ਗੁਰਪ੍ਰੀਤ ਸਿੰਘ ਮੰਡਿਆਣੀ
ਬਾਦਲ ਸਾਹਿਬ ਨੂੰ ਪੂਰਾ ਸੱਚ ਬੋਲ ‘ਚ ਕੀ ਦਿੱਕਤ ?
Page Visitors: 2585
ਬਾਦਲ ਸਾਹਿਬ ਨੂੰ ਪੂਰਾ ਸੱਚ ਬੋਲ ‘ਚ ਕੀ ਦਿੱਕਤ ?
ਨਹਿਰੂ ਬਾਰੇ ਬੋਲੇ, ਜਨਸੰਘ ਬਾਰੇ ਕਿਉਂ ਰਹੇ ਚੁੱਪ ?
ਫਰੀਦਕੋਟ ਰੈਲੀ 'ਚ ਸ. ਬਾਦਲ ਵੱਲੋਂ ਪੰਜਾਬੀ ਸੂਬੇ ਦੇ ਜ਼ਿਕਰ ਦਾ ਮਾਮਲਾ
By : ਗੁਰਪ੍ਰੀਤ ਸਿੰਘ ਮੰਡਿਆਣੀ
ਗੁਰਪ੍ਰੀਤ ਸਿੰਘ ਮੰਡਿਆਣੀ
ਚੰਡੀਗੜ੍ਹ, 17 ਸਤੰਬਰ 2018 -
ਪੰਜਾਬ ਦੇ ਸਭ ਤੋਂ ਬਜੁ਼ਰਗ ਸਿਆਸਤਦਾਨ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਅਧੂਰਾ ਸੱਚ ਬੋਲ ਕੇ ਅਸਲੀਅਤ ਨੂੰ ਪਲਟਾ ਦਿੰਦੇ ਹਨ। 16 ਸਤੰਬਰ ਨੂੰ ਫਰੀਦਕੋਟ 'ਚ ਰੈਲੀ ਦੌਰਾਨ ਆਪਦੀ ਵਿਰੋਧੀ ਪਾਰਟੀ ਕਾਂਗਰਸ ਦੀ ਭੰਡੀ ਕਰਨ ਖਾਤਰ ਬਾਦਲ ਸਾਹਿਬ ਨੇ ਕਾਂਗਰਸੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਦੋਸ਼ ਲਾਇਆ ਕਿ ਪੰਜਾਬੀ ਸੂਬੇ ਦੀ ਹੱਕੀ ਮੰਗ ਨੂੰ ਉਹਨਾਂ ਨੇ ਪੂਰੀ ਨਹੀਂ ਹੋਣ ਦਿੱਤਾ। ਇਹ ਗੱਲ ਸਹੀ ਹੈ ਕਿ ਨਹਿਰੂ ਨੇ ਆਪਦੇ ਜਿਊਂਦੇ ਜੀ ਪੰਜਾਬੀਆਂ ਦੀ ਇਹ ਬਿਲਕੁਲ ਵਾਜਬ ਮੰਗ ਨਹੀਂ ਮੰਨੀ ਤੇ ਇਹਦੇ ਹੱਕ ਵਿੱਚ ਅਕਾਲੀ ਦਲ ਵੱਲੋਂ ਚਲਾਈ ਗਈ ਜੱਦੋਜਹਿਦ ਤੇ ਬਹੁਤ ਹੀ ਤਸ਼ੱਦਦ ਕੀਤਾ। ਸ. ਬਾਦਲ ਵੱਲੋਂ ਬੋਲਿਆ ਗਿਆ ਇਹ ਅਧੂਰਾ ਸੱਚ ਹੈ।
