ਵੱਖਰੇ ਰਾਹ ?
ਗੁਰਦੇਵ ਸਿੰਘ ਸੱਧੇਵਾਲੀਆ
ਡੱਚ ਗੋਰਾ ਜੌਹਨ। ਉਹ ਸਾਡਾ ਸਾਝਾਂ ਫਾਰਮ ਠੇਕੇ 'ਤੇ ਵਾਹੁੰਦਾ। ਜਿਆਦਾਤਰ ਉਸ ਨਾਲ ਲੈਣ ਦੇਣ ਮੈਂ ਹੀ ਕਰਦਾਂ। ਇੱਕ ਦਿਨ ਉਸ ਫਾਰਮ ਵਿਚੋਂ ਅਸੀਂ ਪਾਣੀ ਦਾ ਟੈਂਕ ਭਰਨ ਗਏ ਤਾਂ ਟਰੈਕਟਰ ਵਾਹੁੰਦਾ ਉਹ ਸਾਡੇ ਕੋਲੇ ਆਣ ਖੜੋਤਾ। ਗੱਲਾਂ ਗੱਲਾਂ ਵਿਚ ਕਹਿੰਦਾ ਮੇਰੇ ਫਾਰਮ ਤੁਸੀਂ ਆਇਓ ਪਰ ਕੀ ਤੁਸੀਂ 'ਬੀਫ' ਯਾਣੀ ਗਾਂ ਦਾ ਮੀਟ ਖਾ ਲੈਂਦੇ?
ਉਹ ਅਪਣੇ ਫਾਰਮ ਵਿਚ ਵੱਢਣ ਵਾਲੀਆਂ ਗਾਵਾਂ ਯਾਣੀ ਕੰਮ ਨਾ ਆਉਂਣ ਵਾਲੇ ਵਹਿੜੇ ਜਿਹੇ ਪਾਲ ਕੇ ਅਗਾਂਹ ਵੇਚਦਾ ਮੀਟ ਲਈ ਤੇ ਕਿਤੇ ਕਿਤੇ ਅਪਣੇ ਲਈ ਵੀ ਵੱਢ ਲੈਂਦਾ ਅਗਲੇ ਦਿਨ ਕਿਤੇ ਉਸ ਵੱਢਣਾ ਸੀ।
ਅਸੀਂ ਕਿਹਾ ਮਾਸ ਤਾਂ ਮਾਸ ਈ ਏ ਖਾਣ ਨੂੰ ਕੀ ਏ ? ਪਰ ਉਹ ਨਾਲ ਹੀ ਕਹਿੰਦਾ ਕਿ ਮੈਂ ਸੁਣਿਆਂ ਹਿੰਦੂ ਖਾਂਦੇ ਨਹੀਂ! ਮੈਂ ਕਿਹਾ ਤੈਨੂੰ ਕਿਸ ਕਿਹਾ ਅਸੀਂ ਹਿੰਦੂ ਹਾਂ! ਉਹ ਕਹਿੰਦਾ ਮੇਰੇ ਇੱਕ ਹੋਰ ਠੇਕੇ ਵਾਲੇ ਫਾਰਮ ਦੇ ਗੁਆਂਢੀ ਵੀ ਤੁਹਾਡੇ ਵਾਂਗ ਹੀ ਹਨ ਯਾਣੀ ਪੱਗਾਂ ਵਾਲੇ ਪਰ ਉਹ ਤਾਂ ਮੇਰੇ ਨਾਲ ਲੜ ਹੀ ਪੈਣ ਵਾਲੇ ਸਨ ਕਿ ਤੈਨੂੰ ਜਾਪਦਾ ਅਸੀਂ ਗਾਂ ਖਾ ਲਾਂਗੇ?
ਉਹ ਕਹਿੰਦਾ ਕੱਲ ਨੂੰ ਆ ਜਿਓ ਮੈਂ ਤੁਹਾਡੇ ਲਈ ਵੱਢ ਰਖਾਂਗਾ। ਮੇਰੇ ਬੇਟੇ ਤੋਂ ਇਲਾਵਾ ਸਾਡਾ ਇੱਕ ਪਿੱਛਲੇ ਘਰ ਨੇੜਲਾ ਗੁਆਂਢੀ ਵੀ ਨਾਲ ਸੀ। ਉਹ ਡਰਿਆਂ ਜਿਹਾਂ ਤਰ੍ਹਾਂ ਮੂੰਹ ਬਣਾ ਕੇ ਕਹਿੰਦਾ ਤੂ੍ਹੰ ਹਾਂਅ ਕਿਉਂ ਕੀਤੀ ਉਹ ਪਤਾ ਕੀ ਪੁੱਛ ਰਿਹਾ ਸੀ?
