ਘੱਲੂਘਾਰੇ ਦੀ ਯਾਦਗਾਰ ਦਾ ਮੁੱਦਾ ਅਸਲੋਂ ਹੈ ਕੀ ?
ਅਤਿੰਦਰਪਾਲ ਸਿੰਘ
ਸ੍ਰੀ ਦਰਬਾਰ ਸਾਹਿਬ ਚੌਗਿਰਦੇ ਵਿੱਚ ਬਣਾਈ ਗਈ ਯਾਦਗਾਰ ਤੀਜਾ ਘੱਲੂਘਾਰਾ ਸਬੰਧੀ ਅਸਲ ਵਿਵਾਦ ਨਹੀਂ, ਮੁੱਦਾ ਕੀ ਹੈ ਇਸ ਨੂੰ ਬਾਰੀਕੀ ਨਾਲ ਸਮਝਣ ਦੀ ਲੋੜ ਹੈ। ਯਾਦਗਾਰ ਅਤੇ ਇਸ ਦੇ ਨਾਮਕਰਨ ਤੇ ਇਤਿਹਾਸ ਸਬੰਧੀ ਸਿੱਖ ਲੀਡਰ ਦੋ ਚਿੱਤੀ ਵਿੱਚ ਇਸ ਲਈ ਹਨ ਕਿ ਉਹ ਆਪੋ ਆਪਣੇ ਸਵਾਰਥਾਂ ਨਾਲ ਨਿਭਣਾ ਤੇ ਪੁੱਗਣ ਦੀ ਸਿਆਸਤ ਤਕ ਸੀਮਤ ਹਨ। ਉਹ ਕੌਮੀ ਉਦੇਸ਼ ਅਤੇ ਅਣਖ ਨੂੰ ਮਾਰ ਕੇ ਹੀ ਇੰਝ ਕਰ ਸਕਦੇ ਹਨ। ਇਸ ਲਈ ਮੁੱਦਾ ਇਹ ਹੈ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਤਕ ਤੇ ਪੰਜਾਬ ਤੋਂ ਦਿੱਲੀ ਤਕ ਕੋਈ ਵੀ ਸਿੱਖ ਲੀਡਰ ਆਪਣੀ ਬਣਦੀ ਸੰਵਿਧਾਨਿਕ ਅਤੇ ਕਾਨੂੰਨੀ ਜਿੰਮੇਵਾਰੀ ਸਿੱਖਾਂ ਪ੍ਰਤੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਤਿਆਰ ਹੀ ਨਹੀਂ ਹੈ । ਇਸੇ ਲਈ ‘ਯਾਦਗਾਰ’ ਸਬੰਧੀ ਚੰਡੀਗੜ੍ਹ ਦੇ ਅਕਾਲੀ ਦਰਬਾਰ ਨੇ ਜਿੰਮੇਵਾਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ‘ਪੰਗੁ ਅਤੇ ਲਾਚਾਰ’ ਪਰ ਹਰ ਕੀਮਤ ਤੇ ਧਰਮ ਦਾ ਸ਼ੋਸ਼ਣ ਕਰਨ ਵਾਲੇ ਉਨ੍ਹਾਂ ਮੋਢਿਆਂ ਤੇ ਸੁੱਟ ਦਿੱਤੀ ਹੈ ਜਿਹੜਾ ਖੁਦ ਆਪਣਾ ਵਜ਼ਨ ਚੰਡੀਗੜ੍ਹੀ ਅਕਾਲੀਆਂ ਤੇ ਦਿੱਲੀ ਤੇ ਪੰਜਾਬ ਦੇ ਸਰਕਾਰੇ ਦਰਬਾਰੇ ਤੋਂ ਬਿਨਾ ਚੁੱਕਣ ਜੋਗੇ ਨਹੀਂ ਹਨ। ਇਸ ਲਈ ਇਸ ਨੂੰ ਮਿਲੇ ਕੰਮਾਂ ਦਾ ਅਰਥ ਹੁੰਦਾ ਹੈ ਕਿ ਮਿਲੇ ਆਦੇਸ਼ਾਂ ਅਨੁਸਾਰ "ਬਾਏ ਹੁੱਕ ਬਾਏ ਕਰੁਕ’ ਕੰਮ ਮੁਕੰਮਲ ਕਰ ਕੇ ਦਿਓ। ਅੱਗੋਂ ਇਸ ਮਾਮਲੇ ਵਿੱਚ ਇਸ ਨੇ ਆਪਣੀ ਬਣਦੀ ਜਿੰਮੇਵਾਰੀ ਨੂੰ ਸਰਕਾਰ ਦੀ ਆਕਸੀਜਨ ਤੇ ਚੱਲ ਰਹੀ ਦਮਦਮੀ ਟਕਸਾਲ ਤੇ ਸੁੱਟ ਦਿੱਤਾ ਹੈ। ਅੱਗੋਂ ਇਸ ਨੇ ਆਪਣੀ ਭੂਮਿਕਾ ਨੂੰ ਮੁਕਾਉਣ ਲਈ ਇਹੋ ਜਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਾ ਦਿੱਤੀ ਹੈ ਤਾਂ ਜੋ ਉਸ ਨੂੰ ਮਿਲਦੀ ਆਕਸੀਜਨ ਦਾ ਕਦੇ ‘ਸਵਿੱਚ ਆਫ਼’ ਨਾ ਹੋ ਜਾਵੇ। ਸਿੱਖ ਕੌਮ ਨੂੰ ਗੁਮਰਾਹ ਕਰਨ ਲਈ ਇੰਝ ਕਿਉਂ ਤੇ ਕਿਸ ਲਈ ਕੀਤਾ ਜਾ ਰਿਹਾ ਹੈ ਇਹ ਸਮਝਣ ਦੀ ਲੋੜ ਹੈ। 6 ਜੂਨ ਤਕ ਹਾਲਾਤ ਇੰਝ ਹੀ ਚਲਦੇ ਰਹਿਣਗੇ।
ਬੜੀ ਸਪਸ਼ਟ ਜਿਹੀ ਗੱਲ ਹੈ। ਸਿੱਖ ਸੰਸਥਾਵਾਂ ਰਾਹੀਂ ਸਿੱਖ ਕੌਮ ਦੀ ਸੋਚ ਅਤੇ ਜੁਰਅਤ ਨੂੰ ‘ਕੋਮੇਂ’ ਅਰਥਾਤ ‘ਸੁੰਨ-ਬੇਜ਼ਾਨ’ ਦੀ ਹੱਦ ਤਕ ਪਹੁੰਚਾ ਦਿੱਤਾ ਗਿਆ ਹੈ। ਜੋ ਕੁਝ ਵੀ ਮੁੱਖ ਮੰਤ੍ਰੀ ਆਪਣੀ ਮੀਸਣੀ ਜਿਹੀ ਚੁੱਪੀ ਵਿੱਚ ਗੱਲ ਨੂੰ ਟਾਲਦੇ ਹੋਏ ‘ਮੈਂ ਵੀ ਫ਼ਿਕਰਮੰਦ ਹਾਂ’ ਕਹਿ ਕੇ ਕਰ ਰਿਹਾ ਹੈ ਉਸ ਪਿਛਲੀ ਅਸਲ ਮੰਨਸ਼ਾਂ ਦਾ ਵਰਤਾਰਾ ਅਤੇ ਪਰਤੱਖ ਸੱਚ ਇਹੋ ਹੈ। ਨਹੀਂ ਤਾਂ ਇਸ ਸਾਰੇ ਰੇੜਕੇ ਵਿਚਲੀ ਅਜਿਹੀ ਕਿਹੜੀ ਗੱਲ ਹੈ ਕਿ ਜਿਹੜੀ ਗਲਤ ਹੋਵੇ ? ਇਕ ਕਾਨੂੰਨੀ ਅਤੇ ਸੰਵਿਧਾਨਕ ਲੋਕਤੰਤਰੀ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਉਸ ਨੇ ਮਤਾ ਪਾਸ ਕੀਤਾ ਹੈ, ਆਪ ਸੇਵਾ ਦਮਦਮੀ ਟਕਸਾਲ ਨੂੰ ਦਿੱਤੀ ਹੈ, ਸ੍ਰੀ ਸੁਖਬੀਰ ਬਾਦਲ ਗ੍ਰਹਿ ਮੰਤ੍ਰੀ ਪੰਜਾਬ ਨੇ ਆਪ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਬਿਆਨ ਦੇ ਕੇ ਕਿਹਾ ਹੈ ਕਿ ਇਹ ਮਾਮਲਾ ਸਰਕਾਰ ਦਾ ਨਹੀਂ ਸ਼੍ਰੋਮਣੀ ਕਮੇਟੀ ਅਧੀਨ ਆਉਂਦਾ ਹੈ। ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਤੋਂ ਸਪਸ਼ਟੀਕਰਨ ਲੈ ਕੇ (ਜਿਸ ਦਾ ਕਿ ਪੰਜਾਬ ਸਰਕਾਰ ਨੂੰ ਕੋਈ ਹੱਕ ਨਹੀਂ ਸੀ ਬਣਦਾ ਤੇ ਸ਼੍ਰੋਮਣੀ ਕਮੇਟੀ ਦਾ ਸਪਸ਼ਟੀਕਰਨ ਪੰਜਾਬ ਸਰਕਾਰ ਨੂੰ ਦੇਣ ਦਾ ਵੀ ਕੋਈ ਕਾਨੂੰਨੀ ਬੰਦਸ਼ ਜਾਂ ਮਜਬੂਰੀ ਨਹੀਂ ਸੀ ਬਣਦੀ ਪਰ ਫਿਰ ਵੀ ਇਹ ਦੋਵੇਂ ਗੈਰ ਕਾਨੂੰਨੀ ਕੰਮ ਕੀਤੇ ਗਏ) ਵਿਧਾਨ ਸਭਾ ਵਿੱਚ ਕਿਹਾ ਕਿ ‘ਇਕ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤੇ ਜੋ ਸਿਰਫ਼ ਗੁਰਦੁਆਰਾ ਹੀ ਹੋਵੇਗਾ ਇਸ ਤੋਂ ਵੱਧ ਕੁਝ ਵੀ ਨਹੀਂ’, ਜਿਵੇਂ ਗੁਰਦੁਆਰੇ ਤਾਂ ਪਹਿਲਾਂ ਹੀ ਨਿਰਅਰਥਕ ਅਤੇ ਨਿਰਜੀਵ ਬਣਾਏ ਜਾ ਚੁਕੇ ਹਨ ਦੀ ਭਾਵਨਾ ਅਤੇ ਪ੍ਰਗਟਾਓ ਦਾ ਸੂਚਕ ਹੈ ਇਹ ਖਿਆਲ ਜੋ ਪੇਸ਼ ਕੀਤਾ ਗਿਆ ਹੈ। ਤੇ ਹੁਣ ਜਦ ਗੁਰਦੁਆਰਾ ਬਣ ਚੁਕਾ ਹੈ ਤਾਂ ਫਿਰ ਵਿਵਾਦ ਕਾਹਦਾ ? ਇਸ ਦੇ ਨਾਮਕਰਨ ਦਾ ? ਤਾਂ ਫਿਰ ਬੇਰ ਬੁੱਢਾ ਜੀ ਦੇ ਥੜ੍ਹਾ ਸਾਹਿਬ ਦਾ ਨਾਮ ਇਸ ਤੋਂ ਅੱਡ ਕੀ ਹੋ ਸਕਦਾ ਸੀ ? ਬਾਬਾ ਦੀਪ ਸਿੰਘ ਸ਼ਹੀਦ ਦੇ ਗੁਰਦੁਆਰਾ ਸਾਹਿਬ ਦਾ ਨਾਮ ਇਸ ਤੋਂ ਅੱਡ ਕੀ ਹੋ ਸਕਦਾ ਸੀ ? ਜਿੰਨ੍ਹਾਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੀ ਅਰਦਾਸ ਨੂੰ ਆਪਣੇ ਸਵਾਸਾਂ ਨਾਲ ਨਿਭਾਇਆ ਉਹ ਸੂਰ ਬੀਰ ਤਾਂ ਸਿੱਖ ਧਰਮ ਦੇ ਸ਼ਹੀਦ ਹਨ। ਭਾਰਤ ਦੇ ਨਹੀਂ । ਭਾਰਤੀ ਸੰਵਿਧਾਨ ਹਰ ਧਰਮ ਨੂੰ ਮੰਨਣ, ਧਾਰਨ ਕਰਨ ਅਤੇ ਉਪਾਸਨਾ, ਸਭਿਅਤਾ ਤੇ ਮਰਿਆਦਾ ਦੀ ਸੁਤੰਤਰਤਾ ਦਾ ਅਧਿਕਾਰ ਦਿੰਦਾ ਹੈ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਸਿੱਖਾਂ ਦੀ ਸੰਵਿਧਾਨ ਅਧੀਨ ਸੁਤੰਤਰਤਾ ਰੱਖਦੀ ਸੰਵਿਧਾਨਕ ਅਜ਼ਾਦ ਅਤੇ ਲੋਕਤੰਤਰੀ ਬਾਡੀ ਹੈ। ਜਿਸ ਦੇ ਆਪਣੇ ਸੁਤੰਤਰ ਨਿਰਣੇ ਹਨ। ਜਿਸ ਵਿੱਚ ਸਰਕਾਰ ਸਮੇਤ ਕਿਸੇ ਵੀ ਫ਼ਿਰਕੇ ਨੂੰ ਕੋਈ ਵੀ ਦਖ਼ਲ-ਅੰਦਾਜ਼ੀ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ।
