ਕੈਟੇਗਰੀ

ਤੁਹਾਡੀ ਰਾਇ



ਜਸਵਿੰਦਰ ਸਿੰਘ ਰੁਪਾਲ
{ਕਮਿਊਨਿਜ਼ਮ ਬਨਾਮ ਗੁਰਮਤਿ}(ਭਾਗ 1)
{ਕਮਿਊਨਿਜ਼ਮ ਬਨਾਮ ਗੁਰਮਤਿ}(ਭਾਗ 1)
Page Visitors: 2568

{ਕਮਿਊਨਿਜ਼ਮ ਬਨਾਮ ਗੁਰਮਤਿ}(ਭਾਗ 1)
ਪ੍ਰਸਿੱਧ ਵਿਦਵਾਨ ਸੁਕਰਾਤ ਨੇ ਕਿਹਾ ਹੈ, "ਵਿਚਾਰ-ਚਰਚਾ ਕਰਨ ਤੋਂ ਪਹਿਲਾਂ ਆਪਣੀਆਂ ਮੱਦਾਂ ਨੂੰ ਪਰਿਭਾਸ਼ਿਤ ਕਰ ਲੈਣਾ ਚਾਹੀਦਾ ਹੈ।"
ਗੱਲ ਹੈ ਵੀ ਠੀਕ, ਸਹੀ ਪਰਿਭਾਸ਼ਾ ਦੀ ਅਣਹੋਂਦ ਵਿੱਚ ਕਹਿਣ ਵਾਲਾ ਕੁੱਝ ਹੋਰ ਕਹੀ ਜਾਵੇਗਾ ਅਤੇ ਸਮਝਣ ਵਾਲਾ ਕੁੱਝ ਹੋਰ ਸਮਝੀ ਜਾਵੇਗਾ। ਇਸ ਲਈ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਕਤ ਦੋਹਾਂ ਸ਼ਬਦਾਂ ਨੂੰ ਸਮਝ ਕੇ ਹੀ ਗੱਲ ਅੱਗੇ ਕਰੀਏ।
ਕਮਿਊਨਿਜ਼ਮ:- ਡਿਕਸ਼ਨਰੀ ਪਰਿਭਾਸਾਵਾਂ ਅਤੇ ਹੋਰ ਜਾਣਕਾਰੀ ਦੇ ਅਧਾਰ ਤੇ ਕਮਿਊਨਿਜ਼ਮ ਇਹ ਹੈ---*ਜਿਸ ਵਿੱਚ ਨਿਜੀ ਜਾਇਦਾਦ ਦਾ ਮੁਕੰਮਲ ਖਾਤਮਾ ਹੋਵੇਗਾ। ਉਤਪਾਦਨ ਦੇ ਸਾਰੇ ਸਾਧਨਾਂ ਤੇ ਸਿਰਫ ਅਤੇ ਸਿਰਫ ਮਾਲਕੀ ਸਰਕਾਰ ਦੀ ਹੋਵੇਗੀ। ਸਰਕਾਰ ਹੀ ਸਭ ਫੈਸਲੇ ਲਵੇਗੀ। ਹਰ ਇਨਸਾਨ ਸਿਰਫ ਸਰਕਾਰ ਦਾ ਮੁਲਾਜ਼ਮ ਹੋਵੇਗਾ ਜਿਸ ਤੋਂ ਉਸ ਦੀ ਸਮਰੱਥਾ ਅਨੁਸਾਰ ਕੰਮ ਲਿਆ ਜਾਵੇਗਾ ਅਤੇ ਉਸ ਨੂੰ ਉਸ ਦੀਆਂ ਲੋੜਾਂ ਅਨੁਸਾਰ ਉਸ ਦਾ ਮਿਹਨਤਾਨਾ ਦਿੱਤਾ ਜਾਵੇਗਾ।
*ਮਾਰਕਸਵਾਦ ਅਤੇ ਲੈਨਿਨਵਾਦ ਦੇ ਸਿਧਾਤਾਂ ਅਨੁਸਾਰ ਉਸਰਿਆ ਹੋਇਆ ਸਮਾਜਿਕ ਅਤੇ ਰਾਜਨਤਿਕ ਪ੍ਰਬੰਧ।
*ਇੱਕ ਅਜਿਹਾ ਸਿਸਟਮ ਜਿਸ ਵਿੱਚ ਊਚ-ਨੀਚ, ਜਾਤ-ਪਾਤ ਅਤੇ ਕਿਸੇ ਵੀ ਤਰਾ ਦਾ ਵਿਤਕਰਾ ਨਹੀਂ ਹੋਵੇਗਾ।
*ਸਭ ਬਰਾਬਰ ਹੋਣਗੇ ਅਤੇ ਸਮਾਨਤਾ ਇਸ ਪ੍ਰਬੰਧ ਦਾ ਮੁਢਲਾ ਅਤੇ ਜਰੂਰੀ ਖਾਸਾ ਹੋਵੇਗਾ।
*ਕੋਈ ਲੋਟੂ ਨਹੀਂ ਹੋਵੇਗਾ ਅਤੇ ਕਿਰਤ ਦੀ ਕਿਸੇ ਵੀ ਤਰਾਂ ਲੁੱਟ ਨਹੀਂ ਹੋਵੇਗੀ।
*ਆਮਦਨ ਅਤੇ ਜਾਇਦਾਦ ਨਿਜੀ ਨਾ ਹੋਣ ਕਾਰਨ ਅਮੀਰ-ਗਰੀਬ ਦਾ ਸਵਾਲ ਹੀ ਪੈਦਾ ਨਹੀਂ ਹੋਵੇਗਾ।
*ਸਮਾਜ ਵਿੱਚ ਵਿਗਿਆਨਕ ਵਿਚਾਰਧਾਰਾ ਲਾਗੂ ਹੋਵੇਗੀ। ਲੋਕ ਕਿਸੇ ਵੀ ਧਰਮ ਨੂੰ ਨਹੀਂ ਮੰਨਣਗੇ ਅਤੇ ਕਿਸੇ ਵੀ ਤਰਾਂ ਦੀ ਪੂਜਾ ਪਾਠ, ਧਾਰਮਿਕ ਰਸਮਾਂ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਸਰਕਾਰ ਇਸ ਸਿਧਾਂਤ ਨੂੰ ਸਖਤੀ ਨਾਲ ਲਾਗੂ ਕਰੇਗੀ। ਕਿਉਂਕਿ ਧਾਰਮਿਕ ਸੋਚ ਲੋਕਾਂ ਦੀ ਸੋਚ ਨੂੰ ਖੂੰਡਾ ਕਰਦੀ ਹੈ, ਧਾਰਮਿਕ ਲੋਕ ਕਿਰਤ ਠੀਕ ਢੰਗ ਨਾਲ ਨਹੀਂ ਕਰਦੇ ਅਤੇ ਧਾਰਮਿਕ ਝਗੜੇ ਹਿੰਸਾ ਨੂੰ ਜਨਮ ਦਿੰਦੇ ਹਨ।
