5 ਜਨਵਰੀ ਬਨਾਮ 1 ਜਨਵਰੀ
ਸਰਵਜੀਤ ਸਿੰਘ ਸੈਕਰਾਮੈਂਟੋ
ਜੁਲਾਈ ਦੇ ਆਖਰੀ ਹਫ਼ਤੇ (26 ਅਤੇ 29 ਜੁਲਾਈ 2018 ਈ:) ਵੈਨਕੂਵਰ ਅਤੇ ਸਰੀ ਵਿੱਚ ਹੋਏ ਦੋ ਸੈਮੀਨਾਰ, ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਦਾ ਕੋਈ ਹੱਲ ਨਹੀਂ ਕਰ ਸਕੇ, ਪਰ ਪਿਛਲੇ ਲੰਮੇ ਸਮੇਂ ਤੋਂ ਆਈ ਹੋਈ ਖੜੋਤ ਨੂੰ ਤੋੜਨ ਵਿਚ ਸਫਲ ਜਰੂਰ ਹੋਏ ਹਨ। ਉਥੇ ਹੀ ਇਕ ਹੋਰ ਨੁਕਤਾ ਜੋ ਉਘੜ ਕੇ ਸਾਹਮਣੇ ਆਇਆ ਹੈ ਉਹ ਹੈ ਸ: ਪਾਲ ਸਿੰਘ ਪੁਰੇਵਾਲ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਦੀ, ਕੈਲੰਡਰ ਵਿਗਿਆਨ ਦੀ ਜਾਣਕਾਰੀ ਵਿਚ ਜ਼ਮੀਨ-ਅਸਮਾਨ ਦਾ ਅੰਤਰ! ਇਹ ਵਿਚਾਰ ਚਰਚਾ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ. ਪਾਲ ਸਿੰਘ ਪੁਰੇਵਾਲ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਦਰਮਿਆਨ ਹੋਈ ਸੀ। 26 ਜੁਲਾਈ ਦਾ ਸੈਮੀਨਾਰ “Canadian Sikh Study & Teaching Society” ਵੱਲੋਂ ਵੈਨਕੂਵਰ ਵਿਖੇ ਆਯੋਜਿਤ ਕੀਤਾ ਗਿਆ ਸੀ ਅਤੇ 29 ਜੁਲਾਈ ਨੂੰ ਭਾਈ ਗੁਰਲਾਲ ਸਿੰਘ (ਸੰਪਾਦਕ ਪੰਜਾਬੀ ਟ੍ਰਿਬਿਉਨ) ਵੱਲੋਂ ਸਰੀ ਵਿੱਚ ਆਯੋਜਿਤ ਕੀਤਾ ਗਿਆ ਸੀ। ਦੂਜੇ ਸੈਮੀਨਾਰ ਵਿੱਚ, ਪਹਿਲਾ ਵਿਚਾਰੇ ਗਏ ਨੁਕਤਿਆਂ ਦਾ ਦੁਹਰਾਓ ਹੀ ਸੀ ਪਰ ਹਾਲ ਵਿੱਚ ਹਾਜ਼ਰ ਸਰੋਤੇ ਜਰੂਰ ਨਵੇਂ ਸਨ।
ਇਸ ਸਬੰਧੀ ਸੋਸ਼ਲ ਮੀਡੀਏ ਰਾਹੀ ਕਈ ਸੱਜਣਾਂ ਵੱਲੋਂ ਸੰਪਰਕ ਕਰਕੇ, ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਕੀਤੇ ਗਏ ਇਤਰਾਜ਼, “ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਇਤਿਹਾਸ ਨਾਲ ਮੇਲ ਨਹੀਂ ਖਾਂਦੀਆਂ” ਸਬੰਧੀ ਜਾਣਕਾਰੀ ਮੰਗੀ ਗਈ ਹੈ। ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਦੱਸਣ ਮੁਤਾਬਕ, ਉਨ੍ਹਾਂ ਨੇ ਇਹ ਇਤਰਾਜ਼ ਪਹਿਲੀ ਵਾਰ ਦਸੰਬਰ 1999 ਈ: ਵਿਚ ਅਕਾਲ ਤਖਤ ਸਾਹਿਬ ਵਿਖੇ ਹੋਈ ਮੀਟਿੰਗ ਵਿਚ ਕੀਤਾ ਸੀ। ਜਿਸ ਦਾ ਕਈ ਵਾਰ ਜਵਾਬ ਦਿੱਤਾ ਜਾ ਚੁੱਕਾ ਹੈ। ਪਰ ਕਰਨਲ ਨਿਸ਼ਾਨ, ਪਿਛਲੇ 18-19 ਸਾਲਾਂ ਤੋਂ ਇਹ ਇਤਰਾਜ਼ ਦੁਹਰਾ ਰਹੇ ਹਨ। ਜੋ ਕਿ ਨਵੇਂ ਪਾਠਕਾਂ/ ਸਰੋਤਿਆਂ ਨੂੰ ਪ੍ਰਭਾਵਿਤ ਵੀ ਕਰਦਾ ਹੈ। ਆਓ ਇਸ ਦੀ ਅਸਲੀਅਤ ਨੂੰ ਸਮਝੀਏ।
ਕਰਨਲ ਸੁਰਜੀਤ ਸਿੰਘ ਨਿਸ਼ਾਨ ਦਾ ਇਤਰਾਜ਼ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਜੋ ਬਿਕ੍ਰਮੀ ਕੈਲੰਡਰ ਮੁਤਾਬਕ 23 ਪੋਹ/22 ਦਸੰਬਰ ਹੈ, ਜੋ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਬਣਦੀ ਹੈ। ਇਹ ਤਾਰੀਖ਼ ਗਲਤ ਹੈ, ਅਸਲ ਵਿਚ ਇਹ 1 ਜਨਵਰੀ ਬਣਦੀ ਹੈ। ਇਸੇ ਤਰ੍ਹਾਂ ਹੀ ਬਾਕੀ ਸਾਰੀਆਂ ਤਾਰੀਖ਼ਾਂ ਵੀ ਗਲਤ ਹਨ। ਕਰਨਲ ਨਿਸ਼ਾਨ ਨੇ, ਪਾਲ ਸਿੰਘ ਪੁਰੇਵਾਲ ਵੱਲੋਂ ਬਣਾਈ ਗਈ 500 ਸਾਲਾ ਜੰਤਰੀ ਦੇ ਹਵਾਲੇ ਨਾਲ ਦੱਸਿਆ, ਇਨ੍ਹਾਂ ਨੇ ਲਿਖਿਆ ਹੈ ਕਿ ਜੂਲੀਅਨ ਕੈਲੰਡਰ ਦੀ ਤਾਰੀਖ ਨੂੰ ਗਰੈਗੋਰੀਅਨ ਕੈਲੰਡਰ ਵਿੱਚ ਬਦਲੀ ਕਰਨ ਵੇਲੇ 1582 ਤੋਂ 1752 ਦੇ ਦਰਮਿਆਨ ਦੀਆਂ ਤਾਰੀਖ਼ਾਂ ਵਿੱਚ 10 ਜਮਾਂ ਕਰਕੇ ਤਾਰੀਖ ਕੱਢੀ ਜਾ ਸਕਦੀ ਹੈ। ਇਸ ਲਈ 22 ਦਸੰਬਰ ਵਿੱਚ 10 ਜਮਾਂ ਕਰਨ ਤੇ ਇਹ 1 ਜਨਵਰੀ 1667 ਈ: ਬਣਦੀ ਹੈ। ਕਾਸ਼! ਕਰਨਲ ਨਿਸ਼ਾਨ ਨੇ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਪੜ੍ਹਿਆ/ਸਮਝਿਆ ਹੁੰਦਾ ਤਾਂ ਉਨ੍ਹਾਂ ਨੂੰ ਪਤਾ ਹੋਣਾ ਸੀ ਕਿ ਕੈਲੰਡਰ ਕਮੇਟੀ ਨੇ ਜੂਲੀਅਨ ਤਾਰੀਖ਼ਾਂ ਵਿੱਚ 10 ਜਾਂ 11 ਦਿਨ ਜਮਾਂ ਕਰਕੇ, ਨਵੀਆਂ ਤਾਰੀਖ਼ਾਂ ਨਹੀਂ ਕੱਢੀਆਂ।
ਕੈਲੰਡਰ ਕਮੇਟੀ ਵੱਲੋਂ ਬਣਾਏ ਗਏ ਨਿਯਮ, ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਦਰਜ ਹਨ।
ਨਿਯਮ ਨੰਬਰ (6) “ਨਾਨਕਸ਼ਾਹੀ ਸਾਲ ਦੇ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ, ਹਾੜ’ ਸਾਵਣ (ਹਰ ਮਹੀਨੇ) ਦੇ ਦਿਨਾਂ ਦੀ ਗਿਣਤੀ 31 ਹੋਵੇਗੀ। ਪਿਛਲੇ ਸੱਤ ਮਹੀਨਿਆਂ ਭਾਦੋਂ, ਅੱਸੂ’ ਕੱਤਕ’ ਮੱਘਰ’ ਪੋਹ’ ਮਾਘ ਤੇ ਫੱਗਣ (ਹਰ ਮਹੀਨੇ) ਦੇ ਦਿਨਾਂ ਦੀ ਗਿਣਤੀ 30 ਹੋਵੇਗੀ।
