ਅੰਬਾਂ ਦੀ ਰੁੱਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਸਾਥੋਂ ਅੱਜ ਨਿੱਖੜੀ ਸੀ
ਅੰਬਾਂ ਦੀ ਰੁੱਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਸਾਥੋਂ ਅੱਜ ਨਿੱਖੜੀ ਸੀ
ਅੰਬਾਂ ਦੀ ਰੁੱਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਸਾਥੋਂ ਅੱਜ ਨਿੱਖੜੀ ਸੀ
Jun 14, 2018 12:00 AM
ਤਿੰਨ ਗਾਇਕ ਭੈਣਾਂ ਵਿੱਚੋਂ ਵਿਚਕਾਰਲੀ ਸੀ ਸੁਰਿੰਦਰ ਕੌਰ। ਪ੍ਰਕਾਸ਼ ਕੌਰ ਤੋਂ ਨਿੱਕੀ, ਨਰਿੰਦਰ ਕੌਰ ਤੋਂ ਵੱਡੀ।
ਪੱਕੀ ਲਾਹੌਰਨ।
ਤੇਰਾਂ ਸਾਲ ਦੀ ਉਮਰੇ ਪਹਿਲੀ ਵਾਰ ਰੇਡੀਓ ਲਾਹੌਰ ਤੋਂ ਗਾਇਆ। |
ਹਿੰਦੀ ਫ਼ਿਲਮਾਂ ਚ ਵੀ ਗਾਇਆ
ਪਰ ਪੱਕਾ ਟਕਸਾਲੀ ਕੰਮ ਲੋਕ ਗੀਤ ਗਾਇਨ ਵਿੱਚ ਕੀਤਾ ਤਿੰਨਾਂ ਭੈਣਾਂ ਨੇ। ਮਗਰੋਂ ਉਸ ਦੀ ਧੀ ਡੌਲੀ ਗੁਲੇਰੀਆ ਕਰ ਰਹੀ ਹੈ ਹੁਣ।
ਖਾਲਸਾ ਕਾਲਿਜ ਦਿੱਲੀ ਚ ਪੜ੍ਹਾਊਂਦੇ ਪਤੀ ਪ੍ਰੋ: ਜੋਗਿੰਦਰ ਸਿੰਘ ਸੋਢੀ ਦੀ ਅਗਵਾਈ ਕਾਰਨ ਸੁਰਿੰਦਰ ਕੌਰ ਨੇ ਲੋਕ ਗੀਤ, ਸੂਫੀ ਕਲਾਮ, ਸਾਹਿੱਤਕ ਗੀਤ ਗਾ ਕੇ ਨਿਵੇਕਲਾ ਝੰਡਾ ਗੱਡਿਆ।
ਦੋਗਾਣਾ ਗਾਇਕੀ ਚ ਵੀ ਉਸ ਦੇ ਗਾਏ ਪੰਜ ਸੱਤ ਗੀਤ ਛੱਡ ਕੇ ਬਾਕੀ ਕਮਾਲ ਦੇ ਹਨ।