*ਸਰਕਾਰ ਸਿਰਫ ਇੱਕ ਪਾਰਟੀ {ਪਰੋਲੇਤਾਰੀ ਜਮਾਤ ਜਾਂ ਕਮਿਊਨਿਸਟ ਪਾਰਟੀ} ਦੀ ਹੋਵੇਗੀ ਅਤੇ ਇਸ ਸੋਚ ਦੇ ਵਿਰੋਧੀ ਵਿਚਾਰ ਸਹਿਣ ਨਹੀਂ ਕੀਤੇ ਜਾਣਗੇ।
ਇਹ ਉਹ ਕੁੱਝ ਕੁ ਮੁਢਲੀਆਂ ਸ਼ਰਤਾਂ ਹਨ, ਜੋ ਕਿ ਕਮਿਊਨਿਜ਼ਮ –ਸਮਾਜਵਾਦ ਦਾ ਆਧਾਰ ਬਣਦੀਆਂ ਹਨ।
ਗੁਰਮਤਿ:- ਹੁਣ ਅਸੀਂ ਇਹ ਵੀ ਜਾਣ ਲਈਏ ਕਿ ਗੁਰਮਤਿ ਕਿਸ ਨੂੰ ਕਹਿੰਦੇ ਹਨ। ਸੰਖੇਪ ਵਿੱਚ:---*ਗੁਰਮਤਿ ਦੇ ਸ਼ਬਦਿਕ ਅਰਥ ਹਨ ਗੁਰੂ ਦੀ ਮਤਿ। ਸੋ ਉਹ ਜੀਵਨ-ਜਾਚ ਜੋ ਗੁਰੂ-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦੱਸੇ ਮਾਰਗ ਤੇ ਚੱਲ ਕੇ ਬਣਦੀ ਹੈ, ਗੁਰਮਤਿ ਹੈ। ਉਹ ਸਮਾਜਿਕ ਪ੍ਰਬੰਧ ਅਤੇ ਉਹ ਰਾਜਨਤਿਕ ਪ੍ਰਬੰਧ, ਜਿਹੜਾ ਅਜਿਹੇ ਨਿਰਭਉ ਅਤੇ ਨਿਰਵੈਰ ਇਨਸਾਨਾਂ ਜਾਂ ਸ਼ਾਸ਼ਕਾਂ ਦੁਆਰਾ ਚਲਾਇਆ ਜਾਂਦਾ ਹੈ, ਗੁਰਮਤਿ ਸਮਾਜ ਜਾਂ ਗੁਰਮਤਿ ਰਾਜ ਕਹਾਏਗਾ।
*ਗੁਰਮਤਿ ਵਿੱਚ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਮਹਾਨਤਾ ਨਹੀਂ, ਭਾਵੇਂ ਉਹ ਕੋਈ ਭਗਤੀ ਕਰਨ ਵਾਲਾ, ਸੇਵਾ ਕਰਨ ਵਾਲਾ, ਨਿਮਰਤਾਵਾਨ ਅਤੇ ਕੁਸਲ ਪ੍ਰਬੰਧਕ ਕਿਉਂ ਨਾ ਹੋਵੇ। ਅੰਤਮ ਫੈਸਲਾ ਸਿਰਫ ਅਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਹੀ ਹੋਵੇਗਾ। ਬਾਣੀ ਦੇ ਸਿਧਾਂਤ ਤੋ ਵਿਰੁੱਧ ਟੁਰਨ ਵਾਲਾ ਨਾ ਰਾਜਾ ਪ੍ਰਵਾਨ ਹੋੇੲਗਾ, ਨਾ ਧਾਰਮਿਕ ਆਗੂ ਅਤੇ ਨਾ ਸਮਾਜ ਦੇ ਪਤਵੰਤੇ।
*ਗੁਰਮਤਿ ਵਿੱਚ ਗਿਆਨ, ਸ਼ਰਧਾ ਤੋ ਉਚ ਸਥਾਨ ਰੱਖਦਾ ਹੈ। ਇਹ ਗਿਆਨ ਕਿਸੇ ਸਾਖੀਆ ਤੇ ਆਧਾਰਿਤ ਨਹੀਂ, ਸਗੋਂ ਗੁਰਬਾਣੀ ਦੇ ਵਿਵੇਕ ਤੋਂ ਪੈਦਾ ਹੋਇਆ ਗਿਆਨ ਹੋਵੇਗਾ। ਨਿਜੀ ਜੀਵਨ ਵਿੱਚ ਕੋਈ ਸ਼ਰਧਾ ਨੂੰ ਜੋ ਵੀ ਸਥਾਨ ਦੇਵੇ, ਪਰ ਪੰਥਕ ਜਾਂ ਸਮਾਜਿਕ ਅਤੇ ਸੰਗਤੀ ਫੈਸਲੇ ਸਿਰਫ ਗਿਆਨ ਆਧਾਰਿਤ ਹੀ ਹੋਣਗੇ।
*ਗੁਰਮਤਿ ਵਿੱਚ ਸਭ ਤੋਂ ਸ਼੍ਰੇਸ਼ਟ ਗੁਰਬਾਣੀ ਹੈ। ਉਸ ਤੋਂ ਬਾਅਦ ਪੰਥਕ ਏਕਤਾ ਰੱਖਣ ਅਤੇ ਸਮੂਹਿਕ ਤੌਰ ਤੇ ਲੋਕਤੰਤਰਿਕ ਤਰੀਕੇ ਨਾਲ ਕੀਤੇ ਫੈਸਲੇ ਲਾਗੂ ਹੋਣਗੇ।
