{ਕਮਿਊਨਿਜ਼ਮ ਬਨਾਮ ਗੁਰਮਤਿ}(ਭਾਗ 2)
‘ਖਾਲਸੇ ਦਾ ਮਾਰਗ’ ਸਾਡੇ ਅਜੋਕੇ ਸਮਾਜਵਾਦ ਤੋਂ ਵੱਖਰਾ ਕਿਵੇਂ ਹੈ
ਉਪਰ ਵਰਣਨ ਕੀਤਾ ‘ਖਾਲਸੇ ਦਾ ਮਾਰਗ’ ਸਾਡੇ ਅਜੋਕੇ ਸਮਾਜਵਾਦ ਤੋਂ ਵੱਖਰਾ ਕਿਵੇਂ ਹੈ ਅਤੇ ਕਿਸ ਕਿਸ ਨੁਕਤੇ ਤੋਂ ਇੱਕ ਖਾਲਸੇ ਨੂੰ ਇਸ ਤੋ ਸੁਚੇਤ ਹੋਣ ਦੀ ਲੋੜ ਹੈ, ਹੇਠਾਂ ਜਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ----*ਸਭ ਤੋਂ ਪਹਿਲਾਂ ਸਾਡੀ ਆਸਥਾ ਜਾਂ ਵਿਸ਼ਵਾਸ਼ ਜੋ ਇੱਕ ਅਕਾਲ-ਪੁਰਖ ਵਿੱਚ ਹੈ, ਉਸ ਨੂੰ ਬਚਾਉਣ ਦੀ ਲੋੜ ਹੈ।
"ਪਸਰਿਓ ਆਪ ਹੋਇ ਅਨਤ ਤਰੰਗ"
ਦੇ ਗੁਰਮਤਿ ਫਲਸਫੇ ਨੂ ਇੱਕ ਗੁਰਸਿੱਖ ਕਦੇ ਵੀ ਭੁਲਾ ਨਹੀਂ ਸਕਦਾ। ਇਸ ਲਈ ਸੈਂਕੜੇ ਗੁਰਬਾਣੀ ਫੁਰਮਾਨ ਦਿੱਤੇ ਜਾ ਸਕਦੇ ਹਨ ਜਿਨਾਂ ਤੋਂ ਸਭ ਕੁੱਝ ਦਾ ਕਰਤਾ. ਪਾਲਣਹਾਰ, ਦਾਤਾ, ਸਭ ਤੋਂ ਵੱਧ ਸਮਰੱਥਾਵਾਨ ਸਿਰਫ ਅਤੇ ਸਿਰਫ ਅਕਾਲ-ਪੁਰਖ ਹੈ। ਅਤੇ
‘ਜੋ ਦੀਸੈ ਸੋ ਤੇਰਾ ਰੂਪ’
ਅਨੁਸਾਰ ਸਾਰੀ ਕਾਇਨਾਤ ਇੱਕ ਬਝੱਵੇਂ ਅਨੁਸਾਸ਼ਨ ਵਿੱਚ ਹੈ, ਜੋ ਉਹ ਆਪ ਆਪਣੀ ਮਰਜੀ ਅਨੁਸਾਰ ਚਲਾ ਰਿਹਾ ਹੈ। ਅਸੀਂ ‘ਕਾਠ ਕੀ ਪੁਤਰੀ ਕਹਾ ਕਰੈ ਬਪੋਰੈ, ਖਿਲਾਵਨਹਾਰੋ ਜਾਨੈ’ ਮੁਤਾਬਿਕ ਉਸ ਦੇ ਹੁਕਮ ਮੁਤਾਬਿਕ ਚਲ ਰਹੇ ਹਾਂ। ਪਰ ਉਸ ਨੇ ਸਾਨੂੰ ਕਰਮ-ਭੂਮੀ ਦਿੱਤੀ ਹੋਈ ਹੈ ਜਿੱਥੇ ਅਸੀਂ ਆਪਣੇ ਚੰਗੇ-ਮੰਦੇ ਕਰਮਾਂ ਲਈ ਆਜਾਦ ਵੀ ਹਾਂ। ……….
