ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਪਲਾਹੀ
ਮੋਦੀ ਸ਼ਾਸਨ ਦੀ ਕਾਰਗੁਜ਼ਾਰੀ ਸੁਆਲਾਂ ਦੇ ਘੇਰੇ ਵਿੱਚ
ਮੋਦੀ ਸ਼ਾਸਨ ਦੀ ਕਾਰਗੁਜ਼ਾਰੀ ਸੁਆਲਾਂ ਦੇ ਘੇਰੇ ਵਿੱਚ
Page Visitors: 2544

ਮੋਦੀ ਸ਼ਾਸਨ ਦੀ ਕਾਰਗੁਜ਼ਾਰੀ ਸੁਆਲਾਂ ਦੇ ਘੇਰੇ ਵਿੱਚ
ਆਮ ਚੋਣਾਂ ਵਿੱਚ ਮਸਾਂ ਛੇ ਕੁ ਮਹੀਨੇ ਬਚੇ ਹਨ। ਇਹੋ ਸਮਾਂ ਹੈ, ਜਦੋਂ ਅਸੀਂ ਨਰਿੰਦਰ ਮੋਦੀ ਅਤੇ ਉਨਾ ਦੀ ਸਰਕਾਰ ਦੀਆਂ ਨਾਕਾਮੀਆਂ ਅਤੇ ਪ੍ਰਾਪਤੀਆਂ ਦੀ ਘੋਖ ਪੜਤਾਲ ਕਰ ਸਕਦੇ ਹਾਂ। ਮੋਦੀ ਜੀ ਨੇ ਸਾਢੇ ਚਾਰ ਸਾਲ ਪਹਿਲਾਂ ਪੂਰੇ ਜੋਸ਼ੋ-ਖਰੋਸ਼ ਨਾਲ ਭਾਰਤ ’ਚ ਇੱਕ ਨਵਾਂ ਇਤਿਹਾਸ ਸਿਰਜਣ ਲਈ ਵੱਡੇ-ਵੱਡੇ ਦਾਈਏ ਬੰਨੇ ਸਨ। ਪਿਛਲੀਆਂ ਚੋਣਾਂ ਵੇਲੇ ਭਾਰਤੀ ਜਨਤਾ ਪਾਰਟੀ ਨੇ 31 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ, ਪਰ ਉਸ ਨੇ ਸਰਕਾਰ ਬਣਾ ਲਈ ਸੀ। ਲੋਕਾਂ ਦੀਆਂ ਆਸਾਂ ਵੱਡੀਆਂ ਸਨ, ਪਰ ਪ੍ਰਾਪਤੀਆਂ ਦੇ ਪੱਖੋਂ ਮੋਦੀ ਸਰਕਾਰ ਫਾਡੀ ਨਜ਼ਰ ਆਉਂਦੀ ਹੈ।
ਮੋਦੀ ਸਾਹਿਬ ਕੋਲ ਕਿ੍ਰਸ਼ਮਾ ਦਿਖਾਉਣ ਅਤੇ ਲੋਕਾਂ ਨੂੰ ਲੁਭਾਉਣ-ਵਰਗਲਾਉਣ ਜਿਹੇ ਗੁਣ ਹਨ। ਉਹ ਚੰਗੇ ਬੁਲਾਰੇ ਹਨ। ਗੱਲਾਂ-ਗੱਲਾਂ ’ਚ ਉਹ ਲੋਕਾਂ ਨੂੰ ਭ੍ਰਮਿਤ ਕਰ ਸਕਦੇ ਹਨ। ਇਸੇ ਸਿਆਸੀ ਕਿ੍ਰਸ਼ਮੇ ਨਾਲ ਉਹ ਚੋਣਾਂ ’ਚ ਲੋਕਾਂ ਨੂੰ ਆਪਣੇ ਨਾਲ ਤੋਰਨ ’ਚ ਕਾਮਯਾਬ ਹੋ ਗਏ ਸਨ ਤੇ ਬਹੁਮੱਤ ਪ੍ਰਾਪਤ ਕਰ ਲਿਆ, ਪਰ ਉਹ ਇੱਕ ਚੰਗੇ ਪ੍ਰਬੰਧਕ ਵਜੋਂ ਕੋਈ ਕਿ੍ਰਸ਼ਮਾ ਨਹੀਂ ਕਰ ਸਕੇ। ਉਹ ਸਿਆਸੀ ਖਲਾਅ ’ਚ ਕੰਮ ਕਰਦੇ ਰਹੇ, ਜਿੱਥੇ ਮੁਕਾਬਲੇ ’ਚ ਕੋਈ ਪ੍ਰਭਾਵੀ ਵਿਰੋਧੀ ਧਿਰ ਨਹੀਂ ਸੀ, ਕਿਉਂਕਿ ਕਾਂਗਰਸ ਚਾਰੋ ਖਾਨੇ ਚਿੱਤ ਹੋ ਗਈ ਸੀ ਤੇ ਦੂਜੀਆਂ ਵਿਰੋਧੀ ਪਾਰਟੀਆਂ ਵੀ ਕੁਝ ਪ੍ਰਾਪਤ ਨਾ ਕਰ ਸਕੀਆਂ, ਖ਼ਾਸ ਕਰ ਕੇ ਖੱਬੀਆਂ ਧਿਰਾਂ। ਇਹ ਗੱਲ ਭਾਰਤ ਦੀ ਅਫ਼ਸਰਸ਼ਾਹੀ-ਬਾਬੂਸ਼ਾਹੀ ਨੂੰ ਪੂਰੀ ਤਰਾਂ ਰਾਸ ਆਈ।
ਅੱਜ ਹਾਲਾਤ ਇਹ ਹਨ ਕਿ ਮੋਦੀ ਜੀ ਦੀ ਕਾਰਜ ਕੁਸ਼ਲਤਾ ’ਚ ਘਾਟ ਕਾਰਨ ਅਫ਼ਸਰਸ਼ਾਹੀ ਨੇ ਦੇਸ਼ ਦੇ ਰਾਜ ਪ੍ਰਬੰਧ ਉੱਤੇ ਪੂਰੀ ਤਰਾਂ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਮੋਦੀ ਸਰਕਾਰ ਆਪਣੀਆਂ ਨੀਤੀਆਂ ਨੂੰ ਲਾਗੂ ਨਹੀਂ ਕਰ ਸਕੀ। ਦੇਸ਼ ਦੀ ਅਫ਼ਸਰਸ਼ਾਹੀ, ਜੋ ਬਹੁਤ ਸ਼ਕਤੀਸ਼ਾਲੀ ਹੈ, ਭਿ੍ਰਸ਼ਟਾਚਾਰ ਨਾਲ ਗ੍ਰਸਤ ਹੈ।
ਕੀ ਮੋਦੀ ਜੀ ਉਸ ਵਿਰੁੱਧ ਕੋਈ ਐਕਸ਼ਨ ਲੈ ਸਕੇ ਹਨ?
ਭਾਰਤ ਦੀ ਅਫ਼ਸਰਸ਼ਾਹੀ ਰਾਜ ਪ੍ਰਬੰਧ ਉੱਤੇ ਏਨੀ ਭਾਰੂ ਹੈ ਕਿ ਕੋਈ ਵੀ ਪ੍ਰਧਾਨ ਮੰਤਰੀ ਉਸ ਦੇ ਸਹਿਯੋਗ ਤੋਂ ਬਿਨਾਂ ਦੇਸ਼ ’ਚ ਰਾਜ ਨਹੀਂ ਕਰ ਸਕਦਾ। ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਵਾਜਪਾਈ ਕੋਲ ਤਕੜੇ, ਕੁਸ਼ਲ ਪਿ੍ਰੰਸੀਪਲ ਸਕੱਤਰ ਸਨ।  