*ਗੁਰਬਾਣੀ ਦੇ ਮੁਢਲੇ ਅਸੂਲਾਂ-ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ ਤੇ ਹੀ ਸਾਰਾ ਢਾਂਚਾ ਉਸਰੇਗਾ।
*ਇੱਕ ਅਕਾਲ-ਪੁਰਖ ਦੀ ਸਰਬ-ਉਚਤਾ ਨੂੰ ਮੰਨਦੇ ਹੋਏ, ਸਭ ਵਿੱਚ ਇੱਕ ਜੋਤ ਨੂੰ ਪਹਿਚਾਣਦੇ ਹੋਏ ਸਾਰੇ ਇਨਸਾਨਾਂ ਨੂੰ ਬਰਾਬਰ ਸਮਝਿਆ ਜਾਵੇਗਾ।
*ਕਿਸੇ ਵੀ ਤਰਾਂ ਦਾ ਜਬਰੀ ਫੈਸਲਾ ਠੋਸਿਆ ਨਹੀਂ ਜਾਵੇਗਾ। ਹਰ ਨਾਗਰਿਕ, ਸਮਾਜ ਅਤੇ ਰਾਜਨਤਿਕ ਲੋਕ ਸਭ ਇੱਕ ਦੁਜੇ ਦਾ ਖਿਆਲ ਰੱਖਣਗੇ। ਗੁਰਬਾਣੀ ਦੀ ਸਰਬ-ਸਾਂਝੀਵਾਲਤਾ ਇਨਸਾਨੀ ਹਿਰਦਿਆਂ ਚੋਂ ਝਲਕੇਗੀ ਜਿੱਥੇ ਕੋਈ ਊਚ-ਨੀਚ, ਜਾਤ-ਪਾਤ, ਰਂਗ, ਨਸਲ, ਆਦਿ ਦਾ ਕੋਈ ਵੀ ਵਿਤਕਰਾ ਨਹੀ ਹੋਵੇਗਾ।
ਇਹ ਕੁੱਝ ਮੁਢਲੇ ਆਧਾਰ ਗੁਰਮਤਿ ਦੇ ਹਨ।
ਹੁਣ ਅਸਾਡੀ ਚਰਚਾ ਦਾ ਧੁਰਾ ਗੁਰਮਤਿ ਰਹੇਗਾ ਅਤੇ ਅਸੀਂ ਦੇਖਾਂਗੇ ਕਿ ਤਥਾਕਥਿਤ ਕਮਿਊਨਿਜ਼ਮ ਇਸ ਦੇ ਰਸਤੇ ਵਿੱਚ ਕਿਵੇਂ ਰੁਕਾਵਟ ਬਣਦੀ ਹੈ ਜਾਂ ਇਸ ਮਾਰਗ ਤੋਂ ਕਿਵੇਂ ਭਟਕਾਉਂਦੀ ਹੈ।
ਬਚਪਨ ਤੋ ਹੀ ਅਸੀਂ ਆਪਣੇ ਆਲੇ ਦੁਆਲੇ ਤੋ ਸਿੱਖਦੇ ਤੇ ਪ੍ਰਭਾਵਿਤ ਹੁੰਦੇ ਆਏ ਹਾਂ ਅਤੇ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਾਡੇ ਵਿਚਾਰ ਬਣਾਉਣ ਵਿੱਚ ਸਾਡੇ ਸਮਾਜ ਦਾ ਬਹੁਤ ਵਡਾ ਹੱਥ ਹੈ। ਅਸੀਂ ਜੋ ਵੀ ਪੜ੍ਹਿਆ, ਸੁਣਿਆ, ਦੇਖਿਆ ਵਿਚਾਰਿਆ ਹੁੰਦਾ ਹੈ, ਉਸ ਤੋਂ ਕੁੱਝ ਸਿਖੀਆਂ ਗਲਾਂ ਸਾਡੇ ਸੰਸਕਾਰ ਬਣਦੀਆਂ ਜਾਂਦੀਆਂ ਹਨ।  ਕਦੇ ਸਮਾਂ ਸੀ ਜਦੋ ਦਾਦਾ-ਦਾਦੀ ਜਾਂ ਨਾਨਾ-ਨਾਨੀ ਬੱਚਿਆਂ ਨੂੰ ਗੁਰ ਇਤਿਹਾਸ ਅਤੇ ਗੁਰਬਾਣੀ ਬਚਪਨ ਤੋਂ ਹੀ ਪੱਕਾ ਕਰਵਾ ਦਿੰਦੇ ਸਨ ਜਿਸ ਨਾਲ ਸਿੱਖ ਪਰਿਵਾਰਾ ਦੇ ਬੱਚਿਆਂ ਦੇ ਕੋਮਲ ਮਨਾਂ ਤੇ "ਗੁਰਬਾਣੀ ਤੋਂ ਕੁਰਬਾਨੀ ਦਾ ਮਾਰਗ" ਆਪਣੀ ਵਿਲੱਖਣ ਛਾਪ ਛੱਡ ਜਾਂਦਾ ਸੀ ਅਤੇ ਇੱਕ ਸ਼ਰਧਾ ਅਤੇ ਸਤਿਕਾਰ ਉਸ ਦੇ ਅਚੇਤ ਮਨ ਵਿੱਚ ਸ਼ਾਮਿਲ ਹੋ ਜਾਂਦਾ ਸੀ। ਇਸ ਨਾਲ ਉਹ ਵੱਡਾ ਹੋ ਕੇ ਅੰਮ੍ਰਿਤਧਾਰੀ ਸਿੰਘ ਜੇ ਨਾ ਵੀ ਬਣਦਾ, ਘੱਟੋ ਘੱਟ ਸਾਬਤ ਸੂਰਤ ਜਰੂਰ ਰਹਿੰਦਾ ਸੀ ਅਤੇ ਗੁਰ-ਇਤਿਹਾਸ ਤੇ ਮਾਣ ਕਰਦਾ ਹੋਇਆ ਸਗੋਂ ਆਪ ਉਹਨਾਂ ਕਦਰਾਂ ਕੀਮਤਾਂ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ………
