‘ਅਜੋਕਾ ਗੁਰਮਤਿ ਪ੍ਰਚਾਰ?’-1
(ਸੰਪਾਦਕੀ ਨੋਟ :- ਗੁਰਮਤਿ ਨੂ ਸਮਝਣ ਦੇ ਚਾਹਵਾਨ , ਵੀਰ-ਭੈਣ ਇਸ ਲੇਖ ਲੜੀ ਨੂ , ਜ਼ਰੂਰ ਪੜਨ)
ਅਸਲੀ ਵਿਸ਼ੇ ਬਾਰੇ ਵਿਚਾਰ ਦੇਣ ਤੋਂ ਪਹਿਲਾਂ ਕੁਝਕੁ ਹੋਰ ਜਾਣਕਾਰੀ ਸਾਂਝੀ ਕਰਨੀ ਜਰੂਰੀ ਹੈ।ਇਸ ਲਈ ਪਹਿਲਾਂ ਕੁਝਕੁ ਗੱਲਾਂ ‘ਦੇਵ ਸਮਾਜੀ ਧਰਮ’ ਬਾਰੇ- “ਦੇਵ ਸਮਾਜ ਜਾਂ ਦੇਵ ਧਰਮ” ਇੱਕ ਨਾਸਤਿਕ ਮੱਤ ਹੈ।ਇਸ ਮੱਤ ਦਾ ਬਾਨੀ ਆਚਾਰਯ ਕਾਨਯਕੁਬਜ ਬ੍ਰਹਮਣ ਸਤਯਾਨੰਦ / ਸ਼ਿਵ ਨਾਰਾਇਣ, ਅਗਨੀਹੋਤਰੀ (ਧਾਰਮਿਕ ਨਾਮ-ਦੇਵ ਗੁਰੂ ਭਗਵਾਨ/ ਭਗਵਾਨ ਦੇਵਾਤਮਾ) ਸੀ। ਅਗਨੀਹੋਤਰੀ ਪਹਿਲਾਂ ਈਸ਼ਵਰਵਾਦੀ / ਆਸਤਿਕ ਸੀ ਕਿਸੇ ਮੁਕੱਦਮੇ ਦੇ ਹਾਰ ਜਾਣ ਦੇ ਕਾਰਣ ਅਨਈਸ਼ਵਰਵਾਦੀ/ ਨਾਸਤਿਕ ਹੋ ਗਿਆ।ਕੁਝ ਚਿਰ ਬ੍ਰਹਮੂ ਸਮਾਜ ਵਿੱਚ ਰਹਿ ਕੇ ਧਰਮ ਦਾ ਪ੍ਰਚਾਰ ਕੀਤਾ। 16 ਫਰਵਰੀ 1887 ਨੂੰ ਲਾਹੌਰ ਵਿਖੇ ‘ਦੇਵ ਸਮਾਜ’ ਨਾਮ ਦਾ ਆਪਣਾ ਵੱਖਰਾ ਮੱਤ ਜਾਰੀ ਕੀਤਾ।ਇਸ ਨੂੰ ਵਿਗਿਆਨ-ਮੂਲ ਧਰਮ (Science grounded universal religion, based upon immutable laws and facts of nature) ਵੀ ਕਿਹਾ ਜਾਂਦਾ ਹੈ। ਸਤਿਆਨੰਦ ਅਗਨੀਹੋਤਰੀ ਦੇ ਦੇਵ ਧਰਮ ਦੇ ਮੁੱਖ ਸਿਧਾਂਤ ਇਹ ਹਨ:
ਦੇਵ ਧਰਮ ਡਾਰਵਿਨ ਦੇ ‘ਵਿਕਾਸ’ ਤੇ ਹਕਸਲੇ ਦੇ ‘ਸ਼ਕਤੀ’ ਸਿਧਾਂਤਾਂ ਤੋਂ ਪ੍ਰੇਰਿਤ ਧਰਮ ਹੈ।
ਇਸ ਧਰਮ ਅਨੁਸਾਰ; ਸਭ ਕੁਝ ਕਰਨ ਕਰਾਣ ਵਾਲੀ ਕੇਵਲ ਕੁਦਰਤ ਹੈ।ਕੁਦਰਤ ਤੋਂ ਵੱਖਰਾ ਹੋਰ
