ਸੁਣਿ ਪੰਡਿਤ ਕਰਮਾਕਾਰੀ॥(ਭਾਗ2)
ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ॥
ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ॥
ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿ ਨ ਜਾਇ॥ ੬॥
ਸ਼ਬਦ ਅਰਥ:- ਤਾਗੋ: ਧਾਗਾ। ਤਾਗੋ ਸੂਤ ਕੋ: ਸੂਤ ਵਾਂਙ ਕੱਚਾ ਧਾਗਾ, ਨਾਸ਼ਮਾਨ। ਦਹ ਦਿਸ: ਦੱਸਾਂ ਦਿਸ਼ਾਵਾਂ ਵਿੱਚ, ਸੱਭ ਪਾਸੇ। ਬਾਧੋ: ਬੰਨ੍ਹਿਆ ਹੋਇਆ। ਮਾਇ: ਮਾਇਆ, ਅਗਿਆਨਤਾ। ਗਾਠਿ ਨ ਛੂਟਈ: ਮਾਇਆ ਦੇ ਬੰਧਨ ਤੋਂ ਛੁਟਕਾਰਾ ਨਹੀਂ ਮਿਲਣਾ। ਥਾਕੇ: ਥੱਕ-ਹਾਰ ਗਏ। ਕਰਮ ਕਮਾਇ: ਧਰਮ-ਕਰਮ/ਕਰਮਕਾਂਡ ਕਰ ਕਰ ਕੇ। ਜਗੁ: ਲੋਕ। ੬।
ਭਾਵ ਅਰਥ:- ਹੇ ਭਾਈ (ਪੰਡਿਤ)! ਇਹ ਜਗਤ ਤੇ ਜਗਤ ਦੇ ਲੋਕ ਸੂਤ ਦੇ ਧਾਗੇ ਦੀ ਤਰ੍ਹਾਂ ਨਾਸ਼ਮਾਨ ਹਨ। ਸੱਭ ਪਾਸੇ ਲੋਕ (ਨਾਮ ਵਿਸਾਰ ਕੇ) ਮੋਹ-ਮਾਇਆ ਦੇ ਬੰਧਨ ਵਿੱਚ ਬੰਨ੍ਹੇ ਹੋਏ ਹਨ। ਹੇ ਭਾਈ! ਮਾਇਆ-ਮੂਠੇ ਪੁਜਾਰੀ ਕਰਮਕਾਂਡ ਕਰ ਕਰ ਕੇ ਹਾਰ ਗਏ (ਪਰ ਕਿਸੇ ਦਾ ਵੀ ਉੱਧਾਰ ਨਹੀਂ ਹੋਇਆ ਕਿਉਂਕਿ) ਆਤਮ-ਗਿਆਨ ਤੋਂ ਬਿਨਾਂ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਹੇ ਪੰਡਿਤ! (ਕਰਮਕਾਂਡੀ ਪੁਜਾਰੀ) ਤੂੰ ਮਾਇਆ ਦੇ ਮੋਹ ਕਾਰਣ ਕਰਮਕਾਂਡਾਂ ਵਿੱਚ ਇਤਨਾ ਭਟਕ ਗਿਆ ਹੈਂ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ੬।
ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ॥
ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ॥
ਗੁਰੁ ਅੰਕੁਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ॥ ੭॥
ਸ਼ਬਦ ਅਰਥ:- ਭਉ: ਡਰ-ਭੈ। ਭੈ ਮਰਣਾ: ਪ੍ਰਭੂ ਦੇ ਡਰ-ਭੈ ਵਿੱਚ ਰਹਿੰਦਿਆਂ ਮਨ ਨੂੰ ਵਿਕਾਰਾਂ ਵੱਲੋਂ ਮਾਰਨਾ। ਸਚੁ ਲੇਖ: ਪਵਿੱਤਰ ਨੇਕ ਕਰਮ। ਮਜਨੁ: ਤੀਰਥ-ਇਸ਼ਨਾਨ, ਤੀਰਥਾਂ ਦੇ ਪਾਣੀਆਂ ਵਿੱਚ ਡੁਬਕੀਆਂ ਲਾਉਣਾ। ਦਾਨੁ: ਧਰਮ ਦੇ ਨਾਮ `ਤੇ ਦੇਣਾ। ਚੰਗਿਆਈਆ: ਨੇਕੀ ਦੇ ਕੰਮ, ਚੰਗੇ ਸਮਝੇ ਜਾਂਦੇ ਦਿਖਾਵੇ ਦੇ ਕੰਮ। ਦਰਗਹ: ਰੱਬ ਦਾ ਦਰਬਾਰ, ਸਤਿਸੰਗ। ਵਿਸੇਖੁ: ਖ਼ਾਸ, ਚੰਗਾ। ਅੰਕੁਸੁ: ਹਾਥੀ ਨੂੰ ਕਾਬੂ ਵਿੱਚ ਰੱਖਣ ਵਾਲਾ ਸੂਆ। ਜਿਨਿ: ਜਿਨ੍ਹਾਂ/ਜਿਸ ਨੇ। ਦ੍ਰਿੜਾਇਆ: ਪੱਕਾ ਵਿਸ਼ਵਾਸ ਕੀਤਾ। ਚੂਕਾ ਭੇਖੁ: ਦਿਖਾਵੇ ਦੇ ਧਾਰਮਿਕ ਭੇਖਾਂ ਦੀ ਲੋੜ ਨਹੀਂ ਰਹਿੰਦੀ। ੭।
ਭਾਵ ਅਰਥ:- ਹੇ ਭਾਈ! ਜਿਸ ਨੂੰ ਗਿਆਨ-ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦੇ ਮਨ ਵਿੱਚ ਰੱਬ ਦਾ ਡਰ ਵੱਸ ਜਾਂਦਾ ਹੈ। ਇਸ ਰੱਬੀ ਡਰ ਸਦਕਾ ਮਨੁੱਖ ਦਾ ਮਨ ਵਿਕਾਰਾਂ ਵੱਲੋਂ ਮਰ ਜਾਂਦਾ ਹੈ ਤੇ ਉਹ ਪੁੰਨ ਕਰਮ ਕਰਦਾ ਹੈ। ਹੇ ਭਾਈ! (ਦਿਖਾਵੇ ਦੇ) ਤੀਰਥ-ਇਸ਼ਨਾਨ, ਇਸ਼ਟ ਦੇ ਨਾਮ `ਤੇ ਦਾਨ ਅਤੇ ਚੰਗੇ ਸਮਝੇ ਜਾਂਦੇ ਦਿਖਾਵੇ ਦੇ ਕਰਮ ਕਿਸੇ ਅਰਥ ਨਹੀਂ ਹਨ। ਰੱਬ ਦੇ ਦਰਬਾਰ ਵਿੱਚ ਪ੍ਰਵਾਨ ਹੋਣ ਲਈ ਸਿਰਫ਼ ਨਾਮ ਹੀ ਸਾਰਥਕ ਸਾਧਨ ਹੈ। ਹੇ ਭਾਈ! ਜਿਸ ਨੇ ਗਿਆਨ-ਗੁਰੂ ਦੇ ਸੂਏ (ਅੰਕੁਸ਼) ਨਾਲ ਆਪਣੇ ਮਨ-ਹਾਥੀ ਨੂੰ ਕਾਬੂ ਕਰ ਕੇ ਨਾਮ ਵਿੱਚ ਪੱਕਾ ਯਕੀਨ ਬਣਾ ਲਿਆ, ਉਸ ਦੇ ਹਿਰਦੇ ਘਰ ਵਿੱਚ ਪ੍ਰਭੂ ਆ ਵੱਸਦਾ ਹੈ ਤੇ ਉਸ ਨੂੰ ਦਿਖਾਵੇ ਦੇ ਬਾਹਰੀ ਭੇਖਾਂ ਦੀ ਲੋੜ ਨਹੀਂ ਰਹਿੰਦੀ। ੭।
ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ॥
ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ॥
ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ॥ ੮॥
ਸ਼ਬਦ ਅਰਥ:- ਹਾਟੁ: ਦੁਕਾਨ, ਹੱਟੀ। ਸਰਾਫ: ਕਰਤਾਰ, ਸਿਰਜਨਹਾਰ। ਵਖਰੁ: ਹੱਟੀ ਉੱਤੇ ਖ਼ਰੀਦ ਓ ਫ਼ਰੋਖ਼ਤ ਕੀਤਾ ਜਾਂਦਾ ਸਮਾਨ/ਸੌਦਾ। ਅਪਾਰੁ: ਬੇਅੰਤ, ਅਸੀਮ। ਦ੍ਰਿੜੈ: ਯਕੀਨ/ਨਿਸ਼ਚਾ ਕਰਨਾ/ਕਰਾਉਣਾ। ਗੁਰ ਸਬਦਿ ਕਰੇ ਵੀਚਾਰੁ॥ : ਗਿਆਨ-ਗੁਰੂ ਦੀ ਸਿੱਖਿਆ ਨੂੰ ਵਿਚਾਰ ਕੇ ਉਸ ਦੀ ਪਾਲਣਾ ਕਰਦਾ ਹੈ। ਧਨੁ: ਮੁਬਾਰਿਕ, ਸਲਾਹੁਨਯੋਗ। ਮੇਲਿ: ਸ਼੍ਰੱਧਾਲੂਆਂ ਦੇ ਇਕੱਠ ਵਿੱਚ, ਸਤਿਸੰਗ ਵਿੱਚ। ੮।