ਜਿੱਥੋਂ ਤਕ ਭਾਰਤ ਦਾ ਸਵਾਲ ਹੈ ਤਾਂ ਬੜੀ ਸਪਸ਼ਟ ਕੌੜੀੀ ਅਤੇ ਤਿੱਖੀ ਚੁੱਭਵੀ ਸੱਚਾਈ ਹੈ, ਕਿ ਭਾਰਤ ਤਾਂ ਸਿੱਖਾਂ ਨੂੰ ਬਤੌਰ ਸਿੱਖ ਅਤੇ ਬਤੌਰ ਭਾਰਤੀ ਆਦਰਸ਼ ਸਵੀਕਾਰ ਹੀ ਨਹੀਂ ਕਰਦਾ। ਜੇ ਭਾਰਤ ਦੇ ਸਿੱਖ ਧਰਮ, ਸਭਿਅਤਾ ਅਤੇ ਸਭਿਆਚਾਰ ਵੀ ਆਦਰਸ਼ ਹੁੰਦੇ ਤਾਂ ਅੱਜ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਬਾਬਾ ਬੰਦਾ ਸਿੰਘ, ਅਜ਼ਾਦ ਹਿੰਦ ਫੌਜ ਦੇ ਜਨਰਲ ਮੋਹਨ ਸਿੰਘ, ਜਨਰਲ ਗੁਰਬਖਸ਼ ਸਿੰਘ, ਕਰਨਲ ਢਿੱਲੋ ਭਾਰਤੀ ਫੌਜ ਦੇ ਜਨਰਲ ਸ਼ਬੇਗ ਸਿੰਘ ਇਨ੍ਹਾਂ ਸਭਨਾਂ ਨੂੰ ਵੀ ਛੱਡ ਦਿੱਤਾ ਜਾਵੇ ਤਾਂ ਭਾਰਤੀ ਉਪ ਮਹਾਂਦੀਪ ਵਿੱਚੋਂ ਸੰਸਾਰ ਭਰ ਵਿੱਚ ਸਭ ਤੋਂ ਪਹਿਲਾਂ ਰਾਜਨੀਤਕ, ਮਨੁੱਖੀ ਹੱਕਾਂ, ਬੋਲਣ ਦੀ, ਵਿਸ਼ਵਾਸ ਦੀ, ਧਰਮ ਦੀ, ਸਭਿਅਤਾ ਦੀ ਅਤੇ ਨਾਗਰਿਕ ਹੱਕਾਂ ਦੀ ਇਲਾਕਾਈ ਸੰਪ੍ਰਭੁਤਾ ਦੀ, ਸੁਤੰਤਰਤਾ ਅਤੇ ਅਜ਼ਾਦੀ ਦੀ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕਰਨ ਵਾਲੇ ਅਤੇ ਵਿਸ਼ਵ ਦੇ ਕਿਸੇ ਵੀ ਧਰਮ ਵਿੱਚੋਂ ਸਭ ਤੋਂ ਪਹਿਲੇ ਧਾਰਮਿਕ ਧਰਮ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਵਲੋਂ ਇਨ੍ਹਾਂ ਹੱਕਾਂ ਹਿਤ ਐਮਨਾਬਾਦ ਦੀ ਬਾਬਰ ਦੀ ਜੇਲ੍ਹ ਦੀ ਕੈਦ ਕੱਟਣ ਵਾਲੇ ਸੁਤੰਤਰਤਾ ਸੰਗਰਾਮੀ ਗੁਰੂ ਨਾਨਕ ਸਾਹਿਬ ਨੂੰ ਵੀ ਤਾਂ ਭਾਰਤ ਨੇ, ਪੰਜਾਬ ਦੀ ਵਿਧਾਨ ਸਭਾ ਨੇ ਕਦੇ ਵੀ "ਕੌਮੀ ਮਾਰਗ ਦਰਸ਼ਕ, ਆਦਰਸ਼ ਅਤੇ ਨਾਇਕ” ਨਹੀਂ ਐਲਾਨਿਆਂ ?
ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੂੰ, ਹਿੰਦੂ ਧਰਮ ਦੀ ਰੱਖਿਆ ਅਤੇ ਵਿਸ਼ਵ ਵਿਆਪੀ ਤੌਰ ਤੇ ‘ਧਰਮ, ਵਿਸ਼ਵਾਸ, ਆਦਰਸ਼, ਅਨੁਸ਼ਾਸਨ, ਮਰਿਆਦਾ ਅਤੇ ਸਿਧਾਂਤ ਨੂੰ ਮਾਨਵੀ ਕੁਦਰਤੀ ਬੁਨਿਆਦੀ ਅਤੇ ਜਮਾਂਦਰੂ ਹੱਕ’ ਸਾਬਤ ਕਰਕੇ ਇਸ ਹਿਤ ਐਲਾਨੀਆ ਤੌਰ 'ਤੇ ਸ਼ਹੀਦੀ ਦੇਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ, ਭਾਰਤੀ ਉਪ ਮਹਾਂਦੀਪ ਵਿੱਚ ਮੁਗ਼ਲਾਂ ਨੂੰ ਵਿਦੇਸ਼ੀ ਧਾੜਵੀ ਐਲਾਨ ਕੇ ਉਨ੍ਹਾਂ ਤੋਂ ਸੁਤੰਤਰਤਾ ਦਿਵਾਉਣ ਲਈ ਤੇ ਭਾਰਤ ਨੂੰ ਭਾਰਤ ਦੀ ਪਹਿਲੀ ਮੌਲਿਕ ਰਾਜਨੀਤਕ ਪ੍ਰਣਾਲੀ ਦੀ ਜੱਥੇਬੰਦੀ "ਖ਼ਾਲਸਾ ਪੰਥ” ਦੇਣ ਵਾਲੇ ਅਤੇ ਹਿੰਦੂ ਮਹਾਰਾਜਿਆਂ ਨੂੰ ਵੀ ਮੁਗ਼ਲ ਸ਼ਾਸਕ ਦਾ ਸਾਥ ਨਾ ਦੇਣ ਲਈ ਪ੍ਰੇਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੂੰ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਨੂੰ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਜੀ ਵਰਗੇ ਮਹਾਨ ਸ਼ਹੀਦਾਂ ਨੂੰ ਤਾਂ ਅੱਜ ਤਕ "ਕੌਮੀ ਸ਼ਹੀਦ”, "ਸੁਤੰਤਰਤਾ ਦੇ ਮਹਾ ਨਾਇਕ”, "ਸੁਤੰਤਰਤਾ ਸੰਗਰਾਮ ਦੇ ਆਰੰਭ ਕਰਤਾ”, ਕੌਮੀ ਆਦਰਸ਼ ਅਤੇ ਰਾਜਨੀਤਕ ਸਿਧਾਂਤ ਕਾਰ, ਭਾਰਤੀ ਰਾਜਨੀਤਕ ਸਰਕਾਰ ਦੇ ਜਨਮਦਾਤਾ ਅਤੇ ਸੰਸਾਰ ਵਿੱਚ ਪਹਿਲੀ ਲੋਕਤੰਤਰੀ ਸੰਸਥਾ ਅਤੇ ਸਰਕਾਰ ਦੇ ਪਿਤਾਮਾ ਤਕ ਪੰਜਾਬ ਵਿਧਾਨ ਸਭਾ ਨੇ, ਪੰਜਾਬ ਸਰਕਾਰ ਨੇ ਅਤੇ ਭਾਰਤ ਸਰਕਾਰ ਨੇ ਮੰਨਿਆਂ ਹੀ ਨਹੀਂ ਹੈ ਤਾਂ ਇਨ੍ਹਾਂ ਤੋਂ ਕਾਹਦੀ ਆਸ ਵਿੱਚ ਸਿੱਖ ਕੌਮ ਆਸ ਅਤੇ ਇਨਸਾਫ਼ ਲਈ ਉਮੀਦ ਲਾਈ ਬੈਠੀ ਹੈ ?