ਸਮਾਂ ਬਦਲਦਾ ਗਿਆ। ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਦੇ ਕਰਦੇ ਬਹੁਤ ਕੁੱਝ ਨਵਾਂ ਆਇਆ ਜਿਨਾਂ ਵਿੱਚ ਉਤਪਾਦਨ ਦੇ ਸਾਧਨਾਂ ਦਾ ਵਿਸਥਾਰ ਹੋਇਆ, ਸੂਚਨਾ ਤੇ ਸੰਚਾਰ ਨੇ ਵਿਕਾਸ ਕੀਤਾ, ਤਕਨਾਲੌਜੀ ਨੇ ਵਿਕਾਸ ਕੀਤਾ ਅਤੇ ਰੁਜਗਾਰ ਵਿੱਚ ਵਿਭਿੰਨਤਾ ਵੀ ਆਈ ਅਤੇ ਗਤੀਸ਼ੀਲਤਾ ਵੀ, ਜਿਸ ਨਾਲ ਇਨਸਾਨ ਪਿੰਡਾਂ ਚੋ ਨਿਕਲ ਕੇ ਬਾਹਰ ਵੱਸਣ ਲੱਗਿਆ। ਸਾਡੀ ‘ਪਰਿਵਾਰ’ ਨਾਂ ਦੀ ਸੰਸਥਾ ਟੁਟਣ ਲੱਗੀ ਅਤੇ ਨਵੇਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸੰਬੰਧਾਂ ਨੇ ਜਨਮ ਲਿਆ।
 ਨਵੀਆਂ ਥਾਵਾਂ ਤੇ ਜਾ ਵੱਸਣ ਅਤੇ ੳਥੇ ਦੇ ਵਾਤਾਵਰਣ ਅਤੇ ਸਮਾਜ ਦੇ ਅਨੁਕੂਲ ਹੋਣ ਦੀ ਜਰੂਰਤ ਨੇ ਮਨੁੱਖੀ ਕਦਰਾਂ-ਕੀਮਤਾਂ ਵਿੱਚ ਵੀ ਕਾਫੀ ਤਬਦੀਲੀਆਂ ਲੈ ਆਂਦੀਆਂ। ਤਕਨਾਲੌਜੀ ਦੇ ਵਿਕਾਸ ਨੇ ਮਨੁੱਖੀ ਸਹੂਲਤਾਂ ਦੇ ਬੇਅੰਤ ਸਾਧਨ ਪੈਦਾ ਕੀਤੇ ਜਿਸ ਨਾਲ ਖਪਤਵਾਦ ਦੇ ਇਸ ਦੌਰ ਵਿੱਚ ਮਨੁੱਖ ਦਾ ਕੇਂਦਰ ਉਸ ਦੀਆਂ ਲੋੜਾਂ ਨਾ ਰਹਿ ਕੇ ਐਸ਼-ਪ੍ਰਸਤੀ ਅਤੇ ਸੁੱਖ-ਸਹੂਲਤਾਂ ਦੇ ਵੱਧ ਤੋਂ ਵੱਧ ਸਾਧਨ ਵੱਲ ਹੋ ਗਿਆ ਅਤੇ ਉਹ ਦਿਨ-ਬ-ਦਿਨ ਪਦਾਰਥਕ ਵਸਤਾਂ ਦਾ ਲਾਲਚੀ ਬਣਦਾ ਗਿਆ। ………
ਬਹੁਤਾ ਇਤਿਹਾਸਕ ਸੰਦਰਭ ਵਿੱਚ ਨਾ ਵੀ ਜਾਈਏ, ਕਮਿਊਨਿਜ਼ਮ ਦੇ ਭਾਰਤ ਵਿੱਚ ਪੈਦਾ ਹੋਣ ਅਤੇ ਕੁੱਝ ਥਾਂ ਬਣਾ ਲੈਣ ਦੇ ਮੋਟੇ ਮੋਟੇ ਕਾਰਨ ਇਹ ਜਾਪਦੇ ਹਨ-
*ਵਿਗਿਆਨ ਨੂੰ ਆਧਾਰ ਬਣਾ ਕੇ ਗੱਲ ਕਰਨ ਵਾਲਾ ਹੋਣ ਕਰਕੇ ਨੌਜਵਾਨਾਂ ਨੂੰ ਛੇਤੀ ਆਪਣੇ ਵੱਲ ਖਿੱਚ ਸਕਿਆ।
*ਖਾਲਸੇ ਦੀ ਸਰਕਾਰ ਨਾਲ ਟੱਕਰ ਅਤੇ ਲਗਾਤਾਰ ਜਿੱਤਾਂ ਨੇ ਸਮੇ ਦੀਆਂ ਸਰਕਾਰਾਂ ਤੇ ਇਹ ਪ੍ਰਭਾਵ ਪਾਇਆ ਕਿ ਨਾਸਤਕਤਾ ਹੀ ਇਸ ਦਾ ਇੱਕ ਬਦਲ ਹੋ ਸਕਦਾ ਹੈ ਕਿਉਕਿ ਸਿੱਖਾਂ ਤੋਂ ਨਾ ਤਾਂ ਗੁਰਬਾਣੀ ਦਾ ਪ੍ਰੇਮ ਦੂਰ ਹੋ ਸਕਦਾ ਹੈ ਅਤੇ "ਭਗਤੀ ਅਤੇ ਸ਼ਕਤੀ" ਦਾ ਸੰਕਲਪ ਤਾਂ ਸਿੱਧੇ ਤੌਰ ਤੇ ਸਥਾਪਿਤ ਨਿਜ਼ਾਮ ਨੂੰ ਚੁਣੌੂਤੀ ਹੈ। ਇਸ ਲਈ ਹਰੇਕ ਰਾਜਨੀਤਿਕ ਪਾਰਟੀ ਨੇ "ਨਾਸਤਕਤਾ" ਨੂੰ ਆਉਣ ਤੋਂ ਨਹੀਂ ਰੋਕਿਆ।
*ਕਿਰਤੀਆਂ, ਮਜਦੂਰਾਂ, ਕਿਸਾਨਾਂ ਅਤੇ ਲੁੱਟੇ ਹੋਏ ਲੋਕਾਂ ਨੂੰ ਇਸ ‘ਸਮਾਜਵਾਦ’ ਵਿਚੋਂ ਇੱਕ ਨਵੀਂ ਆਸ ਬੱਝੀ ਜਿਸ ਕਾਰਨ ਉਹ ਪੂਰਨ ਤੌਰ ਤੇ ਨਾ ਸਮਝਦੇ ਹੋਏ ਵੀ ਇਸ ਦਾ ਸਮਰਥਨ ਕਰਨ ਲੱਗੇ।