ਪੀ ਐੱਨ ਹਕਸਰ ਨੇ ਇੰਦਰਾ ਗਾਂਧੀ ਨੂੰ ਬੰਗਲਾਦੇਸ਼ ਫਤਿਹ ਕਰ ਕੇ ਦਿੱਤਾ। ਬਿ੍ਰਜੇਸ਼ ਮਿਸ਼ਰਾ ਨੇ ਪ੍ਰਧਾਨ ਮੰਤਰੀ ਵਾਜਪਾਈ ਦਾ ਕੰਮ ਪੂਰੀ ਤਨਦੇਹੀ ਨਾਲ ਚਲਾਇਆ। ਅਸਲ ’ਚ ਵਾਜਪਾਈ ਵੇਲੇ ਨਿਊਕਲੀਅਰ ਟੈੱਸਟ ਦਾ ਕਾਰਜ ਪੂਰਾ ਕਰਨ ਵਾਲਾ ਮਿਸ਼ਰਾ ਹੀ ਸੀ, ਜਿਸ ਨੇ ਸੀ ਆਈ ਏ ਨੂੰ ਵੀ ਇਸ ਦੀ ਭਿਣਕ ਨਹੀਂ ਸੀ ਲੱਗਣ ਦਿੱਤੀ। ਉਸ ਨੇ ਅਮਰੀਕਾ ਦੇ ਰਾਸ਼ਟਰਪਤੀ ਬੁੱਸ਼ ਨਾਲ ਵਾਈਟ ਹਾਊਸ ’ਚ ਸਿੱਧਾ ਸੰਪਰਕ ਬਣਾਇਆ, ਪਰ ਮੋਦੀ ਜੀ ਨੇ ਕਿਸੇ ਵੀ ਕੁਸ਼ਲ ਬਿਓਰੋਕਰੇਟ ਨੂੰ ਆਪਣੇ ਪੱਲੇ ਨਹੀਂ ਬੰਨਿਆ।
ਇਸੇ ਕਰ ਕੇ ਉਹ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ’ਚ ਕਾਮਯਾਬ ਨਹੀਂ ਹੋਏ, ਕਿਉਂਕਿ ਅਫ਼ਸਰਸ਼ਾਹੀ ਲਗਾਤਾਰ ਅੜਿੱਕਾ ਬਣ ਰਹੀ ਹੈ।
ਪਿਛਲੇ ਦਿਨੀਂ ਮੋਦੀ ਸਰਕਾਰ ਵੱਲੋਂ ਇਹ ਪ੍ਰਚਾਰਿਆ ਗਿਆ ਕਿ ਪਿਛਲੀ ਤਿਮਾਹੀ ਵਿੱਚ ਦੇਸ਼ ਦੀ ਜੀ ਡੀ ਪੀ 8.2 ਫ਼ੀਸਦੀ ਨੋਟ ਕੀਤੀ ਗਈ ਹੈ।ਅਤੇ ਦੇਸ਼ ਦੀ ਸਟਾਕ ਮਾਰਕੀਟ 25000 ਤੋਂ 38000 ਦੇ ਅੰਕਾਂ ਤੱਕ ਜਾ ਪਹੁੰਚੀ ਹੈ। ਦੇਸ਼ ’ਚ 390 ਮਿਲੀਅਨ ਲੋਕ ਇੰਟਰਨੈੱਟ ਵਰਤਦੇ ਹਨ। ਦੇਸ਼ ਦੀ ਅੱਧੀ ਆਬਾਦੀ 25 ਸਾਲ ਤੋਂ ਘੱਟ ਹੈ ਅਤੇ ਦੋ-ਤਿਹਾਈ ਆਬਾਦੀ 35 ਸਾਲ ਤੋਂ ਘੱਟ ਹੈ। ਇਹ ਭਾਰਤ ਦੀ ਬਹੁਤ ਵੱਡੀ ਜਾਇਦਾਦ ਹੈ। ਅੱਜ ਜਦੋਂ ਦੂਜੇ ਜ਼ਿਆਦਾਤਰ ਦੇਸ਼ਾਂ ਦੀ ਆਬਾਦੀ ਬੁੱਢੀ ਹੋ ਰਹੀ ਹੈ, ਭਾਰਤ ਵਿੱਚ ਬਹੁਤੀ ਆਬਾਦੀ ਪੜੀ-ਲਿਖੀ ਤੇ ਜਵਾਨ ਹੈ। ਇਹ ਭਾਰਤ ਲਈ ਚੰਗੀਆਂ ਖ਼ਬਰਾਂ ਹਨ, ਪਰ ਦੇਸ਼ ਆਪਣੇ ਨਾਗਰਿਕਾਂ ਨੂੰ 24 ਘੰਟੇ 7 ਦਿਨ ਪਾਣੀ ਅਤੇ ਬਿਜਲੀ ਸਪਲਾਈ ਨਹੀਂ ਕਰ ਸਕਿਆ।
