ਸਟੀਫ਼ਨ ਹਾਕਿੰਸ ਦੀ ਯਾਦ ਵਿਚ
ਸਨਮਾਨ ਯੋਗ ਸਟੀਫ਼ਨ ਹਾਕਿੰਸ ਇਸ ਸੰਸਾਰ ਤੋਂ ਵਿਦਾ ਹੋ ਚੁੱਕੇ ਹਨ।ਇਹ ਇਕ ਸੰਜੋਗ ਹੀ ਸੀ ਕਿ ਉਹ ਗੈਲੀਲੀਉ ਦੀ ਮੌਤ ਵਾਲੀ ਤਾਰੀਖ਼ ਪੈਦਾ ਹੋਏ ਅਤੇ ਆਈਂਨਸਟੀਨ ਦੀ ਜਨਮ ਤਾਰੀਖ਼ ਵਾਲੇ ਦਿਨ ਸੰਸਾਰ ਤੋਂ ਵਿਦਾ ਹੋ ਗਏ।
ਉਹ ਵਿਗਿਆਨ ਸਬੰਧਤ ਆਪਣੇ ਗਣਿਤ ਅਤੇ ਪ੍ਰਯੋਗ ਰਹਿਤ ਵਿਸ਼ਲੇਸ਼ਣ ਬਾਰੇ ਆਪਣੀ ਅਸਾਧਾਰਨ ਯੋਗਤਾ ਕਰਕੇ ਯਾਦ ਕੀਤੇ ਜਾਂਦੇ ਰਹਿਣ ਗੇ। ਉਨ੍ਹਾਂ ਦਾ ਇਹ ਕਥਨ ਕਿ 'ਬ੍ਰਹਮਾਂਡ ਚੰਗੀ ਤਰਾਂ੍ਹ ਪਰਿਭਾਸ਼ਤ ਨਿਯਮਾਂ ਰਾਹੀਂ ਵਿਕਸਤ ਹੁੰਦਾ ਹੈ' ਲੋਕਾਂ ਲਈ ਆਕਰਸ਼ਣ ਦਾ ਵਿਸ਼ਾ ਬਣਿਆ।
ਸਟੀਫ਼ਨ ਅਨੁਸਾਰ ਇਨ੍ਹਾਂ ਨਿਯਮਾਂ ਦੀ ਸੰਪੁਰਣ ਸਮਝ ਸਾਨੂੰ ਇਹ ਦੱਸ ਸਕਦੀ ਸੀ ਕਿ ਇਹ ਬ੍ਰਹਮਾਂਡ ਕਿਵੇਂ ਬਣਿਆ, ਇਹ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ ਅਤੇ ਇਸਦਾ ਅੰਤ ਕਿੱਥੇ ਹੋਵੇਗਾ? ਉਨ੍ਹਾਂ ਦਾ ਮਤ ਸੀ ਕਿ ਅਗਰ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਲੇਂਦੇ ਹਾਂ ਤਾਂ ਸੱਚਮੁਚ ਅਸੀਂ ਈਸ਼ਵਰ ਦੇ ਮਨ ਨੂੰ ਜਾਣ ਸਕਦੇ ਹਾਂ।ਪਰ ਇਸ ਕਥਨ ਦਾ ਇਹ ਅਰਥ ਨਹੀਂ ਲਿਆ ਜਾਣਾ ਚਾਹੀਦਾ ਕਿ ਉਹ ਈਸ਼ਵਰ ਦੀ ਹੋਂਦ ਨੂੰ ਮੰਨਦੇ ਸੀ।ਸਟੀਫ਼ਨ, ਜਿਵੇਂ ਕਿ ਉਨ੍ਹਾਂ ਬਾਦ ਵਿਚ ਸਪਸ਼ਟ ਕੀਤਾ, ਈਸ਼ਵਰ ਨੂੰ ਨਹੀਂ ਸੀ ਮੰਨਦੇ! ਧਿਆਨ ਦੇਣ ਯੋਗ ਗਲ ਇਹ ਹੈ ਕਿ ਐਸਾ ਮੰਨਣ ਵੇਲੇ ਸਟੀਫ਼ਨ ਆਪ ਵੀ ਬ੍ਰਹਮਾਂਡ ਦੇ ਭੇਦਾਂ ਨਾਲ ਜੁੜੇ ਸਵਾਲਾਂ ਦੇ ਸਾਰੇ ਜਵਾਬ ਪ੍ਰਾਪਤ ਨਹੀਂ ਸੀ ਕਰ ਸਕੇ।
ਹਾਕਿੰਸ ਨੇ ਜਿਸ ਵੇਲੇ ਆਪਣੇ ਇਕ ਹੋਰ ਦਿਲਚਸਪ ਬਿਆਨ, "ਫ਼ਿਲਾਸਫ਼ੀ ਮਰ ਗਈ ਹੈ" ਰਾਹੀਂ ਦਰਸ਼ਨ ਦੀ ਮੌਤ ਦਾ ਐਲਾਨ ਕਰਦੇ ਕਿਹਾ ਕਿ ਹੁਣ ਵਿਗਿਆਨੀ ਗਿਆਨ ਪ੍ਰਤੀ ਸਾਡੀ ਖੋਜ ਦੇ ਮਸ਼ਾਲਧਾਰੀ ਬਣ ਗਏ ਹਨ ਤਾਂ ਇੰਝ ਜਾਪਿਆ ਕਿ ਕਿਸੇ ਵਿਗਿਆਨੀ ਨੇ ਪ੍ਰਯੋਗਸਿੱਧ ਵਿਗਿਆਨ ਦੇ ਖੇਤਰ ਤੋਂ ਬਾਹਰ ਨਿਕਲ ਕੇ ਦਰਸ਼ਨ ਦੇ ਹੀ ਖੇਤਰ ਵਿਚ ਕਦਮ ਰੱਖ ਲਿਆ ਹੋਵੇ।ਆਪਣੇ ਲਈ ਇਸ ਨਵੇਂ ਖੇਤਰ ਵਿਚ ਹਾਕਿੰਸ ਖ਼ੁਦ ਭੌਤਕੀ ਦੀਆਂ ਸਿਧਾਂਤਕ ਸੰਭਾਵਨਾਵਾਂ ਦੇ ਅਜਿਹੇ ਫ਼ਿਲਾਸਫ਼ਰ ਪ੍ਰਤੀਤ ਹੋਏ ਜਿਨਾਂ੍ਹ ਦੇ ਅਜਿਹੇ ਵਿਚਾਰ ਪ੍ਰਯੋਗਸਿੱਧ ਵਿਗਿਆਨ ਨਹੀਂ ਬਲਕਿ ਪ੍ਰਾਕਲਪਨਾ ਅਧਾਰਤ ਹੋਣ ਕਾਰਣ ਕਿੰਤੁਜਨਕ ਅਵਸਥਾ ਵਿਚ ਖੜੇ ਸੀ।
ਹਾਕਿੰਸ ਨੇ ਬ੍ਰਹਮਾਂਡ ਦੀ ਉਤਪੱਤੀ ਅਤੇ ਹੋਂਦ ਨੂੰ ਲੈਕੇ ਸੁਭਾਵਕ ਉੱਠਣ ਵਾਲੇ ਮਨੁੱਖੀ ਸਵਾਲਾਂ ਦੇ ਉੱਤਰ ਦੇਣ ਦਾ ਜਤਨ ਕਰਦੇ ਹੋਏ ਕਦੇ ਵੀ ਕਿਸੇ ਜਿਗਿਆਸੂ ਨੂੰ ਇਹ ਨਹੀਂ ਕਿਹਾ ਕਿ "ਭਾਈ ਤੂੰ ਇਹ ਸਭ ਜਾਣ ਕੇ ਟਿੰਡੇ ਲੇਣੇ ਹਨ?" ਸਟੀਫ਼ਨ ਉਨ੍ਹਾਂ ਸਵਾਲਾਂ ਦਾ ਸਹੀ ਜਵਾਬ ਦੇ ਪਾਏ ਜਾਂ ਨਹੀਂ ਇਹ ਵਿਸ਼ਾ ਅਲਗ ਹੈ ਪਰ ਇਸ ਵਿਚ ਸ਼ੱਕ ਨਹੀਂ ਕਿ ਸਟੀਫਨ ਨੇ ਇਨ੍ਹਾਂ ਦਾਰਸ਼ਨਕ ਸਵਾਲਾਂ ਨੂੰ 'ਪਰਮ ਪ੍ਰਸ਼ਨ' ਜਾਣ ਕੇ ਆਪਣਾ ਜਤਨ ਕੀਤਾ।
ਖੈਰ, ਮਨੁੱਖੀ ਸੰਸਾਰ ਬਾਰੇ ਉਨ੍ਹਾਂ ਦੀ ਚਿੰਤਾਵਾਂ ਵਿਚ ਹੋਰ ਗਲਾਂ ਦੇ ਨਾਲ-ਨਾਲ ਈਰਾਕ ਜੰਗ ਦਾ ਸਪਸ਼ਟ ਵਿਰੋਧ ਸ਼ਾਮਲ ਸੀ।ਉਨ੍ਹਾਂ ਇਸ ਜੰਗ ਨੂੰ ਮਨੁੱਖਤਾ ਪ੍ਰਤੀ 'ਯੁੱਧ ਅਪਰਾਧ' ਦੀ ਸੰਗਿਆ ਦਿੱਤੀ।ਇਸ ਤੋਂ ਅਹਿਸਾਸ ਹੁੰਦਾ ਹੈ ਕਿ "ਮੁਫ਼ਤ ਲੰਗਰ" ਲਗਾਉਣ ਵਾਲੇ ਕਹੇ ਜਾਂਦੇ ਨਿਜ਼ਾਮ ਵੀ ਅੱਜੇ ਅਜਿਹੇ ਅਪਰਾਧਾਂ ਤੋਂ ਮੁੱਕਤ ਨਹੀਂ।