*ਰੂਸ ਦੇ ਇਨਕਲਾਬ ਦੀ ਉਦਾਹਰਣ ਨੇ ਬਹੁਤ ਸਾਰੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਸ਼ਾਇਦ ਭਾਰਤ ਵਿੱਚ ਵੀ ਕੋਈ ਨਵਾਂ ਸੂਰਜ ਚੜ੍ਹ ਜਾਵੇ।
*ਹਿੰਦੂ ਧਰਮ ਤਾਂ ਸਿੱਧਾ ਹੀ ਵਰਣ-ਅਵਸਥਾ ਨੂੰ ਮੰਨਦਾ ਹੈ, ਜਾਤ-ਪਾਤ ਅਤੇ ਛੁਟ-ਛਾਤ ਦੀ ਪੈਰਵੀ ਹਿੰਦੂ ਗਰੰਥ ਵੀ ਕਰਦੇ ਹਨ। ਪਰ ਸਾਡੇ ਸਰਬ-ਸਾਂਝੀਵਾਲਤਾ ਦੇ ਸਿਧਾਂਤ ਨੂੰ ਦ੍ਰਿੜਾਉਣ ਵਾਲੇ ਸਿੱਖ ਧਰਮ ਵਿੱਚ ਵੀ ਕੁੱਝ ਕੁਰੀਤੀਆਂ ਆ ਗਈਆਂ ਜਿਸ ਨਾਲ ਛੋਟੀਆਂ ਜਾਤੀਆਂ ਦੇ ਲੋਕਾਂ ਨੂੰ ਇਸ ਵਿੱਚ ਪੂਰਾ ਮਾਣ ਮਿਲਣ ਦੀ ਥਾਂ ਤੇ ਉਨਾਂ ਨੂੰ ਹਾਸ਼ੀਏ ਤੇ ਰੱਖਿਆ ਜਾਣ ਲੱਗਿਆ ਅਤੇ ਕਿਤੇ ਕਿਤੇ ਤਾਂ ਉਨਾਂ ਨਾਲ ਵਿਤਕਰੇ ਵੀ ਹੋਣ ਲੱਗੇ। ਜਿਸ ਕਾਰਨ ਉਨਾਂ ਨੂੰ ਸਿਖੀ ਤੋ ਅਲੱਗ ਬਦਲ ਲੱਭਣ ਦੀ ਜਰੂਰਤ ਜਾਪੀ। ਸਮਾਜਵਾਦ ਦੇ ਦਿਲ-ਲੁਭਾਊ ਨਾਅਰਿਆ ਵਿੱਚ ਊਚ-ਨੀਚ ਸਮਾਨਤਾ ਦੀ ਗੱਲ ਬਹੁਤ ਜੋਰ ਦੇ ਕੇ ਕਹੀ ਜਾਂਦੀ ਸੀ, ਇਸ ਨਾਲ ਵੀ ਕੁੱਝ ਝੁਕਾਅ ਇਸ ਪਾਸੇ ਹੋ ਗਿਆ।
ਇਸ ਤਰਾਂ ਦੇ ਲੋਕਾਂ ਦੇ ਇਸ ਝੁਕਾਅ ਨਾਲ ਸਮਾਜਵਾਦ ਦੇ ਸਮਰਥਕਾਂ ਨੇ ਕੋਈ ਬਹੁਤਾ ਵੱਡਾ ਰਾਜਨਤਿਕ ਲਾਹਾ ਤਾਂ ਨਹੀਂ ਲਿਆ। ਪਰ ਉਹ ਸਿੱਧ ਪੱਧਰੇ ਲੋਕਾਂ ਦੀ ਨਿਰਛਲਤਾ ਅਤੇ ਸਾਦਗੀ ਤੇ ਸੱਟ ਜਰੂਰ ਮਾਰ ਗਏ।
ਵਿਗਿਆਨਕ ਸੋਚ ਲਿਆਉਣੀ ਅਤੇ ਤਰਕ ਨਾਲ ਗੱਲ ਕਰਨੀ ਬੁਰੀ ਨਹੀਂ ਜਿੰਨੀ ਦੇਰ ਸਾਡਾ ਮਕਸਦ ਬੁਰਾ ਨਹੀਂ। ਗੁਰਮਤਿ ਵਿਗਿਆਨ ਦੇ ਬਿਲਕੁਲ ਵੀ ਵਿਰੁੱਧ ਨਹੀਂ ਸਗੋਂ ਗੁਰੂ ਨਾਨਕ ਸਾਹਿਬ ਜੀ ਨੇ ਅਤੇ ਬਾਕੀ ਗੁਰੂ ਸਾਹਿਬਾਨ ਨੇ ਅਤੇ ਹੋਰ ਬਾਣੀਕਾਰਾਂ ਨੇ ਪੂਰੇ ਤਰਕ ਨਾਲ ਗੱਲ ਕੀਤੀ ਹੈ। ਬਲਕਿ ਗੁਰਮਤਿ ਤਰਕ ਦੀ ਥਾਂ ਤੇ ਵਿਵੇਕ (ਤਰਕ + ਅਕਲ) ਤੇ ਆਧਾਰਿਤ ਹੈ। ਨਿਰੋਲ ਤਰਕ ਸਿਰਫ ਬਹਿਸਾਂ ਨੂੰ ਜਨਮ ਦਿੰਦਾ ਹੈ।
ਉਦਾਹਰਣ ਲਈ –
