ਅੱਗ ਲਾ ਪਹਿਲਾਂ, ਫੇਰ ਖੂਹ ਪੁੱਟੀਂ
ਰਾਜਨੀਤੀ ਦੇ ਸਿਖ ਦਾਅ ਪੇਚ ਮੀਆਂ।
ਖ਼ਬਰ ਹੈ ਕਿ ਆਰ ਐਸ ਐਸ ਦੇ ਪ੍ਰਮੁਖ ਨੇ ਕਿਹਾ ਹੈ ਕਿ ਹਿੰਦੂਆਂ ਨੂੰ ਇੱਕਠੇ ਕਰਕੇ ਰੱਖਣਾ ਮੁਸ਼ਕਲ ਕੰਮ ਹੈ। ਸ਼ੇਰ ਕਦੇ ਸਮੂਹ ਵਿੱਚ ਨਹੀਂ ਚੱਲਦਾ, ਲੇਕਿਨ ਉਹ ਸ਼ੇਰ ਹੋਵੇ ਜਾਂ ਬੰਗਾਲ ਟਾਈਗਰ, ਜਦੋਂ ਉਹ ਇੱਕਲਾ ਚੱਲਦਾ ਹੈ ਤਾਂ ਜੰਗਲੀ ਕੁੱਤੇ ਇੱਕਠੇ ਹੋਕੇ ਹਮਲਾ ਕਰ ਉਸਨੂੰ ਖਤਮ ਕਰ ਸਕਦੇ ਹਨ। ਸਾਨੂੰ ਇਸਨੂੰ ਨਹੀਂ ਭੁਲਣਾ ਚਾਹੀਦਾ।
ਅਸੀਂ ਇਸ ਦੁਨੀਆ ਨੂੰ ਬਿਹਤਰ ਬਨਾਉਣਾ ਚਾਹੁੰਦੇ ਹਾਂ। ਸਾਡੀ ਗਲਬਾ ਸਥਾਪਤ ਕਰਨ ਦੀ ਲਾਲਸਾ ਨਹੀਂ ਹੈ। ਸਾਡਾ ਪ੍ਰਭਾਵ, ਜਿੱਤ ਜਾਂ ਬਸਤੀਵਾਦ ਦਾ ਨਤੀਜਾ ਨਹੀਂ ਹੈ।
ਜਿੱਤ ਬਾਰੇ ਭਲਾ ਕਹਿੰਦੇ ਨੇ ਪ੍ਰਮੁੱਖ! ਕਰਦਿਆਂ-ਕਰਦਿਆਂ, ਭਾਜਪਾ ਨੂੰ, ਪਿੱਛੇ-ਪਿੱਛੇ ਰਹਿਕੇ ਦੇਸ਼ ਦੀ ਗੱਦੀ ਦੁਆ ਦਿੱਤੀ ਅਤੇ ਆਪ ਫੜ ਲਈ ਉਸਦੀ ਲਗਾਮ! ਚੱਲ ਘੋੜਿਆ ਕਿਧਰ ਵੀ ਚੱਲਣਾ, ਸਾਡੇ ਵਾਂਗਰ ਚੱਲ! ਸਿਆਸਤ ਦੇ ਸਾਡੇ ਵਾਲੇ ਗੁਰ ਸਿੱਖ ਲੈ, ਹਿੰਦੀ ਲਾਗੂ ਕਰ, ਦੇਸ਼ ਹਿੰਦੂ ਬਣਾ ਦੇ, ਦੂਜਿਆਂ ਨੂੰ ਖੂੰਝੇ ਲਾ ਦੇ ਅਤੇ ਭਾਰਤ, ਇੰਡੀਆ ਨੂੰ ਹਿੰਦੋਸਤਾਨ ਬਣਾ ਦੇ। ਇਹੋ ਸਾਡਾ ਸੁਫਨਾ ਹੈ। ਇਹੋ ਸਾਡਾ ਨਿਸ਼ਾਨਾ ਹੈ। ਜੀਹਨੂੰ ਇਹ ਸੁਫਨਾ, ਨਿਸ਼ਾਨਾ ਚੰਗਾ ਨਹੀਂ ਲੱਗਦਾ, ਸਾਡੇ ਵਾਂਗਰ ਜੀਉਣਾ, ਸਾਡਾ ਵਾਂਗਰ ਪਹਿਨਣਾ, ਸਾਡੇ ਵਾਂਗਰ ਗਾਉਣਾ, ਸਾਡੇ ਵਾਂਗਰ ਖਾਣਾ, ਸਾਡੇ ਵਾਂਗਰ ਸੋਚਣਾ, ਭਲਾ ਉਹਦਾ ਇਥੇ ਕੀ ਕੰਮ? ਉਹ ਜਾਵੇ ਪਾਕਿਸਤਾਨ! ਉਹ ਜਾਵੇ ਇੰਗਲਿਸਤਾਨ! ਉਹ ਜਾਵੇ ਢੱਠੇ ਖੂਹ 'ਚ, ਸਾਡਾ ਉਹਦੇ ਨਾਲ ਕੀ ਲਾਗਾ-ਦਾਗਾ, ਲੈਣਾ-ਦੇਣਾ। ਇਹੋ ਗੁਰ ਭਾਈ ਪ੍ਰਮੁਖ ਹੁਰਾਂ ਉਸ ਭਾਜਪਾ ਨੂੰ ਸਿਖਾਇਆ, ਜਿਹਦੇ ਪੱਲੇ ਉਸ ਰਾਜ-ਭਾਗ ਪਾਇਆ। ਤੇ ਉਹਦੇ ਤੋਂ ਕਵੀ ਦੇ ਕਹਿਣ ਵਾਂਗਰ ਕੋਰੇ ਕਾਗਜ 'ਤੇ ਹੇਠ ਲਿਖੇ ਅਨੁਸਾਰ ਅੰਗੂਠਾ ਲੁਆਇਆ,
"ਅੱਗ ਲਾ ਪਹਿਲਾਂ, ਫੇਰ ਖੂਹ ਪੁੱਟੀਂ,
ਰਾਜਨੀਤੀ ਦੇ ਸਿੱਖ ਦਾਅ ਪੇਚ ਮੀਆਂ।
ਕਾਹਨੂੰ ਸ਼ਰਮ ਹਯਾ ਦਾ ਭਾਰ ਚੁਕਿਐ?
ਪਹਿਲਾਂ ਏਸ ਵਿਚਾਰੀ ਨੂੰ ਵੇਚ ਮੀਆਂ।
ਜੇਕਰ ਕੋਈ ਨਹੀਂ ਸਮੱਸਿਆ, ਤਾਂ ਕਰ ਪੈਦਾ।
ਕਰ "ਕੈਲਵੀ" ਤੂੰ ਉਚੇਚ ਮੀਆਂ"।
ਜਾ ਤੂੰ ਬੀਬਾ ਜਾ ਅਗਲੇ ਗਰਾਂ
ਖ਼ਬਰ ਹੈ ਕਿ ਸੂਬੇ 'ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਰਕਾਰ ਵਲੋਂ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਐਸ ਆਈ ਟੀ ਦੇ ਗਠਨ ਦਾ ਐਲਾਨ ਸਰਕਾਰ ਵਲੋਂ ਜਲਦੀ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਸਰਕਾਰ ਨੇ ਹਾਲ ਹੀ ਵਿੱਚ ਹੋਏ ਵਿਧਾਨ ਸਭਾ ਇਜਲਾਸ ਵਿੱਚ ਇਸ ਮਾਮਲੇ 'ਚ ਸੀ ਬੀ ਆਈ ਨੂੰ ਦਿੱਤਾ ਕੇਸ ਵਾਪਸ ਲੈਕੇ ਕਮਿਸ਼ਨ ਦੀ ਰਿਪੋਰਟ ਤੇ ਐਸ ਆਈ ਟੀ ਦੇ ਗਠਨ ਦਾ ਐਲਾਨ ਕੀਤਾ ਸੀ।
ਕਹਿੰਦੇ ਨੇ,
"ਜਿਸ ਬਿੱਲੀ ਨੇ ਚੂਹਾ ਨਹੀਂ ਕੋਈ ਫੜਨਾ,
ਉਸ ਬਿੱਲੀ ਨੂੰ ਪਾਲਣ ਦਾ ਕੀ ਫਾਇਦਾ"?