ਐਸਾ ਕੁਝ ਵੀ ਨਹੀਂ, ਜਿਸ ਨੂੰ ਪਰਮਾਤਮਾ ਕਿਹਾ ਜਾਵੇ।ਜੜ੍ਹ (ਮਾਦੇ) ਅਤੇ ਕੁਦਰਤੀ ਨਿਯਮਾਂ ਤੋਂ ਮਿਲਕੇ ਬਣੇ ਸਭ ਤਰ੍ਹਾਂ ਦੇ ਛੋਟੇ ਵਡੇ, ਜਾਨ ਤੇ ਬੇਜਾਨ ਵਜੂਦਾਂ ਨੂੰ ਰੱਖਣ ਵਾਲੀ ਹਸਤੀ ਦਾ ਨਾਂ ਨੇਚਰ/ ਕੁਦਰਤ ਹੈ।
ਜੜ੍ਹ- ਚੇਤਨ ਰਾਹੀਂ ਬਣੇ ਹੋਏ ਰੂਪ ਬਦਲਣਹਾਰ ਹਨ ਉਹ ਬਿਨਾ ਕਿਸੇ ਮੁਦਾਖਲਤ (ਦਖਲ) ਦੇ ਆਪ-ਮੁਹਾਰੇ ਬਦਲਦੇ ਰਹਿੰਦੇ ਹਨ।ਕੁਦਰਤ ਦੇ ਜਿਨ੍ਹਾਂ ਨਿਯਮਾਂ ਰਾਹੀਂ ਜੜ੍ਹ-ਚੇਤਨ ਪਦਾਰਥ ਰੂਪ ਬਦਲਦੇ ਹਨ ਉਹ ਨਿਯਮ ਸਥਿਰ ਅਤੇ ਅਪਰਵਰਤਨੀ ਹਨ।ਨੇਚਰ ਹੀ ਚੀਜਾਂ ਨੂੰ ਪ੍ਰਗਟ ਵੀ ਕਰਦੀ ਹੈ ਤੇ ਅਲੋਪ ਵੀ।‘ਨੇਚਰ/ ਕੁਦਰਤ’ ਦੇ ਆਧਾਰ ਤੇ ਜੋ ਸਹੀ ਗਿਆਨ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਉਹੀ ਧਰਮ ਦਾ ਸੱਚਾ ਗਿਆਨ ਹੈ। ਇਹ ਸਰਾਸਰ ਝੂਠ ਹੈ ਕਿ ਕਦੇ ਆਕਾਰ ਰਹਿਤ ਕੋਈ ਐਸੀ ਹਸਤੀ ਹੋ ਸਕਦੀ ਹੈ ਜਿਸ ਨੂੰ ਪਰਮਾਤਮਾ ਕਿਹਾ ਜਾਂਦਾ ਹੈ।ਪਰਮਾਤਮਾ ਵਰਗੀ ਕਿਸੇ ਅਲੋਕਿਕ ਸ਼ਕਤੀ ਨੂੰ ਮੰਨਣਾ ਅੰਧ ਵਿਸ਼ਵਾਸ਼ ਹੈ।ਕੁਦਰਤ ਹੀ ਪਰਮਾਤਮਾ ਹੈ, ਜੋ ਸਭ ਜੜ੍ਹ ਅਤੇ ਚੇਤਨ ਵਸਤਾਂ ਵਿੱਚ ਵਿਆਪਕ ਹੈ।
ਨੇਚਰ ਦੇ ਵਿਕਾਸ ਰਾਹੀਂ ਹੁਣ ਸੱਚੀਆਂ ਦੇਵ ਸ਼ਕਤੀਆਂ ਦਾ ਪ੍ਰਕਾਸ਼ ਹੋਇਆ ਹੈ ਉਨ੍ਹਾਂਨੂੰ ਜਾਣਕੇ ਕੋਈ
ਦੇਵ ਆਤਮਾ ਹੋ ਸਕਦਾ ਹੈ।
ਸਵਰਗ-ਨਰਕ, ‘ਪੁਨਰ-ਜਨਮ, ਆਵਾਗਉਣ’, ਵਰ-ਸਰਾਪ, ਕਰਾਮਾਤਾਂ ਤੇ ਚਮਤਕਾਰ, ਸਭ ਝੂਠੀਆਂ
ਗੱਪਾਂ ਹਨ।ਸਾਰੀਆਂ ਦੈਵੀ ਸ਼ਕਤੀਆਂ ਦਾ ਜ਼ਹੂਰ ਦੇਵ ਭਗਵਾਨ ਗੁਰੂ (ਸਤਿਆਨੰਦ ਅਗਨੀਹੋਤਰੀ) ਵਿੱਚ ਹੋਇਆ ਹੈ”।