ਮਨੁੱਖ ਜਾਤੀ ਦੇ ਭਵਿੱਖ ਬਾਰੇ ਚਿੰਤਤ ਸਟੀਫ਼ਨ ਦਾ ਕਹਿਣਾ ਸੀ ਕਿ ਮਨੁੱਖ ਜਾਤੀ, ਮੌਜੂਦਾ ਹਾਲਾਤਾਂ ਦੇ ਚਲਦੇ, ਕੇਵਲ ਕੁੱਝ ਕੁ ਸੌ ਸਾਲ ਤਕ ਹੀ ਜ਼ਿੰਦਾ ਰਹਿ ਪਾਏਗੀ। ਇਹ ਵਿਚਾਰਣ ਵਾਲੀ ਗਲ ਹੈ ਕਿ ਜਿਸ ਵੇਲੇ ਸਟੀਫ਼ਨ ਇਸ ਬਾਬਤ ਆਪਣੀ ਚਿੰਤਾ ਜਾਹਰ ਕਰ ਰਹੇ ਸੀ ਉਸ ਵੇਲੇ ਸਰਬਤ ਦੇ ਭਲੇ ਨੂੰ ਮੰਗਣ ਦਾ ਦਾਵਾ ਕਰਨ ਵਾਲੇ ਸਾਡੇ ਕੁੱਝ ਸੱਜਣ, ਕੋਈ ਉਸਾਰੂ ਕੰਮ ਕਰਨ ਦੀ ਥਾਂ, ਅਗਲੇ ੩੩,੦੦੦ ਸਾਲ ਤਕ ਦੀਆਂ ਪੱਕਿਆਂ ਤਾਰੀਖ਼ਾਂ ਦੇ ਕਲੈਂਡਰ ਰਾਹੀਂ ਸਿੱਖੀ ਦੇ ਸੁਰਖਿਅਤ ਭਵਿੱਖ ਨੂੰ ਸੁਨਿਸ਼ਚਤ ਕਰਨ ਦੇ ਦਾਵੇ ਨਾਲ ਆਪਸੀ ਵੰਡ ਖੜੀ ਕਰ ਰਹੇ ਸੀ।
ਇਸਦੇ ਨਾਲ ਹੀ ਸਟੀਫ਼ਨ ਜਿਸ ਵੇਲੇ ਧਰਤੀ ਦਾ ਤਾਪਮਾਨ (ਕੁੱਝ ਦਹਾਕਿਆਂ ਵਿਚ ਹੀ) ਬਹੁਤ ਹੀ ਗਰਮ ਹੋਣ ਜਾਣ ਦੀ ਗਲ ਕਰ ਰਹੇ ਸੀ ਉਸ ਵੇਲੇ ਸਾਡੇ ਕੁੱਝ ਸੱਜਣ ਤਾਪਮਾਨ ਬਦਲ ਜਾਣ ਨਾਲ ਬਾਣੀ ਦੇ ਅਰਥ ਗਲਤ ਹੋ ਜਾਣ ਦਾ ਬੇਲੋੜਾ ਤਰਕ ਆਪਣੇ ਕਲੈਂਡਰ ਦੇ ਹੱਕ ਵਿਚ ਪੇਸ਼ ਕਰ ਰਹੇ ਸੀ।
ਖੈਰ, ਮਹੱਤਵਪੁਰਣ ਵਿਗਿਆਨੀ ਸਟੀਫ਼ਨ ਹਾਕਿੰਸ ਅੱਜ ਜਿੰਦਾ ਨਹੀਂ! ਉਨ੍ਹਾਂ ਨੇ ਆਪਣੇ ਅੰਤ ਤੋਂ ਪਹਿਲਾਂ ਹੀ ਫ਼ਿਲਾਸਫ਼ੀ ਦੇ ਅੰਤ ਦੀ ਘੋਸ਼ਨਾ ਕਰ ਦਿੱਤੀ ਸੀ ਲੇਕਿਨ ਇਕ ਗਲ ਨਿਸ਼ਚਤ ਹੈ ਕਿ ਫ਼ਿਲਾਸਫ਼ੀ ਦੇ 'ਪਰਮ ਪ੍ਰਸ਼ਨ' ਸਟੀਫ਼ਨ ਹਾਕਿੰਸ ਨੂੰ ਚਰਚਾਵਾਂ ਵਿਚ ਜਿੰਦਾ ਰੱਖਣਗੇ।
ਹਰਦੇਵ ਸਿੰਘ-ਜੰਮੂ
ਹਰਦੇਵ ਸਿੰਘ ਜਮੂੰ
ਸਟੀਫ਼ਨ ਹਾਕਿੰਸ ਦੀ ਯਾਦ ਵਿਚ
Page Visitors: 2576