ਅਤੇ ਕਹਿਣ ਵਾਲੇ ਤਾਂ ਇਹ ਕਹਿਣੋ ਵੀ ਨਹੀਂ ਝਿਜਕਦੇ,
"ਜਿਸ ਵੈਦ ਨੇ ਨਹੀਂ ਦਵਾ ਦੇਣੀ
ਉਹਨੂੰ ਨਬਜ਼ ਦਿਖਾਲਣ ਦਾ ਕੀ ਫਾਇਦਾ"?
ਮੋਦੀ ਆਇਆ ਉਸ ਲਾਰਾ ਲਾਇਆ,
ਗਰੀਬਾਂ ਦੇ ਭੜੋਲੇ ਪੈਸੇ ਨਾਲ ਭਰ ਦਿਆਂਗੇ।
ਉਸ ਰਾਜ ਕੀਤਾ, ਸਾਡੇ ਚਾਰ ਸਾਲ, ਹੁਣ ਹੋਰ ਛੇ ਮਹੀਨੇ ਕਰ ਲਊ, ਤੇ ਫਿਰ ਤੁਰ ਜਾਊ।ਤੇ ਨਵਾਂ ਐਲਾਨ ਕੱਢ ਮਾਰੂ!
ਰਾਜਾ ਆਇਆ। ਆਖਿਆ ਸੂ, ਨਸ਼ੇ ਮਹੀਨੇ 'ਚ ਪੰਜਾਬ 'ਚੋਂ ਖਤਮ ਕਰ ਦਿਆਂਗੇ।
ਨਸ਼ੇ ਤਾਂ ਖਤਮ ਕੀ ਹੋਣੇ ਸਨ, ਨਸ਼ਈ ਹੀ ਖਤਮ ਹੋਣ ਲੱਗ ਪਏ,
ਨਿੱਤ ਦੋ ਚਾਰ ਵਾਧੂ ਚਾਰਾ ਚਰਕੇ, ਨਸ਼ੇ ਨਾਲ ਕੁੱਖਾਂ ਕੱਢਕੇ, ਬਸ ਅਗਲੇ ਜਹਾਨ ਤੁਰ ਜਾਂਦੇ ਨੇ।
ਅਤੇ ਤੁਰ ਤਾਂ ਭਾਈ ਇਸ ਸਰਕਾਰ ਨੇ ਵੀ ਇਵੇਂ ਜਾਣਾ ਆਂ। ਹੋਰ ਅੱਗੋਂ ਜਿਹੜਾ ਆਊ, ਉਹ ਵੀ ਚੋਪੜੀਆਂ ਪਰੋਸੂ ਜਨਤਾ ਨੂੰ।
ਵੇਖੋ ਨਾ ਜੀ, ਆਹ ਕਮਿਸ਼ਨ ਬਣਿਆ। ਰਿਪੋਰਟਾਂ ਆਈਆਂ। ਪੇਸ਼ ਹੋਈਆਂ। ਪੇਸ਼ ਹੋਣ ਤੋਂ ਪਹਿਲਾਂ ਲੀਕ ਹੋਈਆਂ। ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ਹੋਈ, ਚੰਗਾ ਹੰਗਾਮਾ ਹੋਇਆ ਕਟਿਹਰੇ 'ਚ। ਇੱਕ ਨੇ ਦੂਜੇ ਦੀ ਨਾ ਸੁਣੀ, ਤੇ ਦੂਜੇ ਨੇ ਤੀਜੇ ਦੀ ਨਾ ਸੁਣੀ, ਬੱਸ ਸਿਆਸੀ ਰੋਟੀਆਂ ਸੇਕੀਆਂ। ਅਤੇ ਆਹ ਸਰਕਾਰ ਨੇ ਵੱਖੀ 'ਚੋਂ ਨਵੀਂ ਗੱਲ ਕੱਢ ਮਾਰੀ, ਆਖੇ ਐਸ ਆਈ ਟੀ ਦੋਸ਼ ਸਿੱਧ ਕਰੂ! ਕੋਈ ਪੁੱਛੇ ਭਲੇ ਮਾਣਸੋ ਫਿਰ ਕਮਿਸ਼ਨ ਕਾਹਦੇ ਲਈ ਬਣਾ ਧਰੇ ਸੀ? ਅਸਲ 'ਚ ਤਾਂ ਭਾਈ ਆਲ ਤੂੰ ਬਲਾਲ ਤੂੰ ਆਈ ਬਲਾ ਨੂੰ ਟਾਲ ਤੂੰ ਵਾਂਗਰ, ਆਹ ਆਪਣੇ ਭਾਈਬੰਦ ਇਹ ਆਖ "ਜਾ ਤੂੰ ਬੀਬਾ ਜਾ ਅਗਲੇ ਗਰਾਂ" ਆਖ ਵੇਲਾ ਟਾਲਦੇ ਆ।