ਭਾਰਤੀ ਲੋਕਾਂ ਨੇ ਤਾਂ ਸ੍ਰੀ ਦਰਬਾਰ ਸਾਹਿਬ ਨੂੰ ਵੀ ਸਵਰਣ ਮੰਦਿਰ ਦੇ ਕੰਸੈਪਟ ਵਿੱਚ ਸਵੀਕਾਰ ਕੀਤਾ ਹੈ, ਸਿੱਖਾਂ ਦੀ ਧਰਮ ਅਤੇ ਸਭਿਅਤਾ ਦੇ ਗੁਰਮਤਿ ਵਰਤਾਰੇ ਦੇ ਤੌਰ ਤੇ ਬਿਲਕੁਲ ਵੀ ਨਹੀਂ। ਇਹੋ ਵਜ੍ਹਾ ਹੈ ਕਿ ਦੁਰਗਿਆਨਾਂ ਮੰਦਿਰ ਸ੍ਰੀ ਦਰਬਾਰ ਸਾਹਿਬ ਦੀ ਨਕਲ ਤੇ ਬਣਾਇਆ ਗਿਆ, ਜੋ ਹਿੰਦੂ ਸਵਰਨ ਮੰਦਿਰ ਨਹੀਂ ਸਗੋਂ ‘ਦੁਰ ਗਿਆਨਾਂ ਮੰਦਰ’ ਪ੍ਰਚਾਰਿਤ ਕੀਤਾ ਗਿਆ। ਸਿੱਖ ਮਾਨਸਿਕਤਾ ਅਤੇ ਸੋਚ ਦਾ ਆਦਿ ਸ੍ਰੋਤ ਆਤਮਕ ਮਨੋਬਿਰਤੀ ਹੀ "ਸਿੱਖੀ ਅਤੇ ਖ਼ਾਲਸਤਾਈਤਾ ਦੇ ਧੁਰੇ ਗੁਰਮਤਿ” ਤੋਂ ਜੜੋਂ ਹੀ ਵੱਢ ਦਿੱਤੀ ਗਈ ਹੈ ਤੇ ਆਦਿ ਬੀਜ "ਗੁਰਮੁਖੀ” ਉਪਰ ਸਰਕਾਰੀ ਮਨੋਬਿਰਤੀ ਦੀ ਪਿਉਂਦ ‘ਪੰਜਾਬੀਅਤ’ ਦੀ ਕਰ ਦਿੱਤੀ ਗਈ ਹੈ। ਪੂਰੇ ਢਾਈ ਕਰੋੜ ਦੇ ਸਿੱਖ ਸਮਾਜ ਵਿੱਚ ਇਕੱਲਾ ਮੈਂ ਹਾਂ ਜਿਹੜਾ ਇਸ ਦਾ ਰੋਲ਼ਾ ਪਿਛਲੇ 10 ਸਾਲਾਂ ਤੋਂ ਲਗਾਤਾਰ ਪਾ ਕੇ ਅਗਾਹ ਕਰਦਾ ਚਲਾ ਆ ਰਿਹਾ ਹਾਂ। ਮੇਰੇ ਨਾਲ ਖੜ੍ਹਨ ਦੀ ਅੱਜ ਤਕ ਕਿਸੇ ਦੂਜੇ ਨੇ ਜੁਰਅਤ ਨਹੀਂ ਕੀਤੀ ਹੈ।
ਦੇਸ਼ ਅਤੇ ਸੰਸਾਰ ਭਰ ਦੇ ਕਾਨੂੰਨਾਂ ਵਿੱਚ ਅਪਰਾਧ ਮੰਨੀ ਜਾਣ ਵਾਲੀ ਜਾਸੂਸੀ ਦੀ ਕਾਰਵਾਈ ਵਿਚਲੇ ਇਕ ਕਥਿਤ ਜਾਸੂਸ ਨੂੰ ਕੌਮੀ ਸ਼ਹੀਦ ਐਲਾਨਣ ਵਾਲੇ ਗੈਰ ਵਿਧਾਨਿਕ ਪ੍ਰਸ਼ਾਸਨਿਕ ਸਰਕਾਰ ਚਲਾਉਣ ਵਾਲਿਆਂ ਤੋਂ ਹੋਰ ਆਸ ਹੀ ਕੀ ਰੱਖੀ ਜਾ ਸਕਦੀ ਹੈ ? ਸਿੱਖ ਕੌਮ ਦੇ ਮੁਹਤਬਰ ਸ਼੍ਰੋਮਣੀ ਲੀਡਰਾਂ ਨੂੰ ਜਿਹੜੀ ਗੱਲ ਸਮਝਣ ਦੀ ਲੋੜ ਹੈ ਉਹ ਇਹ ਹੈ ਕਿ ਸ੍ਰੀ ਸ਼ੀਵਾਜੀ, ਮਹਾਰਾਣਾ ਪ੍ਰਤਾਪ, ਝਾਂਸੀ ਕੀ ਰਾਣੀ, ਹੀਰ, ਰਾਂਝਾ, ਸੱਸੀ, ਪੰਨੂ ਤਾਂ ਇਸ ਦੇਸ਼ ਵਿੱਚ ਕੌਮੀ ਕਿਰਦਾਰ ਅਤੇ ਆਦਰਸ਼ ਬਣਾਏ ਜਾ ਸਕਦੇ ਹਨ ਪਰ ਉਸ ਕਿਸੇ ਵੀ ਸਿੱਖ ਨੂੰ ਕੌਮੀ ਆਦਰਸ਼ਾਂ ਦੀ ਸ਼੍ਰੋਮਣੀ ਲਿਸਟ ਵਿੱਚ ਸਰਕਾਰੀ ਤੌਰ ਤੇ ਸ਼ਾਮਲ ਨਹੀਂ ਕੀਤਾ ਜਾ ਸਕਦਾ ਜਿਹੜਾ ਸਿੱਖ ਨਿਰੋਲ ਗੁਰਮਤਿ ਵਿੱਚ ਜਿਉਂਦੇ ਹੋਏ ਦੇਸ਼ ਕੌਮ ਲਈ ਆਪਣਾ ਚਾਹੇ ਸਰਬੰਸ ਹੀ ਕਿਉਂ ਨਾ ਵਾਰ ਗਿਆ ਹੋਵੇ । ਤੀਜੇ ਘੱਲੂਘਾਰੇ ਦੀ ਯਾਦਗਾਰ ਦੇ ਨਾਮਕਰਨ ਪਿੱਛੇ ਵੀ ਸਿੱਖ ਲੀਡਰਾਂ ਨੂੰ ਅਜਿਹੀ ਮਾਨਸਿਕਤਾ ਮਗਰ ਲਗਾ ਕੇ ਹੀ ਦੌੜਾਇਆ ਅਤੇ ਕੌਮੀ ਘਾਣ ਕਰਵਾਇਆ ਆ ਰਿਹਾ ਹੈ। ਇਸ ਤੋਂ ਵੱਖ ਤੇ ਇਸ ਤੋਂ ਬਾਹਰਲਾ ਜਾਂ ਵੱਡਾ ਹੋਰ ਕੋਈ ਵਿਵਾਦ ਨਹੀਂ ਹੈ। ਮਸਨੂਈ ਅਤੇ ਦਿਖਾਵਟੀ ਤੌਰ ਤੇ ਨਾਮਕਰਨ ਦੇ ਮੁੱਦੇ ਨੂੰ ਵਿਵਾਦ ਦਾ ਨਾਮ ਦੇ ਕੇ ਰੇੜਕਾ ਪਾਇਆ ਜਾ ਰਿਹਾ ਹੈ। ਅਸਲੋਂ ਇੰਝ ਹੈ ਨਹੀਂ ।
ਦਰਅਸਲ ਮੈਨੂੰ ਸਪਸ਼ਟ ਜ਼ਾਹਰ ਦਿਖ ਦੀ ਇਸ ਪਿਛਲੀ ਲੋਕਾਂ ਅਤੇ ਕੌਮ ਲਈ ਗੁੱਝੀ ਰਹੱਸ ਭਰਪੂਰ ਮੰਨਸ਼ਾਂ ਹੀ ਕੇਵਲ ਇਤਨੀ ਕੁ ਹੀ ਲੱਗਦੀ ਹੈ ਕਿ ਇਸ ਯਾਦਗਾਰ ਦਾ ਨਾਮਕਰਨ ਤਾਂ ਇਹੋ ਰਹਿ ਜਾਵੇ (ਕਿਉਂਕਿ ਜਿਹੜੇ ਰੌਲਾ ਪਾ ਰਹੇ ਹਨ ਤੇ ਜਿਹੜੇ ਰੋਲਾ ਪੁਆ ਰਹੇ ਹਨ ਉਹ ਸਭ ਜਾਣਦੇ ਹਨ ਕਿ ਇਸ ਨਾਮਕਰਨ ਵਿੱਚ ਕੁਝ ਵੀ ਗੈਰ ਕਾਨੂੰਨੀ ਨਹੀਂ ਹੈ ਤੇ ਉਹ ਅਦਾਲਤੀ ਕੇਸ ਵਿੱਚ ਕਿਤੇ ਵੀ ਨਹੀਂ ਟਿਕਣਗੇ) ਪਰ ਉਨ੍ਹਾਂ ਵਿੱਚੋਂ ਕੋਈ ਵੀ ਸਿੱਖ ਆਗੂ ਇਸ ਪ੍ਰਤਿ ਆਪਣੀ ਦ੍ਰਿੜਤਾ ਅਤੇ ਕਾਨੂੰਨਤਾ ਨੂੰ ਸਾਬਤ ਨਾ ਕਰੇ ਤੇ ਇਸ ਦਾ ਕ੍ਰੈਡਿਟ ‘ਸਿੱਖ ਮਨੋਬਿਰਤੀ ਅਤੇ ਜਜ਼ਬਾਤਾਂ’ ਨੂੰ ਨਾ ਪਹੁੰਚੇ। ਬਾਰੀਕ ਅਤੇ ਮਿਕਨਾਤੀਸੀ ਗੱਲ ਕੇਵਲ ਇਹੋ ਹੈ। ਜਿਸ ਨੂੰ ਰੋਕਣ ਲਈ ਇਹ ਸਾਰੀ ਡਰਾਮੇ ਬਾਜ਼ੀ ਦੀ ‘ਸਕ੍ਰਿਪਟ’ ਤਿਆਰ ਕੀਤੀ ਗਈ ਹੈ। ਜਿਉਂ ਦਾ ਤਿਉਂ ਹਾਲਾਤ ਬਣਾਈ ਰੱਖਣ ਲਈ ਅਜਿਹੀ ਪਾਲਸੀ ਬਣਾਈ ਗਈ ਹੈ ਕਿ ਨਾਮ ਵੀ ਇਹੋ ਰਹਿ ਜਾਵੇ ਤੇ ਕਿਸੇ ਦੀ ਜਿੰਮੇਵਾਰੀ ਅਤੇ ਜਿੱਤ ਹਾਰ ਵੀ ਆਇਦ ਨਾ ਹੋਵੇ। ਇਸ ਨਿਮਿਤ ਇਨ੍ਹਾਂ ਨੇ ਸਿੱਖ ਕੌਮ ਦੀ ਮਨੋਬਿਰਤੀ ਦੀ ਚੇਤਨਾ ਦੀ ਅਜਿਹੀ ਘੀਸੀ ਕਰਵਾਉਣ ਦੀ ਪਾਲਸੀ ਘੜੀ ਹੈ, ਕਿ ਸਿੱਖ ਕੌਮ ਹਾਰੀ ਹੋਈ ਅਤੇ ਆਪਣੀ ਹਾਰ ਚੁਕੀ ਮਾਨਸਿਕਤਾ ਵਿੱਚੋਂ ਘੀਸੀ ਕਰਦੀ ਤੇ ਲਲੇਕੜੀਆਂ ਵੱਟਦੀ ਹੀ ਰਹੇ। ਇਸੇ ਲਈ ਅਕਾਲੀ ਮੁੱਖ ਮੰਤ੍ਰੀ ਆਪਣੀ ਜਿੰਮੇਵਾਰੀ ਤੋਂ ਭੱਜ ਖੜਾ ਹੋਇਆ ਹੈ। ਅਕਾਲੀ ਗ੍ਰਹਿ ਮੰਤ੍ਰੀ ਇਸ ਲਈ ਸ਼੍ਰੋਮਣੀ ਕਮੇਟੀ ਦੇ ਪਾਲੇ ਵਿੱਚ ਗੇਂਦ ਸੁੱਟਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਲਈ ਆਪਣੀ ਬਣਦੀ ਦ੍ਰਿੜਤਾ ਤੇ ਪਾਸ ਕੀਤੇ ਮਤੇ ਤੇ ਵੀ ਖੜ੍ਹਨ ਤੋਂ ਆਪ ਭੱਜ ਖਲੋਂਦੀ ਹੈ ਤੇ ਗੇਂਦ ਦਮਦਮੀ ਟਕਸਾਲ ਦੇ ਪਾਲੇ ਵਿੱਚ ਸੁੱਟ ਦਿੰਦੀ ਹੈ। ਇਸੇ ਲਈ ਹੁਣ ਦਮਦਮੀ ਟਕਸਾਲ ਤੇ ਸੰਤ ਸਮਾਜ ਆਪਣੀ ਬਣਦੀ ਗੈਰਤ, ਮਰਦਾਨਗੀ, ਸੁਤੰਤਰ ਮਨੋਬਿਰਤੀ ਨੂੰ ਪ੍ਰਗਟਾਉਣ ਦੀ ਬਜਾਏ ਸਿਆਸੀ ਰਿਸ਼ਤੇ ‘ਸੱਤਾ ਨਾਲ ਨਾ ਵਿਗਾੜਨ’ ਲਈ ਗੇਂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਾਲੇ ਵਿੱਚ ਸੁੱਟ ਆਉਂਦੇ ਹਨ। ਜਦ ਸਾਰੇ ਹੀ ਸ਼੍ਰੋਮਣੀ ਸਿੱਖ ਸੰਸਥਾਵਾਂ ਅਤੇ ਉਨ੍ਹਾਂ ਦੇ ਸ਼੍ਰੋਮਣੀ ਹੀ ਲੀਡਰ ਆਪੋ ਆਪਣੀ ਬਣਦੀ ਜਿੰਮੇਵਾਰੀ ਤੋਂ ਭਗੌੜੇ ਹੋ ਚੁਕੇ ਹਨ ਤਾਂ ਖ਼ਾਲਸੇ ਦੇ ਤਖ਼ਤਾਂ ਨੂੰ ਬੜੀ ਗੰਭੀਰਤਾ ਨਾਲ, ਦਿਬ੍ਹ ਦ੍ਰਿਸ਼ਟੀ ਦੀ ਵੀ ਮਿਕਨਾਤੀਸੀ ਖ਼ੁਰਦਬੀਨੀ ਸੋਚ ਅਤੇ ਨੀਤੀਵਾਨਤਾ ਨਾਲ ਕੰਮ ਕਰਨ ਦੀ ਲੋੜ ਹੈ।
