੁਰੂ ਤੇਗਬਹਾਦਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਤਲ ਕੀਤਾ ਸੀ। ਇਥੇ ਬਹੁਤ ਸਾਰੇ ਲੋਕ ਬੰਦਾ ਸਿੰਘ ਦੇ ਨਾਲ ਆ ਮਿਲੇ ਤੇ ਖਾਲਸਾ ਫੌਜ ਦੀ ਗਿਣਤੀ ਕਈ ਹਜ਼ਾਰਾਂ ਤਕ ਪਹੁੰਚ ਗਈ। ਸਮਾਣਾ ਜਿੱਤ ਕੇ ਫਤਹਿ ਸਿੰਘ ਨੂੰ ਉਸ ਦਾ ਮੁਖੀ ਥਾਪਿਆ ਤੇ ਨੇੜੇ ਨੇੜੇ ਦੇ ਸ਼ਹਿਰ ਜਿਥੇ ਮੁਸਲਮਾਨ ਜ਼ਿਮੀਂਦਾਰਾਂ ਨੇ ਹਿੰਦੂ ਸਿਖਾਂ ਦਾ ਨੱਕ ਵਿੱਚ ਦਮ ਕਰ ਰਖਿਆ ਸੀ ਜਿੱਤ ਕੇ ਬੰਦਾ ਸਿੰਘ ਨੇ ਸਢੌਰੇ ਦੇ ਜ਼ਾਲਮ ਮੁਸਲਮਾਨਾਂ ਨੂੰ ਸਿੱਧੇ ਰਾਹ ਪਾਇਆ।
ਰਾਜਧਾਨੀ:-ਫਰਵਰੀ ੧੭੧੦ ਵਿੱਚ ਬੰਦਾ ਸਿੰਘ ਨੇ ਸਢੌਰੇ ਦੇ ਨੇੜੇ ਪਹਾੜੀ ਇਲਾਕੇ ਵਿੱਚ ਮੁਖਲਸਪੁਰ ਇੱਕ ਕਿਲ੍ਹਾ ਬਣਾਵਾਇਆ ਜਿਸ ਦਾ ਨਾਂ ਲੋਹਗੜ੍ਹ ਰਖਿਆ। ਆਪ ਨੇ ਇਸ ਨੂੰ ਸਿੱਖ ਰਾਜ ਦੀ ਰਾਜਧਾਨੀ ਬਣਾ ਕੇ ਸਿੱਖ ਰਾਜ ਦਾ ਪਹਿਲਾ ਸਿੱਕਾ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਜਾਰੀ ਕੀਤਾ ਤੇ ਇਥੌਂ ਹੀ ਰਾਜ ਪ੍ਰਬੰਧ ਕਰਣ ਲਗੇ। ਸਿੱਕੇ ਤੇ ਇਹ ਅਖਰ ਫਾਰਸੀ ਵਿੱਚ ਲਿਖੇ ਹੋਏ ਸਨ: ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਿਬ ਅਸਤ। ਫਤਹਿ ਗੋਬਿੰਦ ਸਿੰਘ ਸ਼ਾਹਿ ਸ਼ਾਹਾਂ ਫਜ਼ਲਿ ਸੱਚਾ ਸਾਹਿਬ ਅਸਤ। ਭਾਵ:-ਇਹ ਦੋਵੇਂ ਜਹਾਨਾਂ ਵਿੱਚ ਚਲਾਇਆ ਸਿੱਕਾ ਤੇ ਇਹ ਕਿਰਪਾਨ ਗੁਰੂ ਨਾਨਕ ਦੀ ਬਖਸ਼ਿਸ਼ ਹੈ। ਇਹ ਫਤਹਿ ਹੈ ਸ਼ਾਹਾਂ ਦੇ ਸ਼ਾਹ ਗੁਰੂ ਗੋਬਿੰਦ ਸਿੰਘ ਦੀ, ਇਹ ਕਿਰਪਾ ਹੈ ਸੱਚੇ ਪਾਤਸ਼ਾਹ ਦੀ। ਆਪ ਦੀ ਸਰਕਾਰੀ ਮੋਹਰ ਤੇ ਇਹ ਅਖਰ ਲਿਖੇ ਹੋਏ ਸਨ: ਦੇਗ ਤੇਗ ਫਤਹਿ ਵਾ ਨੁਸਰਤ ਬੇਦਰੰਗ। ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿਂਘ। ਭਾਵ:- ਦੇਗ ਤੇ ਤੇਗ ਦੀ ਫਤਹਿ ਅਤੇ ਡੰਕੇ ਦੀ ਚੋਟ ਨਾਲ ਕੀਤੀ ਜਿੱਤ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਤੋਂ ਮਿਲੀ ਹੈ। ਆਪ ਨੇ ਜ਼ਿਮੀਂਦਾਰਾ ਪਰਨਾਲੀ ਦਾ ਸੁਧਾਰ ਕੀਤਾ ਤੇ ਹੱਲ ਵਾਹੁਣ ਵਾਲੇ ਨੂੰ ਜ਼ਮੀਨ ਦਾ ਮਾਲਕ ਬਣਾ ਦਿਤਾ। ਚੋਰ ਡਾਕੂ ਤੇ ਹੋਰ ਕਾਨੂਨ ਵਿਰੋਧੀ ਲੋਕ ਆਪ ਤੋਂ ਡਰਣ ਲਗ ਪਏ। ਕਾਫੀ ਖਾਨ ਲਿਖਦਾ ਹੈ ਕਿ ਸਿੱਖ ਫੌਜਾਂ ਦੀ ਗਿਣਤੀ ੪੦ ਹਜ਼ਾਰ ਤਕ ਪਹੁੰਚ ਗਈ ਸੀ। ਦਿੱਲੀ ਦਾ ਮੁਗਲ ਰਾਜਾ ਬਹਾਦਰ ਸ਼ਾਹ ਤਾਂ ਦਖਣ ਵਿੱਚ ਰੁਝਿਆ ਹੋਇਆ ਸੀ ਪਰ ਰਿਆਸਤ ਸਰਹਿੰਦ ਦੇ ਗਵਰਨਰ ਵਜ਼ੀਰ ਖਾਨ ਨੇ ਨਵਾਬ ਮਾਲੇਰਕੋਟਲਾ ਨਾਲ ਮਿਲ ਕੇ ਬੰਦਾ ਸਿੰਘ ਦੇ ਵਿਰੁਧ ਲੜਾਈ ਦੀ ਤਿਆਰੀ ਸ਼ੂਰੂ ਕਰ ਦਿਤੀ ਸੀ। ਬੰਦਾ ਸਿੰਘ ਨੇ ਰਾਜਪੁਰੇ ਦੇ ਨੇੜੇ ਬਨੂੜ ਨੂੰ ਜਿੱਤ ਕੇ ਆਪਣੇ ਰਾਜ ਵਿੱਚ ਮਿਲਾ ਲਿਆ। ਹੁਣ ਦੁਆਬੇ ਦੇ ਸਿੱਖ ਵੀ ਆਪ ਨੂੰ ਆ ਮਿਲੇ।