ਗਾਂ ਦਾ ਮੀਟ ਕਹਿ ਰਿਹਾ ਸੀ ਉਹ?
ਮੈਂ ਕਿਹਾ ਤੂੰ ਕਦੇ ਮੀਟ ਨਹੀਂ ਖਾਧਾ?
ਉਹ ਕਹਿੰਦਾ ਖਾਧਾ ਕਿਉਂ ਨਹੀਂ ਪਰ ਗਾਂ ਦਾ?
ਮੈਂ ਨਹੀਂ ਕਹਿੰਦਾ ਗਾਂ ਦਾ ਜਾਂ ਦੂਜਾ ਤੀਜਾ ਮਾਸ ਖਾਣ ਵਾਲਾ ਜਾਂ ਨਾ ਖਾਣ ਵਾਲਾ ਸਿੱਖ ਜਾਂ ਨਹੀਂ ਸਿੱਖ, ਜਾਂ ਪੱਕਾ ਸਿੱਖ ਜਾਂ ਕੱਚਾ ਸਿੱਖ, ਜਾਂ ਕਿਸ ਦਾ ਸਿੱਖ ਜਾਂ ਟਕਸਾਲੀ ਜਾਂ ਮਿਸ਼ਨਰੀ। ਪਰ ਉਸ ਦੇ ਜਾਂ ਗੋਰੇ ਦੇ ਪਹਿਲੇ ਸਿੱਖ ਗੁਆਂਢੀ ਦੀ ਦੱਸੀ ਗੱਲ ਵਿਚੋਂ ਇੱਕ ਡਰ, ਇੱਕ ਦਹਿਲ, ਇੱਕ ਮਾਨਸਿਕ ਅਸਾਵਾਂਪਨ ਜਰੂਰ ਬੋਲ ਰਿਹਾ ਜਾਪਦਾ ਸੀ ਜਿਹੜਾ ਇਸ ਗੱਲ ਨੂੰ ਸਦੀਆਂ ਤੋਂ ਵਾਰ ਵਾਰ ਕਰਨ ਕਾਰਨ ਪੱਕ ਗਿਆ ਹੋਇਆ ਕਿ ਖਾਲਸਾ ਜੀ ਗਊ ਬ੍ਰਹਾਮਣ ਦੀ ਰੱਖਿਆ ਕਾਰਨ ਪੈਦਾ ਕੀਤਾ ਗਿਆ ਸੀ।
ਯਾਣੀ ਖਾਲਸਾ ਜੀ ਨੂੰ ਗਾਂ ਜਾਂ ਬ੍ਰਾਹਮਣ ਤੋਂ ਬਿਨਾ ਹੋਰ ਕੋਈ ਕੰਮ ਕਾਹਨੂੰ ਸੀ। ਪਰ ਇਸੇ ਪੱਕ ਚੁੱਕੀ ਧਾਰਨਾ ਨੇ ਨਾਮਧਾਰੀਆਂ ਨੂੰ ਸੱਚਮੁੱਚ ਹੀ ਗਊ ਖਾਤਰ ਸਿਰ ਦੇਣ ਵਾਲੇ ਪਾਸੇ ਤੋਰ ਦਿੱਤਾ ਜਦ ਉਨ੍ਹੀ ਪੰਜਾਬ ਦੇ ਗਾਵਾਂ ਵੱਢਣ ਵਾਲੇ ਬੁੱਚੜ ਹੀ ਮਾਰਨੇ ਸ਼ੁਰੂ ਕਰ ਦਿੱਤੇ? ਦੱਬੇ ਕੁੱਚਲੇ ਲੋਕਾਂ, ਜੁਲਮ ਦੀ ਚੱਕੀ ਦੇ ਪੁੜਾਂ ਹੇਠ ਪਿਸ ਰਹੀ ਲੁਕਾਈ, ਪੰਡੀਏ ਦੇ ਭਰਮਾ ਦੇ ਦਰਿਆ ਵਿਚ ਰੁੜ ਰਹੀ ਮਨੁੱਖਤਾ ਖਾਤਰ ਗੁਰੂ ਸਾਹਿਬਾਨਾ ਜਾਂ ਸਿੱਖ ਜੋਧਿਆਂ ਦੀ ਲੜਾਈ ਨੂੰ ਹਰਾਮ ਦੀਆਂ ਖਾਣ ਵਾਲੇ ਢਿੱਡਲ ਪੰਡੀਏ ਤੇ ਇੱਕ ਪਸ਼ੂ ਦੀ ਖਾਤਰ ਲੜੀ ਗਈ ਲੜਾਈ ਬਣਾ ਕੇ ਰੱਖ ਦਿੱਤਾ ਗਿਆ!