ਸੋ ਇਹ ਹਨ ਦੇਵ ਸਮਾਜੀ ਧਰਮ ਦੇ ਮੁਖ ਸਿਧਾਂਤ।
(ਨੋਟ: ਰੱਬ ਦੀ ਹੋਂਦ, ਪੁਨਰ ਜਨਮ, ਆਵਾਗਵਣ ਆਦਿ ਸੰਕਲਪਾਂ ਬਾਰੇ ਗੁਰਮਤਿ ‘ਦੇਵ ਧਰਮ’
ਨਾਲ ਇਖ਼ਤਲਾਫ਼ (ਵਿਰੋਧ), ਅਤੇ ਸਵਰਗ-ਨਰਕ, ਵਰ-ਸਰਾਪ, ਕਰਾਮਾਤਾਂ ਤੇ ਚਮਤਕਾਰ ਆਦਿ
ਸੰਕਲਪਾਂ ਬਾਰੇ ਇਤਿਫ਼ਾਕ (ਸਹਿਮਤੀ) ਰੱਖਦੀ ਹੈ)
ਅਜੋਕਾ ਗੁਰਮਤਿ ਪ੍ਰਚਾਰ-
ਪਰਮਾਤਮਾ ਦੀ ਹੋਂਦ ਬਾਰੇ ਅਜੋਕੇ ਗੁਰਮਤਿ ਪ੍ਰਚਾਰਕਾਂ ਦੇ ਵਿਚਾਰ ਵੀ ‘ਨਾਸਤਿਕ ਮੱਤ, ਦੇਵ ਧਰਮ’ ਨਾਲ ਕਾਫੀ ਮਿਲਦੇ ਅਤੇ ਗੁਰਮਤਿ ਦੇ ਉਲਟ ਹਨ।ਪਰ ਗੁਰਬਾਣੀ ਦੇ ਅਰਥਾਂ ਨੂੰ ਆਪਣੀ ਸੋਚ ਮੁਤਾਬਕ ਰੰਗਤ ਦੇ ਕੇ ਇਨ੍ਹਾਂ ਵੱਲੋਂ ਸਿੱਖਾਂ ਵਿੱਚ ਨਾਸਤਿਕਤਾ ਫੈਲਾਈ ਜਾ ਰਹੀ ਹੈ।ਗੱਲਾਂ ਘੜਨ ਵਿੱਚ ਇਹ ਲੋਕ ਇੰਨੇ ਮਾਹਰ ਹਨ ਕਿ ਸਹਜੇ ਪਤਾ ਹੀ ਨਹੀਂ ਲੱਗਦਾ ਕਿ ਇਹ ਲੋਕ ਗੁਰਮਤਿ ਦੇ ਨਾਂ ਤੇ ਗੁਰਮਤਿ ਦੇ ਹੀ ਉਲਟ ਨਾਸਤਿਕਤਾ ਫੈਲਾ ਰਹੇ ਹਨ।ਦੇਵ ਸਮਾਜੀ ਤਾਂ ਖੁੱਲ੍ਹੇ-ਆਮ ਇਹ ਗੱਲ ਸਵਿਕਾਰ ਕਰਦੇ ਹਨ ਕਿ ਆਕਾਰ-ਰਹਿਤ ਕਿਸੇ ਪਰਮਾਤਮਾ ਦੀ ਹੋਂਦ ਨੂੰ ਮੰਨਣਾ ਕੋਰਾ ਅੰਧ ਵਿਸ਼ਵਾਸ਼ ਹੈ।ਅਜੋਕੇ ਗੁਰਮਤਿ ਪ੍ਰਚਾਰਕ ਵੀ ਅਸਲ ਵਿੱਚ ਗੁਰਮਤਿ ਦੇ ਉਲਟ ਆਕਾਰ ਰਹਿਤ ਕਿਸੇ ਰੱਬੀ ਹਸਤੀ ਦੀ ਹੋਂਦ ਨੂੰ ਨਹੀਂ ਮੰਨਦੇ ਪਰ ਕਿਸੇ ਕਾਰਣ ਵੱਸ ਸਾਫ ਲਫ਼ਜ਼ਾਂ ਵਿੱਚ ਇਹ ਗੱਲ ਸਵਿਕਾਰ ਨਹੀਂ ਕਰਦੇ, ਸ਼ਾਇਦ ਇਸ ਲਈ ਕਿ ਜੇ ਸਾਫ ਲਫਜ਼ਾਂ ਵਿੱਚ ਇਹ ਰੱਬ ਦੀ ਹੋਂਦ ਤੋਂ ਮੁਨਕਰ ਹੁੰਦੇ ਹਨ ਤਾਂ ਇਨ੍ਹਾਂ ਦੇ ਮਗ਼ਰ ਲੱਗਣ ਵਾਲਿਆਂ ਦੀ ਗਿਣਤੀ ਘਟ ਜਾਏਗੀ।