ਨਿਯਮ ਨੰਬਰ (10) “ਖਾਲਸੇ ਦੇ 300 ਸਾਲਾਂ ਸਿਰਜਨਾ ਦਿਵਸ ਭਾਵ 531 ਨਾਨਕਸ਼ਾਹੀ ਮੁਤਾਬਕ 1999 ਈ: ਵਿੱਚ ਵੈਸਾਖੀ ਤੋਂ ਗੁਰਪੁਰਬਾਂ ਤੇ ਸਿੱਖ ਇਤਿਹਾਸ ਦੇ ਦਿਹਾੜਿਆਂ ਨੂੰ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਵਿੱਚ ਬਦਲ ਦਿੱਤਾ ਜਾਵੇਗਾ। ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਵੇਗਾ”।
ਹੁਣ ਜਦੋਂ ਕੈਲੰਡਰ ਦਾ ਅਧਾਰ 1 ਵੈਸਾਖ/ 14 ਅਪ੍ਰੈਲ ਹੈ ਤਾਂ ਚੇਤ ਦੇ 31 ਦਿਨ ਪੂਰੇ ਕਰਨ ਲਈ ਇਸ ਦਾ ਆਰੰਭ 14 ਮਾਰਚ ਤੋਂ ਰੱਖਿਆ ਗਿਆ ਹੈ। ਇਸ ਤਰ੍ਹਾਂ ਹੀ ਜੇਠ 15 ਮਈ ਤੋਂ, ਹਾੜ 15 ਜੂਨ, ਸਾਵਣ 16 ਜੁਲਾਈ, ਭਾਦੋਂ 16 ਅਗਸਤ, ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ ਦਾ ਆਰੰਭ 12 ਫਰਵਰੀ ਤੋਂ ਹੋਵੇਗਾ। ਹੁਣ ਜਦੋਂ ਪੋਹ ਦਾ ਆਰੰਭ 14 ਦਸੰਬਰ ਤੋਂ ਹੋ ਰਿਹਾ ਹੈ ਤਾਂ 23 ਪੋਹ 5 ਜਨਵਰੀ ਨੂੰ ਹੀ ਆਵੇਗੀ। ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜੋ 2 ਹਾੜ (30 ਮਈ ਜੂਲੀਅਨ) ਨੂੰ ਹੋਈ ਸੀ, ਦੀ ਤਾਰੀਖ ਕਰਨਲ ਨਿਸ਼ਾਨ ਦੀ ਖੋਜ ਮੁਤਾਬਕ (30+10) 9 ਮਈ ਬਣਦੀ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਹਾੜ ਮਹੀਨੇ ਦਾ ਆਰੰਭ 15 ਜੂਨ ਨੂੰ ਹੁੰਦਾ ਹੈ ਤਾਂ 2 ਹਾੜ ਹਰ ਸਾਲ 16 ਜੂਨ ਨੂੰ ਆਵੇਗੀ। ਹੁਣ ਜੇ ਕਰਨਲ ਨਿਸ਼ਾਨ ਦੀ ਗਣਿਤ ਮੁਤਾਬਕ ਵੈਸਾਖੀ ਦੀ ਤਾਰੀਖ ਕੱਢੀ ਜਾਵੇ ਜੋ 1756 ਬਿਕ੍ਰਮੀ ਵਿਚ 29 ਮਾਰਚ ਨੂੰ ਸੀ। (29+10) ਤਾਂ 8 ਅਪ੍ਰੈਲ ਬਣਦੀ ਹੈ। ਇਸ ਤਾਰੀਖ ਤੇ ਉਨ੍ਹਾਂ ਨੇ ਕਦੇ ਇਤਰਾਜ਼ ਨਹੀਂ ਕੀਤਾ ਕਿ ਨਾਨਕਸ਼ਾਹੀ ਕੈਲੰਡਰ ਵਿਚ ਦਰਜ ਵੈਸਾਖੀ ਦੀ ਤਾਰੀਖ 14 ਅਪ੍ਰੈਲ ਗਲਤ ਹੈ। ਸਗੋਂ ਇਥੇ ਉਹ ਇਹ ਕਹਿੰਦੇ ਹਨ ਕਿ ਅਸੀਂ ਵੈਸਾਖੀ 1 ਵੈਸਾਖ ਨੂੰ ਮਨਾਉਂਦੇ ਹਾਂ ਨਾ ਕਿ 29 ਮਾਰਚ ਜਾਂ 13-14 ਅਪ੍ਰੈਲ ਨੂੰ।