*ਪਰਮਾਤਮਾ ਦੀ ਹੋਂਦ ਹੀ ਸਭ ਤੋ ਪਹਿਲਾਂ ਕਾਮਰੇਡਾਂ ਨੂੰ ਹਜ਼ਮ ਨਹੀਂ ਹੁੰਦੀ ਅਤੇ ਉਹ ਸਾਰਾ ਜੋਰ ਇਹ ਸਿੱਧ ਕਰਨ ਲਈ ਲਗਾ ਦਿੰਦੇ ਹਨ ਕਿ ਪਰਮਾਤਮਾ ਹੈ ਹੀ ਨਹੀਂ। ਉਨਾਂ ਕੋਲ ਕੋਈ ਠੋਸ ਦਲੀਲ ਨਹੀਂ ਹੁੰਦੀ–ਵਿਗਿਆਨ ਨੇ ਤਾਂ ਅਜੇ ਤੱਕ 100% ਦਾਅਵੇ ਨਾਲ ਗੱਲ ਕਹੀ ਨਹੀਂ ਹੁੰਦੀ ਪਰ ਇਹ "ਨਵੇਂ ਜੰਮੇ ਵਿਗਿਆਨਕ" ਇਸ ਬਹਿਸ ਲਈ ਲੜਨ ਮਰਨ ਤੱਕ ਜਾਂਦੇ ਹਨ। ਇਸ ਲਈ ਜਦ ਪਰਮਾਤਮਾ ਹੈ ਹੀ ਨਹੀਂ, ਤਾਂ ਉਸ ਦੇ ਨਾਂ ਤੇ ਬਣੇ ਧਾਰਮਿਕ ਸਥਾਨ, ਪੂਜਾ ਪਾਠ, ਕਰਮ-ਕਾਂਡ, ਤੀਰਥ ਆਦਿ ਜੋ ਜੋ ਵੀ ਹੁੰਦਾ ਹੈ ਉਹ ਇਨ੍ਹਾਂ ਨੂੰ ਸਿਰਫ ਅਡੰਬਰ ਲਗਦਾ ਏ ਅਤੇ ਧਨ. ਸਮੇਂ ਅਤੇ ਊਰਜਾ ਦੀ ਬਰਬਾਦੀ ਲਗਦੀ ਹੈ। ਕਮਿਊਨਿਜ਼ਮ ਸਿਰਫ ਅਤੇ ਸਿਰਫ ਦੁਨਿਆਵੀ ਲੋੜਾਂ-ਰੋਟੀ, ਕੱਪੜਾ ਅਤੇ ਮਕਾਨ ਦੀ ਗੱਲ ਕਰਦਾ ਹੈ।
ਗੁਰਮਤਿ ਵਿੱਚ ਮਨੁਖੀ ਜੀਵਨ ਦਾ ਇੱਕ ਖਾਸ ਮਕਸਦ ਦੱਸਿਆ ਗਿਆ ਹੈ। ਪਰਮਾਤਮਾ ਇੱਕ ਸਰਬ-ਉਚ ਅਤੇ ਅਨੰਤ ਸ਼ਕਤੀ ਹੈ ਜੋ ਸਾਰੀਆਂ ਦੁਨਿਆਵੀ ਸ਼ਕਤੀਆਂ ਤੇ ਕੰਟਰੋਲ ਰੱਖਦੀ ਹੈ। ਨਵੀਂ ਭਾਸ਼ਾ ਵਿੱਚ ਆਖੀਏ ਤਾਂ ਪਰਮਾਤਮਾ ਸਾਰੇ ਗੁਣਾਂ ਦਾ ਸਮੂਹ ਹੈ ਅਤੇ ਉਸ ਤੋ ਹੀ ਅਸੀਂ ਸਾਰੇ ਗੁਣ ਪ੍ਰਾਪਤ ਕਰਦੇ ਹਾਂ।
ਜਦੋਂ ਇੱਕ ਇਨਸਾਨ ਨੇ ਅਕਾਲ-ਪੁਰਖ ਨੂੰ ਸਭ ਕੁੱਝ ਦਾ ਕਰਤਾ ਮੰਨ ਲਿਆ ਅਤੇ ਸਰਬ-ਉਚ ਸ਼ਕਤੀ ਵੀ, ਤਾਂ ਉਹ ਬਾਕੀ ਸਭ ਦੁਨਿਆਵੀ ਸ਼ਕਤੀਆਂ ਨੂੰ ਉਸ ਇੱਕ ਦੇ ਅਧੀਨ ਮੰਨ ਕੇ, ਬਾਕੀ ਸਭ ਦਾ ਡਰ ਦੂਰ ਕਰ ਕੇ ਇੱਕ ਆਜ਼ਾਦ ਇਨਸਾਨ ਦੇ ਰੂਪ ਵਿੱਚ ਵਿਚਰਦਾ ਹੈ।
ਆਜ਼ਾਦੀ ਕਿਸੇ ਵੀ ਜੀਵ ਦੀ ਮੁਢਲੀ ਲੋੜ ਹੈ ਅਤੇ ‘ਉਸ ਇੱਕ ਦੀ ਗੁਲਾਮੀ’ ਇਨਸਾਨ ਨੂੰ ਬਾਕੀ ਸਭ ਗੁਲਾਮੀਆਂ ਤੋਂ ਆਜਾਦ ਕਰਦੀ ਹੈ। ਉਸ ਇੱਕ ਨੂੰ ਸਰਬ-ਉਚ ਮੰਨਣ ਨਾਲ ਮਨੋਵਿਗਿਆਨਕ ਤੌਰ ਤੇ ਵੀ ਉਸ ਵਿੱਚ ਆਪਣੀ ਕਿਸੇ ਵੀ ਪ੍ਰਾਪਤੀ ਤੇ ਸੂਖਮ ਜਿਹਾ ਵੀ ਹੰਕਾਰ ਨਹੀਂ ਆਏਗਾ ਸਗੋ ਉਹ ਆਪਣੀ ਹਰ ਪ੍ਰਾਪਤੀ ਨੂੰ ਅਕਾਲ ਪੁਰਖ ਦੀ ਬਖਸਿਸ਼ ਮੰਨਦਾ ਹੈ। ਗੁਰੂ ਦੀ ਲੋੜ, ਗੁਰੂ ਦਾ ਪਿਆਰ ਉਸ ਨੂੰ ਆਪਣੇ ਅੰਦਰਲੀਆਂ ਸ਼ਕਤੀਆਂ ਤੋਂ ਵਾਕਿਫ ਕਰਵਾਉਦਾ ਹੈ ਅਤੇ ਉਸ ਵਿੱਚ ਉਸ ਪਰਮ-ਪਿਤਾ ਦੀ ਅੰਸ਼ ਹੋਣ ਕਾਰਨ ਹਰ ਅਸੰਭਵ ਨੂੰ ਸੰਭਵ ਕਰ ਦੇਣ ਦਾ ਅਥਾਹ ਹੌਸਲਾ ਹੁੰਦਾ ਹੈ। (ਅਜੋਕਾ ਮਨੋਵਿਗਿਆਨ ਅਤੇ ਜੀਵਨ-ਜਾਚ ਸਿਖਾਉਣ ਵਾਲੇ ਸਭ ਅਦਾਰੇ -ਸ਼ਬਦਾਂ ਦੇ ਹੇਰ-ਫੇਰ ਨਾਲ- ਇਹੀ ਸਿਧਾਂਤ ਅਨੁਸਾਰ ਕੰਮ ਕਰ ਰਹੇ ਹਨ)।