ਇਸ ਲਈ ਉੱਪਰੋਂ ਉੱਪਰੋਂ ਜਾਹਰ ਕਰਦੇ ਹਨ ਕਿ ਇਹ ਨਿਰਾਕਾਰ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਹਨ।ਪਰ ਅਸਲ ਵਿੱਚ ਇਹ ਲੋਕ, ਦੇਵ ਧਰਮ ਦੀ ਤਰ੍ਹਾਂ ਕੁਦਰਤ ਨੂੰ ਬਨਾਣ ਵਾਲੇ ਨੂੰ ਨਹੀਂ ਬਲਕਿ ਕੁਦਰਤ ਨੂੰ ਹੀ ਸਭ ਕੁਝ ਮੰਨਦੇ ਹਨ।ਦੇਵ ਸਮਾਜ ਅਤੇ ਅਜੋਕੇ ਗੁਰਮਤਿ ਪ੍ਰਚਾਰਕਾਂ ਦੇ ਵਿਚਾਰਾਂ ਦੀ ਸਮਾਨਤਾ ਦੇਖੋ- ਦੇਵ ਸਮਾਜ:- “ਕੁਦਰਤ ਹੀ ਪਰਮਾਤਮਾ ਹੈ, ਜੋ ਸਭ ਜੜ੍ਹ ਅਤੇ ਚੇਤਨ ਵਸਤਾਂ ਵਿੱਚ ਵਿਆਪਕ ਹੈ। ਕੁਦਰਤ ਤੋਂ ਵੱਖਰਾ ਹੋਰ ਐਸਾ ਕੁਝ ਵੀ ਨਹੀਂ, ਜਿਸ ਨੂੰ ਪਰਮਾਤਮਾ ਕਿਹਾ ਜਾਵੇ।
ਅਜੋਕੇ ਗੁਰਮਤਿ ਪ੍ਰਚਾਰਕ:-
“ਇਹ ਕੁਦਰਤ ਜਿਸ ਅਧੀਨ ਵਿਚਰਦੀ ਹੈ ਉਸ ਨਿਯਮ ਦਾ ਨਾਂ ਪਰਮਾਤਮਾ ਹੈ”।
ਦੇਵ ਸਮਾਜ ਵੀ ਅਤੇ ਅਜੋਕੇ ਗੁਰਮਤਿ ਪ੍ਰਚਾਰਕ ਵੀ ਕਿਸੇ ਨਿਰਾਕਾਰ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਦੋਨਾਂ ਨੇ ਹੀ ਕੁਦਰਤ ਅਤੇ ਕੁਦਰਤੀ ਨਿਯਮਾਂ ਨੂੰ ‘ਰੱਬ / ਪਰਮਾਤਮਾ’ ਨਾਮ ਦੇ ਦਿੱਤਾ ਹੈ।
ਇਸ ਦੇ ਉਲਟ ਗੁਰਮਤਿ ਫਲੌਸਫੀ:-
“ਆਪੀਨ੍ਹੇ ਆਪੁ ਸਾਜਿਓ ਆਪੀਨ੍ਹੇ ਰਚਿਓ ਨਾਉ॥
ਦੁਯੀ ਕੁਦਰਤਿ ਸਾਜਿਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂ ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣ ਡਿਠੋ ਚਾਉ॥” (੪੬੩)