ਮਿਤਰੋ ਸੱਚ ਤਾਂ ਇਹੋ ਹੈ
ਖ਼ਬਰ ਹੈ ਕਿ ਭਾਰਤ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਦਿਨੋ ਦਿਨ ਵੱਧ ਰਿਹਾ ਹੈ। ਖੁਦਕੁਸ਼ੀਆਂ ਕਰਨ ਵਾਲਿਆਂ ਵਿੱਚ ਵਿਦਿਆਰਥੀਆਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ ਹੈ। ਨੈਸ਼ਨਲ ਕਰਾਈਮ ਰਿਪੋਰਟ ਅਨੁਸਾਰ ਭਾਰਤ ਵਿੱਚ 2011 ਤੋਂ 2015 ਤੱਕ ਕੁਲ 39775 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। ਅਤੇ ਇਹ ਵਰਤਾਰਾ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਸਾਲ 2007 ਤੋਂ 2016 ਦੌਰਾਨ ਕੁਲ ਮਿਲਾਕੇ 75000 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। ਪੰਜਾਬ ਵਿੱਚ ਸਾਲ 2017 ਦੌਰਾਨ 1522 ਤੋਂ ਵੱਧ ਖੁਦਕੁਸ਼ੀ ਦੀਆਂ ਖਬਰਾਂ ਅਖਬਾਰਾਂ ਵਿੱਚ ਛਪੀਆਂ ਹਨ।
ਲੋਕ ਹੁਣ 'ਸਾਨੂੰ ਕੀ', ਕਹਿੰਦੇ ਘਰੀਂ ਵੜੇ ਰਹਿੰਦੇ ਹਨ। ਜਾਪਦੈ ਲੋਕ ਗਤੀਹੀਣ, ਭਾਵ ਹੀਣ, ਅਣਖਹੀਣ, ਗਿਆਨ ਹੀਣ ਅਤੇ ਬਲ ਹੀਣ ਹੋ ਗਏ ਆ। ਤਦੇ ਕਵੀ ਕਹਿੰਦਾ ਆ,
"ਆਪਣੇ ਹੀ ਘੁੱਟ ਲਹੂ ਦੇ ਪੀਕੇ ਨਹੀਂ ਰੱਜਦਾ,
ਇਹ ਸਭਿਆ ਯੁੱਗ ਦਾ ਆਦਮੀ ਕਿੰਨਾ ਬਿਮਾਰ ਹੈ"।
ਇਹੋ ਬਿਮਾਰੀ ਭਾਈ ਉਹਨੂੰ ਖੁਦਕੁਸ਼ੀਆਂ ਦੇ ਰਾਹ ਤੋਰਦੀ ਆ।
ਵੇਖੋ ਨਾ, ਘਰ ਇਕੋ ਆ। ਪੁੱਤ, ਪਿਉ, ਮਾਂ, ਧੀ, ਘਰ ਦੇ ਮੈਂਬਰ ਆ। ਇੱਕ ਟੀ ਵੀ ਤੇ, ਇੱਕ ਇੰਟਰਨੈਟ ਤੇ, ਇੱਕ ਮੋਬਾਇਲ ਤੇ, ਇੱਕ ਚੈਟਿੰਗ 'ਤੇ ਲੱਗਾ ਹੋਇਆ। ਇਕੋ ਘਰ 'ਚ ਜਦੋਂ ਚਾਰ ਸੰਸਾਰ ਵਸੇ ਹੋਣ, ਇੱਕ ਦੁਜੇ ਦੀ ਪ੍ਰਵਾਹ ਹੀ ਕੀਹਨੂੰ ਆ। ਤਦੇ ਮਨੁੱਖ ਤਣਾਓ 'ਚ ਰਹਿੰਦਾ। ਤਦੇ ਬੰਦਾ ਗੁਸੈਲ ਬਣਿਆ ਬੈਠਾ। ਤਦੇ ਹਰ ਸਖਸ਼ ਸਵਾਰਥੀ ਹੋ ਗਿਆ। ਤਦੇ ਭਰਿਆਂ ਘਰਾਂ 'ਚ ਉਦਾਸੀ ਪਸਰੀ ਹੋਈ ਆ। ਉਦਾਸੀ 'ਚ ਫਿਰ ਬੰਦਾ, ਬੰਦਾ ਕਿਥੇ ਰਹਿੰਦਾ, ਉਹ ਤਾਂ ਲਾਸ਼ ਬਣ ਜਾਂਦਾ। ਨਿਰਾਸ਼ਾ, ਬੋਝ, ਫਿੱਸਿਆ ਫੋੜਾ ਤੇ ਬੇਬਸ, ਚਿੰਤਤ। ਤੇ ਬੇਬਸੀ ਹੀ ਤਾਂ ਖੁਦਕੁਸ਼ੀ ਦੀ ਮਾਂ ਹੈ। ਮਿੱਤਰੋ ਸੱਚ ਤਾਂ ਇਹੋ ਹੈ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਡੇ ਦੇਸ਼ ਵਿੱਚ ਖਰਾਬ ਸਿਹਤ ਸੇਵਾਂ ਅਤੇ ਉਹਨਾ ਦੀ ਵਰਤੋਂ ਨਾ ਕਰ ਪਾਉਣ ਕਾਰਨ 24 ਲੱਖ ਲੋਕ ਹਰ ਸਾਲ ਮਰ ਜਾਂਦੇ ਹਨ। ਇਹ ਰਿਪੋਰਟ ਲਾਂਸੇਟ ਨੇ ਦਿੱਤੀ ਹੈ।
· ਦੁਨੀਆ ਦੀ ਕੁਲ ਜਨ ਸੰਖਿਆ 7.59 ਅਰਬ ਹੈ। ਦੁਨੀਆ ਦੇ 4.02 ਅਰਬ ਲੋਕ ਇੰਟਰਨੈਟ ਉਪਭੋਗਤਾ ਹਨਪ। ਅਤੇ 3.19 ਅਰਬ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਨ। ਮੋਬਾਇਲ ਨਾਲ ਜੁੜੇ ਲੋਕਾਂ ਦੀ ਸੰਖਿਆ 5.13 ਅਰਬ ਹੈ ਜਦਕਿ ਮੋਬਾਇਲ ਉਤੇ 2.95 ਅਰਬ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹਨ। ਭਾਰਤ ਵਿੱਚ ਕੁਲ ਮਿਲਾਕੇ 390 ਮਿਲੀਅਨ ਅਰਬ ਲੋਕ ਇੰਟਰਨੈਟ ਨਾਲ ਜੁੜੇ ਹਨ।
ਇੱਕ ਵਿਚਾਰ
ਸਮੱਸਿਆਵਾਂ ਦਾ ਹੱਲ ਕਰਨ ਅਤੇ ਯੁੱਧ ਦੇ ਵਿਰੁੱਧ ਸੰਘਰਸ਼ ਲਈ ਸਭ ਤੋਂ ਉੱਤਮ ਉਪਾਅ ਆਪਸੀ ਵਿਚਾਰ-ਚਰਚਾ ਹੈ...........ਮਲਾਲਾ ਯੂਸੁਫ ਜਈ
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
ਗੁਰਮੀਤ ਪਲਾਹੀ
ਅੱਗ ਲਾ ਪਹਿਲਾਂ, ਫੇਰ ਖੂਹ ਪੁੱਟੀਂ
Page Visitors: 2561