ਗੁਰਮਤਿ-ਅਨੁਸਾਰੀ ਜੀਵਨ ਵਿੱਚ - ਜੀਵਨ ਦਾ ਇੱਕ ਚਾਅ ਹੈ, ਇੱਕ ਮਕਸਦ ਹੈ. ਇੱਕ ਨਿਆਰੀ ਸ਼ੈਲੀ ਹੈ, ਅਨੋਖਾਪਣ ਹੈ, ਨਿਰਾਲਾ ਹੈ, ਸ਼ਾਨਾਮੱਤਾ ਹੈ ਪਰ ਮੁਸ਼ਕਿਲ ਵੀ ਹੈ। ਦੁਨੀਆਂ ਵਿੱਚ ਵਿਚਰਦਿਆਂ ਹੋਇਆਂ, ਦੁਨੀਆਂ ਦੇ ਹਰ ਇੱਕ ਕਾਰ ਵਿਹਾਰ ਕਰਦਿਆਂ ਹੋਇਆਂ ਆਪਣੇ ਆਪ ਨੂੰ ਦੁਨੀਆਂ ਦੇ ਮੋਹ ਅਤੇ ਮਾਇਆ ਤੋਂ ਬਚਾ ਕੇ ਰੱਖਣਾ ਆਸਾਨ ਕੰਮ ਨਹੀਂ। ਗੁਰਬਾਣੀ ਵਿੱਚ ਇਸ ਤਰਾਂ ਦੇ ਜੀਵਨ ਨੂੰ ਜੀਵਨ-ਮੁਕਤਿ ਹੋਣਾ ਕਿਹਾ ਹੈ ਜਿਸ ਵਿੱਚ ਕਿਸੇ ਸਵਰਗ ਦੇ ਲਾਰੇ ਨਹੀਂ, ਸਗੋਂ ਜੀਂਦੇ ਜੀਅ ਹੀ ਆਪਣੇ ਆਪ ਨੂੰ ਵਿਕਾਰਾਂ ਤੋਂ ਉਚਾ ਕਰਨਾ, ਪ੍ਰਭੂ ਪਿਤਾ ਦੀ ਜੋਤ ਨੂੰ ਹਰ ਜਿੰਦਾ ਪ੍ਰਾਣੀ ਵਿੱਚ ਦੇਖਣਾ, ਨਿਰਭਉ ਅਤੇ ਨਿਰਵੈਰ ਹੋ ਕੇ ਅਣਖ ਨਾਲ ਰਹਿਣਾ, ਦੂਜਿਆਂ ਲਈ ਆਪਾ ਵੀ ਕੁਰਬਾਨ ਕਰ ਜਾਣਾ ਇਹ ਮਾਰਗ ਸਚਮੁਚ ‘ਵਾਲਹੁ ਨਿੱਕਾ ਅਤੇ ਖੰਡਿਓ ਤਿੱਖਾ’ ਹੈ। ਪਰ ਨਾਮ ਬਾਣੀ ਨਾਲ ਜੁੜਿਆਂ ਜਗਤ ਦੀ ਅਸਲੀਅਤ ਸਮਝ ਆਉਂਦੀ ਹੈ ਅਤੇ ਦੁਨੀਆਵੀ ਦੌਲਤਾਂ, ਸ਼ੋਹਰਤਾਂ, ਅਹੁਦੇਦਾਰੀਆਂ ਆਦਿ ਸਭ ਤੁੱਛ ਜਾਪਣ ਲੱਗ ਜਾਂਦੀਆਂ ਹਨ। ਇਸ ਜੀਵਨ ਦੇ ਹੋਰ ਪਹਿਲੂਆਂ ਤੇ ਵੀ ਵਿਚਾਰ ਕਰਨਾ ਬਣਦਾ ਹੈ—
*ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਜੀਉਣ ਵਾਲਾ ਗੁਰਸਿੱਖ ਅਸਲ ਵਿੱਚ ਦੁਨਿਆਵੀ ਬੰਧਨਾਂ ਤੋਂ ਉਪਰ ਉਠ ਜਾਂਦਾ ਹੈ। ਗੁਰੂ ਵਾਲਾ ਬਣ ਕੇ (ਖੰਡੇ ਬਾਟੇ ਦੀ ਪਾਹੁਲ ਲੈਣ ਉਪਰੰਤ) ਉਹ ਰੰਗ, ਜਾਤ, ਧਰਮ, ਨਸਲ, ਆਦਿ ਦੇ ਵਿਤਕਰਿਆਂ ਤੋਂ ਦੂਰ ਚਲਾ ਜਾਂਦਾ ਹੈ। ਹੁਣ ਉਹ ਅਸਲ ਵਿੱਚ "ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ" ਵਾਲੇ ਸਿਧਾਂਤ ਨੂੰ ਅਮਲੀ ਰੂਪ ਦਿੰਦਾ ਹੈ।
*ਉਹ ਆਪਣੇ ਆਪ ਨੂੰ ਹਰ ਵਿਕਾਰ ਕਾਮ, ਕਰੋਧ, ਲੋਭ, ਮੋਹ, ਹੰਕਾਰ ਤੋ ਬਚਾ ਕੇ ਰੱਖਣ ਦੀ ਲਗਾਤਾਰ ਕੋਸ਼ਿਸ਼ ਕਰਦਾ ਹੈ ਅਤੇ ਸੰਗਤ ਤੋ ਸੇਵਾ ਅਤੇ ਸਿਮਰਨ ਵਾਲੇ ਗੁਣ ਸਿੱਖ ਕੇ ਇਨਾਂ ਦੁਸ਼ਮਣਾਂ ਨੂੰ ਮਾਰ ਭਜਾਉਂਦਾ ਹੈ।
*ਵਿਦਿਅਕ ਪੱਖ ਤੋਂ ਉਹ ਅਪਣੇ ਦੁਨਿਆਵੀ ਗਿਆਨ ਨੂੰ ਵਕਤ ਦੇ ਹਾਣ ਦਾ ਰੱਖਦਾ ਹੈ ਅਤੇ ਧਾਰਮਿਕ  ਪੱਖ ਤੋ ਹੋਰ ਧਰਮਾਂ ਦਾ ਵੀ ਗਿਆਨ ਰੱਖਦਾ ਹੈ। ਧਰਮ ਦੇ ਅਸੂਲਾਂ ਨੂੰ ਵਿਗਿਆਨਕ ਸਚਾਈਆਂ ਨਾਲ ਮੇਲਦਾ ਹੈ ਅਤੇ ਗੁਰਬਾਣੀ ਸਿਧਾਤਾਂ ਨੂੰ ਆਧੁਨਿਕ ਪਰਿਪੇਖ ਵਿੱਚ ਲਾਗੂ ਕਰਦਾ ਹੈ।