ਆਸਾ ਸਿੰਘ ਮਸਤਾਨਾ,ਹਰਚਰਨ ਗਰੇਵਾਲ, ਜਗਜੀਤ ਸਿੰਘ ਜ਼ੀਰਵੀ,ਮੁਹੰਮਦ ਸਦੀਕ, ਕਰਨੈਲ ਗਿੱਲ,ਦੀਦਾਰ ਸੰਧੂ ਤੋਂ ਇਲਾਵਾ ਬਹੁਤ ਨਵੇਂ ਨਵੇਲੇ ਗਾਇਕਾਂ ਨਾਲ ਵੀ ਗਾਇਆ।
ਪੰਜਾਬ ਚ ਉਹ ਇਪਟਾ ਲਹਿਰ ਚ ਅਮਰਜੀਤ ਗੁਰਦਾਸਪੁਰੀ ਨਾਲ ਅਨੇਕਾਂ ਪੇਸ਼ਕਾਰੀਆਂ ਕਰਦੀ ਰਹੀ। ਤੇਰਾ ਸਿੰਘ ਚੰਨ ਦੇ ਕਾਫ਼ਲੇ ਚ ਸ਼ਾਮਿਲ ਹੋ ਕੇ ਪੰਜਾਬੋਂ ਬਾਹਰ ਕਲਕੱਤੇ ਤੀਕ ਵੀ ਪਤੀ ਸਮੇਤ ਨਾਟਕ ਖੇਡਣ ਗਈ। ਉਹ ਪ੍ਰਚੱਲਿਤ ਦੋਗਾਣਾ ਗੀਤ ਸਟੇਜ ਤੇ ਘੱਟ ਹੀ ਸੁਣਾਉਂਦੀ।
ਕਹਿ ਦੇਂਦੀ, ਮੈਂ ਚੇਤੇ ਨਹੀਂ ਰੱਖਦੀ ਇਹ।
ਪਰ ਪ੍ਰੋ: ਮੋਹਨ ਸਿੰਘ ਮੇਲੇ ਤੇ ਮੈਂ ਤਾਂ ਲਾਡ ਨਾਲ ਉਨ੍ਹਾਂ ਨੂੰ ਮਾਤਾ ਮਾਤਾ ਕਹਿ ਕੇ 1992 ਚ ਕਰਨੈਲ ਗਿੱਲ ਨਾਲ ਸੁਰਿੰਦਰ ਕੌਰ ਦਾ ਹਰਚਰਨ ਗਰੇਵਾਲ ਨਾਲ ਗਾਇਆ ਇੰਦਰਜੀਤ ਹਸਨਪੁਰੀ ਦਾ ਗੀਤ
ਹੋਇਆ ਕੀ ਜੇ ਕੁੜੀ ਏਂ ਤੂੰ ਦਿੱਲੀ ਸ਼ਹਿਰ ਦੀ,
ਮੈਂ ਵੀ ਜੱਟ ਲੁਧਿਆਣੇ ਦਾ।
ਸੁਣ ਲਿਆ ਸੀ। ਉਹ ਹਰਚਰਨ ਗਰੇਵਾਲ ਨੂੰ ਚੇਤੇ ਕਰਕੇ ਅੱਖਾਂ ਭਰ ਆਈ ਸੀ। ਉਸ ਦੱਸਿਆ ਕਿਇਸ ਦੀ ਤਰਜ਼ ਮੂਲ ਰੂਪ ਚ ਉਸਤਾਦ ਜਸਵੰਤ ਭੰਵਰਾ ਨੇ ਬਣਾਈ ਤੇ ਮੈਨੂੰ ਸੁਣਾਈ ਸੀ। ਨੰਦ ਲਾਲ ਨੂਰਪੁਰੀ,ਗੁਰਦੇਵ ਸਿੰਘ ਮਾਨ,ਸ਼ਿਵ ਕੁਮਾਰ, ਪ੍ਰੋ: ਮੋਹਨ ਸਿੰਘ ਤੇ ਕਿੰਨੇ ਹੋਰ ਪਰਪੱਕ ਕਵੀਆਂ ਦੇ ਗੀਤ ਉਸ ਨੂੰ ਜ਼ਬਾਨੀ ਚੇਤੇ ਸਨ।