ਅਰਥਾਤ ਪਰਮਾਤਮਾ ਨੇ ਆਪਣੇ ਆਪ ਤੋਂ ਹੀ ਆਪਣਾ ਇਹ ਦਿਸਦਾ ਪਸਾਰਾ ਸਾਜਿਆ (ਬਣਾਇਆ) ਹੈ ,ਆਪ ਹੀ ਇਸ ਨੂ ਚਲਦਾ ਰਖਣ ਵਾਸਤੇ , ਆਪਣਾ ਹੁਕਮ (ਨਾਮ) ਰਚਿਆ ਹੈ। ਅਤੇ ਆਪ ਹੀ ਆਪਣੀ ਰਚੀ , ਵਖਰੀ ਕੁਦਰਤ ਵਿੱਚ ਵਿਆਪਕ ਹੋ ਕੇ ਆਪਣੀ ਰਚੀ ਖੇਡ ਦੇਖ ਵੀ ਰਿਹਾ ਹੈ।ਉਹ ਕੁਦਰਤ ਵਿੱਚ ਵਿਆਪਕ ਹੈ ਪਰ ਫੇਰ ਵੀ ਕੁਦਰਤ ਤੋਂ ਨਿਰਲੇਪ ਹੈ।ਕੁਦਰਤ ਦੇ ਵਿੱਚ ਵਿਆਪਕ ਵੀ ਹੈ ਅਤੇ ਇਸ ਤੋਂ ਵੱਖ ਵੀ ਹੈ
“ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ”।
ਅਜੋਕੇ ਗੁਰਮਤਿ ਪ੍ਰਚਾਰਕਾਂ ਅਨੁਸਾਰ ਅੱਵਲ ਤਾਂ ਰੱਬ ਕੋਈ ਹੈ ਨਹੀਂ, ਪਰ ਜੇ ਕੋਈ ਰੱਬ ਹੈ ਵੀ ਤਾਂ ਕੁਦਰਤ ਅਤੇ ਕੁਦਰਤੀ ਨਿਯਮਾਂ ਦੇ ਰੂਪ ਵਿਚ ਬਦਲ ਜਾਣ ਨਾਲ ਉਸ ਦਾ ਨਿਰਾਕਾਰ ਰੂਪ ਸਮਾਪਤ ਹੋ ਗਿਆ। ਜਿਵੇਂ ਆਇਨਸਟਾਇਨ ਮੁਤਾਬਕ ਅਨਰਜੀ ਨੂੰ ਪਦਾਰਥ ਵਿੱਚ ਅਤੇ ਪਦਾਰਥ ਨੂੰ ਅਨਰਜੀ ਵਿੱਚ ਬਦਲਿਆ ਜਾ ਸਕਦਾ ਹੈ, ਉਸੇ ਤਰ੍ਹਾਂ ਇਨ੍ਹਾਂ ਪ੍ਰਚਾਰਕਾਂ ਮੁਤਾਬਕ ਪਰਮਾਤਮਾ ਦਾ ਨਿਰਾਕਾਰ ਰੂਪ ਕੁਦਰਤ ਦੇ ਸਾਕਾਰ ਰੂਪ ਵਿੱਚ ਬਦਲ ਗਿਆ, ਅਤੇ ਹੁਣ ਨਿਰਾਕਾਰ ਪਰਮਾਤਮਾ ਦੀ ਕੋਈ ਹੋਂਦ ਬਾਕੀ ਨਹੀਂ ਰਹੀ।
ਅਜੋਕੇ ਗੁਰਬਾਣੀ ਵਿਆਖਿਆਕਾਰ ਭੁੱਲ ਰਹੇ ਹਨ ਕਿ ਗੁਰਮਤਿ ਅਨੁਸਾਰ ਪਰਮਾਤਮਾ ਕੁਦਰਤ
ਵਿੱਚ ਵਿਆਪਕ ਹੁੰਦਿਆਂ ਹੋਇਆਂ ਵੀ ਕੁਦਰਤ ਤੋਂ ਨਿਰਲੇਪ ਹੈ।ਆਪਣੀ ਰਚੀ ਖੇਡ ਦੇਖ ਵੀ ਰਿਹਾ ਹੈ ਅਤੇ ਦੇਖਕੇ ਵਿਗਸ ਵੀ ਰਿਹਾ ਹੈ
“ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥”(1035)।
