ਕੈਟੇਗਰੀ

ਤੁਹਾਡੀ ਰਾਇ

New Directory Entries


ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਵਿੱਚ ਸਹਜ ਅਵੱਸਥਾ-੫੨
ਗੁਰਬਾਣੀ ਚਾਨਣ ਵਿੱਚ ਸਹਜ ਅਵੱਸਥਾ-੫੨
Page Visitors: 2589

ਗੁਰਬਾਣੀ ਚਾਨਣ ਵਿੱਚ ਸਹਜ ਅਵੱਸਥਾ-੫੨
ਅਵਤਾਰ ਸਿੰਘ ਮਿਸ਼ਨਰੀ
ਸਹਜ ਪਦ ਦਾ ਪਿਛੋਕੜ ਸੰਸਕ੍ਰਿਤ ਤੇ ਹੁਣ ਪੰਜਾਬੀ ਵਿੱਚ ਵੀ ਵਰਤਿਆ ਜਾਂਦਾ ਹੈ। ਪ੍ਰਕਰਣ ਅਨੁਸਾਰ ਇਸ ਦੇ ਵੱਖ ਵੱਖ ਅਰਥ ਹਨ। ਸਹਜ-ਸਾਥ ਪੈਦਾ ਹੋਣ ਵਾਲਾ (ਜੌੜਾ) ਭਾਈ, ਸੁਭਾਵ, ਆਦਤ, ਫਿਦਰਤ, ਅਸਲ ਪ੍ਰਕਿਰਤੀ, ਵਿਚਾਰ, ਵਿਵੇਕ, ਗਿਆਨ, ਕਰਤਾਰ, ਸਨਮਾਨ, ਆਦਰ, ਨਿਰਯਤਨ, ਸੁਭਾਵਿਕ, ਅਸਾਨੀ ਨਾਲ ਅਤੇ ਸਿੰਧੀ ਬੋਲੀ ਵਿੱਚ ਘੋਟੀ ਭੰਗ ਹਨ।
ਗੁਰਬਾਣੀ ਅਨੁਸਾਰ-ਬ੍ਰਹਮ ਗਿਆਨ (ਸਹਿਜ ਅਵੱਸਥਾ)
  ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ॥(੯੭)
ਭਾਵ ਸਤਿਗੁਰੂ ਦੀ ਰਹਿਮਤ ਨਾਲ ਮੈ ਆਤਮਕ ਅਡੋਲ ਗੁਫਾ ਵਿੱਚ ਮਨ ਨੂੰ ਟਿਕਾਇਆ ਅਤੇ ਸਭ ਤੋਂ ਉੱਚੇ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਸੁਹਣਾ ਆਸਣ ਲਾਇਆ ਹੋਇਆ ਹੈ। ਅਨੰਦ, ਬੇਫਿਕਰੀ-
   ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ॥(੧੦੦)
ਭਾਵ ਪ੍ਰਭੂ ਨੇ ਸਾਨੂੰ ਅਰਾਮ ਲਈ  ਸੁਖਦਾਈ ਮੰਜੇ ਬਿਸਤਰੇ, ਠੰਡੀ ਹਵਾ ਦਿੱਤੀ ਹੋਈ ਹੈ ਅਤੇ ਅਸੀਂ ਬੇਫਿਕਰੀ (ਸਹਜ) ਦੇ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ। ਸਹਜ ਕਥਾ-
   ਸਹਜ ਕੀ ਅਕਥ ਕਥਾ ਹੈ ਨਿਰਾਰੀ॥(੩੩੩)
ਭਾਵ ਮਨੁੱਖ ਦੇ ਮਨ ਦੀ ਅਡੋਲਤਾ ਇੱਕ ਐਸੀ ਹਾਲਤ, ਨਿਰਾਰੀ ਜੋ ਆਪਣੇ ਵਰਗੀ ਆਪ ਹੀ ਹੈ ਇਸ ਵਾਸਤੇ ਉਸ ਅਗੰਮੀ ਅਵੱਸਥਾ ਦਾ ਅੱਖਰਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਨਿਰਯਤਨ, ਸੁਭਾਵਿਕ-
   ਸਹਜ ਭਾਇ ਸਚੀ ਲਿਵ ਲਾਗੀ॥(੧੦੬੩)
ਭਾਵ ਕਿਸੇ ਖਾਸ ਯਤਨ ਤੋਂ ਬਿਨਾਂ ਸਦਾ ਥਿਰ ਪ੍ਰਭੂ ਨਾਲ ਸੱਚੀ ਲਗਨ ਲੱਗ ਗਈ।
  ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ॥(੯੩੮)