ਮੁੰਬਈ, ਦਿੱਲੀ, ਹੈਦਰਾਬਾਦ, ਚੇਨੱਈ ਵਰਗੇ ਮੁੱਖ ਸ਼ਹਿਰਾਂ ’ਚ ਆਵਾਜਾਈ ਦੇ ਚੰਗੇ ਪ੍ਰਬੰਧ ਵੀ ਨਹੀਂ ਕੀਤੇ ਜਾ ਸਕੇ। ਭਾਵੇਂ  ਦਿੱਲੀ ਵਰਗੇ ਸ਼ਹਿਰਾਂ ’ਚ ਚੰਗੇ ਹਵਾਈ ਅੱਡੇ ਬਣਾਏ ਗਏ ਹਨ, ਪਰ ਦੇਸ਼ ’ਚ ਸੀਵਰੇਜ ਦੇ ਹਾਲਾਤ ਤਰਸ ਯੋਗ ਹਨ। ਕੂੜਾ-ਕਰਕਟ ਸੰਭਾਲਣ ਦਾ ਪ੍ਰਬੰਧ ਤਾਂ ਬਹੁਤ ਹੀ ਖਸਤਾ ਹੈ। ਮੋਦੀ ਸਰਕਾਰ ਨੇ ਦੇਸ਼ ’ਚ ਟਾਇਲਟਾਂ ਦਾ ਪ੍ਰਬੰਧ ਕਰਨ ਦਾ ਯਤਨ ਤਾਂ ਕੀਤਾ ਹੈ, ਪਰ ਟਰੈਫ਼ਿਕ ਦੀ ਹਾਲਤ ਨਿਕੰਮੀ ਹੈ। ਦੇਸ਼ ’ਚ ਵਹੀਕਲਾਂ ਦੀ ਤੁਲਨਾ ਵਿੱਚ ਸੜਕਾਂ ਦਾ ਵਿਸਥਾਰ ਨਹੀਂ ਹੋਇਆ, ਜਿਸ ਕਾਰਨ ਸੜਕਾਂ ’ਤੇ ਨਿਰੰਤਰ ਜਾਮ ਲੱਗੇ ਰਹਿੰਦੇ ਹਨ। ਦੇਸ਼ ਦੀਆਂ ਅਦਾਲਤਾਂ ਮੁਕੱਦਮਿਆਂ ਨਾਲ ਠੂਸੀਆਂ ਪਈਆਂ ਹਨ। ਦੇਸ਼ ਵਾਸੀਆਂ ਲਈ ਰਹਿਣ ਲਈ ਮਕਾਨਾਂ ਦੀ ਕਮੀ ਹੈ ਅਤੇ ਚੰਗੀਆਂ ਸਹੂਲਤਾਂ ਲਈ ਬੁਨਿਆਦੀ ਢਾਂਚੇ ਦੀ ਘਾਟ ਹੈ।
ਮੋਦੀ ਜੀ ਪਿਛਲੇ ਸਾਢੇ ਚਾਰ ਵਰਿਆਂ ’ਚ ਦੇਸ਼ ਦੀਆਂ ਬਹੁਤ ਹੀ ਮਹੱਤਵ ਪੂਰਨ ਘੱਟ-ਗਿਣਤੀਆਂ ਸਿੱਖਾਂ ਅਤੇ ਇਸਾਈਆਂ ਨਾਲ, ਭਾਵੇਂ ਉਹ ਗਿਣਤੀ ਵਿੱਚ ਥੋੜੇ ਹਨ, ਪਰ ਵਿਦੇਸ਼ੀ ਧਨ ਭਾਰਤ ’ਚ ਲਿਆਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ, ਚੰਗੇ ਸੰਬੰਧ ਨਹੀਂ ਬਣਾ ਸਕੇ।
ਯੂ ਏ ਈ  ਦੀ ਸਰਕਾਰ ਨੇ ਕੇਰਲਾ ਲਈ 200 ਮਿਲੀਅਨ ਡਾਲਰ ਦੀ ਸਹਾਇਤਾ ਹੜ-ਪੀੜਤਾਂ ਲਈ ਦੇਣ ਦੀ ਪੇਸ਼ਕਸ਼ ਕੀਤੀ, ਪਰ ਮੋਦੀ ਜੀ ਨੇ ਇਹ ਸਹਾਇਤਾ ਠੁਕਰਾ ਦਿੱਤੀ
ਆਖ਼ਿਰ ਕਿਉਂ?