ਹੁਣ ਸਵਾਲ ਪੈਦਾ ਹੁੰਦਾ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ, 22 ਦਸੰਬਰ ਵਿਚ 10 ਦਿਨ ਜਮਾਂ ਕਰਕੇ 1 ਜਨਵਰੀ ਬਣਦੀ ਹੈ ਜਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ, 30 ਮਈ ਵਿਚ 10 ਜਮਾਂ ਕਰਕੇ 9 ਜੂਨ ਬਣਦੀ ਹੈ ਤਾਂ ਵੈਸਾਖੀ ਦੀ ਤਾਰੀਖ, 29 ਮਾਰਚ ਵਿਚ 10 ਦਿਨ ਜਮਾਂ ਕਰਕੇ 8 ਅਪ੍ਰੈਲ ਕਿਉਂ ਨਹੀਂ? ਜੇ ਵੈਸਾਖੀ 1 ਵੈਸਾਖ ਨੂੰ ਮਨਾਈ ਜਾਂਦੀ ਹੈ (ਜੋ 16 ਦਿਨਾਂ ਦੇ ਫਰਕ ਨਾਲ 14 ਅਪ੍ਰੈਲ ਨੂੰ ਆਉਂਦੀ ਹੈ) ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੀ 23 ਪੋਹ ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਨੂੰ ਹੀ ਮਨਾਇਆ ਜਾਂਦਾ ਹੈ, ਇਸ ਤੇ ਇਤਰਾਜ਼ ਕਿਉਂ ? ਇਸੇ ਸਮੇਂ ਦੌਰਾਨ ਹੀ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਵੀ ਹੋਈਆਂ ਸਨ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ, 7 ਦਸੰਬਰ ਤੋਂ ਖਿਸਕ ਕੇ 21 ਦਸੰਬਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਾ 13 ਪੋਹ, 12 ਦਸੰਬਰ ਤੋਂ ਖਿਸਕ ਕੇ ਅੱਜ 26 ਦਸੰਬਰ ਨੂੰ ਆ ਰਿਹਾ ਹੈ। ਇਨ੍ਹਾਂ ਦਿਹਾੜਿਆਂ ਦੀ ਅੱਜ ਵੀ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ 8 ਪੋਹ ਅਤੇ 13 ਹੀ ਦਰਜ ਹੈ। ਇਨ੍ਹਾਂ ਤਾਰੀਖ਼ਾ ਬਾਰੇ ਵੀ ਕਦੇ ਕੋਈ ਇਤਰਾਜ਼ ਨਹੀ ਪੜਿਆ-ਸੁਣਿਆ।
ਜੇ 1756 ਬਿਕ੍ਰਮੀ ਦੀ 1 ਵੈਸਾਖ ਅੱਜ ਵੀ 1 ਵੈਸਾਖ ਹੈ ਤਾਂ ਉਸ ਤੋਂ 33 ਸਾਲ ਪਹਿਲਾ (1723 ਬਿਕ੍ਰਮੀ) ਦੀ 23 ਪੋਹ, ਅੱਜ 23 ਪੋਹ ਕਿਵੇਂ ਨਹੀਂ ਹੈ? ਜੇ ਵੈਸਾਖੀ ਦੀ ਤਾਰੀਖ, ਜੋ 29 ਮਾਰਚ ਤੋਂ ਖਿਸਕ ਕੇ 14 ਅਪ੍ਰੈਲ ਹੋ ਗਈ ਹੈ, ਪ੍ਰਵਾਨ ਹੈ ਤਾਂ 23 ਪੋਹ ਜੋ 22 ਦਸੰਬਰ ਤੋਂ ਖਿਸਕ ਕੇ 5 ਜਨਵਰੀ ਤੇ ਪੁੱਜ ਗਈ ਹੈ, ਤੇ ਇਤਰਾਜ਼ ਕਿਉਂ? 