*ਗੁਰਸਿੱਖ ਸਿਰਫ ਭੌਤਿਕ ਪਦਾਰਥਾਂ ਲਈ ਹੀ ਨਹੀਂ ਜਿਊਂਦਾ, ਮਾਇਆ ਉਸ ਲਈ ਸਿਰਫ ਗੁਜਰਾਨ ਹੈ। ਰੋਟੀ. ਕੱਪੜਾ ਅਤੇ ਮਕਾਨ ਵਰਗੀਆਂ ਮੁਢਲੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਉਸ ਨੇ ਸੱਚੀ ਸੁੱਚੀ ਦਸਾਂ ਨਹੁੰਆਂ ਦੀ ਇਮਾਨਦਾਰੀ ਦੀ ਕਿਰਤ ਕਰਨੀ ਹੈ। ਸਿਰਫ ਆਪ ਕਮਾਉਣਾ ਹੀ ਨਹੀਂ ਸਗੋ ‘ਘਾਲਿ ਖਾਇ ਕਿਛੁ ਹਥਹੁ ਦੇਇ ਦੇ’ ਗੁਰਵਾਕ ਅਨੁਸਾਰ ਉਸ ਨੇ ਇਸ ਕਿਰਤ ਚੋ ਕਮਾਇਆ ਹੋਇਆ ਲੋੜਵੰਦਾਂ ਵਿੱਚ ਵੰਡਣਾ ਵੀ ਹੈ। ਸਾਡੇ ਕਾਮਰੇਡ ਸਿਰਫ ਖਪਤਵਾਦ ਤੇ ਕੇਂਦਰਿਤ ਹਨ। ਉਨਾਂ ਨੂੰ ਵੰਡਣ ਦੀਆਂ ਖੁਸ਼ੀਆਂ ਦਾ ਅਹਿਸਾਸ ਨਹੀਂ ਹੋ ਸਕਦਾ। ਉਹ ਤਾਂ ਸਰਕਾਰ ਦੀ ਜਿੰਮੇਵਾਰੀ ਲਗਾ ਕੇ ਆਪ ਮੁਕਤ ਹੋ ਜਾਂਦੇ ਹਨ।
*ਗੁਰਮਤਿ ਨਿਜੀ ਜਾਇਦਾਦ ਦੇ ਵਿਰੁਧ ਨਹੀਂ ਹੈ। ਸ਼ਰਤ ਇਕੋ ਇਹ ਹੈ ਕਿ ਇਹ ਸੁੱਚੀ ਕਿਰਤ ਕਰਦਿਆਂ ਬਣਾਈ ਗਈ ਹੋਵੇ ਅਤੇ ਕਿਸੇ ਦਾ ਹੱਕ ਨਾ ਮਾਰਿਆ ਗਿਆ ਹੋਵੇ। ਕਿਰਤ ਕਰਦਿਆਂ ਨਾ ਕੇਵਲ ਲੋੜਵੰਦ ਦੀ ਲੋੜ ਹੀ ਪੂਰੀ ਕੀਤੀ ਜਾਂਦੀ ਰਹੀ ਹੋਵੇ, ਸਗੋਂ ਧਰਮ ਅਰਥ ਦਸਵੰਧ ਵੀ ਕੱਢਿਆ ਜਾਂਦਾ ਰਿਹਾ ਹੋਵੇ। ਇਨਾਂ ਸਰਤਾਂ ਤੇ ਚਲਦਿਆਂ ਬੇਲੋੜੀ ਜਾਇਦਾਦ ਜਮਾਂ ਹੁੰਦੀ ਹੀ ਨਹੀ। "ਪਾਪਾਂ ਬਾਝਹੁ ਹੋਵੈ ਨਾਹੀ ਮੁਇਆਂ ਨਾਲਿ ਨਾ ਜਾਈ"। ਪਰ ਕਮਿਊਨਿਸਟਾਂ ਵਾਲੇ ਉਸ ਵਿਵਹਾਰ ਨੂੰ ਗੁਰਮਤਿ ਮਾਣ ਨਹੀਂ ਦਿੰਦੀ ਜਿਸ ਅਨੁਸਾਰ ਸਰਕਾਰ ਹੀ ਸਾਰੇ ਸਾਧਨਾਂ ਦੀ ਅਤੇ ਆਮਦਨ ਦੀ ਮਾਲਿਕ ਬਣ ਬੈਠਦੀ ਹੈ। ਗੁਰਮਤਿ "ਅਨੇਕਤਾ ਵਿੱਚ ਏਕਤਾ" ਦੀ ਮੁਦਈ ਹੈ। ਇੱਕ ਕਲਾਸ ਵਿੱਚ ਇੱਕੋ ਅਧਿਆਪਕ ਦੇ ਪੜ੍ਹਾਏ ਹੋਏ ਵਿਦਿਆਰਥੀਆਂ ਦਾ ਨਤੀਜਾ ਅਲੱਗ ਅਲੱਗ ਹੁੰਦਾ ਹੈ ਕਿੳਕਿ ਹਰ ਇੱਕ ਨੇ ਵੱਖਰੀ ਵੱਖਰੀ ਮਿਹਨਤ ਕੀਤੀ ਹੁੰਦੀ ਹੈ। ਇਸੇ ਤਰਾਂ ਹੀ ਗੁਰਮਤਿ ਵੱਖਰੀ ਵੱਖਰੀ ਕਮਾਈ ਹੋਣ ਦੀ ਗੱਲ ਸਵੀਕਾਰਦੀ ਹੈ ਅਤੇ ਹਰ ਇੱਕ ਨੂੰ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਦੀ ਹੈ (ਦੁਨਿਆਵੀ ਤੇ ਅਧਿਆਤਮਕ ਦੋਹਾਂ ਖੇਤਰਾਂ ਦੀ ਕਮਾਈ ਲਈ)।
*ਸਾਡਾ ਸਭਿਆਚਾਰਕ ਵਿਰਸਾ ਸਾਨੂੰ ਸਵਾਰਥੀ ਬਣਨਾ ਨਹੀਂ ਸਿਖਾਉਂਦਾ। ਸਿਰਫ ਆਪਣੇ ਲਈ ਭੌਤਿਕ ਸਾਧਨ ਪ੍ਰਾਪਤ ਕਰਨ ਲਈ ਹੀ ਸੰਘਰਸ਼ ਕਰਨਾ ਕਾਫੀ ਨਹੀਂ ਹੈ। ਅਸੀਂ ਨੈਤਿਕ ਕਦਰਾਂ ਦੇ ਪੰਘੂੜੇ ਵਿੱਚ ਪਲੇ ਹਾਂ। ਜੇ ਅੱਜ ਇਹ ਕਦਰਾਂ ਕੀਮਤਾਂ ਨੂੰ ਖੋਰਾ ਲੱਗ ਰਿਹਾ ਹੈ ਤਾਂ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਨੂੰ ਪਦਾਰਥਵਾਦ ਬਾਰੇ ਹੀ ਸਿਖਾਇਆ ਗਿਆ ਹੈ।
*ਕਮਿਊਨਿਸਟਾਂ ਦੇ ਕੀਤੇ ਪ੍ਰਚਾਰ ਤੋਂ ਇਹ ਹੀ ਮਹਿਸੂਸ ਹੁੰਦਾ ਹੈ ਜਿਵੇਂ ਵਿਗਿਆਨਕ ਵਿਚਾਰਧਾਰਾ ਅਤੇ ਮਾਰਕਸਵਾਦ ਤੋ ਬਿਨਾਂ ਕੋਈ ਦੇਸ਼ ਵਿਕਾਸ ਹੀ ਨਹੀਂ ਕਰ ਸਕਦਾ ਪਰ ਅਸਲ ਵਿੱਚ ਦੇਖਿਆਂ ਪਤਾ ਲਗਦਾ ਹੈ ਕਿ ਬਹੁਗਿਣਤੀ ਦੇਸ਼ ਬਿਨਾ ਮਾਰਕਸਵਾਦ ਤੋ ਵਧੇਰੇ ਵਿਕਾਸ ਕਰ ਸਕੇ ਹਨ। ਮਾਰਕਸਵਾਦ ਲੈਨਿਨਵਾਦ ਵਾਲਾ ਰੂਸ ਤਾਂ ਬਿਖਰ ਹੀ ਗਿਆ ਹੈ, ਉਸ ਤੋ ਬਿਨਾ ਵੀ ਗਿਣਤੀ ਦੇ ਕਮਿਊਨਿਸਟ ਦੇਸ਼ ਆਪਣੀਆਂ ਨੀਤੀਆਂ ਬਦਲਣ ਲਈ ਮਜਬੂਰ ਹੋ ਰਹੇ ਹਨ। ਖਾਸ ਕਰਕੇ ਨਿੱਜੀ ਜਾਇਦਾਦ ਵਾਲਾ ਸਿਧਾਂਤ ਲੱਗਭੱਗ ਫੇਲ ਹੋਇਆ ਹੈ ਕਿਉਕਿ ਨਿਜੀ ਮਲਕੀਅਤ ਤੋ ਬਿਨਾ ਅਗਾਂਹ ਵਧਣ ਦੀ ਪ੍ਰੇਰਨਾ ਨਹੀਂ ਮਿਲਦੀ ਅਤੇ ਨਾ ਹੀ ਸਾਰਥਕ ਮੁਕਾਬਲਾ ਬਣ ਸਕਦਾ ਹੈ। ਇਸ ਨਾਲ ਪੰਜਾਬੀ ਕਹਾਵਤ "ਸਾਂਝਾ ਬਾਬਾ ਕੋਈ ਨਾ ਪਿੱਟੇ" ਅਨੁਸਾਰ ਕਿਰਤੀਆਂ ਦੀ ਨਾ ਤਾਂ ਕੁਸ਼ਲਤਾ ਵਧਦੀ ਹੈ ਅਤੇ ਨਾ ਹੀ ਉਹ ਅਪਣੇ ਪੂਰੇ ਜੋਰ ਅਤੇ ਸਮਰੱਥਾ ਅਨੁਸਾਰ ਕੰਮ ਹੀ ਕਰਦੇ ਹਨ, ਜਿਸ ਦੇ ਸਿੱਟੇ ਵਜੋਂ ਉਤਪਾਦਨ ਵਿੱਚ ਵਾਧਾ ਹੋਣਾ ਰੁਕ ਜਾਂਦਾ ਹੈ।
*ਗੁਰਮਤਿ ਇਨਕਲਾਬ ਉਸ ਅਮਲੀ ਸਿਸਟਮ ਨੂੰ ਲਿਆਉਣ ਲਈ ਜੱਦੋ-ਜਹਿਦ ਕਰਦਾ ਹੈ ਜਿਸ ਵਿੱਚ ਅਸਲੀ ਅਰਥਾਂ ਵਿੱਚ ਸਾਰੇ ਬਰਾਬਰ ਹੋਣਗੇ। ਇਹ ਜਾਤ ਰਹਿਤ, ਰੰਗ-ਰਹਿਤ, ਨਸਲ-ਰਹਿਤ ਸਮਾਨਤਾ ਦਾ ਆਧਾਰ ਕਿਸੇ ਹੁਕਮਰਾਨ ਸਰਕਾਰ ਦੀਆਂ ਨੀਤੀਆਂ ਕਾਰਨ ਨਹੀਂ ਸਗੋਂ ਇੱਕ ਅਕਾਲ-ਪੁਰਖ ਦੀ ਜੋਤ ਸਭ ਵਿੱਚ ਪਹਿਚਾਨਣ ਕਾਰਨ ਹੋਵੇਗਾ। ਬਣੀਆਂ ਸਰਕਾਰਾਂ ਤਾਂ ਅਸਲ ਵਿੱਚ ਮਨੁਖਾਂ ਦੀਆਂ ਹੀ ਹੁੰਦੀਆਂ ਨੇ ਜਿਨ੍ਹਾਂ ਕੋਲ ਮਾਇਆ, ਸ਼ੋਹਰਤ ਅਤੇ ਤਾਕਤ ਆਉਣ ਤੇ ਉਨ੍ਹਾਂ ਦਾ ਸਿਧਾਂਤਾਂ ਤੋਂ ਥਿੜਕਣਾ ਆਮ ਹੋ ਸਕਦਾ ਹੈ ਜਦ ਕਿ ਖਾਲਸਾ-ਰਾਜ ਦੀ ਨੀਂਹ ਹੀ ਸਵੈ-ਸੁਧਾਰ ਤੋਂ ਅੱਗੇ ਤੁਰਦੀ ਹੈ।