ਸਰਹਿੰਦ ਦੀ ਲੜਾਈ:- ਇਹ ਇਤਹਾਸਕ ਤੇ ਖੂਨੀ ਲੜਾਈ ਚਪੜ ਚਿੜੀ ਦੇ ਮੈਦਾਨ ਵਿੱਚ ਜੋ ਕਿ ਸਰਹਿੰਦ ਤੋਂ ੧੨ ਮੀਲ ਦੂਰ ਹੈ ੧੨ ਮਈ, ੧੭੧੦ ਨੂੰ ਵਜ਼ੀਰ ਖਾਨ ਗਵਰਨਰ ਸਰਹਿੰਦ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੁੰ ਬੇਰਹਿਮੀ ਨਾਲ ਕਤਲ ਕਰਵਾਇਆ ਸੀ ਤੇ ਖਾਲਸਾ ਫੌਜਾਂ ਦੇ ਵਿਚਕਾਰ ਲੜੀ ਗਈ ਸੀ। ਇਸ ਲੜਾਈ ਵਿੱਚ ਸ਼ੇਰ ਮਹੰਮਦ ਖਾਨ ਨਵਾਬ ਮਾਲੇਰਕੋਟਲਾ ਜੋ ਵਜ਼ੀਰ ਖਾਨ ਦੀ ਸਹਾਇਤਾ ਕਰ ਰਿਹਾ ਸੀ ਬਿਨੋਦ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ। ਵਜ਼ੀਰ ਖਾਨ ਦੀ ਤੋਪਾਂ ਨੇ ਖਾਲਸਾ ਫੌਜਾਂ ਦਾ ਬਹੁਤ ਨੁਕਸਾਨ ਕੀਤਾ। ਮੈਕਾਲਫ ਅਨੁਸਾਰ ੮ ਘੰਟਿਆਂ ਦੀ ਖੂਨਖਾਰ ਲੜਾਈ ਤੋਂ ਬਾਦ ਵਜ਼ੀਰ ਖਾਨ ਬੰਦਾ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ ਬਾਦ ਖਾਲਸਾ ਫੌਜਾਂ ਕਿਲ੍ਹੇ ਦੇ ਦਰਵਾਜ਼ੇ ਤੋੜ ਕੇ ਸ਼ਹਿਰ ਵਿੱਚ ਦਾਖਲ ਹੋ ਗਈਆਂ ਪਰ ਇਸ ਲੜਾਈ ਵਿੱਚ ੫੦੦ ਸਿੱਖ ਫੌਜੀ ਸ਼ਹੀਦ ਹੋ ਹਏ। ਅਣਗਿਣਤ ਮੁਸਲਮਾਨ ਮਾਰੇ ਗਏ ਤੇ ਸਾਰਾ ਸ਼ਹਿਰ ਤਬਾਹ ਹੋ ਗਿਆ। ਸਰਕਾਰੀ ਖਜ਼ਾਨੇ ਦੇ ੨ ਕਰੋੜ ਰੁਪੈ ਲੋਹਗੜ੍ਹ ਭੇਜ ਦਿਤੇ ਗਏ। ਹੁਣ ਖਾਲਸਾ ਰਾਜ ਸਤਲੁਜ ਤੋਂ ਜਮਨਾ ਤਕ ਅਤੇ ਸ਼ਿਵਾਲਕ ਦੀ ਪਹਾੜੀਆਂ ਤੋਂ ਕੁੰਜਪੁਰਾ, ਕਰਨਾਲ ਤੇ ਕੈਥਲ ਤਕ ਫੈਲਿਆ ਹੋਇਆ ਸੀ। ਸੂਬਾ ਸਰਹੰਦ ਦੀ ਆਮਦਨ ੫੨ ਲਖ ਰੁਪੈ ਸੀ। ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਲਾਇਆ ਗਿਆ।। ਖਾਲਸਾ ਫੌਜਾਂ ਨੇ ਵਜ਼ੀਰ ਖਾਨ ਦੀ ਫੌਜਾਂ ਦਾ ਸਫਾਇਆ ਕਰ ਦਿਤਾ ਤੇ ਸਰਹਿੰਦ ਸ਼ਹਿਰ ਨੂੰ ਘੇਰ ਲਿਆ।
