ਕੈਟੇਗਰੀ

ਤੁਹਾਡੀ ਰਾਇ



ਪ੍ਰੋ: ਡਾ: ਧਰਮਜੀਤ ਸਿੰਘ ਮਾਨ,
ਚੰਗੀ ਸੋਚ ਦਿਖਾਉਂਦੀ ਹੈ ਚੰਗਾ ਰਸਤਾ
ਚੰਗੀ ਸੋਚ ਦਿਖਾਉਂਦੀ ਹੈ ਚੰਗਾ ਰਸਤਾ
Page Visitors: 2584

  ਚੰਗੀ ਸੋਚ ਦਿਖਾਉਂਦੀ ਹੈ ਚੰਗਾ ਰਸਤਾ
             ਦਿਮਾਗ 'ਚੋਂ ਉਪਜੇ ਵਿਚਾਰ ਇਨਸਾਨ ਨੂੰ ਕੁੱਝ ਨਾ ਕੁੱਝ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਮਨ ਦੇ ਵਿਚਾਰ ਅਕਸਰ ਦਿਮਾਗ ਦੀਆਂ ਤਰਕਭਰਪੂਰ ਗੱਲਾਂ 'ਤੇ ਭਾਰੂ ਪੈ ਜਾਂਦੇ ਹਨ ਅਤੇ ਇਨਸਾਨ ਨੂੰ ਦਿਸ਼ਾਹੀਣ ਕਰ ਦਿੰਦੇ ਹਨ। ਸਿਦਕ ਅਤੇ ਸਿਰੜ ਦਿਮਾਗ ਦੇ ਵਿਚਾਰਾਂ ਨੂੰ ਸਥਾਈ ਰੱਖ ਕੇ, ਇਨਸਾਨ ਨੂੰ ਕੁੱਝ ਚੰਗਾ ਕਰਨ ਲਈ ਪ੍ਰੇਰਿਤ ਕਰਦਾ ਹੈ। ਮਨ 'ਚੋਂ ਉੱਠੇ ਵਿਚਾਰ ਅਕਸਰ ਨਿਰਾਸ਼ਾ ਦਾ ਕਾਰਨ ਬਣਦੇ ਹਨ। ਮਨੋਰੋਗ ਇਸੇ ਕੜੀ ਦਾ ਹਿੱਸਾ ਹਨ। ਮਨ ਉੱਤੇ ਮਾੜੇ ਵਿਚਾਰਾ ਦਾ ਹਾਵੀ ਹੋ ਜਾਣਾਂ ਮਨ ਨੂੰ ਬੇਕਾਬੂ ਕਰ ਦਿੰਦਾ ਹੈ, ਜਿਸਦਾ ਸਾਡੀ ਸੋਚ ਅਤੇ ਵਿਵਹਾਰ ਉੱਤੇ ਬਹੁਤ ਨਕਰਾਤਮਕ ਅਸਰ ਪੈਂਦਾ ਹੈ । ਚੰਗੀ ਸੋਚ ਇੱਕ ਚੰਗੇ ਸ਼ਰੀਰ ਦਾ ਨਿਰਮਾਣ ਕਰਦੀ ਹੈ। ਸੋਚ ਦੇ ਬਦਲਣ ਨਾਲ ਇਨਸਾਨ ਦੇ ਕੰਮ ਕਰਨ ਦੇ ਢੰਗ ਤਰੀਕੇ ਵਿੱਚ ਵੀ ਇਕਦਮ ਪਰਿਵਰਤਣ ਆ ਜਾਂਦਾ ਹੈ। ਕਿਸੇ ਦੀ ਸਹਾਇਤਾ ਕਰਕੇ ਕੇ ਮਨ ਨੂੰ ਮਿਲਿਆ ਸਕੂਨ ਇੱਕ ਚੰਗੀ ਅਤੇ ਨਿੱਗਰ ਸੋਚ ਦੀ ਤਰਜਮਾਨੀ ਕਰਦਾ ਹੈ। ਇਹ ਸੋਚਣਾ ਕਿ ਕਿਸੇ ਜਰੂਰਤਮੰਦ ਦੀ ਸਹਾਇਤਾ ਕਰਕੇ ਕਿਹੜਾ ਇਨਾਮ ਮਿਲ ਜਾਣੈ, ਇੱਕ ਪਿਛਾਂਹ ਖਿਚੂ ਸੋਚ ਦੀ ਉਦਾਹਰਣ ਹੈ। ਖੁਦਕਸ਼ੀ ਕਰਦੇ ਸਮੇਂ ਇਨਸਾਨ ਦੇ ਮਨ ਦੇ ਵਿਚਾਰ ਬੜੀ ਤੇਜੀ ਨਾਲ ਜੋੜ ਘਟਾਓ ਕਰਦੇ ਹਨ, ਜਿਸ ਵਿੱਚ ਨਕਰਾਤਮਕ ਵਿਚਾਰ ਮਨ 'ਤੇ ਹਾਵੀ ਹੋ ਕੇ ਇਨਸਾਨ ਦੇ ਮੌਤ ਦਾ ਕਾਰਨ ਬਣ ਜਾਂਦੇ ਹਨ। ਦੂਜੇ ਪਾਸੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਗਲ਼ ਵਿੱਚ ਪਾਉਣ ਵਾਲੇ ਸੁਰਮਿਆਂ ਦੀ ਸੋਚ ਇਸ ਤੋਂ ਬਿਲਕੁੱਲ ਉਲਟ ਹੁੰਦੀ ਹੈ। ਉਹ ਬੇਬਸ ਜਾਂ ਬੇਜਾਨ ਨਹੀਂ ਹੁੰਦੇ, ਉਹਨਾ ਦੇ ਵਿਚਾਰ ਉਹਨਾਂ ਦੇ ਸ਼ਰੀਰ ਵਿੱਚ ਇੱਕ ਅਜਿਹੀ ਊਰਜਾ ਦਾ ਪ੍ਰਵਾਹ ਕਰਦੇ ਹਨ ਜੋ ਉਹਨਾਂ ਨੂੰ ਕਿਸੇ ਜ਼ੁਲਮ ਜਾਂ ਧੱਕੇ ਅੱਗੇ ਝੁਕਣ ਨਹ੍ਹੀਂ ਦਿੰਦੀ ਅਤੇ ਹੱਸ ਕੇ ਮੌਤ ਨੂੰ ਸਵੀਕਾਰ ਕਰਨ ਦੀ ਤਾਕਤ ਦਿੰਦੀ ਹੈ। ਇਹ ਸਭ ਨਿੱਗਰ ਅਤੇ ਅੜਿੱਗ ਵਿਚਾਰਾਂ ਦੇ ਕਾਰਨ ਹੈ।
        ਚੰਗੀ ਸੋਚ ਚੰਗੇ ਇਨਸਾਨ ਅਤੇ ਚੰਗੇ ਸਮਾਜ ਦਾ ਨਿਰਮਾਣ ਕਰਦੀ ਹੈ। ਉਹ ਗਾਇਕ ਜਾਂ ਗੀਤਕਾਰ ਕਦੇ ਵੀ ਮਾੜਾ ਨਹੀਂ ਗਾਏਗਾ ਜਾਂ ਲਿਖੇਗਾ, ਜਿਸ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਉਸਦੇ ਪਵਾਰ ਵਾਂਗ ਇਸ ਸਮਾਜ ਵਿੱਚ ਹੋਰ ਵੀ ਪਰਿਵਾਰ ਹਨ, ਜੋ ਉਸਦੀ ਲੱਚਰ ਗਾਇਕੀ ਨੂੰ ਆਪਣੀਆਂ ਧੀਆਂ ਭੈਣਾਂ ਵਿੱਚ ਬੈਠ ਕੇ ਸੁੱਣ ਨਹੀਂ ਸਕਣਗੇ। ਘਰ ਵਿੱਚ ਜਵਾਨ ਧੀ, ਪਿਉ ਨੂੰ ਸਮਾਜ ਅਤੇ ਜਿੰਮੇਵਾਰੀ ਪ੍ਰਤੀ ਸਤਰਕ ਕਰਦੀ ਹੈ। ਲੜਕੀਆਂ ਨਾਲ ਹੁੰਦੇ ਜਬਰਜਨਾਹ ਦੀਆਂ ਖਬਰਾਂ ਦੱਸਦੀਆਂ ਹਨ ਕਿ  ਅੱਜ ਲੜਕੀਆਂ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ। ਇਹ ਸਭ ਸੋਚ ਵਿੱਚ ਆਈ ਤਬਦੀਲੀ ਕਾਰਨ ਹੋ ਰਿਹਾ ਹੈ। ਚੰਗੀ ਸੋਚ ਰਾਹ ਦਸੇਰਾ ਬਣਦੀ ਹੈ। ਨਰੋਏ ਸਮਾਜ ਅਤੇ ਪਰਿਵਾਰ ਨੂੰ ਵਿਕਸਤ ਕਰਨ ਲਈ ਚੰਗੀ ਸੋਚ ਦਾ ਹੋਣਾ ਲਾਜ਼ਮੀ ਹੈ।
       ਚੰਗੀ ਸੋਚ ਦਾ ਧਾਰਨੀ ਇਨਸਾਨ ਕਦੇ ਵੀ ਗਲਤ ਵਿਚਾਰਾਂ ਨੂੰ ਆਪਣੇ 'ਤੇ ਭਾਰੂ ਨਹੀਂ ਹੋਣ ਦਿੰਦਾ। ਦਿਨੋ ਦਿਨ ਨਿੱਘਰਦੇ ਸਮਾਜਿਕ ਮੁੱਲਾਂ ਨੂੰ ਚੰਗੀ ਸੋਚ ਹੀ ਢਾਰਸ ਦੇ ਸਕਦੀ ਹੈ। ਚੰਗੀ ਸੋਚ ਵਾਲੇ ਨਾਗਰਿਕ ਇੱਕ ਚੰਗੇ ਪਿੰਡ, ਸ਼ਹਿਰ, ਕਸਬੇ, ਜਿਲੇ, ਸੂੱਬੇ ਅਤੇ ਦੇਸ਼ ਦਾ ਨਿਰਮਾਣ ਕਰ ਸਕਦੇ ਹਨ। ਫੱਟੜ ਅਤੇ ਕੁਮਲਾਈ ਸੋਚ ਕੋਈ ਬਹੁਤੇ ਵਧੀਆ ਨਤੀਜੇ ਨਹੀਂ ਦੇ ਸਕਦੀ। ਮਾਨਸ ਜਨਮ ਨੂੰ ਸਫਲਾ ਕਰਨ ਲਈ ਚੰਗੇ ਵਿਚਾਰਾਂ ਦਾ ਪ੍ਰਵਾਹ ਕਰਨਾ ਹੋਵੇਗਾ। ਦਿਮਾਗ ਦੇ ਫੇਸਲਾਕੁੰਨ ਵਿਚਾਰਾਂ ਦਾ ਮਨ ਵਿੱਚ ਠਹਿਰਾਅ ਜਰੂਰੀ ਹੈ। ਪਲ ਪਲ ਬਦਲਦੇ ਮਨ ਦੇ ਵਿਚਾਰਾਂ 'ਤੇ ਜੇਕਰ ਕਾਬੂ ਪਾ ਲਿਆ ਜਾਵੇ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਨੈਤਿਕ ਕਦਰਾਂ ਕੀਮਤਾਂ ਵਾਲਾ ਸਮਾਜ ਮੁੜ ਸੁਰਜੀਤ ਹੋ ਜਾਵੇਗਾ।
 
  ਪ੍ਰੋ:(ਡਾ:) ਧਰਮਜੀਤ ਸਿੰਘ ਮਾਨ, ਲੇਖਕ
  mannjalbhera@gmail.com
      9478460084
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.