ਮੈਨੂੰ ਇਸ ਦੀ ਰੱਤੀ ਭਰ ਵੀ ਆਸ ਇਸ ਲਈ ਨਹੀਂ ਹੈ ਕਿ ਖ਼ਾਲਸੇ ਦੇ ਤਖ਼ਤਾਂ ਤੇ ਬਿਰਾਜਮਾਨ ਸ਼ਖਸੀਅਤਾਂ ਨੂੰ ਤਾਂ ਇਤਨਾ ਵੀ ਨਹੀਂ ਪਤਾ ਕਿ ਉਨ੍ਹਾਂ ਦੀ ਆਪਣੀ ਸ਼ਖ਼ਸੀਅਤ ਦੀ ਗੈਰਤ, ਇੱਜ਼ਤ, ਮਾਣ, ਸਨਮਾਨ, ਮਰਿਆਦਾ, ਜਿੰਮੇਵਾਰੀ, ਅਖਤਿਆਰ, ਨਿਰਣੇ ਅਤੇ ਨਿਆਂ ਦਾ ਖੇਤਰ, ਹੁਕਮਾਂ ਨੂੰ ਪਾਲਣ ਕਰਵਾਉਣ ਦਾ ਰੋਲ ਮਾਡਲ ਅਤੇ ਸ਼ਕਤੀ ਕੇਂਦਰ ਅਤੇ ਅਨੁਸ਼ਾਸਨ ਕੀ ਹੈ। ਉਹ ਤਾਂ ਕਦੇ ਭਿੱਖੀ ਵਿੰਡ ਜਾ ਕੇ ਇਕ ਪਤਿਤ, ਬੀੜੀ ਸਿਗਰਟਾਂ ਪੀਣ ਵਾਲੇ, ਕੇਸਾਂ ਦੀ ਬੇਅਦਬੀ ਕਰਨ ਵਾਲੇ ਤੇ ਭਾੜੇ ਦੇ ਜਾਸੂਸ ਵਿਅਕਤੀ ਦੀ 3 ਅਪ੍ਰੈਲ ਨੂੰ ਅਰਦਾਸ ਕਰ ਆਉਂਦੇ ਹਨ ਤੇ ਕਿਤੇ ‘ਵਿਰਾਸਤੇ ਖ਼ਾਲਸਾ’ ਦੀ ਅਰਦਾਸ ਆਪ ਹੀ ਜੋੜੇ ਪਾ ਕੇ ਕਰੀ ਜਾਂਦੇ ਹਨ, ਤੇ ਕੋਈ ਸ਼ਾਦੀ ਦੇ ਸਮਾਗਮਾਂ ਵਿੱਚ ਜ਼ਨਾਨੀਆਂ ਨਾਲ ਭੰਗੜੇ ਪਾਈ ਜਾਂਦੇ ਹਨ ਤੇ ਤਖ਼ਤਾਂ ਦੀ ਮਰਿਆਦਾ ਦੀ ਦੁਹਾਈ ਪਾਉਣ ਵਾਲੇ ਪੰਜ ਸਿੰਘ ਸਾਹਿਬਾਨ ਇਨ੍ਹਾਂ ਆਪਣੇ ਗੁਰਮਤਿ ਅਨੁਸਾਰ ਕੀਤੇ ਜੁਰਮਾਂ ਤੇ ਦੜ ਵੱਟ ਜਾਂਦੇ ਹਨ।
ਆਪਣੀ ਕੌਮ ਨੂੰ ਸਮਝਾਉਣ ਵਾਸਤੇ ਇਕ ਮਿਸਾਲ ਦੇਣੀ ਲਾਜ਼ਮੀ ਬਣਦੀ ਹੈ ਤੇ ਖਿਮਾ ਜਾਚਨਾ ਸਹਿਤ ਮਿਸਾਲ ਇਹ ਸਾਬਤ ਹੋ ਰਹੀ ਹੈ ਕਿ ਸਭਨਾਂ ਤੇ ਹੀ ‘ਬਾਪੂ ਗਾਂਧੀ’ ਦਾ ਰੰਗ ਚੜ੍ਹ ਚੁਕਾ ਹੈ ਤੇ ਉਸ ਦੇ ਤਿੰਨ ਬਾਂਦਰਾਂ ਵਾਂਗ ਹੀ ਸਿੱਖ ਲੀਡਰ ਸਿੱਖ ਕੌਮ ਦੇ ਆਪਣੇ ਅੰਦਰੂਨੀ ਧਾਰਮਿਕ ਅਤੇ ਕੌਮੀ ਹੱਕਾਂ ਪ੍ਰਤੀ ਇਸੇ ਪਾਲਸੀ ਤੇ ਸਪਸ਼ਟ ਚੱਲ ਰਹੇ ਹਨ ਕਿ ਪਹਿਲਾ ‘ਅੱਖਾਂ ਬੰਦ’ ਉਨ੍ਹਾਂ ਨੂੰ ਪੰਥ ਤੇ ਸਿੱਖ, ਗੁਰੂ ਤੇ ਗੁਰਮਤਿ ਦਿਸਦੀ ਹੀ ਨਹੀਂ ਹੈ ਤੇ ਦੇਖਣਾ ਵੀ ਨਹੀਂ ਹੈ। ਦੋ ‘ਕੰਨ ਬੰਦ’ ਉਨ੍ਹਾਂ ਨੂੰ ਪੰਥ ਤੇ ਸਿੱਖ ਦੀ ਆਵਾਜ਼ ਤਾਂ ਦੂਰ ਦੀ ਗੱਲ "ਗੁਰਮਤਿ” ਦੀ ਮਤਿ ਦੀ ਗੁਰਬਾਣੀ ਦੀ ਸੁਤੰਤਰ ਸੋਚ ਸੁਣਨੀ ਹੀ ਨਹੀਂ ਹੈ। ਤੀਜਾ ‘ਮੂੰਹ ਬੰਦ’ ਕਦੇ ਭੁੱਲ ਕੇ ਵੀ ਆਪਣਾ ਗੂੰਗਾ ਪਣ ਵੀ ਪੰਥ, ਸਿੱਖੀ ਤੇ ਕੌਮ ਦੇ ਹੱਕਾਂ ਵਿੱਚ ਮੂੰਹ ਖੋਲ ਕੇ ਬੋਲਣਾ ਹੀ ਨਹੀਂ ਹੈ। ਚਾਹੇ ‘ਪਿੰਡ ਪੰਜੋਖਰੇ ਦੇ ਸ੍ਰੀਮਾਨ ਛੱਜੂ’ ਤੇ ਕਿਰਪਾ ਕਰ ਗੁਰੂ ਨਾਨਕ ਦੇ ਰਾਜ ਦੇ ਸੱਚੇ ਪਾਤਸ਼ਾਹ ਸਤਿਗੁਰੂ ਹਰਿ ਕਿਸ਼ਨ ਸਾਹਿਬ ਜੀ ਆਪ ਗਿਆਨ, ਹੱਕ ਅਤੇ ਧਰਮ ਨਿਆਂ ਸੁਤੰਤਰਤਾ’ ਦਾ ਐਲਾਨ ਕਰਵਾ ਦੇਣ ਪਰ ‘ਗਾਂਧੀਵਾਦੀ’ ਬਣ ਚੁਕੇ ਸਿੱਖ ਲੀਡਰ ਤੇ ਸਿੱਖ ਧਰਮ ਤੋਂ ਅਜਿਹਾ ਨਹੀਂ ਕਰਵਾਇਆ ਜਾ ਸਕਦਾ! ਇਹ ਸੱਤਾ ਦੇ ਦਰ ਤੇ ਸਜਾਏ ਗਏ ਅਜਿਹੇ ਬੁੱਤ ਹਨ ਜੋ ਉਹੀ ਕਰਦੇ ਹਨ ਜੋ ਸੱਤਾ ਲਈ ਅਤੇ ਸੱਤਾ ਰਾਹੀਂ ਜਰੂਰੀ ਅਤੇ ਲੋੜੀਂਦਾ ਕਰਨ ਲਈ ਆਖਿਆ ਜਾਂਦਾ ਹੈ।
ਹੁਣ ਇਸ ਲਈ ਪੰਥ ਦੇ ਤਖ਼ਤਾਂ ਨੂੰ "ਖ਼ਾਲਸੇ ਦੇ ਬਿਬੇਕ, ਮਨੋਬਿਰਤੀ ਦੀ ਸੁਤੰਤਰਤਾ, ਜ਼ਮੀਰ ਦੀ ਅਵਾਜ਼ ਦੀ ਅਤੇ ਆਤਮਕ ਸੋਚ ਤੇ ਨਿਰਣੇ ਸ਼ਕਤੀ ਦੀ ਹਾਰ ਉਪਰੰਤ ਘੀਸੀ ਕਰਵਾਉਣ ਲਈ ‘ਤਖ਼ਤਾਂ ਨੂੰ ਇਸ ਨਿਮਿਤ ਵਰਤਿਆ’ ਜਾ ਰਿਹਾ ਹੈ। ਯਾਦਗਾਰ ਸਬੰਧੀ ਮੁੱਦਾ ਇਸੇ ਨੀਤੀ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗਿਣੀ ਮਿਥੀ ਸਾਜ਼ਸ਼ ਅਧੀਨ ਦਿੱਤਾ ਗਿਆ ਹੈ। ਅਜਿਹੀ ਪਾਲਸੀ ਤਹਿਤ "ਤਖ਼ਤਾਂ” ਦੀ ਵਰਤੋਂ ਨੂੰ ਤੁਰਤ ਰੋਕਿਆ ਜਾਣਾ ਚਾਹੀਦਾ ਹੈ। ਇਸ ਨੂੰ ਵਕਤ ਰਹਿੰਦੇ ਮੈਂ ਪੰਥ ਨੂੰ ਅਗਾਹ ਕਰਦਾ ਹਾਂ ਕਿ ਬਚ ਜਾਓ ਤੇ ਤਖ਼ਤਾਂ ਨੂੰ ਜਾਗਰੁਕ ਖ਼ਾਲਸਾ ਬਚਾ ਲਏ। ਸੱਤਾ ਦੇ ਦਲ ਗਤ ਗਲਬੇ ਦੀ ਗੁਲਾਮੀ ਹੇਠਾਂ ਆ ਚੁਕੇ ਜੱਥੇਦਾਰਾਂ ਤੋਂ ਪੰਥ ਦੇ ਭਲੇ ਅਤੇ ਖ਼ਾਲਸੇ ਦੇ ਸੁਤੰਤਰ ਨਿਰਣੇ ਦੀ ਆਸ ਰੱਖਣਾ ‘ਮ੍ਰਿਗਤ੍ਰਿਸ਼ਨਾ’ ਤੋਂ ਵੱਧ ਕੁਝ ਵੀ ਨਹੀਂ ਹੈ।
ਮੈਂ 100% ਲਿਖਤ ਗਰੰਟੀ ਨਾਲ ਕਹਿ ਰਿਹਾ ਹਾਂ ਕਿ ਸ਼ਹੀਦ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਾਮਕਰਨ ਤੋਂ ਅਤੇ ਲਿਖੇ ਇਤਿਹਾਸਕ ਪਿਛੋਕੜ ਤੋਂ ਹੁਣ ਬਣਾਈ ਜਾ ਚੁਕੀ ਯਾਦਗਾਰ ਨੂੰ ਕੋਈ ਨਹੀਂ ਬਦਲ ਸਕਦਾ ਅਤੇ ਮੁੱਦਾ ਇਸ ਦਾ ਹੈ ਵੀ ਨਹੀਂ ਹੈ। ਚਾਹੇ ਉਹ ਪੰਜਾਬ ਸਰਕਾਰ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਭਾਰਤ ਸਰਕਾਰ। ਇਹ ਲੋਕ ‘ਅੜਾਈ’ ਜਿੰਨ੍ਹਾਂ ਮਰਜ਼ੀ ਜਾਣ ਪਰ ਟਕਰਾ ਨਹੀਂ ਲੈਣਗੇ। ਇਹ ਆਪਣੇ ਮੋਢਿਆਂ ਤੇ ਕੋਈ ਜਿੰਮੇਵਾਰੀ ਲੈਣਾ ਤੇ ਚੁੱਕਣਾ ਹੀ ਨਹੀਂ ਚਾਹੁੰਦੇ ਇਸ ਲਈ ਸਭ ਕੁਝ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਕੇ ਪਾਸੇ ਹੋ ਜਾਣਾ ਚਾਹੁੰਦੇ ਹਨ ਤੇ ਹੋ ਗਏ ਹਨ। ਲਿਆਕਤ ਜਾਂ ਸਿਆਣਪ ਜਾਂ ਨੀਤੀਵਾਨਤਾ ਤੋਂ ਸੱਖਣੇ ਸਿਆਸੀ ਸੱਤਾ ਹੰਢਾਉਣ ਵਾਲਿਆਂ ਦੀ ਇਹ ਜਿੰਮੇਵਾਰੀ ਤੋਂ ਭਗੌੜੇ ਹੋਣ ਵਾਲੀ ਲੀਡਰਸ਼ਿਪ ਦੀ ਨਾਮਰਦਗੀ ਦੀ ਨਿਸ਼ਾਨੀ ਹੈ।
ਮੇਰੀ ਰਾਏ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਸਲੇ ਵਿੱਚ ਇਸ ਕਰਕੇ ਨਹੀਂ ਪੈਣਾ ਚਾਹੀਦਾ ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਕੀਤੇ ਗਏ ਮਤੇ ਦਾ ਅਧਿਕਾਰ ਖੇਤਰ ਹੈ ਤੇ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਉਸ ਪਾਸ ਵਾਪਸ ਭੇਜ ਦੇਣਾ ਚਾਹੀਦਾ ਹੈ ਕਿ ਉਹ ਖੁਦ ਬਣਦੀ ਆਪਣੀ ਜਿੰਮੇਵਾਰੀ ਅਦਾ ਕਰੇ। ਇਸ ਤੋਂ ਸੰਤ ਸਮਾਜ ਅਤੇ ਸ. ਧੁੰਮਾਂ ਜੀ ਨੂੰ ਅਗਾਹ ਕਰ ਦੇਣਾ ਚਾਹੀਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਜਿੰਮੇਵਾਰੀ ਜੂਨ 84 ਦੇ ਹਮਲੇ ਨਿਮਿਤ ਬਣਦੀ ਹੈ ਉਹ ਇਹ ਹੈ ਕਿ ਸ੍ਰੀ ਤਖ਼ਤ ਸਾਹਿਬ ਉਪਰ ਖੜ੍ਹ ਕੇ, ਸ੍ਰੀ ਤਖ਼ਤ ਸਾਹਿਬ ਦੇ ਜੱਥੇਦਾਰ ਤੋਂ ਅਰਦਾਸਾਂ ਸੁਧਵਾ ਕੇ ਅਤੇ ਸ੍ਰੀ ਤਖ਼ਤ ਸਾਹਿਬ ਤੇ ਜਿਹੜੇ ਸਿੱਖ ਲੀਡਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਸ਼ਹੀਦੀ ਜਾਂ ਅਨੰਦਪੁਰ ਸਾਹਿਬ ਦਾ ਮਤਾ ਹਾਸਲ ਕਰਨ ਦੀ ਅਰਦਾਸ ਕੀਤੀ ਸੀ ਉਨ੍ਹਾਂ ਅਰਦਾਸ ਤੋਂ ਭਗੌੜਿਆਂ ਨੂੰ ਪੰਥਕ ਕਟਹਿਰੇ ਵਿੱਚ ਖੜਾ ਕਰਕੇ ਕੌਮ, ਪੰਥ ਤੇ ਸ਼ਹੀਦਾਂ ਨਾਲ ਇਨਸਾਫ਼ ਕਰਵਾਉਣ। ਜਿੰਨ੍ਹਾਂ ਮਰਜੀਵੜੇ ਜੱਥੇ ਭਰਤੀ ਕੀਤੇ ਸਨ ਅਤੇ ਸ਼ਹੀਦੀ ਜੱਥੇ ਤੋਰੇ ਸਨ ਉਨ੍ਹਾਂ ਨੂੰ ਵਾਰੋ ਵਾਰੀ ਤਲਬ ਕਰਕੇ ਉਨ੍ਹਾਂ ਦੀਆਂ ਕੀਤੀਆਂ ਅਰਦਾਸਾਂ ਅਤੇ ਪੰਥ ਨੂੰ ਦਿੱਤੇ ਕੌਲ ਇਕਰਾਰਾਂ ਤੇ ਸ੍ਰੀ ਤਖ਼ਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿੱਚ ਪਾ ਕੇ ਦਿੱਤੇ ਵਿਸ਼ਵਾਸ ਰਾਹੀਂ ਲਾਏ ਧਰਮ ਯੁੱਧ ਮੋਰਚੇ ਨੂੰ ਅਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਕਿਉਂ ਅੱਖੋਂ ਪਰੋਖੇ ਕਰਕੇ, ਪੰਜਾਬ ਵਿੱਚ ਤਿੰਨ ਵਾਰ ਸਰਕਾਰਾਂ ਬਣਾ ਕੇ ਅਤੇ ਹੁਣ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਰਹਿ ਕੇ ਕਿਉਂ ਮੁਕਾ ਦਿੱਤਾ ਗਿਆ ਹੈ ? ਇਸ ਦੀ ਪੁੱਛ ਪੜਤਾਲ ਅਤੇ ਇਸ ਨਿਮਿਤ ਦਖਲ ਦੇ ਕੇ ਇਸ ਨੂੰ ਪੂਰਾ ਕਰਾਉਣ ਲਈ ਬਣਦੀ ਆਪਣੀ ਪੰਥਕ ਗੁਰੂ ਵਰੋਸਾਈ "ਗੁਰੂ ਗ੍ਰੰਥ–ਗੁਰੂ ਪੰਥ ਸਾਹਿਬ ਜੀ’ ਨਿਮਿਤ ਬਣਦੀ ਜਿੰਮੇਵਾਰੀ, ਮਰਿਆਦਾ ਅਤੇ ਅਰਦਾਸ ਨੂੰ ਪੂਰਾ ਕਰਨ ਅਤੇ ਕਰਾਉਣ। ਬਾਕੀ ਸਭ ਮਸਲੇ ਅਤੇ ਗੱਲਾਂ ਨਿਗੂਣੀਆਂ ਹਨ।
ਗਾਂਧੀ ਵਾਦੀ ਸੋਚ ਅਤੇ ਮਨੋਬਿਰਤੀ ਵਿੱਚ ਲਿਬੜੀ ਸਿੱਖ ਮਾਨਸਿਕਤਾ ਇਹ ਕਰਨ ਯੋਗ ਕੀ ਕੰਮ ਕਰੇਗੀ ਜਾਂ ਹਮੇਸ਼ਾਂ ਹੀ ਆਪਣੇ ਆਪ ਹੀ ਸੌ ਗੰਡੇ ਤੇ ਸੌ ……ਖਾ ਕੇ ਵੀ ਵਕਤ ਦੀ ਸਤਾ ਨਾਲ ਨਿਭਣ ਲਈ ਉਸੇ ਨੂੰ ਹੀ ਮਾਈ ਬਾਪ ਕਹਿ ਕੇ ਉਸ ਅੱਗੇ ਡੰਡੌਤ ਕਰਦੀ ਰਹੇਗੀ ? ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫੈਸਲਾ ਇਹੋ ਕਰਨਾ ਹੈ । ਹੁਣ ਮੁੱਦਾ ਯਾਦਗਾਰ ਦੇ ਨਾਮਕਰਨ ਦਾ ਉੱਕਾ ਹੀ ਨਹੀਂ ਹੈ । ਇਸ ਲਈ ਦਿੱਤੇ ਮੰਗ ਪੱਤਰ ਨੂੰ ਵਾਪਸ ਭੇਜ ਕੇ ਇਸ ਅਰਦਾਸਾਂ ਸੋਧ ਕੇ "ਅਨੰਦਪੁਰ ਸਾਹਿਬ ਦੇ ਮਤੇ” ਲਈ ਅਰੰਭ ਕੀਤੇ ਧਰਮ ਯੁੱਧ ਮੋਰਚੇ ਦੇ ਭੋਗ ਪਾ ਦੇਣ ਦੇ ਮੁੱਦੇ ਨੂੰ ਹੱਥ ਵਿੱਚ ਲੈਣਾ ਚਾਹੀਦਾ ਹੈ। ਕੀ ਪੰਥ ਸੁਚੇਤ ਹੈ ਕਿ ਜੇ ਸਾਡਾ ਅਕਾਲ ਤਖ਼ਤ ਸਾਹਿਬ ਵੀ ਇੰਝ ਨਾ ਕਰੇ ਤਾਂ ਫਿਰ ਪੰਥ ਵੀ ਕੁਝ ਕਰ ਸਕਦਾ ਹੈ ! ਜੀ ਹਾਂ ਫਿਰ ਪੰਥ ਨੂੰ ਆਪ ਅੱਗੇ ਆ ਹੀ ਜਾਣਾਂ ਚਾਹੀਦਾ ਹੈ। ਮੈਨੂੰ ਤਾਂ 29 ਸਾਲ ਹੋ ਗਏ ਹਨ ਇਹ ਬੇਨਤੀਆਂ ਕਰਦੇ ਹੋਏ……ਕੋਈ ਜਾਗਦੀ ਰੂਹ ਨਹੀਂ ਮਿਲੀ .