23 ਪੋਹ ਤੇ ਮਾਪਦੰਡ ਹੋਰ ਅਤੇ 1 ਵੈਸਾਖ ਤੇ ਮਾਪਦੰਡ ਹੋਰ, ਇਹ ਕਿਧਰ ਦਾ ਨਿਆਂ ਹੈ? ਯਾਦ ਰਹੇ ਇਹ ਸਵਾਲ ਮੈਂ ਪਹਿਲਾ ਵੀ ਕਰ ਚੁੱਕਾ ਹਾਂ, ਪਰ ਕਰਨਲ ਨਿਸ਼ਾਨ ਨੇ ਜਵਾਬ ਨਹੀ ਦਿੱਤਾ। ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, ਜੋਤੀ ਜੋਤ ਦਿਹਾੜਾ ਕੱਤਕ ਸੁਦੀ 5, ਗੁਰਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ ਜੀ, ਕੱਤਕ ਸੁਦੀ 2 ਨੂੰ ਮਨਾਉਣਾ ਹੈ ਤਾਂ ਖਾਲਸਾ ਸਾਜਣਾ ਦਿਵਸ ਚੇਤ ਸੁਦੀ 9 ਨੂੰ ਕਿਉਂ ਨਹੀਂ? ਕੁਝ ਦਿਹਾੜੇ ਵਦੀ-ਸੁਦੀ ਮੁਤਾਬਕ, ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ, ਅਜੇਹਾ ਕਿਉਂ? ਜੇ ਗੁਰਪੁਰਬ ਚੰਦ ਦੇ ਕੈਲੰਡਰ ਮੁਤਾਬਕ ਮਨਾਉਣੇ ਹਨ ਤਾਂ ਇਸ ਵਿਚ ਤੇਰਵਾਂ ਮਹੀਨਾ (ਮਲ ਮਾਸ) ਜੋੜ ਕੇ ਸੂਰਜੀ ਕੈਲੰਡਰ ਦੇ ਬਰਾਬਰ ਕਿਉ ਕੀਤਾ ਜਾਂਦਾ ਹੈ? ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਨਾਲ ਹੀ ਨੱਥੀ ਕਰਨਾ ਹੈ ਤਾ ਸਿੱਧਾ ਸੂਰਜੀ ਕੈਲੰਡਰ ਹੀ ਕਿਉਂ ਨਹੀ? ਨਾਨਕਸ਼ਾਹੀ ਕੈਲੰਡਰ ਦੇ ਅਲੋਚਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੇ ਤੁਹਾਡੇ ਵਿੱਚ ਸਮਰੱਥਾ ਹੈ ਤਾਂ ਪੁਰੇਵਾਲ ਵੱਲੋਂ ਖਿੱਚੀ ਗਈ ਲਕੀਰ ਨੂੰ ਮਿਟਾਉਣ ਦਾ ਅਸਫਲ ਯਤਨ ਕਰਨ ਦੀ ਬਿਜਾਏ, ਉਸ ਤੋਂ ਲੰਮੀ ਲਕੀਰ ਖਿੱਚਣ ਦਾ ਯਤਨ ਕਰੋ। ਜਿਹੜੇ ਮਾਪਦੰਡ ਤੁਸੀਂ ਨਾਨਕਸ਼ਾਹੀ ਕੈਲੰਡਰ ਤੇ ਠੋਸਣਾ ਚਾਹੁੰਦੇ ਹੋ, ਉਨ੍ਹਾਂ ਮਾਪਦੰਡਾਂ ਅਨੁਸਾਰ ਆਪਣਾ ਕੈਲੰਡਰ ਬਣਾ ਕੇ ਕੌਮ ਦੀ ਕਚਹਿਰੀ ਵਿੱਚ ਪੇਸ਼ ਕਰੋ ਤਾਂ ਜੋ ਉਸ ਤੇ ਵਿਚਾਰ ਕੀਤੀ ਜਾ ਸਕੇ।
…………………………
ਟਿੱਪਣੀ:- ਕਲੰਡਰ ਮਸਲ੍ਹੇ ਦੇ ਹੱਲ ਲਈ ਇਕ ਚੰਗਾ ਸੁਝਾਅ।
ਅਮਰ ਜੀਤ ਸਿੰਘ ਚੰਦੀ
ਸਰਵਜੀਤ ਸਿੰਘ ਸੈਕਰਾਮੈਂਟੋ
5 ਜਨਵਰੀ ਬਨਾਮ 1 ਜਨਵਰੀ
Page Visitors: 2639