ਉਹ ਕੁਦਰਤ ਵਿੱਚ ਵਿਆਪਕ ਹੈ ਪਰ ਫੇਰ ਵੀ
“ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ” ਵੀ ਹੈ।
ਕੁਦਰਤ ਵਿੱਚ ਵਿਆਪਕ ਵੀ ਹੈ ਅਤੇ
“ਕਰਿ ਆਸਣੁ ਡਿਠੋ ਚਾਉ” ਵੀ ਹੈ।
ਉਹ “ਸਭ ਤੇ ਨੇਰੈ ਸਭਹੁ ਤੇ ਦੂਰਿ॥ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ॥” ਵੀ ਹੈ।ਸਾਕਾਰ ਰੂਪ ਵਿੱਚ ਪ੍ਰਗਟ ਹੋਣ ਨਾਲ ਉਸਦੇ ਨਿਰਾਕਾਰ ਰੂਪ ਵਿੱਚ ਕੋਈ ਘਾਟ ਜਾਂ ਵਾਧ ਨਹੀਂ ਹੁੰਦੀ।
ਅਜੋਕੇ ਗੁਰਬਾਣੀ ਵਿਆਖਿਆਕਾਰ ਵਿਗਿਆਨ ਦੀਆਂ ਬਹੁਤ ਗੱਲਾਂ ਕਰਦੇ ਹਨ, ਪਰ ਅਸਲ ਵਿੱਚ ਨਾ ਤਾਂ ਇਨ੍ਹਾਂ ਨੇ ਵਿਗਿਆਨ ਨੂੰ ਹੀ ਪੜ੍ਹਿਆ ਹੈ ਅਤੇ ਨਾ ਹੀ ਗੁਰਬਾਣੀ ਨੂੰ।ਗੁਰਬਾਣੀ ਨੂੰ ਪੜ੍ਹਿਆ ਹੁੰਦਾ ਤਾਂ ਇਨ੍ਹਾਂਨੂੰ ਮਨ, ਆਤਮਾ, ਪ੍ਰਭੂ ਦੇ ਗੁਪਤ ਰੂਪ ਵਿੱਚ ਵਰਤਦੇ ਹੁਕਮ ਆਦਿ ਵਿਸ਼ਿਆਂ ਦੀ ਡੁੰਘਾਈ ਬਾਰੇ ਪਤਾ ਹੁੰਦਾ ਅਤੇ ਗੁਰਬਾਣੀ ਦੇ ਅਰਥ ਬਦਲ ਕੇ ਪੇਸ਼ ਕਰਨ ਦੀ ਜਰੂਰਤ ਨਹੀਂ ਸੀ ਪੈਣੀ।ਅਜੋਕੇ ਗੁਰਮਤਿ ਪ੍ਰਚਾਰਕ ਕਿਸੇ ਨਿਰਾਕਾਰ /ਪਰਾਭੌਤਿਕ ਹਸਤੀ ਦੀ ਹੋਂਦ ਨਹੀਂ ਮੰਨਦੇ, ਜਦਕਿ ਗੁਰਬਾਣੀ ਮੁਖ ਤੌਰ ਤੇ ਭੌਤਿਕ ਸੰਸਾਰ ਦੀ ਨਹੀਂ ਬਲਕਿ ਮਨ ਨਾਲ ਸੰਬੰਧਤ ਅਧਿਆਤਮਿਕਤਾ ਦੀ ਗੱਲ ਕਰਦੀ ਹੈ।
ਜੇ ਇਨ੍ਹਾਂ ਲੋਕਾਂ ਨੇ ਵਿਗਿਆਨ ਪੜ੍ਹੀ ਹੁੰਦੀ ਤਾਂ ਇਨ੍ਹਾਂਨੂੰ ਪਤਾ ਹੋਣਾ ਸੀ ਕਿ ਵਿਗਿਆਨ ਦੇ ਕਿਸੇ ਵੀ ਸਿਧਾਂਤ ਮੁਤਾਬਕ ਸਾਰਾ ਸੰਸਾਰ ਤਾਂ ਕੀ ਇੱਕ ਰੱਤੀ ਭਰ ਵੀ ਕੋਈ ਚੀਜ ਆਪਣੇ ਆਪ ਤੋਂ ਹੋਂਦ ਵਿੱਚ ਨਹੀਂ ਆ ਸਕਦੀ।