ਫਤਹਿ ਦਿਵਸ:- ਇਸ ਮਹਾਨ ਜਿੱਤ ਦੀ ੩੦੦ਵੀਂ ਵਰ੍ਹੇਗੰਢ ਜ਼ੋਰ ਸ਼ੋਰ ਨਾਲ ਮਨਾਈ ਗਈ ਹੈ। ਚਪੜਚਿੜੀ ਦੇ ਮੈਦਾਨ ਦੀ ੨੦ ਏਕੜ ਜ਼ਮੀਨ ਪੰਜਾਬ ਸਰਕਾਰ ਨੇ ੨੭ ਕਰੋੜ ਰੁਪੈ ਦੇ ਕੇ ਖਰੀਦ ਲਈ ਹੈ ਤੇ ਇਸ ਉਤੇ ਇੱਕ ਸ਼ਾਨਦਾਰ ੩੦੦ ਫੁਟ ਉੱਚੀ ਫਤਹਿ ਮਿਨਾਰ, ਅਜਾਇਬ ਘਰ, ਬੰਦਾ ਬਹਾਦਰ ਸਿੰਘ ਦਾ ਬੁਤ ਤੇ ਹੋਰ ਕਈ ਯਾਦਗਾਰਾਂ ਬਣਾਈਆਂ ਗਈਆਂ ਹਨ। ਇਸ ਸਾਰੀ ਸਕੀਮ ਤੇ ੪੭ ਕਰੋੜ ਰੁਪੈ ਖਰਚ ਕੀਤੇ ਗੲੈ ਹਨ। ਨੰਦੇੜ ਸਾਹਿਬ ਤੋਂ ਚਲਿਆ ਜਲੂਸ ੧੩ ਮਈ ਨੂੰ ਸਰਹੰਦ ਪਹੁੰਚਿਆ ਸੀ।
ਖਾਲਸਾ ਰਾਜ ਦਾ ਵਿਸਥਾਰ:- ਹੁਣ ਬੰਦਾ ਸਿੰਘ ਨੇ ਮਾਲੇਰਕੋਟਲਾ, ਮੁਰਿੰਡਾ, ਹੁਸ਼ਿਆਰਪੁਰ ਤੇ ਜਲੰਧਰ ਨੂੰ ਵੀ ਅਪਣੇ ਰਾਜ ਵਿੱਚ ਸ਼ਾਮਲ ਕਰ ਲਿਆ। ਸਤਲੁਜ ਪਾਰ ਕਰਕੇ ਬਟਾਲੇ ਤੇ ਕਲਾਨੌਰ ਵੀ ਜਿੱਤ ਲਏ। ਸ੍ਰੀ ਅਮ੍ਰਿਤਸਰ ਜਾ ਕੇ ਮੱਥਾ ਟੇਕਿਆ ਤੇ ਮਾਝੇ ਦੇ ਕਿਸਾਨਾਂ ਦਾ ਮਾਲੀਆ ਮਾਫ ਕੀਤਾ। ਹੁਣ ਮਾਝੇ ਦੇ ਲੋਕ ਵੀ ਬੰਦਾ ਸਿੰਘ ਨਾਲ ਮਿਲ ਗਏ। ਉਸ ਨੇ ਲਾਹੌਰ ਤੇ ਹਮਲਾ ਕੀਤਾ ਪਰ ਜਲਦੀ ਵਾਪਸ ਜਾਣਾ ਪਿਆ ਤਾਂ ਕਰਕੇ ਜਿੱਤ ਨਾ ਸਕਿਆ। ਜਮਨਾ ਪਾਰ ਕਰਕੇ ਸਹਾਰਨਪੁਰ ਤੇ ਆਲੇ ਦੁਆਲੇ ਦੇ ਇਲਾਕੇ ਨੂੰ ਖਾਲਸਾ ਰਾਜ ਵਿੱਚ ਸ਼ਾਮਲ ਕੀਤਾ। ਹੁਣ ਰਾਵੀ ਤੋਂ ਗੰਗਾ ਤਕ ਖਾਲਸਾ ਰਾਜ ਫੈਲ ਚੁਕਾ ਸੀ।