ਮੈਨੂੰ ਮਾਣ ਹੈ ਕਿ ਮੇਰੇ ਉਸਤਾਦ ਡਾ: ਐੱਸ ਪੀ ਸਿੰਘ ਜੀ ਨੇ 2002 ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੁਰਿੰਦਰ ਕੌਰ ਜੀ ਨੂੰ ਡੀ ਲਿੱਟ ਦੀ ਉਪਾਧੀ ਪ੍ਰਦਾਨ ਕੀਤੀ।
ਪਰ ਪਛਤਾਵਾ ਰਹੇਗਾ, ਉਹ ਪੰਜਾਬ ਚ ਪੱਕਾ ਟਿਕਾਣਾ ਨਾ ਬਣਾ ਸਕੀ। ਸਰਕਾਰਾਂ ਉਸ ਨੂੰ ਪੰਜਾਬ ਦੀ ਕੋਇਲ ਕਹਿ ਕੇ ਹੀ ਸਾਰਦੀਆਂ ਰਹੀਆਂ। ਪਤੀ ਦੀ ਮੌਤ ਮਗਰੋਂ ਦਿਲੀ ਦੀ ਰਿਵੇਰਾ ਬਿਲਡਿੰਗ ਚ ਪੂਰਾ ਜੀਵਨ ਰਹੀ ਉਹ।
ਇਹ ਘਰ ਜਦ ਮੈਟਰੋ ਰੇਲਵੇ ਦੇ ਨਕਸ਼ੇ ਹੇਠ ਆ ਗਿਆ ਤਾਂ ਕਿਸੇ ਨੇ ਹੌਕਾ ਨਹੀਂ ਭਰਿਆ। ਉਹ ਤੜਫ਼ਦੀ ਰਹੀ ਕਿ ਕੋਈ ਉਸ ਦੇ ਘਰ ਨੂੰ ਬਚਾਵੇ, ਪਰ ਕੋਈ ਨਾ ਬਹੁੜਿਆ।
ਉਹ ਪੰਚਕੂਲਾ(ਹਰਿਆਣਾ) ਚ ਰਹਿਣ ਲੱਗ ਪਈ। ਤਿੰਨ ਧੀਆਂ ਦੀ ਮਾਂ ਸੀ ਉਹ।
ਵਿਚਕਾਰਲੀ ਧੀ ਕੋਲ ਨਿਊ ਜਰਸੀ(ਅਮਰੀਕਾ) ਚ ਸੀ ਜਦ ਬੀਮਾਰੀ ਜ਼ੋਰ ਕਰ ਗਈ। ਹਸਪਤਾਲ ਚ ਦਮ ਤੋੜ ਗਈ।
ਮੈਂ ਵੀ ਉਦੋਂ ਅਮਰੀਕਾ ਚ ਸਾਂ ਪਰ ਹਸਪਤਾਲ ਜਾਣ ਦੀ ਪ੍ਰਵਾਨਗੀ ਨਾ ਮਿਲ ਸਕੀ। ਹਰਵਿੰਦਰ ਰਿਆੜ ਨੇ ਬਥੇਰੀ ਕੋਸ਼ਿਸ਼ ਕੀਤੀ।
2002 ਚ ਅਸੀਂ ਸੁਰਿੰਦਰ ਕੌਰ ਜੀ ਨੂੰ ਦਰਸ਼ਨ ਗਿੱਲ ਤੇ ਸਾਥੀਆਂ ਵੱਲੋਂ ਕਰਵਾਈ ਵਿਸ਼ਵ ਪੰਜਾਬੀ ਕਾਨਫਰੰਸ ਸੱਰੀ(ਕੈਨੇਡਾ) ਵਿੱਚ ਰੱਜ ਕੇ ਮਿਲੇ। ਉਸ ਦੇ ਇਹ ਬੋਲ ਹੁਣ ਵੀ ਯਾਦ ਹਨ ਜੋ ਮੰਗਾ ਬਾਸੀ ਦੇ ਘਰ ਬੈਠਿਆਂ ਉਸ ਕਹੇ ਸੀ,
ਅੜਿਆ!