ਪੂਰਾ ਸੱਚ ਇਹ ਹੈ ਕਿ ਅੱਜ ਉਹਨਾਂ ਦੀ ਭਾਈਵਾਲ ਪਾਰਟੀ ਭਾਰਟੀ ਜਨਤਾ ਪਾਰਟੀ ਪੰਜਾਬੀ ਸੁੂਬੇ ਦੀ ਮੰਗ ਨੂੰ ਕੁਚਲਣ ਲਈ ਨਹਿਰੂ ਤੋਂ ਵੀ ਦੋ ਰੱਤੀਆਂ ਅਗਾਂਹ ਸੀ। ਪੰਜਾਬੀ ਸੂਬੇ ਦੀ ਮੰਗ ਮੌਕੇ ਭਾਰਤੀ ਜਨਤਾ ਪਾਰਟੀ ਦਾ ਨਓਂ ਜਨਸੰਘ ਸੀ। ਜਨਸੰਘੀਆਂ ਨੇ ਪੰਜਾਬੀ ਸੂਬੇ ਦੇ ਸਿਆਸੀ ਵਿਰੋਧ ਤੋਂ ਵੀ ਅਗਾਂਹ ਜਾ ਕੇ ਇਹਦਾ ਹਿੰਸਕ ਵਿਰੋਧ ਕਰਦੇ ਹੋਏ ਸਿੱਖਾਂ ਅਤੇ ਸਿੱਖੀ ਤੇ ਵੀ ਹਮਲੇ ਕੀਤੇ। ਪੰਜਾਬੀ ਸੂੁਬੇ ਦੀ ਮੰਗ ਨੂੰ ਅੱਧ ਪਚੱਦੀ ਸ਼ਕਲ 'ਚ ਮੰਨਦਿਆਂ ਕੇਂਦਰ ਸਰਕਾਰ ਨੇ ਪੰਜਾਬ ਦੇ ਰਿਜਨ (ਖੇਤਰ) ਬਣਾ ਦਿੱਤੇ ਇੰਨਾਂ ਨੂੰ ਹਿੰਦੀ ਰਿਜ਼ਨ ਅਤੇ ਪੰਜਾਬੀ ਰਿਜਨ ਕਿਹਾ ਗਿਆ। ਜਿੱਥੇ ਪੰਜਾਬੀ ਰਿਜਨ ਵਿੱਚ ਪੰਜਾਬੀ ਅਤੇ ਹਿੰਦੀ ਰਿਜ਼ਨ ਵਿੱਚ ਹਿੰਦੀ ਲਾਗੂ ਹੋਈ ਸੀ। ਹਾਲਾਂਕਿ ਇਹ ਮੁਕੰਮਲ ਪੰਜਾਬੀ ਸੂਬੇ ਦੀ ਥਾਂ ਪੰਜਾਬੀਆਂ ਨੂੰ ਇਹ ਇੱਕ ਛੋਟੀ ਜਿਹੀ ਹੀ ਰਿਆਇਤ ਦਿੱਤੀ ਗਈ ਸੀ ਪਰ ਜਨਸੰਘੀਆਂ ਨੂੰ ਪੰਜਾਬੀਆਂ ਨੂੰ ਦਿੱਤੀ ਗਈ ਇਹ ਛੋਟੀ ਜਹੀ ਰਿਆਇਤ ਵੀ ਬਰਦਾਸ਼ਤ ਨਾ ਹੋਈ। ਪੰਜਾਬ ਜਨਸੰਘ ਦੇ ਪ੍ਰਧਾਨ ਲਾਲ ਚੰਦ ਸਭਰਵਾਲ ਨੇ ਆਖਿਆ ਕਿ ਜੇ ਪੰਜਾਬੀ ਲਾਗੂ ਕਰਨ ਦੀ ਕੋਸ਼ਿਸ਼ ਜਬਰਦਸਤੀ ਕੀਤੀ ਗਈ ਤਾਂ ਸ਼ਹਿਰਾਂ ਦੇ ਗਲੀਆਂ ਬਜਾਰਾਂ 'ਚ ਲੜਾਈ ਹੋਵੇਗੀ। ਇੱਕ ਹੋਰ ਉਘੇ ਜਨਸੰਘੀ ਆਗੂ ਬਲਰਾਮਜੀਦਾਸ ਟੰਡਨ ਨੇ ਰਿਜਨਲ ਫਾਰਮੂਲੇ ਦੇ ਖਿਲਾਫ 27 ਮਾਰਚ 1956 ਤੋਂ 9 ਅਪ੍ਰੈਲ 56 ਤੱਕ ਵਰਤ ਰੱਖਿਆ। ਜਨਸੰਘ ਨੇ ਮਹਾਂ ਪੰਜਾਬ ਵਾਲਿਆਂ ਨਾਲ ਮਿਲ ਅਪ੍ਰੈਲ 1956 ਤੋਂ ਜੂਨ 1956 ਤੱਕ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਰਿਜਨਲ ਫਾਰਮੂਲੇ ਦੇ ਖਿਲਾਫ ਜਲੂਸ ਕੱਢੇ ਜਿੰਨਾਂ 'ਚ ਸਿੱਖਾਂ ਤੇ ਹਮਲੇ ਕਰਦਿਆਂ ਪੁਲਿਸ ਨਾਲ ਝਗੜੇ ਵੀ ਕੀਤ। ਇਹਨਾ੍ਹ ਜਲੂਸਾਂ 'ਚ ਪੰਜਾਬੀ ਸੂਬੇ ਦੇ ਖਿਲਾਫ ਗੰਦੇ ਨਾਹਰੇ ਲਾਏ ਜਾਂਦੇ ਰਹੇ। ਇਹੀ ਬਲਰਾਮਜੀਦਾਸ ਟੰਡਨ, ਪ੍ਰਕਾਸ਼ ਸਿੰਘ ਬਾਦਲ ਦੀ ਵਜਾਰਤ ਵਿੱਚ ਤਿੰਨ ਵਾਰ ਪਹਿਲੇ ਨੰਬਰ ਵਾਲਾ ਵਜੀਰ ਰਿਹਾ।
ਅਕਾਲੀ ਦਲ ਦੀ ਲੰਮੇ ਜੱਦੋਜਹਿਦ ਤੋਂ ਬਾਅਦ ਜਦੋਂ ਕਾਂਗਰਸ ਵਰਕਿੰਗ ਕਮੇਟੀ ਨੇ 9 ਮਾਰਚ 1966 ਨੂੰ ਪੰਜਾਬੀ ਸੂਬੇ ਦੇ ਹੱਕ ਵਿੱਚ ਮਤਾ ਪਾਸ ਕਰ ਦਿੱਤਾ ਤਾਂ ਜਨਸੰਘੀ, ਕਾਂਗਰਸ ਤੇ ਇੰਨੇ ਲੋਹੇ ਲਾਖੇ ਹੋਏ ਕਿ ਕਾਂਗਰਸੀਆਂ , ਸਿੱਖਾਂ ਅਤੇ ਗੁਰਦੁਆਰਿਆਂ ਤੇ ਹਮਲੇ ਸੁ਼ਰੂ ਕਰ ਦਿੱਤੇ। ਜਨਸੰਘ ਦੇ ਜਰਨਲ ਸਕੱਤਰ ਯੱਗ ਦੱਤ ਸ਼ਰਮਾਂ ਨੇ ਪੰਜਾਬੀ ਸੂਬੇ ਦੇ ਖਿਲਾਫ ਮਰਨ ਵਰਤ ਰੱਖ ਲਿਆ। ਇਹੀ ਯੱਗ ਦੱਤ ਸ਼ਰਮਾ 1977 'ਚ ਅਕਾਲੀਆਂ ਦੀ ਸਰਗਰਮ ਹਮਾਇਤ 1977 ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਜਿੱਤਿਆ।
ਪੰਜਾਬੀ ਸੂਬੇ ਦੀ ਮੰਗ ਮੰਨਣ ਦਾ ਕਾਂਗਰਸ ਨੇ ਅਜੇ ਐਲਾਨ ਹੀ ਕੀਤਾ ਸੀ। ਪਰ ਜਨਸੰਘ ਵੱਲੋਂ ਇਹਦਾ ਏਨਾਂ ਹਿੰਸਕ ਪੱਧਰ ਤੇ ਵਿਰੋਧ ਕੀਤਾ ਗਿਆ ਕਿ ਦਿੱਲੀ ਸਮੇਤ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ 'ਚ ਕਰਫਿਊ ਲਾਉਣਾ ਪਿਆ। ਪੰਜਾਬੀ ਸੂੁਬੇ ਦੀ ਮੰਗ ਮੰਨਣ ਖਾਤਰ ਜਨਸੰਘੀਆਂ ਤੇ ਇਹਦੇ ਹੋਰ ਸਾਥੀਆਂ ਦਾ ਗੁੱਸਾ ਇਸ ਕਦਰ ਭੜਕਿਆ ਸੀ ਕੇ 15 ਮਾਰਚ 1966 ਨੂੰ ਪਾਣੀਪਤ ਵਿੱਚ ਕਾਂਗਰਸੀ ਪ੍ਰਧਾਨ ਦੀਵਾਨ ਚੰਦ ਟੱਕਰ, ਕਰਾਂਤੀ ਕੁਮਾਰ ਅਤੇ ਇੱਕ ਹੋਰ ਜਣੇ ਨੂੰ ਦੁਕਾਨ ਅੰਦਰ ਡੱਕ ਕੇ ਸਾੜ ਮਾਰਿਆ। ਜਨਸੰਘੀਆਂ ਅਤੇ ਉਨਾਂ੍ਹ ਦੇ ਹੋਰ ਸਾਥੀਆਂ ਨਾਲ ਮਚਾਏ ਗਏ ਇਸ ਊਧਮ ਦੇ 6 ਦਿਨਾਂ ਦੌਰਾਨ ਪੰਜਾਬ 'ਚ 9 ਜਾਣੇ ਮਾਰੇ ਗਏ।
200 ਜਖ਼ਮੀ ਹੋਏ, ਸਿੱਖਾਂ ਦੇ ਘਰਾਂ ਅਤੇ ਗੁਰਦੁਆਰਿਆਂ ਤੇ ਹਮਲੇ ਹੋਏ। ਇਸੇ ਰੌਲੇ ਕਰਕੇ ਜਨਸੰਘ ਦੇ 2528 ਬੰਦੇ ਗ੍ਰਿਫਤਾਰ ਹੋਏ। ਪਾਣੀਪਤ ਦੀ ਘਟਨਾ ਤੋਂ ਬਾਅਦ ਜਨਸੰਘ ਪੰਜਾਬੀ ਸੂਬੇ ਨੂੰ ਕੌੜੇ ਘੁੱਟ ਵਾਂਗੂ ਪੀ ਕੇ ਚੁੱਪ ਕਰ ਗਈ ਅਤੇ ਯੱਗ ਦੱਤ ਸ਼ਰਮਾਂ ਨੇ ਵੀ ਆਪਦਾ ਮਰਨ ਵਰਤ ਛੱਡ ਦਿੱਤਾ। ਸੋ ਇਹ ਅਸਲੀਅਤ ਹੈ ਜਿਹੜੀ ਸ. ਬਾਦਲ ਨੂੰ ਪੂਰਾ ਸੱਚ ਬੋਲਣ ਤੋਂ ਰੋਕਦੀ ਹੈ ਕਿਉਂਕਿ ਇਸੇ ਜਨਸੰਘ ਦੀ ਮੌਜੂਦਾ ਸ਼ਕਲ ਭਾਰਤੀ ਜਨਤਾ ਪਾਰਟੀ ਨਾਲ ਸ. ਬਾਦਲ ਦੀ ਏਨੀ ਨੇੜਤਾ ਹੈ ਕਿ ਇਸ ਪਾਰਟੀ ਨਾਲ ਗੂੜੇ ਸਬੰਧਾਂ ਦਾ ਜਿਹੜਾ ਨਾਓਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਧਰਿਆ ਹੈ ਉਹੋ ਜਿਹਾ ਨਾਓਂ ਅੱਜ ਕਿਸੇ ਪਾਰਟੀ ਦੇ ਦੂਜੀ ਪਾਰਟੀ ਨਾਲ ਸਿਆਸੀ ਸਬੰਧਾ ਦੀ ਪਕਿਆਈ ਦਿਖਾਓਣ ਖਾਤਰ ਕਿਸੇ ਨੇ ਨਹੀਂ ਧਰਿਆ।