ਬੰਦਾ ਸਿੰਘ ਦੇ ਬੁਰੇ ਦਿਨ:-ਜੂਨ ੧੭੧੦ ਦੇ ਅੰਤ ਵਿੱਚ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦਖਣ ਤੋਂ ਵਾਪਸ ਆ ਗਿਆ ਤੇ ਬੰਦਾ ਸਿੰਘ ਨੂੰ ਹਰਾਣ ਲਈ ਲੋਹਗੜ੍ਹ ਵਲ ਚਲ ਪਿਆ। ਸ਼ਮਸ ਖਾਨ ਫੌਜਦਾਰ ਜਲੰਧਰ ਨੇ ਬਾਜ ਸਿੰਘ ਨੂੰ ਹਰਾ ਕੇ ਦਸੰਬਰ ੧੭੧੦ ਵਿੱਚ ਸਰਹਿੰਦ ਤੇ ਕਬਜ਼ਾ ਕਰ ਲਿਆ। ੬੦ ਹਜ਼ਾਰ ਮੁਗਲ ਫੌਜਾਂ ਨੇ ਲੋਹਗੜ੍ਹ ਨੂੰ ਘੇਰ ਲਿਆ। ਲੋਹਗੜ੍ਹ ਦਾ ਕਿਲ੍ਹਾ ਬਹੁਤ ਛੋਟਾ ਸੀ ਜਿਸ ਵਿੱਚ ਜ਼ਿਆਦਾ ਖਾਣ ਪੀਣ ਦਾ ਸਮਾਨ ਰਖਣ ਦੀ ਥਾਂ ਨਹੀਂ ਸੀ। ਇਸ ਕਰਕੇ ਬੰਦਾ ਸਿੰਘ ਬਹਾਦਰ ਜ਼ਿਆਦਾ ਸਮਾਂ ਮੁਕਾਬਲਾ ਨ ਕਰ ਸਕਿਆ ਪਰ ਕੁੱਝ ਸਾਥੀਆਂ ਨਾਲ ਬਚ ਕੇ ਨਿਕਲ ਗਿਆ ਤੇ ਚੰਬਾ ਵਰਗੀਆਂ ਪਹਾੜੀ ਰਿਆਸਤਾਂ ਨੂੰ ਜਿੱਤ ਕੇ ਜੰਮੂ ਨੇੜੇ ਚਨਾਬ ਦੇ ਕੰਡੇ ਜਾ ਠਹਿਰਿਆ। ਇਸ ਥਾਂ ਨੂੰ ਡੇਰਾ ਬਾਬਾ ਬੰਦਾ ਸਿੰਘ ਕਿਹਾ ਜਾਂਦਾ ਹੈ। ਫਰਵਰੀ ੧੭੧੨ ਵਿੱਚ ਬਹਾਦਰ ਸ਼ਾਹ ਵੀ ਚਲਾਣਾ ਕਰ ਗਿਆ। ਉਸ ਦੇ ਵਾਰਸਾਂ ਵਿੱਚ ਜੰਗ ਛਿੜ ਗਈ ਤੇ ਬੰਦੇ ਨੇ ਇਸ ਦਾ ਲਾਭ ਉਠਾ ਕੇ ਦੋਬਾਰਾ ਸਰਹਿੰਦ ਤੇ ਕਬਜ਼ਾ ਕਰ ਲਿਆ। ਸਰਹਿੰਦ ਸਿੱਖ ਸਰਦਾਰਾਂ ਦੇ ਹਵਾਲੇ ਕਰਕੇ ਬੰਦੇ ਨੇ ਲੋਹਗੜ੍ਹ ਵੀ ਵਾਪਸ ਲੈ ਲਿਆ। ਬਹਾਦਰ ਸ਼ਾਹ ਦੇ ਵਾਰਸ ਫਰੁਖ ਸਈਅਰ ਨੇ ੬ਮਹੀਨਿਆਂ ਦੀ ਲੜਾਈ ਤੇ ਕਾਫੀ ਜਾਨੀ ਨੁਕਸਾਨ ਤੋਂ ਬਾਦ ਲੋਹਗੜ੍ਹ ਖਾਲੀ ਕਰਵਾ ਲਿਆ ਤੇ ਬੰਦਾ ਆਪਣੇ ਸਾਥੀਆਂ ਸਮੈਤ ਬਚ ਕੇ ਨਿਕਲ ਗਿਆ। ਸਰਹੰਦ ਵੀ ਮੁਗਲ ਫੌਜਾਂ ਨੇ ਵਾਪਸ ਲੈ ਲਿਆ।