ਪੰਜਾਬ ਚ ਸੱਦਿਆ ਕਰੋ, ਮੇਰੇ ਪੇਕੇ ਤਾਂ ਓਥੇ ਹੀ ਨੇ। ਪੰਜਾਬ ਚ ਹੀ ਮੇਰੀ ਸੁਰਤ ਰਹਿੰਦੀ ਹੈ।
ਬੋਲੀ
ਪਾਵੇ......,,,,,,
ਰੱਬਾ ਮੇਰੇ ਪੇਕਿਆਂ ਵੱਲੋਂ
ਸਦਾ ‘ਵਾ ਠੰਢੜੀ ਪਈ ਆਵੇ।
ਚੇਤੇ ਕਰਦਿਆਂ ਮੈਨੂੰ ਆਪਣਾ ਇਹ ਗੀਤ ਤੁਹਨੂੰ ਸੁਣਾਉਣਾ ਵਾਜਬ ਲੱਗਦਾ ਹੈ।
ਵਿਰਲਾਪ ਗੀਤ
ਅੰਮੜੀ ਮੋਈ ਸਿਰ ਤੋਂ ਠੰਢੜੀ ਛਾਂ ਤੁਰ ਗਈ।
ਦਿਲ ਦਾ ਬਾਗ ਉਜੜਿਆ,ਜਿਸਮੋਂ ਜਾਂ ਤੁਰ ਗਈ।
ਧਰਤੀ ਅੰਬਰ ਦੋਵੇਂ ਸੁੰਨੇ ਹੋ ਗਏ ਨੇ।
ਜਾਣ ਵਾਲਿਆਂ ਅੰਦਰੋਂ ਬੂਹੇ ਢੋ ਲਏ ਨੇ।
ਰੌਣਕ ਮੋਈ ਕਰਕੇ ਸੁੰਨੀ ਥਾਂ ਤੁਰ ਗਈ।
ਅੰਮੜੀ ਮੋਈ ਸਿਰ ਤੋਂ ਠੰਢੜੀ ਛਾਂ ਤੁਰ ਗਈ।
ਮਾਪਿਆਂ ਕਰਕੇ ਹੀ ਪਿੰਡ ਚੰਗਾ ਲਗਦਾ ਸੀ।
ਨੂਰ ਨੂਰਾਨੀ ਘਰ ਵਿੱਚ ਦੀਵਾ ਜਗਦਾ ਸੀ।
ਰੂਹ ਨਿਕਲੀ ਤੇ ਕਰਕੇ ਸੁੰਨ ਗਿਰਾਂ ਤੁਰ ਗਈ।
ਅੰਮੜੀ ਮੋਈ ਸਿਰ ਤੋਂ ਠੰਢੜੀ ਛਾਂ ਤੁਰ ਗਈ।
ਕਿੱਦਾਂ ਬੋਲ ਸੁਣਾਈਏ ਦਰਦ ਅਵੱਲਿਆਂ ਨੂੰ।
ਹੱਸਿਆਂ ਹੱਸਦੀ ਦੁਨੀਆਂ ਰੋਣਾ ਕੱਲਿਆਂ ਨੂੰ।
ਗੀਤ ਗੁਆਚੇ ਲੱਗਦੇ ,ਕਿੱਧਰ ਨੂੰ ਸੁਰ ਗਈ।
ਅੰਮੜੀ ਮੋਈ ਸਿਰ ਤੋਂ ਠੰਢੜੀ ਛਾਂ ਤੁਰ ਗਈ।
ਮੇਰੀ ਹੈ ਅਰਦਾਸ ਕਿ ਰੱਬ ਹੁਣ ਮਿਹਰ ਕਰੇ।
ਦਰਦ ਸਹਿਣ ਦੀ ਤਾਕਤ ਦੇ ਸੰਗ ਝੋਲ ਭਰੇ।
ਦਿਲ ਦੀ ਬਾਹੀ ਏਦਾਂ ਲੱਗਦਾ ਹੈ ਭੁਰ ਗਈ।
ਦਿਲ ਦਾ ਬਾਗ ਉਜੜਿਆ ਠੰਢੜੀ ਛਾਂ ਤੁਰ ਗਈ।
ਕੂੜ ਕਹਿਣ ਜੋ ਆਖਣ ਅੰਮੜੀ ਮਰ ਜਾਂਦੀ।
ਉਹ ਤਾਂ ਸਭ ਕੁਝ ਬੱਚਿਆਂ ਅੰਦਰ ਧਰ ਜਾਂਦੀ
ਸਿਰਫ਼ ਵਿਗੋਚਾ ਬੁੱਕਲ ਵਾਲੀ ਥਾਂ ਤੁਰ ਗਈ।
ਦਿਲ ਦਾ ਬਾਗ ਉੱਜੜਿਆਂ ਕਿੱਧਰ ਛਾਂ ਤੁਰ ਗਈ।
-
-
-
ਗੁਰਭਜਨ ਗਿੱਲ ,
gurbhajansinghgill@gmail.com
9872631199