ਜਿਹੜਾ ਬੰਦਾ ਮਾਸ ਨਹੀਂ ਖਾਣਾ ਚਾਹੁੰਦਾ ਜਾਂ ਨਹੀਂ ਖਾਂਦਾ, ਉਸ ਲਈ ਇਹ ਕੋਈ ਵਿਸ਼ਾ ਹੀ ਨਹੀਂ, ਪਰ ਜਿਹੜਾ ਖਾ ਲੈਂਦਾ ਉਸ ਲਈ ਗਾਂ ਯਾਣੀ 'ਬੀਫ' ਹਊਆ ਕਿਉਂ?
ਚਿਰ ਦੀ ਗੱਲ ਫੇਸਬੁੱਕ ਉਪਰ ਸਿੱਖ ਵੱਖਰੀ ਕੌਮ ਦੀ ਬਹਿਸ ਚਲ ਰਹੀ ਸੀ। ਜੀਵਨ ਚਾਹਲ ਹੁਰਾਂ ਦੀ ਟਿੱਪਣੀ ਮੈਨੂੰ ਯਾਦ ਆਈ। ਉਨਹਾਂ ਨਾਲ ਸਹਿਮਤ ਹੋਣਾ ਨਾ ਹੋਣਾ ਵੱਖਰੀ ਗੱਲ ਪਰ ਗੱਲ ਵਿਚ ਗੱਲ ਤਾਂ ਸੀ। ਉਹ ਕਹਿੰਦਾ ਕਿਆ ਵੱਖਰਾ ਵੱਖਰਾ ਲਾਈ ਕੁਝ ਵੱਖਰਾ ਕਰਕੇ ਵੀ ਤਾਂ ਵਿਖਾਓ!
ਜਾਓ ਮਹੀਂਨੇ ਬਾਅਦ ਲੰਗਰ ਵਿਚ ਇੱਕ ਦਿਨ ਗਾਂ ਵਰਤਾ ਦਿਆ ਕਰੋ ਵੱਢ ਕੇ, ਜੇ ਹਿੰਦੂ ਤੌਬਾ ਨਾ ਕਰ ਉੱਠਿਆ ਕਿ ਤੁਸੀਂ ਹਿੰਦੂ ਨਹੀਂ ਯਾਣੀ ਹਿੰਦੂਆਂ ਵਿਚੋਂ ਨਹੀਂ?
ਸਭ ਕੁਝ ਤਾਂ ਉਨਹਾਂ ਵਾਲਾ। ਜੰਮਣ ਤੋਂ ਮਰਨ ਤੱਕ! ਲਾਅ ਆਰਤੀਆਂ, ਟੱਲੀਆਂ, ਜਗਰਾਤਿਆਂ, ਸਰਾਧਾਂ, ਚਲੀਸਿਆਂ, ਹਵਨਾ, ਦੇਹ ਪੂਜਾ, ਜਮਦੂਤਾਂ, ਧਰਮਰਾਜਾਂ, ਨਰਕਾਂ, ਸਵਰਗਾਂ, ਸੱਚਖੰਡਾਂ, ਦਰਗਾਹਾਂ ਤੋਂ! ਜੋਤ, ਮੌਲੀਆਂ, ਧਾਗੇ, ਟੂਣੇ, ਤਵੀਤ, ਰਾਹ ਕਟਦੀਆਂ ਬਿੱਲੀਆਂ ਵੱਖਰਾ ਕੀ? ਕੁਝ ਤਾਂ ਬਾਹਰ ਨਿਕਲੋ। ਕਝ ਤਾਂ ਰਾਹਤ ਮਿਲੇ! ਕੁਝ ਤਾਂ ਦਿੱਸੇ ਕਿ ਸੱਚ ਹੀ ਰਾਹ ਵੱਖਰੇ ਨੇ। ਪੰਡੀਏ ਦੀਆਂ ਖਿੱਚੀਆਂ ਲਕੀਰਾਂ ਟੱਪਣ ਦਾ ਕੁਝ ਤਾਂ ਬਲ, ਕੁਝ ਤਾਂ ਹੌਸਲਾ।
ਨੋਟ: ਕੇਵਲ ਗਾਂ ਵੱਢਣ ਵਾਲੀ ਤਾਂ ਗੱਲਾਂ 'ਚੋਂ ਨਿਕਲੀ, ਗੱਲ ਪਰ ਇਥੇ 'ਪਿੰਨ ਪੁਇੰਟ' ਵੱਖਰੇ ਰਾਹਾਂ ਦਾ ਹੈ!
ਗੁਰਦੇਵ ਸਿੰਘ ਸੱਧੇਵਾਲੀਆ
ਵੱਖਰੇ ਰਾਹ ?
Page Visitors: 2577