ਸਿੱਖਾਂ ਵਿੱਚ ਫੁਟ ਤੇ ਬੰਦਾ ਬਹਾਦਰ ਦੀ ਗ੍ਰਿਫਤਾਰੀ:-ਫਰੁਖ ਸਈਅਰ ਨੇ ਰਾਜਨੀਤੀ ਦਾ ਸਹਾਰਾ ਲਿਆ ਤੇ ਸਿੱਖਾਂ ਵਿੱਚ ਫੁਟ ਪਵਾ ਦਿੱਤੀ। ਸਿੱਖ ਦੋ ਪਾਰਟੀਆਂ (ਤੱਤ ਖਾਲਸਾ ਤੇ ਬੰਦਈ ਖਾਲਸਾ) ਵਿੱਚ ਵੰਡੇ ਗਏ। ਤੱਤ ਖਾਲਸਾ ਵਾਲੇ ਸਰਕਾਰੀ ਫੌਜ ਵਿੱਚ ਭਰਤੀ ਹੋ ਗਏ ਪਰ ਬੰਦਈ ਖਾਲਸਾ ਵਾਲੇ ਬੰਦਾ ਸਿੰਘ ਦੀ ਅਗਵਾਈ ਵਿੱਚ ਸਰਕਾਰ ਵਿਰੁਧ ਲੜਦੇ ਰਹੇ। ਬੰਦਾ ਸਿੰਘ ਨੇ ਗੁਰਦਾਸਪੁਰ ਦਾ ਕੁੱਝ ਇਲਾਕਾ ਜਿੱਤ ਲਿਆ ਤੇ ਗੁਰਦਾਸਪੁਰ ਦੇ ਕਿਲ੍ਹੇ ਵਲ ਵਧ ਰਿਹਾ ਸੀ ਜਦੋਂ ਮੁਗਲ ਫੌਜਾਂ ਨੇ ਉਸ ਨੂੰ ਚਾਰੇ ਪਾਸਿਆਂ ਤੌਂ ਘੇਰ ਲਿਆ। ਮਜਬੂਰ ਹੋ ਕੇ ਉਸ ਨੇ ਪਿੰਡ ਗੁਰਦਾਸ ਨੰਗਲ ਦੀ ਇੱਕ ਹਵੇਲੀ ਵਿੱਚ ਮੋਰਚਾਬੰਦੀ ਕਰ ਲਈ। ਇਹ ਹਵੇਲੀ ਇਤਣੀ ਛੋਟੀ ਸੀ ਕਿ ਇਸ ਵਿੱਚ ਬੰਦਾ ਸਿੰਘ ਦੇ ਸਾਰੇ ਸਿਪਾਹੀਆਂ ਲਈ ਥਾਂ ਨਹੀਂ ਸੀ ਤੇ ਬਹੁਤ ਸਾਰੇ ਸਿਪਾਹੀ ਹਵੇਲੀ ਦੇ ਬਾਹਰ ਹੀ ਮੁਗਲ ਫੌਜਾਂ ਨਾਲ ਲੜਕੇ ਸ਼ਹੀਦ ਹੋ ਗੲੈ। ਪ੍ਰਸਿਧ ਇਤਹਾਸਕਾਰ ਲਤੀਫ ਲਿਖਦਾ ਹੈ ਕਿ ਘਿਰੇ ਹੋਏ ਸਿੱਖ ਸਿਪਾਹੀਆਂ ਨੇ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ ਤੇ ਪਿਛੇ ਨਹੀਂ ਮੁੜੇ। ੮ ਮਹੀਨੇ ਘੇਰਾ ਜਾਰੀ ਰਿਹਾ ਤੇ ਸਿੱਖਾਂ ਨੇ ਘਾਸ ਤੇ ਪੱਤੇ ਖਾ ਕੇ ਵੀ ਲੜਾਈ ਜਾਰੀ ਰਖੀ। ਆਖਰ ਬੰਦਾ ਸਿੰਘ ਤੇ ਉਸ ਦੇ ਸਾਥੀ ਕੈਦ ਕਰ ਲਏ ਗਏ।