ਜਦਕਿ ਇਹ ਲੋਕ ਪ੍ਰਚਾਰ ਇਹ ਰਹੇ ਹਨ ਕਿ ਸਭ ਕੁਝ ਕੁਦਰਤੀ ਨਿਯਮਾਂ ਅਧੀਨ ਹੋਂਦ ਵਿੱਚ ਆਇਆ ਹੈ।ਆਮ ਲੋਕਾਂ ਨੂੰ ਗੁਮਰਾਹ ਕਰਨ ਲਈ ਗੱਲਾਂ ਘੜਨ ਦੇ ਮਾਹਰ ਇਨ੍ਹਾਂ ਲੋਕਾਂ ਨੇ ਇਕ ਹੋਰ ਗੱਲ ਘੜ ਲਈ ਹੈ ਕਿ ਕੁਦਰਤ ਦੀਆਂ ਜਿਹੜੀਆਂ ਗੁੱਝੀਆਂ ਗੱਲਾਂ ਦੀ ਖੋਜ ਹਾਲੇ ਤੱਕ ਨਹੀਂ ਹੋ ਸਕੀ, ਆਉਣ ਵਾਲੇ ਕੁਝ ਸਮੇਂ ਵਿੱਚ, ਕੁਝ ਸਾਲਾਂ ਵਿੱਚ ਜਾਂ ਕੁਝ ਸਦੀਆਂ ਵਿੱਚ ਜਰੂਰ ਖੋਜ ਕਰ ਲਈ ਜਾਵੇਗੀ।ਪਰ ਇਹ ਲੋਕ ਭੁੱਲ ਰਹੇ ਹਨ ਕਿ ਵਿਗਿਆਨਕ ਚਾਹੇ ਜਿੰਨੀ ਮਰਜੀ ਤਰੱਕੀ ਕਰ ਜਾਣ, ਪਰ ਇਸ ਨਤੀਜੇ ਤੇ ਕਦੇ ਵੀ ਨਹੀਂ ਪਹੁੰਚ ਸਕਦੇ ਕਿ ਜਿਨ੍ਹਾਂ ਕੁਦਰਤੀ ਨਿਯਮਾਂ ਅਨੁਸਾਰ ਸੰਸਾਰ ਹੋਂਦ ਵਿੱਚ ਆਇਆ ਉਹ ਕੁਦਰਤੀ ਨਿਯਮ ਕਿੱਥੋਂ ਆਏ?
ਬੜੀ ਸਿੰਪਲ ਜਿਹੀ ਗੱਲ ਹੈ ਕਿ ਜੇ ਸੰਸਾਰ ਰਚਨਾ ਕੁਦਰਤ ਦੇ ਬੱਝਵੇਂ ਨਿਯਮਾਂ ਅਧੀਨ ਹੋਈ ਹੈ ਤਾਂ ਇਹ ਜਰੂਰੀ ਮੰਨਣਾ ਪਏਗਾ ਕਿ ਸੰਸਾਰ ਰਚਨਾ ਤੋਂ ਪਹਿਲਾਂ ਕੁਦਰਤੀ ਨਿਯਮ ਮੈਜੂਦ ਸਨ।ਪਰ ਕੁਦਰਤੀ ਨਿਯਮ ਕੋਈ ਐਸੀ ਚੀਜ ਤਾਂ ਹੈ ਨਹੀਂ ਕਿ ਪਦਾਰਥ ਤੋਂ ਬਿਨਾ ਹੀ ਕਿਤੇ ਇੱਕ ਥਾਂ ਪੋਟਲੀ ਵਿੱਚ ਬੰਨ੍ਹਕੇ ਰੱਖੇ ਪਏ ਸਨ।ਜਦਕਿ ਅਸਲੀਅਤ ਇਹ ਹੈ ਕਿ ਪਦਾਰਥ ਕਰਕੇ ਹੀ ਕੁਦਰਤ ਦੀ ਹੋਂਦ ਹੈ।ਜੇ ਪਦਾਰਥ ਨਹੀਂ ਤਾਂ ਕੁਦਰਤ ਵੀ ਨਹੀਂ।ਜੇ ਪਦਾਰਥ ਹੈ ਤਾਂ ਹੀ ਕੁਦਰਤ ਹੈ, ਤਾਂ ਜਾਹਰ ਹੈ ਕਿ ਪਦਾਰਥ ਨੂੰ ਕੁਦਰਤ ਦੇ ਕਿਸੇ ਨਿਯਮ ਨੇ ਨਹੀਂ ਬਣਾਇਆ।