ਕੀ ਉਨਾ ਦੇ ਮਨ ’ਚ ਇਹ ਗੱਲ ਕਿਧਰੇ ਘਰ ਕਰ ਕੇ ਬੈਠੀ ਹੈ ਕਿ ਕੇਰਲਾ ’ਚ ਭਾਰਤੀ ਜਨਤਾ ਪਾਰਟੀ ਰਾਜ ਨਹੀਂ ਕਰਦੀ, ਇਸ ਕਰ ਕੇ ਉਸ ਨੂੰ ਇਸ ਦਾ ਫਾਇਦਾ ਨਹੀਂ ਹੋਵੇਗਾ?
ਦੁਨੀਆ ਵਿੱਚ ਭਾਰਤ ਦੂਜਾ ਇਹੋ ਜਿਹਾ ਦੇਸ਼ ਹੈ, ਜਿੱਥੇ ਵੱਡੀ ਮੁਸਲਿਮ ਆਬਾਦੀ ਹੈ। ਭਾਰਤੀ ਮੁਸਲਮਾਨ ਸ਼ਾਂਤ ਰਹਿਣ ਵਾਲੇ ਦੇਸ਼ ਵਾਸੀ ਹਨ, ਪਰ ਭਾਜਪਾ ਦਾ ਵਿਹਾਰ ਉਹਨਾਂ ਨਾਲ ਚੰਗਾ ਨਹੀਂ। ਬੀਫ ਨੂੰ ਰੈਸਟੋਰੈਂਟਾਂ ’ਚ ਪਰੋਸਣ ਤੋਂ ਰੋਕ ਦਿੱਤਾ ਗਿਆ। ਮੁਸਲਮਾਨਾਂ ਨੂੰ ਗਊ ਰੱਖਿਆ ਦੇ ਨਾਂਅ ’ਤੇ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ, ਪਰੰਤੂ ਭਾਰਤ ਦੁਨੀਆ ਨੂੰ 5 ਬਿਲੀਅਨ ਡਾਲਰ ਦੇ ਮੁੱਲ ਦਾ ਮੀਟ ਸਪਲਾਈ ਕਰਦਾ ਹੈ, ਜਿਸ ਵਿੱਚ ਜ਼ਿਆਦਾਤਰ ਮੱਝਾਂ, ਝੋਟਿਆਂ ਦਾ ਮਾਸ ਹੁੰਦਾ ਹੈ ਅਤੇ ਕੁਝ ਗਊਆਂ ਦਾ ਵੀ। 
  ਆਮ ਤੌਰ ’ਤੇ ਦੇਸ਼ ਦੇ ਚੇਤੰਨ ਵਰਗ ਵੱਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਜੇਕਰ ਇਹ ਮਾਸ ਵਿਦੇਸ਼ਾਂ ਨੂੰ ਭੇਜਿਆ ਜਾਂਦਾ ਹੈ ਤਾਂ ਦੇਸ਼ ’ਚ ਕਿਉਂ ਨਹੀਂ ਵਰਤਿਆ ਜਾ ਸਕਦਾ?
ਮੋਦੀ ਸਾਹਿਬ ਨੇ ਅਮਰੀਕਾ, ਬਰਤਾਨੀਆ, ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਅਨੇਕ ਦੇਸ਼ਾਂ ਦੇ ਦੌਰੇ ਕੀਤੇ। ਅਰਬਾਂ ਰੁਪੱਈਏ ਇਹਨਾਂ ਦੌਰਿਆਂ ’ਤੇ ਖ਼ਰਚ ਹੋਏ, ਪਰ ਕੀ ਇਹਨਾਂ ਦੇਸ਼ਾਂ ਨਾਲ ਸੰਬੰਧ ਸੁਖਾਵੇਂ ਹੋ ਸਕੇ ਜਾਂ ਇਹ ਦੌਰੇ ਸਿਰਫ਼ ਗਲਵਕੜੀ ਜਾਂ ਹੱਥ-ਘੁੱਟਣੀ ਤੋਂ ਵੱਧ ਹੋਰ ਕੁਝ ਸੁਆਰ ਸਕੇ?
  ਨਰਿੰਦਰ ਮੋਦੀ ਨੇ ਪਰਵਾਸੀ ਭਾਰਤੀਆਂ ਨਾਲ ਵੱਡੀਆਂ ਬੈਠਕਾਂ, ਮਿਲਣੀਆਂ ਕੀਤੀਆਂ। ਵੱਡੀਆਂ ਭੀੜਾਂ ਵੀ ਇਹਨਾਂ ਭਾਰਤੀਆਂ ਦੀਆਂ ਇਕੱਠੀਆਂ ਕੀਤੀਆਂ, ਪਰ ਕੀ ਇਹ ਭਾਰਤੀ ਦੇਸ਼ ’ਚ ਆਪਣੇ ਕਾਰੋਬਾਰ ਖੋਲਣ ਲਈ ਤਿਆਰ ਹੋਏ? ਅਸਲ ’ਚ ਦੇਸ਼ ਦੀ ਅਫ਼ਸਰਸ਼ਾਹੀ ਦੀ ਘੁੱਟੀ ਹੋਈ ਮੁੱਠੀ ਮੋਦੀ ਜੀ ਦੀ ਵੱਖੋ-ਵੱਖਰੇ ਖੇਤਰਾਂ ’ਚ ਅਸਫ਼ਲਤਾ ਦਾ ਕਾਰਨ ਬਣੀ ਦਿੱਸਦੀ ਹੈ।
   ਮੋਦੀ ਜੀ ਦੇ ਸ਼ਾਸਨ ਕਾਲ ਵਿੱਚ ਗੁਆਂਢੀ ਮੁਲਕਾਂ ਨਾਲ ਚੰਗੇ ਸੰਬੰਧ ਸਥਾਪਤ ਨਹੀਂ ਕੀਤੇ ਜਾ ਰਹੇ, ਭਾਵੇਂ ਇਸ ਖੇਤਰ ਵਿੱਚ ਮੁੱਢਲੇ ਤੌਰ ’ਤੇ ਪਹਿਲ ਕਦਮੀ ਜ਼ਰੂਰ ਦਿੱਖੀ। ਉਨਾ ਦੇ ਰਾਜ ’ਚ ਚੀਨ ਨੇ ਨੇਪਾਲ, ਮਾਲਦੀਵ, ਸ੍ਰੀਲੰਕਾ, ਭੂਟਾਨ, ਸਿੱਕਮ ਅਤੇ ਬੰਗਲਾਦੇਸ਼ ਨੂੰ ਪ੍ਰਭਾਵਤ ਕੀਤਾ ਅਤੇ ਆਪਣੇ ਨਾਲ ਸੰਬੰਧ ਭਾਰਤ ਨਾਲੋਂ ਵੱਧ ਸੁਖਾਵੇਂ ਬਣਾਏ। ਚੀਨ ਨੇ ਸਮੁੰਦਰੀ ਪਾਣੀਆਂ, ਜਿਨਾਂ ’ਚ ਹਿੰਦ-ਮਹਾਂਸਾਗਰ, ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਸ਼ਾਮਲ ਹਨ, ਵਿੱਚ ਦਖ਼ਲ ਦਿੱਤਾ।
ਭਾਵੇਂ ਮੋਦੀ ਜੀ ਵੱਲੋਂ ਦੇਸ਼ ’ਚ ਵੱਡੀਆਂ, ਨਵੀਂਆਂ-ਨਿਵੇਕਲੀਆਂ ਸਕੀਮਾਂ ਚਲਾਉਣ ਦਾ ਦਾਅਵਾ ਕੀਤਾ ਗਿਆ, ਪਰ ਸਫ਼ਲਤਾ ਦੇ ਪੱਖ ਤੋਂ ਇਨਾਂ ’ਤੇ ਵੱਡੇ ਪ੍ਰਸ਼ਨ-ਚਿੰਨ ਲੱਗੇ ਹਨ।
 ਨੋਟਬੰਦੀ ਨੇ ਮੋਦੀ ਸ਼ਾਸਨ ਨੂੰ ਵੱਡੀ ਬਦਨਾਮੀ ਦਿੱਤੀ ਹੈ।
ਜੀ ਐੱਸ ਟੀ ਨਾਲ ਮੋਦੀ ਸਰਕਾਰ ਦਾ ਦੇਸ਼ ਦੇ ਵਪਾਰੀ ਵਰਗ ’ਚ ਆਧਾਰ ਖ਼ਰਾਬ ਹੋਇਆ ਹੈ।
 ਪੈਟਰੋਲ, ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਅਤੇ ਮਹਿੰਗਾਈ ਨੇ ਦੇਸ਼ ਵਾਸੀਆਂ ਸਾਹਮਣੇ ਵੱਡੇ ਸਵਾਲ ਖੜੇ ਕੀਤੇ ਹਨ ਅਤੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਕਾਰਪੋਰੇਟ ਸੈਕਟਰ ਦੇ ਹਿੱਤਾਂ ਦੀ ਰਾਖੀ ਆਖ਼ਿਰ ਕਦੋਂ ਤੱਕ ਲੋਕਾਂ ਦੇ ਹਿੱਤ ਦਾਅ ਉੱਤੇ ਲਾ ਕੇ ਕਰਦੀ ਰਹੇਗੀ?
ਫਰਾਂਸ ਨਾਲ ਹੋਏ ਰਾਫ਼ੇਲ ਸਮਝੌਤੇ ’ਚ ਵੱਡੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮੋਦੀ ਸਰਕਾਰ ਤੋਂ ਸਵਾਲ ਪੁੱਛੇ ਜਾਣ ਲੱਗੇ ਹਨ।
  ਇਹੋ ਜਿਹੀਆਂ ਹਾਲਤਾਂ ਵਿੱਚ 2019 ’ਚ ਮੋਦੀ ਦੀ ਜਿੱਤ ਸੌਖੀ ਨਹੀਂ ਸਮਝੀ ਜਾ ਰਹੀ। ਯੂ ਪੀ ’ਚ ਭਾਜਪਾ ਨੇ ਸਰਕਾਰ ਬਣਾਈ। ਗੁਜਰਾਤ ’ਚ ਉਸ ਨੂੰ ਮਸਾਂ ਜਿੱਤ ਮਿਲੀ। ਇਹ ਕਿਉਂ ਵਾਪਰਿਆ?
  ਕਾਂਗਰਸ ਪਾਰਟੀ ਨੇ ਭਾਜਪਾ ਨੂੰ ਉਥੇ ਚਾਨਣ ਵਿਖਾਇਆ।
  ਪੱਛਮੀ ਬੰਗਾਲ, ਪੰਜਾਬ, ਕਰਨਾਟਕ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਕੇਰਲਾ ਅਤੇ ਕੁਝ ਹੋਰ ਸੂਬਿਆਂ ’ਚ ਭਾਜਪਾ ਦਾ ਰਾਜ ਨਹੀਂ ਹੈ। ਮੋਦੀ ਦੇ ਵਿਰੋਧ ’ਚ ਵਿਰੋਧੀ ਧਿਰਾਂ ਇਕੱਠੀਆਂ ਹੋਣ ਦੇ ਯਤਨਾਂ ’ਚ ਹਨ। ਮੋਦੀ ਸ਼ਾਸਨ ਇਹਨਾਂ ਸਾਢੇ ਚਾਰ ਸਾਲਾਂ ’ਚ ਨੀਵਾਣਾਂ ਵੱਲ ਜਾਂਦਾ ਦਿੱਸ ਰਿਹਾ ਹੈ ਅਤੇ ਸਿਆਸੀ ਤੌਰ ’ਤੇ ਉਹ ਕੋਈ ਵੱਡੀ ਕਾਰਗੁਜ਼ਾਰੀ ਨਹੀਂ ਦਿਖਾ ਸਕਿਆ। 
  ਆਉਣ ਵਾਲੇ ਛੇ ਮਹੀਨਿਆਂ ’ਚ ਕੀ ਉਹ ਕੋਈ ਵੱਡੀ ਜਾਦੂਗਿਰੀ ਦਿਖਾ ਸਕੇਗਾ?
  ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਸ ਸਮੇਂ ਉਸ ਦਾ ਦੇਸ਼ ਦੇ ਹਾਕਮੀ ਗਲਿਆਰਿਆਂ ’ਚ ਪਰਤਣਾ ਬਹੁਤੇ ਲੋਕਾਂ ਨੂੰ ਔਖਾ ਲੱਗ ਰਿਹਾ ਹੈ। 
  ਸਿਆਸਤ ਦਾ ਅਸੂਲ ਹੈ ਕਿ ਕੌਣ ਕਿਸ ਨੂੰ, ਕਿਸ ਵੇਲੇ, ਕਿੱਥੇ ਅਤੇ ਕਿਵੇਂ ਪ੍ਰਭਾਵਤ ਕਰਦਾ ਹੈ। ਜਿਸ ਸਿਆਸੀ ਨੇਤਾ ਕੋਲ ਕੁਟੱਲਿਆ ਦਾ ਇਹ ਗੁਣ ਹੈ, ਉਹ ਸਿਆਸੀ ਬਾਜ਼ੀ ਮਾਰ ਜਾਂਦਾ ਹੈ।


ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.