ਬੰਦਾ ਸਿੰਘ ਦੀ ਸ਼ਹੀਦੀ:- ਜ਼ਕਰੀਆ ਖਾਨ ਗਵਰਨਰ ਲਾਹੌਰ ਨੇ ਬੰਦਾ ਸਿੰਘ ਤੇ ੭੪੦ ਸਿੱਖਾਂ ਨੂੰ ਕੈਦ ਕਰਕੇ ਦਿੱਲੀ ਭੇਜ ਦਿੱਤਾ। ਕਿਸੇ ਕੈਦੀ ਦੇ ਚਿਹਰੇ ਤੇ ਉਦਾਸੀ ਜਾਂ ਪਛਤਾਵੇ ਦਾ ਕੋਈ ਨਿਸ਼ਾਨ ਨਹੀਂ ਸੀ। ਉਹ ਸਾਰੇ ਖੁਸ਼ੀ ਖੁਸ਼ੀ ਹੌਸਲੇ ਨਾਲ ਅੇਪਣੀ ਮੌਤ ਦੀ ਉਡੀਕ ਕਰ ਰਹੇ ਸਨ। ਇੱਕ ਲੜਕੇ ਦੀ ਮਾਂ ਨੇ ਮਾਫੀ ਮੰਗ ਕੇ ਆਪਣੇ ਲੜਕੇ ਨੂੰ ਛੁੜਾ ਲਿਆ ਪਰ ਲੜਕੇ ਨੇ ਘਰ ਜਾਣ ਤੋਂ ਇਨਕਾਰ ਕਰ ਦਿਤਾ ਤੇ ਸਾਥੀਆਂ ਦੇ ਨਾਲ ਸ਼ਹੀਦ ਹੋਇਆ। ੨੦੦੦ ਸਿੱਖਾਂ ਦੇ ਸਿਰ ਵੀ ਨੇਜ਼ਿਆਂ ਤੇ ਲਟਕਾ ਕੇ ਇਨ੍ਹਾਂ ਕੈਦੀਆਂ ਦੇ ਨਾਲ ਜਲੂਸ ਦੀ ਸ਼ਕਲ ਵਿੱਚ ਭੇਜੇ ਗਏ। ਦਿੱਲੀ ਪਹੁੰਚਣ ਤੇ ਹਰ ਰੋਜ਼ ੧੦੦ ਸਿੱਖਾਂ ਨੂੰ ਸ਼ਹੀਦ ਕੀਤੇ ਜਾਂਦਾ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਮੌਤ ਜਾਂ ਮੁਸਲਮਾਨ ਬਣਨ ਵਿਚੌਂ ਕੋਈ ਇੱਕ ਚੁਣ ਲਵੋ ਪਰ ਕਿਸੇ ਇੱਕ ਨੇ ਵੀ ਮੁਸਲਮਾਨ ਬਣਨਾ ਪਸੰਦ ਨਾ ਕੀਤਾ। ਹਰ ਇੱਕ ਨੇ ਵਾਹਿਗੁਰੂ ਵਾਹਿਗੁਰੂ ਕਹਦਿਆਂ ਸ਼ਹੀਦੀ ਪਾਈ। ਬੰਦਾ ਸਿੰਘ ਸ਼ਾਂਤ ਬੈਠਾ ਨਾਮ ਜਪਦਾ ਰਿਹਾ। ਉਸ ਨੂੰ ਵੀ ਇਸਲਾਮ ਕਬੂਲ ਕਰਨ ਲਈ ਪ੍ਰੇਰਿਆ ਗਿਆ ਪਰ ਉਸ ਨੇ ਇਨਕਾਰ ਕਰ ਦਿਤਾ। ਉਸ ਦੇ ਮਾਸੂਮ ਬੱਚੇ ਨੂੰ ਉਸ ਦੀ ਅਖਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਪਰ ਉਸ ਤੇ ਇਸ ਦਾ ਕੋਈ ਅਸਰ ਨਾ ਹੋਇਆ। ਜਲਾਦ ਨੇ ਬੰਦਾ ਸਿੰਘ ਦਾ ਬੰਦ ਬੰਦ ਕਟ ਕੇ ਉਸ ਨੇ ੧੭੧੬ ਵਿੱਚ ਸ਼ਹੀਦ ਕਰ ਦਿਤਾ।