*ਧਾਰਮਿਕ ਪੱਖ ਵਿੱਚ ਉਸ ਦਾ ਰਹਿਬਰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹਨ। ਉਹ ਕਿਸੇ ਵਿਅਕਤੀ ਜਾਂ ਬਾਬੇ ਦਾ ਮੁਹਤਾਜ ਨਹੀਂ। ਉਹ "ਨਾਮ ਜਪਣ ਅਤੇ ਨਿਰਮਲ ਕਰਮ" ਨੂੰ ਸਭ ਤੋਂ ਉਚਾ ਮੰਨਦਾ ਹੈ ਅਤੇ ਬਾਕੀ ਕਹੇ ਜਾਂਦੇ ਧਾਰਮਿਕ ਕਰਮ ਉਸ ਲਈ ਪ੍ਰੇਰਨਾ ਸਰੋਤ ਤਾਂ ਹੋ ਸਕਦੇ ਹਨ, ਇਸ ਤੋਂ ਵੱਧ ਨਹੀਂ। ਨੈਤਿਕਤਾ ਤੋ ਕੋਰੇ ਧਰਮ ਦੀ ਉਹ ਕਲਪਨਾ ਵੀ ਨਹੀਂ ਕਰ ਸਕਦਾ। ਉਸ ਦਾ ਧਰਮ ਸਿਰਫ ਭਗਤੀਆਂ ਅਤੇ ਸਮਾਧੀਆਂ ਵਾਲਾ ਨਹੀਂ ਸਗੋ ਇਹ ਤਾਂ ਸਮਾਜ ਨਾਲ ਜੁੜ ਕੇ ਮਨੁੱਖਤਾ ਦੇ ਦਰਦ ਨੂੰ ਪਹਿਚਾਣ ਕੇ ਉਸ ਦੇ ਦਰਦ ਨੂੰ ਦੂਰ ਕਰਨ ਦੀ ਲਗਾਤਾਰੀ ਘਾਲਣਾ ਹੈ।
*ਸਮਾਜਿਕ ਪੱਖ ਵਿੱਚ ਉਹ ਮਿਲਾਪੜਾ, ਔਰਤ ਦਾ ਸਤਿਕਾਰ ਕਰਨ ਵਾਲਾ, ਹਰ ਇੱਕ ਦੇ ਕੰਮ ਆਉਣ ਵਾਲਾ, ਉਚੇ ਕਿਰਦਾਰ ਵਾਲਾ. ਵਿਗਿਆਨਕ ਸੋਚ ਵਾਲਾ, ਹਰ ਵਹਿਮ-ਭਰਮ ਤੋਂ ਪਰੇ, ਆਜਾਦ ਫੈਸਲੇ ਲੈਣ ਵਾਲਾ, ਲੋਕ-ਲਾਜ ਜਾਂ ਭੇਡ-ਚਾਲ ਦੀ ਪਰਵਾਹ ਨਾ ਕਰਨ ਵਾਲਾ, ਹਮੇਸ਼ਾ ਜਾਗ੍ਰਿਤ ਅਵਸਥਾ ਵਿੱਚ ਰਹਿਣ ਵਾਲਾ, ਨਾ ਡਰਨ ਵਾਲਾ ਤੇ ਨਾ ਡਰਾਉਣ ਵਾਲਾ, ਮਜਲੂਮਾਂ, ਕਮਜੋਰਾਂ, ਲੋੜਵੰਦਾਂ ਦੀ ਬਾਂਹ ਫੜਨ ਵਾਲਾ ਇੱਕ ਸੰਤੁਲਿਤ ਵਿਅਕਤੀ ਹੁੰਦਾ ਹੈ।
*ਰਾਜਨੀਤਿਕ ਤੌਰ ਤੇ ਉਹ ਨਿਆਂਕਾਰੀ ਅਤੇ ਕਲਿਆਣਕਾਰੀ ਰਾਜ ਦਾ ਹਮਾਇਤੀ ਹੈ। ਉਹ ਲੋਕਤੰਤਰ ਵਿੱਚ ਵਿਸ਼ਵਾਸ਼ ਰੱਖਦਾ ਹੈ ਪਰ ਇੱਕ ਅਜਿਹੇ ਲੋਕਤੰਤਰ ਵਿੱਚ ਜਿਸ ਵਿੱਚ ਚੋਣ ਗੁਣਾਂ ਦੇ ਆਧਾਰ ਤੇ ਹੋਵੇ। ਉਹ ਇੱਕ ਅਜਿਹੇ ਰਾਜ ਦਾ ਚਾਹਵਾਨ ਹੈ ਜਿਸ ਵਿੱਚ ਸਾਰੇ ਨਾਗਰਿਕ ਆਜਾਦ ਰੂਪ ਵਿੱਚ ਵਿਚਰਣ, ਕਿਸੇ ਤੇ ਕੋਈ ਜੁਲਮ ਨਾ ਹੋਵੇ, ਕਿਸੇ ਨੂੰ ਕੋਈ ਚਿੰਤਾ ਨਾ ਹੋਵੇ ਅਤੇ ਕਿਸੇ ਦੀ ਕੋਈ ਲੁੱਟ ਨਾ ਹੋਵੇ। ਸਮਾਨਤਾ ਸਿਰਫ ਕਹਿਣ ਲਈ ਹੀ ਨਾ ਹੋਵੇ ਸਗੋ ‘ਰਾਜਾ-ਰੰਕ ਬਰਾਬਰੀ’ ਇਸ ਦੀ ਨੀਹ ਹੋਵੇ। ਇਸ ਰਾਜ ਨੂੰ ਭਗਤ ਰਵਿਦਾਸ ਜੀ ਨੇ ਬੇਗਮ-ਪੁਰਾ, ਗੁਰੂ ਅਰਜਨ ਦੇਵ ਜੀ ਨੇ ਹਲੇਮੀ ਰਾਜ ਕਿਹਾ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਪੂਰਾ ਕਰਨ ਲਈ ਵਚਨ-ਬੱਧ ਹੈ।
ਜਸਵਿੰਦਰ ਸਿੰਘ ਰੁਪਾਲ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.