ਸੋ ਵਿਗਿਆਨ ਜਿੰਨੀ ਮਰਜੀ ਤਰੱਕੀ ਕਰ ਜਾਵੇ, ਵਿਗਿਆਨੀਆਂ ਨੂੰ ਇਹ ਗੱਲ ਤਾਂ ਸਵਿਕਾਰ ਕਰਨੀ ਹੀ ਪਵੇਗੀ ਕਿ ਸੰਸਾਰ ਰਚਨਾ, ਕੁਦਰਤ ਅਤੇ ਕੁਦਰਤੀ ਨਿਯਮ ਸਭ ਇਕੋ ਵਾਰੀਂ ਹੋਂਦ ਵਿੱਚ ਆਏ “ਜੋ ਕਿਛੁ ਪਾਇਆ ਸੋ ਏਕਾ ਵਾਰ॥”, ਅਤੇ ਇਹ ਗੱਲ ਪੱਥਰ ਤੇ ਲੀਕ ਹੈ ਕਿ ‘ਕਿਸੇ ਵੀ ਕੁਦਰਤੀ ਨਿਯਮ ਨਾਲ ਆਪਣੇ ਆਪ ਤੋਂ ਕੁਝ ਵੀ ਹੋਂਦ ਵਿੱਚ ਨਹੀਂ ਆ ਸਕਦਾ’।
ਇਨ੍ਹਾਂ ਉੱਪਰਲੇ ਵਿਚਾਰਾਂ ਦੇ ਖਿਲਾਫ ਇਹ ਸਵਾਲ ਆਮ ਹੀ ਕਰ ਦਿੱਤਾ ਜਾਂਦਾ ਹੈ ਕਿ ਜੇ ਪਦਾਰਥ ਅਤੇ ਕੁਦਰਤ ਦੇ ਨਿਯਮ ਆਪਣੇ ਆਪ ਹੋਂਦ ਵਿੱਚ ਨਹੀਂ ਆ ਸਕਦੇ ਤਾਂ ਪਰਮਾਤਮਾ ਆਪਣੇ ਆਪ ਕਿਸ ਤਰ੍ਹਾਂ ਹੋਂਦ ਵਿੱਚ ਆ ਸਕਦਾ ਹੈ?
ਜਵਾਬ- ਇਹ ਵਿਗਿਆਨਕ ਸੋਚ ਹੈ ਕਿ ਆਪਣੇ ਆਪ ਤੋਂ ਕੁਝ ਵੀ ਹੋਂਦ ਵਿੱਚ ਨਹੀਂ ਆ ਸਕਦਾ।ਅਤੇ ਸੰਸਾਰ ਤੇ ਪਰਾਭੌਤਿਕ ਕੁਝ ਨਹੀਂ ਵਾਪਰਦਾ।ਪਰ ਗੁਰਮਤਿ ਇਸ ਗੱਲ ਦੀ ਧਾਰਣੀ ਹੈ ਕਿ ਪਰਮਾਤਮਾ ਨਿਰਾਕਾਰ ਹੈ ਅਤੇ ਉਹ ਆਪਣੇ ਆਪ ਹੋਂਦ ਵਿੱਚ ਆਇਆ ਹੈ।ਸੰਸਾਰ ਰਚਨਾ ਵੀ ਉਸ ਨੇ ਪਰਾਭੌਤਿਕ ਤਰੀਕੇ ਨਾਲ ਹੋਂਦ ਵਿੱਚ ਲਿਆਂਦੀ ਹੈ, ਅਤੇ ਸੰਸਾਰ ਤੇ ਗੁਪਤ ਰੂਪ ਵਿੱਚ ਉਸ ਦਾ ਹੁਕਮ ਵਰਤ ਰਿਹਾ ਹੈ।ਪਰ ਅੱਧੀ ਅਧੂਰੀ ਗੁਰਮਤਿ ਅਤੇ ਅੱਧੀ ਅਧੂਰੀ ਵਿਗਿਆਨ ਦੀ ਜਾਣਕਾਰੀ ਦੇ ਆਧਾਰ ਤੇ ਅਜੋਕੇ ਗੁਰਮਤਿ ਪ੍ਰਚਾਰਕ ਗੁਰਬਾਣੀ ਦੇ ਆਪਣੇ ਹੀ ਭਾਵਾਰਥ ਘੜਕੇ, ਆਪਣੀ ਛੋਟੀ ਸੋਚ ਨੂੰ ਗੁਰੂ ਸਾਹਿਬਾਂ ਦੀ ਸੋਚ ਬਨਾਣ ਤੇ ਤੁਲੇ ਹੋਏ ਹਨ।
ਚੱਲਦਾ
ਜਸਬੀਰ ਸਿੰਘ ਵਿਰਦੀ (ਕੈਲਗਰੀ)