ਭਾਵ ਅਰਥ:- ਹੇ ਭਾਈ! ਇਹ ਮਨੁੱਖਾ ਸਰੀਰ ਸਿਰਜਨਹਾਰ ਪ੍ਰਭੂ ਦੀ ਬਖ਼ਸ਼ੀ ਹੋਈ ਹੱਟੀ ਹੈ ਜਿਸ ਵਿੱਚ ਮਨੁੱਖ ਨੇ ਬੇਅੰਤ ਕਰਤਾਰ ਦੇ ਨਾਮ ਦਾ ਵਪਾਰ ਹੀ ਕਰਨਾ ਹੈ। ਨਾਮ ਰੂਪੀ ਸੌਦੇ ਦਾ ਵਪਾਰ ਉਹ ਮਨੁੱਖ ਹੀ ਦ੍ਰਿੜ ਨਿਸ਼ਚੇ ਨਾਲ ਕਰਦਾ ਹੈ ਜਿਹੜਾ ਗਿਆਨ-ਗੁਰੂ ਦੀ ਸਿੱਖਿਆ ਨੂੰ ਬਿਬੇਕ ਨਾਲ ਬਿਚਾਰ ਕੇ ਉਸ ਦਾ ਪਾਲਣ ਕਰਦਾ ਹੈ। ਹੇ ਭਾਈ! ਉਹ ਵਣਜਾਰਾ ਭਾਗਾਂ ਵਾਲਾ ਹੈ ਜਿਹੜਾ ਸਤਿਸੰਗ ਵਿੱਚ ਬੈਠ ਕੇ ਹਰਿਨਾਮ ਦਾ ਵਣਜ ਕਰਦਾ ਹੈ। ੮।
ਉਪਰ ਵਿਚਾਰਿਆ ਸ਼ਬਦ ਭਾਵੇਂ ਮੰਦਰ ਦੇ ਪੰਡਿਤ/ਭਾਈ/ਪੁਜਾਰੀ ਨੂੰ ਸੰਬੋਧਿਤ ਹੋ ਕੇ ਲਿਖਿਆ ਗਿਆ ਹੈ, ਪਰ ਇਸ ਵਿੱਚ ਦਿੱਤੀ ਗਈ ਅਧਿਆਤਮਿਕ ਸਿੱਖਿਆ ਹਰ ਸੰਪਰਦਾਈ ਧਰਮ ਦੇ ਪਾਖੰਡੀ ਪੁਜਾਰੀ ਉੱਤੇ ਲਾਗੂ ਹੁੰਦੀ ਹੈ। ਪਾਠਕ ਸੱਜਨੋਂ! ‘ਸਿੱਖ ਫ਼ਿਰਕੇ’ ਦੇ ਧਰਮ (ਜਿਸ ਨੂੰ ਅੱਜ ਕੱਲ ਸਿੱਖੀ, ਸਿੱਖ ਧਰਮ ਜਾਂ ਖ਼ਾਲਸਾ ਧਰਮ ਕਿਹਾ ਜਾਂਦਾ ਹੈ) ਦੇ ਧਰਮ-ਸਥਾਨਾਂ ਦੇ ਭਾਈ/ਪੁਜਾਰੀ ਨੂੰ ਇਸ ਸ਼ਬਦ ਵਿੱਚ ਦ੍ਰਿੜਾਏ ਗਏ ਪਵਿੱਤਰ ਸਿੱਧਾਂਤਾਂ ਦੀ ਕਸੌਟੀ ਉੱਤੇ ਪਰਖਿਆਂ, ਇਕ-ਅੱਧੇ ਨੂੰ ਛੱਡ ਕੇ, ਸ਼ਾਇਦ ਹੀ ਕੋਈ ਗੁਰਮਤਿ ਪ੍ਰਤਿ ਸੁਹਿਰਦ ਸਾਬਤ ਹੋਵੇ!
(ਨੋਟ:- ਭਾਈ: ਪੁਰਾਣੇ ਸਮਿਆਂ ਵਿੱਚ ਧਰਮਸ਼ਾਲਾ (ਜਿਸ ਨੂੰ ਹੁਣ ਗੁਰੂਦਵਾਰੇ ਦਾ ਨਾਮ ਦੇ ਦਿੱਤਾ ਗਿਆ ਹੈ) ਵਿੱਚ ਗੁਰੂ ਗ੍ਰੰਥ ਦਾ ਸੱਚੀ ਸ਼੍ਰੱਧਾ ਤੇ ਸਮਝ ਨਾਲ ਪਾਠ ਕਰਨ, ਗੁਰਬਾਣੀ ਦੇ ਆਧਾਰ `ਤੇ ਗੁਰੁਬਾਣੀ ਦਾ ਸੱਚਾ ਵਖਿਆਨ ਕਰਨ ਅਤੇ ਧਰਮਸ਼ਾਲਾ ਦੀ ਸਾਫ਼-ਸਫ਼ਾਈ ਦੀ ਹੱਥੀਂ ਸੇਵਾ ਨਿਭਾਉਣ ਵਾਲੇ ਗਿਆਨਵਾਨ, ਨਿਸ਼ਕਾਮ ਤੇ ਸੱਚੇ ਸਤਿਕਾਰ ਦੇ ਹੱਕਦਾਰ ਭੱਦਰ ਪੁਰਸ਼ ਨੂੰ ਧਰਮਸ਼ਾਲੀਆ ਜਾਂ ਭਾਈ ਕਿਹਾ ਜਾਂਦਾ ਸੀ। ਨਿਮਨ ਲਿਖਿਤ ਸਤਰਾਂ ਵਿੱਚ, ਗਿਆਨਵਾਨ ਹੋਣ ਦਾ ਭ੍ਰਮ ਪਾਲੀ ਬੈਠੇ ਅੱਜਕਲ ਦੇ ਮਾਇਆਧਾਰੀ, ਕਾਮਚੋਰ ਚੁੰਚਗਿਆਨੀ ਭਾਈਆਂ ਦੀ ਗੁਰਮਤਿ-ਵਿਰੋਧੀ ਕਰਣੀ ਤੇ ਕਿਰਦਾਰ ਉੱਤੇ ਟਿੱਪਣੀ ਕੀਤੀ ਗਈ ਹੈ। ਅੱਜ ਕੱਲ ਦੇ ਭਾਈ, ਪੁਜਾਰੀ, ਗ੍ਰੰਥੀ, ਪਾਠੀ, ਰਾਗੀ, ਕਥਾਵਾਚਕ, ਅਰਦਾਸੀਏ ਤੇ ਪ੍ਰਚਾਰਕ ਆਦਿਕ ਸਾਰਿਆਂ ਦਾ, ਕੁੱਝ ਇੱਕ ਨੂੰ ਛੱਡ ਕੇ, ਇੱਕੋ ਹੀ ਕਿਰਦਾਰ ਤੇ ਕਰਣੀ ਹੈ।)
ਗੁਰੁਸਿੱਧਾਂਤ: ਮਾਇਆ, ਮਾਇਆ ਦਾ ਮੋਹ, ਇਸ ਮੋਹ ਦੇ ਪ੍ਰਭਾਵ ਹੇਠ ਉਪਜੀਆਂ ਮਨੋਕਾਮਨਾਵਾਂ ਅਤੇ ਇਨ੍ਹਾਂ ਕਾਮਨਾਵਾਂ ਦੀ ਪੂਰਤੀ ਵਾਸਤੇ ਕੀਤੇ/ਕਰਵਾਏ ਜਾਂਦੇ ਦਿਖਾਵੇ ਦੇ ਧਰਮ-ਕਰਮ ਅਥਵਾ ਕਰਮਕਾਂਡ ਸੱਭ ਨਿਸ਼ਫਲ ਹਨ।
ਭਾਈ/ਪੁਜਾਰੀ: ਮਾਇਆਧਾਰੀ ਭਾਈ/ਪੁਜਾਰੀ ਸ਼੍ਰੱਧਾਲੂਆਂ ਨੂੰ ਮਾਇਆ ਦਾ ਲਾਲਚ ਦੇ ਕੇ ਉਨ੍ਹਾਂ ਅੰਦਰ ਮਨੋਕਾਮਨਾਵਾਂ ਉਤੇਜਤ ਕਰਦਾ ਹੈ ਤੇ ਫੇਰ ਮਨੋਕਾਮਨਾਵਾਂ ਦੀ ਪੂਰਤੀ ਲਈ ਉਨ੍ਹਾਂ ਨੂੰ, ਗੁਰੂ ਵੱਲੋਂ ਬੇਮੁਖ ਕਰਕੇ, ਕਰਮਕਾਂਡ ਦੇ ਰਾਹ ਤੋਰਦਾ ਤੇ ਲੁੱਟਦਾ ਹੈ। ਲੋਕਾਂ ਤੋਂ ਮਾਇਆ ਬਟੋਰਨ ਲਈ ਬਗੁਲੇ ਵਾਂਙ ਅੱਖਾਂ ਮੀਟ ਕੇ ਕਰਮਕਾਂਡੀ ਅਰਦਾਸ ਕਰਦਿਆਂ ਉਹ ਕਹਿੰਦਾ ਹੈ, "ਮਨ ਦੀਆਂ ਮੁਰਾਦਾਂ ਪੂਰੀਆਂ ਹੋਣ…, ਖਜਾਨੇ ਭਰਪੂਰ ਹੋਣ…, ਕਾਰੋਬਾਰ ਵਿੱਚ ਵਾਧਾ ਹੋਵੇ…"।
ਗੁਰੁਸਿੱਧਾਂਤ: ਲੋਭ-ਲਾਲਚ ਦੇ ਪ੍ਰਭਾਵ ਹੇਠ, ਝੂਠ ਬੋਲ ਕੇ ਤੇ ਦੰਭ-ਕਪਟ ਕਰਕੇ ਸ਼੍ਰੱਧਾਲੂਆਂ ਤੋਂ ਠੱਗੀ ਮਾਇਆ ਹਰਾਮ ਖਾਣ (ਦੂਜਿਆਂ ਦਾ ਖ਼ੂਨ ਪੀਣ) ਦੇ ਬਰਾਬਰ ਹੈ।
ਭਾਈ/ਪੁਜਾਰੀ: ਕਿਰਤ ਤੋਂ ਭਗੌੜਾ ਹੋ ਚੁੱਕੇ "ਧਾਣਕ ਰੂਪਿ" ਪੁਜਾਰੀ ਦਾ ਮਨ-ਭਾਉਂਦਾ ਖਾਜਾ ਹੀ ਮੁਰਦਾਰ (ਹਰਮ ਦੀ ਕਮਾਈ) ਹੈ; ਖ਼ੂਨ-ਪਸੀਨੇ ਦੀ ਕਮਾਈ ਉਸ ਨੂੰ ਕੌੜੀ ਲੱਗਦੀ ਹੈ।
ਗੁਰੁਸਿੱਧਾਂਤ: ਨਾਮ ਵਿਸਾਰ ਕੇ ਪਾਖੰਡ ਤੇ ਕਪਟ ਨਾਲ ਮਾਇਆ ਠੱਗਣ ਲਈ ਲੋਕਾਂ ਸਾਹਮਨੇ ਕੀਤੇ ਗਏ ਗ੍ਰੰਥਾਂ ਦੇ ਵਖਿਆਨ ਬਗੁਲੇ ਦੀ ਬਕ-ਬਕ ਤੋਂ ਵੱਧ ਕੁੱਛ ਨਹੀਂ। ਮਾਇਆ ਦੀ ਖ਼ਾਤਿਰ ਛਲ-ਕਪਟ ਕਰਨ ਨਾਲ ਮਨ ਉੱਤੇ ਚੜ੍ਹੀ ਵਿਕਾਰਾਂ ਦੀ ਮੈਲ ਨਹੀਂ ਉਤਰਦੀ।
ਭਾਈ/ਪੁਜਾਰੀ: ਮਾਇਆ-ਮੂਠੇ ਵਿਕਾਰ-ਗ੍ਰਸਤ ਭ੍ਰਮਗਿਆਨੀ ਭਾਈ ਦਾ ਮਨੋਰਥ ਮਨ ਦੀ ਮੈਲ ਉਤਾਰਨਾ ਨਹੀਂ ਸਗੋਂ, ਬਗੁਲੇ ਵਾਂਙ ਬਕਬਾਦ ਕਰਕੇ ਲੋਕਾਂ ਨੂੰ ਛਲ-ਕਪਟ ਨਾਲ ਠੱਗਣਾ ਹੈ।
ਗੁਰੁਸਿੱਧਾਂਤ: ਹਰਿਨਾਮ-ਸਿਮਰਨ ਦੀ ਬਰਕਤ ਵਿੱਚ ਪੱਕਾ ਨਿਸ਼ਚਾ ਰੱਖਣ ਵਾਲੇ ਭਾਈ/ਪੁਜਾਰੀ ਨੂੰ ਕਿਸੇ ਬਾਹਰੀ ਭੇਖ ਦੀ ਲੋੜ ਨਹੀਂ ਰਹਿੰਦੀ। ਭੇਖ ਸਿਰਫ਼ ਤੇ ਸਿਰਫ਼ ਨਾਮ-ਵਿਹੂਣੇ ਕੂੜਿਆਰ ਪਾਖੰਡੀ ਹੀ ਕਰਦੇ ਹਨ!
ਭਾਈ/ਪੁਜਾਰੀ: ਸੱਚੀ ਪ੍ਰਭੂ-ਭਗਤੀ ਤਿਆਗ ਕੇ ਉਹ ਭੇਖਾਂ, ਚਿੰਨ੍ਹਾਂ ਤੇ ਰੰਗਾਂ-ਰੂਪਾਂ ਆਦਿ ਦਾ ਕੱਟੜ ਉਪਾਸ਼ਕ ਬਣ ਚੁੱਕਿਆ ਹੈ। ਪੂਜਾ ਦਾ ਧਾਨ ਖਾ ਖਾ ਕੇ ਪਾਲੇ, ਰੰਗ-ਬਰੰਗੇ ਭੇਖਾਂ ਤੇ ਚਿੰਨ੍ਹਾਂ ਨਾਲ ਸ਼ਿੰਗਾਰੇ ਆਪਣੇ ਭੱਦੇ ਸਰੀਰ ਦੀ ਭ੍ਰਮਾਊ ਦਿੱਖ ਨਾਲ ‘ਸੰਗਤਾਂ’ ਨੂੰ ਮੁਗਧ ਕਰ ਕੇ ਠੱਗਣਾ ਹੀ ਉਸ ਦੇ ਜੀਵਨ ਦਾ ਇੱਕੋ ਇੱਕ ਮਕਸਦ ਹੈ।
ਗੁਰੁਸਿੱਧਾਂਤ: ਤੀਰਥਾਂ ਦੇ ਅੰਮ੍ਰਿਤ ਕਹੇ ਜਾਂਦੇ ਪਾਣੀਆਂ ਵਿੱਚ ਡੁਬਕੀਆਂ ਲਾਉਣ, ਰੱਬ, ਗੁਰੂ ਜਾਂ ਧਰਮ ਦੇ ਨਾਮ `ਤੇ ਦਾਨ ਦੇਣ/ਲੈਣ ਅਤੇ ਦਿਖਾਵੇ ਦੇ ਹੋਰ ਚੰਗੇ ਕੰਮ ਕਰਨ ਦਾ ਮਨ/ਆਤਮਾ ਨੂੰ ਕੋਈ ਲਾਭ ਨਹੀਂ ਹੁੰਦਾ।
ਭਾਈ/ਪੁਜਾਰੀ: "ਹਰਿ ਅੰਮ੍ਰਿਤ" ਪ੍ਰਤਿ ਅਰੁਚੀ ਰੱਖਣ ਵਾਲੇ ਭਾਈ ਨੇ ‘ਗੁਰੂ ਕੀਆਂ ਸੰਗਤਾਂ’ ਨੂੰ ਵੀ "ਨਾਮ ਅੰਮ੍ਰਿਤ" ਨਾਲੋਂ ਵੱਖ ਕਰਕੇ ‘ਤੀਰਥਾਂ’ ਦੇ ਅੰਮ੍ਰਿਤ ਕਹੇ ਜਾਂਦੇ ਪਾਣੀਆਂ ਵਿੱਚ ਡੱਡੂ ਡੁਬਕੀਆਂ ਲਾਉਣ, ਧਰਮ ਦੇ ਨਾਮ `ਤੇ ਦਾਨ ਦੇਣ ਅਤੇ ਹਉਮੈਂ ਦਾ ਵਿਕਾਰ ਪੈਦਾ ਕਰਨ ਵਾਲੇ ਦਿਖਾਵੇ ਦੇ ਧਰਮ-ਕਰਮ ਕਰਨ ਦੇ ਅਧਾਰਮਿਕ ਰਾਹ `ਤੇ ਤੋਰ ਰੱਖਿਆ ਹੈ।
ਗੁਰੁਸਿੱਧਾਂਤ: ਸਦੀਵੀ ਸੁੱਖ ਗਿਆਨ-ਗੁਰੂ ਦੀ ਸਿੱਖਿਆ `ਤੇ ਚਲਦਿਆਂ ਕਰਤਾਰ ਦੇ ਦੈਵੀ ਗੁਣ ਵਿਚਾਰ ਕੇ ਉਨ੍ਹਾਂ ਗੁਣਾਂ ਨੂੰ ਧਾਰਨ ਕਰਨ ਨਾਲ ਹੀ ਮਿਲਦਾ ਹੈ। ਨਾਮ ਵਿਹੂਣੇ ਆਤਮਿਕ ਮੌਤੇ ਮਰਦੇ ਹਨ।
ਭਾਈ/ਪੁਜਾਰੀ: ਗਿਆਨ ਦੇ ਸੋਮੇਂ ਗੁਰੂ (ਗ੍ਰੰਥ) ਦੀ, ਮੂਰਤੀ ਵਾਂਙ, ਸਿਰਫ਼ ਪੂਜਾ ਹੀ ਕਰਦਾ ਹੈ, ਰੱਬ ਦਾ ਕੋਈ ਡਰ ਨਹੀਂ ਅਤੇ ਆਤਮਿਕ ਮੌਤ ਦਾ ਕੋਈ ਅੰਦੇਸ਼ਾ ਨਹੀਂ, ਇਸ ਲਈ ਦੈਵੀ ਗੁਣਾਂ ਦੇ ਵਿਚਾਰਨ ਦੀ ਲੋੜ ਮਹਿਸੂਸ ਹੀ ਨਹੀਂ ਕੀਤੀ ਜਾਂਦੀ। ਅਤੇ ਆਤਮਿਕ ਮੌਤੇ ਮਰ ਚੁੱਕੇ, ਸੰਸਾਰਕ ਤੇ ਸਰੀਰਕ ਸੁੱਖਾਂ ਵਿੱਚ ਮਸਤ ਪੁਜਾਰੀ ਨੂੰ ਆਤਮਿਕ ਸੁੱਖ ਦੀ ਲੋੜ ਹੀ ਨਹੀਂ ਰਹੀ!