ਭਾਵ ਹੇ ਨਾਨਕ ਸੰਤ ਗੁਰੂ ਮਿਲ ਪਏ ਤਾਂ ਸੱਚਾ ਪ੍ਰਭੂ ਮਿਲ ਪੈਂਦਾ ਅਤੇ ਮੈਂ ਸਹਜ ਸੁਭਾ (ਸੁਖੈਨ) ਹੀ ਉਸ ਦੇ ਗੁਣ ਗਾਉਣ ਲੱਗ ਜਾਂਦਾ ਹਾਂ। ਅਸਾਨੀ ਨਾਲ (ਸੁਖਾਲੇ)-
  ਮਨ ਮੇਰੇ ਸੂਖ ਸਹਜ ਸੇਤੀ ਜਪਿ ਨਾਉ॥(੪੪)
 ਭਾਵ ਹੇ ਮੇਰੇ ਮਨ ਸੁਖਾਲੇ ਹੀ ਅਨੰਦ ਤੇ ਆਤਮਕ ਅਡੋਲਤਾ ਨਾਲ ਪ੍ਰਭੂ ਨੂੰ ਯਾਦ ਰੱਖ। ਤੁਰੀਆ ਅਵੱਸਥਾ, ਪੂਰਨ ਗਿਆਨ,, ਟਿਕਾਉ, ਆਤਮਕ ਅਡੋਲਤਾ ਦੀ ਅਵੱਸਥਾ-
  ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ॥(੧੦੭)
ਭਾਵ ਉਸ ਰੱਬੀ ਰਸ (ਅਨੰਦ) ਨੂੰ ਓਹੀ ਜਾਣਦਾ ਹੈ ਜਿਸਦੀ ਸਹਜ ਸੁਭਾ ਹੀ ਲਗਨ (ਲਿਵ) ਲੱਗੀ ਭਾਵ ਮਨ ਟਿਕਿਆ ਹੋਵੇ।
  ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ॥(੧੦੭)
ਭਾਵ  ਹੇ ਨਾਨਕ ਸੇਵਕ ਸਹਜ ਵਿੱਚ ਉਸ ਗੋਬਿੰਦ ਪ੍ਰਭੂ ਦੇ ਗੁਣ ਗਾਂਦੇ ਹਨ ਜੋ ਸਰਬ ਵਿਆਪਕ ਹੈ। ਨਿਸ਼ਕਾਮ ਪ੍ਰੇਮ ਉਹ ਪਿਆਰ ਜਿਸ ਵਿੱਚ ਸਰੀਰਕ ਚੇਸ਼ਟਾ ਨਾ ਹੋਵੇ-
  ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ॥(੫੪੪)
ਭਾਵ ਸਰੀਰਕ ਮੋਹ ਤੋਂ ਉਪਰ ਉੱਠ ਕੇ ਪਿਆਰੇ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ, ਸਹਜ ਚ ਮਸਤ ਆਤਮਾ ਹੀ ਭੈੜੀ ਮੱਤ ਤਿਆਗ ਸਕਦੀ ਹੈ।
ਭਾਈ ਕਾਹਨ ਸਿੰਘ ਨਾਭਾ ਜੀ ਗੁਰਮਤਿ ਮਾਰਤੰਡ ਵਿੱਚ ਲਿਖਦੇ ਹਨ ਕਿ ਸਹਜ ਪਦ ਦੇ ਅਰਥ ਸੁਭਾਵ, ਸੁਭਾਵਿਕ, ਸਨੇ ਸਨੇ (ਹੌਲੀ ਹੌਲੀ) ਸ਼ਾਤੀ, ਸੁਖਦਾਇਕ ਆਦਿਕ ਹਨ ਪਰ ਗੁਰੂ ਗ੍ਰੰਥ ਸਾਹਿਬ ਵਿਖੇ ਵਿਸ਼ੇਸ਼ ਕਰਕੇ ਇਹ ਸ਼ਬਦ ਆਤਮ ਗਿਆਨ ਲਈ ਆਉਂਦਾ ਹੈ। ਜਿਵੇਂ-
ਭਾਈ ਗੁਰ ਬਿਨੁ ਸਹਜੁ ਨ ਹੋਇ॥ ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ॥(੬੮)
ਸੱਚਾ ਗਿਆਨ ਗੁਰੂ ਰਾਹੀਂ ਚੌਥੇ ਪਦ ਵਿੱਚ ਹੀ ਪਾਇਆ ਜਾ ਸਕਦਾ ਹੈ-
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ॥੬॥(੬੮)
  ਚਉਥਾ ਪਦ=ਪੂਰਨ ਅਡੋਲਤਾ ਦਾ ਗਿਆਨ।
  ਕਿਆ ਪੜੀਐ ਕਿਆ ਗੁਨੀਐ ਕਿਆ ਬੇਦ ਪੁਰਾਨਾਂ ਸੁਨੀਐ॥
  ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ
॥੧॥(੬੫੫)
ਭਾਵ ਜੇ ਸੱਚਾ ਗਿਆਨ ਹੀ ਪ੍ਰਾਪਤ ਨਾ ਹੋਇਆ ਫਿਰ  ਬਹੁਤੇ ਧਰਮ ਗ੍ਰੰਥ ਪੜ੍ਹਨ ਦਾ ਕੀ ਫਾਇਦਾ?
  ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥..
..ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ
॥੧੮॥(੯੧੯)
ਭਾਵ ਅਗਨੀ ਹੋਤਰੀ, ਯਗ, ਮੂਰਤੀ ਪੂਜਾ ਆਦਿਕ ਧਰਮ ਦੇ ਨਾਂ ਤੇ ਕੀਤੇ ਕਰਮਕਾਂਡਾਂ ਨਾਲ ਸੱਚਾ ਗਿਆਨ ਪ੍ਰਾਪਤ ਨਹੀਂ ਹੁੰਦਾ ਅਤੇ ਯਥਾਰਥ ਗਿਆਨ ਤੋਂ ਬਿਨਾ ਸ਼ੰਕਾ ਦੂਰ ਨਹੀਂ ਹੁੰਦਾ।
ਡਾ. ਹਰਜਿੰਦਰ ਸਿੰਘ ਦਿਲਗੀਰ ਵੀ ਲਿਖਦੇ ਹਨ ਕਿ ਸਹਜ ਇੱਕ ਮਾਨਸਿਕ ਰੂਹਾਨੀ ਅਹਿਸਾਸ ਹੈ ਜਿਸ ਵਿਚ ਇਨਸਾਨ ਫਿਕਰ, ਸੋਚ, ਬੋਝ, ਰਹਿਤ ਰੱਬੀ ਮਸਤੀ ਭਾਵ ਅਗੰਮੀ ਮੌਜ ਵਿੱਚ ਰਹਿੰਦਾ ਹੇ। ਇਹ ਮੁਕਾਮ ਰੱਬੀ ਧਿਆਨ ਵਿੱਚ ਹਉਮੈ ਤੋਂ ਛੁਟਕਾਰਾ ਪਾ, ਸੱਚਾ ਜੀਵਨ ਜੀਅ ਕੇ ਹੀ ਹਾਸਿਲ ਕੀਤਾ ਜਾ ਸਕਦਾ ਹੈ। ਸਹਜ ਇੱਕ ਅਜਿਹੀ ਹਾਲਤ ਹੈ ਜਿਸ ਵਿੱਚ ਇਨਸਾਨ ਖੁਦੀ ਤੋਂ ਅਜ਼ਾਦ ਹੁੰਦਾ ਅਤੇ ਉਸ ਦੇ ਦਿਲ ਤੇ ਰੂਹ ਵਿੱਚ ਕੁਦਰਤੀ ਅਰਾਮ ਤੇ ਸਕੂਨ ਦਾ ਮਹੌਲ ਛਾ ਜਾਂਦਾ ਹੈ।
ਸਹਜ ਦੇ ਮੁਕਾਮ ਤੇ ਪਹੁੰਚਣ ਵਾਸਤੇ ਇਨਸਾਨ ਨੂੰ ਨਾਂ ਤਾਂ ਦੁਨੀਆਂ ਛੱਡਣ ਤੇ ਨਾਂ ਹੀ ਕਿਸੇ ਕਰਮਕਾਂਡ ਨੂੰ ਨਿਭਾਉਣ ਦੀ ਲੋੜ ਹੁੰਦੀ ਹੈ।
ਸੋ ਅਖੌਤੀ ਬ੍ਰਹਮ ਗਿਆਨੀ, ਡੇਰੇਦਾਰ ਤੇ ਸੰਪ੍ਰਦਾਈ ਸੰਤਾਂ ਮਹੰਤਾਂ ਵੱਲੋਂ ਸਹਜ ਅਵੱਸਥਾ ਬਾਰੇ ਪਾਏ ਔਖੇ ਔਖੇ ਭੁਲੇਖੇ ਤੇ ਡਰਾਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਨਿਰੋਲ ਵਿਚਾਰ ਸਹਿਜੇ ਹੀ ਕੱਢ ਦਿੰਦੀ, ਮਨ ਸ਼ੰਕਿਆ ਤੇ ਅਗੰਮੀ ਡਰਾਵਿਆਂ ਤੋਂ ਸਹਿਜੇ ਹੀ ਮੁਕਤ ਹੋ ਹੌਲਾ ਫੁੱਲ ਹੋ ਜਾਂਦਾ ਅਤੇ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ।
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.