ਬਾਬਾ ਬੰਦਾ ਸਿੰਘ ਦੀ ਯਾਦ ਵਿੱਚ ਦਿੱਲੀ ਕੁਤਬ ਮਿਨਾਰ ਦੇ ਨੇੜੇ ਮਹਿਰੌਲੀ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਹੈ।
ਮਸ਼ਹੂਰ ਇਤਿਹਾਸਕਾਰ ਹਰੀ ਰਾਮ ਗੁਪਤਾ ਆਪਣੀ ਪੁਸਤਕ ‘ਹਿਸਟਰੀ ਆਫ ਦੀ ਸਿੱਖਸ ਭਾਗ ਦੂਜਾ ਪੰਨਾ ੩੮ ਤੇ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਮੁਸਲਮਾਨਾਂ ਦੀ ਨਜ਼ਰ ਵਿੱਚ ਸ਼ੈਤਾਨ, ਹਿੰਦੂਆਂ ਵਾਸਤੇ ਇੱਕ ਨੈਸ਼ਨਲ ਹੀਰੋ ਤੇ ਸਿੱਖਾਂ ਲਈ ਉਨ੍ਹਾਂ ਦੇ ਆਜ਼ਾਦ ਰਾਜ ਦਾ ਪਹਿਲਾ ਰਾਜਾ ਸੀ। ਸੰਸਾਰ ਦੇ ਇਤਹਾਸ ਵਿੱਚ ਉਸ ਨੂੰ ਨਿਪੋਲੀਅਨ ਬੋਨਾਪਾਰਟ ਵਾਲਾ ਦਰਜਾ ਮਿਲਣਾ ਚਾਹੀਦਾ ਹੈ।
ਪ੍ਰੌਫੈਸਰ ਗੰਡਾ ਸਿੰਘ ਨੇ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਮੁਸਲਮਾਨਾਂ ਦੇ ਵਿਰੁਧ ਨਹੀਂ ਸੀ। ਉਸ ਨੇ ਅਪਰੈਲ ੧੭੧੧ ਵਿੱਚ ਕਲਾਨੌਰ ਦੇ ਸਥਾਨ ਤੇ ੫੦੦੦ ਮੁਸਲਮਾਨ ਆਪਣੀ ਫੌਜ ਵਿੱਚ ਭਰਤੀ ਕੀਤੇ ਸਨ। ਉਸ ਨੇ ਉਨ੍ਹਾਂ ਦੀ ਬਾਂਗ ਜਾਂ ਨਿਮਾਜ਼ ਤੇ ਕੋਈ ਪਾਬੰਦੀ ਨਹੀਂ ਲਾਈ ਹੋਈ ਸੀ।
Sawan Singh Principal (Retired)
10561 Brier lane, Santa Ana 92705, California.
 






 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.