ਗੁਰੁਸਿੱਧਾਂਤ: ਸਿਰਜਨਹਾਰ ਕਰਤਾਰ ਨੇ ਮਨੁੱਖਾ ਸਰੀਰ ਹਰਿਨਾਮ ਦਾ ਵਣਜ ਕਰਨ ਲਈ ਘੜਿਆ ਹੈ। ਨਾਮ ਦਾ ਵਾਪਾਰ ਕਰਨ ਲਈ ਸੱਚੀ ਸੰਗਤ ਵਿੱਚ ਬੈਠ ਕੇ ਕੇਵਲ ਗੁਰੁਸਬਦੁ ਦੀ ਵਿਚਾਰ ਹੀ ਕਰਨੀ ਹੈ।
ਭਾਈ/ਪੁਜਾਰੀ: ਮਾਇਆ ਦਾ ਵਣਜ ਕਰਨ ਵਿੱਚ ਇਤਨਾ ਮਗਨ ਹੈ ਕਿ ਉਸ ਨੂੰ ਹਰਿਨਾਮ ਦਾ ਵਣਜ ਕਰਨ ਦੀ ਨਾ ਤਾਂ ਰੁਚੀ ਰਹੀ ਹੈ ਅਤੇ ਨਾ ਹੀ ਵਿਹਲ! ਮਾਇਆ-ਦਾਸ ਪੁਜਾਰੀ ਦੇ ਮਗਰ ਲੱਗੀਆਂ ‘ਸੰਗਤਾਂ’ ਦਾ ਵੀ ਇਹੋ ਹਾਲ ਹੈ।
ਉਕਤ ਤੱਥਾਂ ਤੋਂ, ਨਿਰਸੰਦੇਹ, ਸਪਸ਼ਟ ਹੁੰਦਾ ਹੈ ਕਿ ਸਿੱਖ ਫ਼ਿਰਕੇ ਦੇ ਧਰਮ-ਸਥਾਨਾਂ ਦੇ ਸਾਕਤ ਬਣ ਚੁੱਕੇ ਭਾਈ/ਪੁਜਾਰੀ ਗੁਰੂ (ਗ੍ਰੰਥ), ਗੁਰਬਾਣੀ ਤੇ ਗੁਰਮਤਿ ਦੇ ਪਵਿੱਤਰ ਸਿੱਧਾਂਤਾਂ ਨੂੰ ਟਿੱਚ ਸਮਝਦੇ ਹਨ ਅਤੇ ਓਹੀ ਕੁੱਝ ਕਰਦੇ ਹਨ ਜਿਸ ਨਾਲ ਉਹ ਵੱਧ ਤੋਂ ਵੱਧ ਮਾਇਆ ਠੱਗ ਸਕਣ।
ਗੁਰਇੰਦਰ ਸਿੰਘ ਪਾਲ
ਗੁਰਇੰਦਰ ਸਿੰਘ ਪਾਲ
ਸੁਣਿ ਪੰਡਿਤ ਕਰਮਾਕਾਰੀ॥(ਭਾਗ2)
Page Visitors: 2594